“ਧੀਏ, ਮੇਰੀ ਘਰਦੀ ਵਿਚਾਰੀ ਅੰਦਰੋ-ਅੰਦਰੀ ਇਕੱਲੇਪਨ ਤੇ ਨਿਰਾਦਰੀ ਨੇ ਖਾ ਲਈ ...”
(13 ਮਈ 2019)
ਜ਼ਿੰਦਗੀ ਬਤੀਤ ਕਰਦਿਆਂ ਬਹੁਤੀ ਵਾਰ ਇਹ ਵੀ ਹਾਲਾਤ ਬਣ ਜਾਂਦੇ ਨੇ ਕਿ ਜਦੋਂ ਸਾਰੇ ਹਾਲਾਤ ਇਨਸਾਨ ਨੂੰ ਆਪਣੇ ਵਿਰੁੱਧ ਲੱਗਦੇ ਹਨ। ਕੁਝ ਇੱਦਾਂ ਦੇ ਹੀ ਸਮੇਂ ਵਿੱਚੋਂ ਮੈਂ ਵੀ ਆਪਣੀ ਹਾਲਾਤ ਨਾਲ ਜੱਦੋਜਹਿਦ ਕਰਦੀ ਦਫਤਰੋਂ ਛੁੱਟੀ ਤੋਂ ਬਾਦ ਅਚਾਨਕ ਹੀ ਜੂਸ ਦੀ ਦੁਕਾਨ ਅੱਗੇ ਆ ਖੜ੍ਹੀ ਸੀ। ਮੈਂ ਜੂਸ ਵਾਲੇ ਨੂੰ ਚਾਰ ਗਿਲਾਸ ਜੂਸ ਦੇ ਪੈਕ ਕਰਨ ਦਾ ਕਹਿ ਕੇ ਉਸਦੀ ਦੁਕਾਨ ਵਿੱਚ ਪਈਆਂ ਬੇਹਿਸਾਬੀਆਂ ਕੁਰਸੀਆਂ ਵਿੱਚੋਂ ਇੱਕ ਉੱਤੇ ਜਾ ਬੈਠੀ। ਦੁਕਾਨ ਵਾਲੇ ਨੇ ਜੂਸ ਕੱਢਣਾ ਸ਼ੁਰੂ ਹੀ ਕੀਤਾ ਸੀ ਕਿ ਇੱਕ ਦਮ ਬਿਜਲੀ ਚਲੀ ਗਈ ਤੇ ਉਸਨੇ ਮੈਂਨੂੰ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾ। ਮੈਂ ਆਉਂਦੇ-ਜਾਂਦੇ ਲੋਕਾਂ ਨੂੰ ਦੇਖ ਰਹੀ ਸੀ ਕਿ ਇੱਕ 85 ਕੁ ਸਾਲ ਦਾ ਬਾਬਾ ਸਿਰ ਉੱਤੇ ਕਰੀਮ ਰੰਗ ਦੀ ਪੱਗ ਤੇ ਚਿੱਟੇ ਰੰਗ ਦਾ ਕੁੜਤਾ ਪੰਜਾਮਾ ਪਾਈ, ਹੱਥ ਵਿੱਚ ਖੂੰਡੀ ਫੜੀ ਦੁਕਾਨ ’ਤੇ ਆ ਗਿਆ। ਉਹ ਜੂਸ ਵਾਲੇ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਕੰਬਦੇ ਹੱਥਾਂ ਨਾਲ ਆਪਣੀ ਖੂੰਡੀ ਸੰਭਾਲਦਾ ਉਹ ਦੁਕਾਨ ਦੀ ਪੌੜੀ ਚੜ੍ਹ ਰਿਹਾ ਸੀ। ਮੈਂ ਬਾਬੇ ਲਈ ਕੁਰਸੀ ਅੱਗੇ ਕੀਤੀ ਤਾਂ ਉਸਨੇ ਕੰਬਦੇ ਹੱਥਾਂ ਵਿੱਚੋਂ ਆਪਣੀ ਖੂੰਡੀ ਇੱਕ ਪਾਸੇ ਰੱਖ ਦਿੱਤੀ ਤੇ ਕੁਰਸੀ ਉੱਤੇ ਬੈਠ ਗਿਆ। ਸੁੰਨੀਆਂ ਅੱਖਾਂ, ਸੁੱਕੇ ਬੁੱਲ੍ਹ ਤੇ ਕੰਬਦਾ ਸਰੀਰ ਉਸਦੀ ਉਮਰ ਦੇ ਆਖਰੀ ਪਹਿਰ ਦਾ ਸੁਨੇਹਾ ਦੇ ਰਹੇ ਸਨ। ਬਾਬਾ ਜੀ ਨੇ ਮੇਰੇ ਵੱਲ ਦੇਖਿਆ ਤੇ ਫਿਰ ਮੂੰਹ ਘੁੰਮਾ ਲਿਆ।
ਮੈਂ ਜੂਸ ਵਾਲੇ ਤੋਂ ਸਮਾਂ ਪੁੱਛਿਆ ਤਾਂ ਉਸ ਨੇ 10 ਮਿੰਟ ਇੰਤਜ਼ਾਰ ਕਰਨ ਲਈ ਕਿਹਾ। ਬਾਬੇ ਨੇ ਫਿਰ ਮੇਰੇ ਵੱਲ ਦੇਖਿਆ ਤੇ ਕੰਬਦੀ ਅਵਾਜ ਵਿੱਚ ਕਿਹਾ, “ਬੀਬਾ, ਤੂੰ ਜੂਸ ਕਿਸ ਲਈ ਲਈ ਲੈ ਕੇ ਜਾਣਾ?”
ਬਾਬੇ ਦਾ ਸਵਾਲ ਮੈਂਨੂੰ ਕੁਝ ਅਜੀਬ ਜਿਹਾ ਲੱਗਿਆ ਪਰ ਮੈਂ ਹਲੀਮੀ ਨਾਲ ਜਵਾਬ ਦਿੱਤਾ, “ਬਾਬਾ ਜੀ, ਆਪਣੇ ਪਾਪਾ ਜੀ ਤੇ ਮੰਮਾ ਲਈ।”
ਬਾਬਾ ਇੱਕ ਦਮ ਚੁੱਪ ਹੋ ਗਿਆ। ਬਾਬੇ ਦੇ ਸਵਾਲ ਨੇ ਮੇਰੇ ਅੰਦਰ ਕਈ ਤਰ੍ਹਾਂ ਦੇ ਸਵਾਲਾਂ ਦਾ ਹੜ੍ਹ ਲਿਆ ਦਿੱਤਾ। ਮੈਂ ਬਾਬੇ ਨੂੰ ਪੁੱਛਣ ਹੀ ਲੱਗੀ ਸੀ ਕਿ ਮੇਰੇ ਤੋਂ ਪਹਿਲਾਂ ਬਾਬਾ ਜੀ ਆਪ ਹੀ ਬੋਲ ਪਏ, “ਬੜਾ ਚੰਗਾ ਬੀਬਾ ਤੂੰ ਮਾਪਿਆਂ ਲਈ ਜੂਸ ਲੈ ਜਾ ਰਹੀ ਹੈਂ। ਨਹੀਂ ਤਾਂ ...”
ਇੰਨਾ ਕਹਿ ਕੇ ਬਾਬਾ ਜੀ ਚੁੱਪ ਹੋ ਗਏ। ਮੈਂ ਸੁਭਾਵਿਕ ਹੀ ਗੱਲ ਤੋਰ ਲਈ, “ਬਾਬਾ ਜੀ, ਤੁਸੀਂ ਜੂਸ ਪੀਣ ਆਏ ਹੋ?”
ਬਾਬੇ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਮੈਂ ਫਿਰ ਪੁੱਛਿਆ, “ਬਾਬਾ ਜੀ ਤੁਸੀਂ ਰੋਜ਼ ਇੱਥੇ ਆਉਂਦੇ ਹੋ?”
ਇਸ ਵਾਰ ਜੂਸ ਵਾਲਾ ਭਾਈ ਬੋਲ ਪਿਆ, “ਮੈਡਮ ਜੀ, ਇਹ ਇੱਥੇ ਨਾਲ ਵਾਲੀ ਗਲੀ ਵਿੱਚੋਂ ਆਉਂਦੇ ਨੇ ਬੱਸ ਟਾਇਮ ਲੰਘਾਉਣ।”
ਬਾਬਾ ਜੀ ਨੇ ਆਪਣੀ ਖੂੰਡੀ ਚੁੱਕ ਲਈ ਤੇ ਕੁਰਸੀ ਤੇ ਸੂਤ ਹੋ ਕੇ ਬੈਠ ਗਏ। ਮੇਰੇ ਵੱਲ ਦੇਖਦੇ ਹੋਏ, ਕਹਿਣ ਲੱਗੇ, “ਬੀਬਾ, ਮੈਂ ਇੱਕ ਨਿੱਜੀ ਕਾਲਜ ਦਾ ਰਿਟਾਇਰਡ ਪ੍ਰੋਫੈਸਰ ਹਾਂ। 85 ਸਾਲ ਦੀ ਉਮਰ ਹੋ ਗਈ ਹੈ। ਕੋਈ ਵੇਲਾ ਸੀ ਜਦ ਘਰਦੀ ਜਿਉਂਦੀ ਸੀ ਤੇ ਰੌਣਕ ਸੀ ਮੇਰੀ ਜ਼ਿੰਦਗੀ ਵਿੱਚ।”
ਇੰਨਾ ਕਹਿ ਬਾਬਾ ਜੀ ਕਿਧਰੇ ਗੁਵਾਚ ਜਿਹੇ ਗਏ ਤੇ ਉਹਨਾਂ ਦੀਆਂ ਅੱਖਾਂ ਵਿੱਚਲਾ ਸੁੰਨਾਪਨ ਹੋਰ ਵੀ ਗਹਿਰਾ ਹੋ ਗਿਆ। ਮੈਂ ਪੋਲੇ ਜਿਹੇ ਬਾਬੇ ਦੇ ਮੋਢੇ ਉੱਤੇ ਹੱਥ ਰੱਖਿਆ ਤਾਂ ਉਹਨਾਂ ਕੰਬਦਾ ਹੱਥ ਮੇਰੇ ਸਿਰ ਉੱਤੇ ਰੱਖ ਦਿੱਤਾ। ਮੈਂ ਪੁੱਛਿਆ, “ਬਾਬਾ ਜੀ, ਤੁਹਾਡੇ ਬੱਚੇ?”
ਹਾਲੇ ਅਸੀਂ ਗੱਲ ਕਰ ਹੀ ਰਹੇ ਸੀ ਕਿ 70 ਸਾਲ ਦਾ ਇੱਕ ਹੋਰ ਬਜ਼ੁਰਗ ਜੋੜਾ ਵੀ ਦੁਕਾਨ ’ਤੇ ਆ ਗਿਆ। ਉਹਨਾਂ ਬਾਬਾ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਜੂਸ ਵਾਲਾ ਉਹਨਾਂ ਦੇ ਬੈਠਣ ਲਈ ਦੋ ਕੁਰਸੀਆਂ ਲੈ ਆਇਆ। ਉਹਨਾਂ ਹਾਲ-ਚਾਲ ਪੁੱਛਿਆ ਇੱਕ ਦੂਜੇ ਦਾ ਤਾਂ ਬੇਬੇ ਨੇ ਬਾਬਾ ਜੀ ਨੂੰ ਮੇਰੇ ਵੱਲ ਇਸ਼ਾਰਾ ਕਰਦਿਆਂ ਪੁੱਛਿਆ, “ਇਹ ਕੁੜੀ ਕੌਣ ਹੈ ਭਾਜੀ?”
ਬਾਬੇ ਦੇ ਬੋਲਣ ਤੋਂ ਪਹਿਲਾਂ ਮੈਂ ਜਵਾਬ ਦਿੱਤਾ, “ਬੀਜੀ, ਮੈਂ ਜੂਸ ਪੈਕ ਕਰਵਾਉਣਾ ਸੀ।”
ਇੰਨੇ ਵਿੱਚ ਬਿਜਲੀ ਆ ਗਈ ਤੇ ਮੈਂ ਜੂਸ ਵਾਲੇ ਨੂੰ ਚਾਰ ਗਿਲਾਸ ਜੂਸ ਵੱਧ ਕੱਢਣ ਦਾ ਕਿਹਾ ਤੇ ਸਭ ਲਈ ਜੂਸ ਮੰਗਵਾ ਲਿਆ। ਬਾਬਾ ਜੀ ਨੂੰ ਮੈਂ ਕਿਹਾ, “ਬਾਬਾ ਜੀ ਮੈਂ ਥੋੜ੍ਹਾ-ਬਹੁਤ ਲਿਖਦੀ ਹਾਂ। ਤੁਹਾਡੀ ਜ਼ਿੰਦਗੀ ਦਾ ਆਖਰੀ ਪਹਿਰ ਲਿਖ ਲਵਾਂ, ਜੇ ਤੁਹਾਨੂੰ ਇਤਰਾਜ਼ ਨਾ ਹੋਵੇ।”
ਤਿੰਨੋ ਬਜ਼ੁਰਗ ਬਹੁਤ ਹੱਸੇ ਤੇ ਬਾਬਾ ਜੀ ਕਹਿਣ ਲੱਗੇ, “ਬੀਬਾ, ਤੂੰ ਬੜਾ ਸਹੀ ਕਿਹਾ, ਉਮਰ ਦਾ ਆਖਰੀ ਪਹਿਰ।”
ਮੈਂ ਬਾਬਾ ਜੀ ਅੱਗੇ ਫਿਰ ਆਪਣਾ ਸਵਾਲ ਦੁਹਰਾਇਆ, “ਤੁਸੀਂ ਬੀਜੀ ਦੇ ਚਲੇ ਜਾਣ ਬਾਦ ਇਕੱਲੇ ਰਹਿੰਦੇ ਹੋ?”
ਬਾਬਾ ਜੀ ਨੇ ਆਪਣਾ ਜੂਸ ਦਾ ਗਿਲਾਸ ਮੇਜ਼ ਤੇ ਰੱਖ ਦਿੱਤਾ ਤੇ ਮਨ ਭਰਕੇ ਬੋਲੇ, “ਬੀਬੀ ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਦਾਦਾ, ਦਾਦੀ, ਤਾਏ ਚਾਚੇ ਉਹਨਾਂ ਦੇ ਜੁਵਾਕ ਸਭ ਦਾ ਸਾਂਝਾ ਪਰਿਵਾਰ ਸੀ। ਮੈਂ ਬੜਾ ਸੰਗਾਊ ਸੀ। ਘਰ ਦੀ ਖੇਤੀ ਸੀ। ਪਰ ਮੇਰਾ ਦਾਦਾ ਬੜਾ ਸਿਆਣਾ ਸੀ, ਉਹਨੇ ਮੈਂਨੂੰ ਖਤੀ ਵੱਲ ਨਾ ਪੈਣ ਦਿੱਤਾ। ਘਰਦਿਆਂ ਮੈਂਨੂੰ ਪੰਜਵੀਂ ਕਲਾਸ ਤੋਂ ਬਾਦ ਹੀ ਸ਼ਹਿਰ ਵਿਆਹੀ ਰਿਸ਼ਤੇਦਾਰੀ ਵਿੱਚੋਂ ਲੱਗਦੀ ਭੂਆ ਕੋਲ਼ ਪੜ੍ਹਨ ਭੇਜ ਦਿੱਤਾ। ਬੜਾ ਤਿਹੁ ਕਰਦੀ ਸੀ ਮੇਰਾ ਭੂਆ। ਉੱਥੇ ਰਹਿ ਕੇ ਮੈਂ ਗਿਆਨੀ ਕੀਤੀ ਤੇ ਫਿਰ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਕੂਲ ਅਧਿਆਪਕ ਲੱਗ ਗਿਆ। ਸਕੂਲ ਦਾ ਹੈੱਡ ਮਾਸਟਰ ਬੜਾ ਭਲਾ ਪੁਰਖ ਸੀ। ਉਸਨੇ ਮੈਂਨੂੰ ਅੱਗੇ ਪੜ੍ਹਨ ਨੂੰ ਕਿਹਾ। ਸੋ ਮੈਂ ਪ੍ਰਾਈਵੇਟ ਬੀ.ਏ. ਵਿੱਚ ਦਾਖਲਾ ਲਿਆ ਤੇ ਫਿਰ ਉਸੇ ਸਕੂਲ ਵਿੱਚ ਰਹਿੰਦਿਆਂ ਐੱਮ.ਏ ਕਰ ਲਈ। ਛੇ ਸਾਲ ਬਤੀਤ ਕੀਤੇ ਮੈਂ ਉਸ ਸਕੂਲ ਵਿੱਚ। ਫਿਰ ਮੇਰੀ ਬਦਲੀ ਪਟਿਆਲਾ ਸ਼ਹਿਰ ਦੇ ਇੱਕ ਸਕੂਲ ਵਿੱਚ ਹੋ ਗਈ। ਇਸ ਦੌਰਾਨ ਹੀ ਮੇਰਾ ਵਿਆਹ ਕਰ ਦਿੱਤਾ ਘਰਦਿਆਂ ਤੇ ਮੈਂ ਰੋਜ਼ ਆਪਣੇ ਪਿੰਡ ਤੋਂ ਸੁਵਖਤੇ ਪਟਿਆਲਾ ਜਾਂਦਾ ਤੇ ਰਾਤ ਨੂੰ ਮੁੜਦਾ। ਮੇਰੀ ਘਰਦੀ ਬੜੀ ਬੀਬੇ ਸੁਭਾਅ ਦੀ ਸੀ। ਪੰਜਵੀਂ ਪਾਸ। ਸਾਰਾ ਘਰ ਉਹਦੀਆਂ ਸਿਫਤਾਂ ਕਰਦਾ।
“ਪਟਿਆਲਾ ਨੌਕਰੀ ਕਰਦਿਆਂ ਮੈਂਨੂੰ ਕਿਸੇ ਨੇ ਬਰਨਾਲਾ ਦੇ ਨਿੱਜੀ ਕਾਲਜ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਸੀ, ਵਿੱਚ ਲੈਕਚਰਾਰਾਂ ਦੀਆਂ ਪੋਸਟਾਂ ਭਰਨ ਦੀ ਸਲਾਹ ਦਿੱਤੀ। ਮੈਂ ਉਹ ਪੰਜਾਬੀ ਦੀ ਪੋਸਟ ਭਰ ਦਿੱਤੀ ਤੇ ਰੱਬ ਸਵੱਬੀਂ ਮੈਂਨੂੰ ਨੌਕਰੀ ਮਿਲ ਗਈ ਤੇ ਮੈਂ ਆਪਣੇ ਪਿੰਡ ਦੇ ਨੇੜੇ ਆ ਗਿਆ। ਮੈਂ ਕਾਲਜ ਤੋਂ ਘਰ ਜਾਣਾ ਤੇ ਦਾਦਾ ਜੀ ਦੇ ਪੈਰ ਘੁੱਟਣੇ। ਬੜੀਆਂ ਅਸੀਸਾਂ ਦੇਣੀਆਂ ਉਹਨਾਂ। ਉਹਨਾਂ ਦੇ ਅਸ਼ੀਰਵਾਦ ਸਦਕਾ ਮੇਰੇ ਘਰ ਦੋ ਪੁੱਤਰ ਹੋਏ। ਮੈਂ ਉਹਨਾਂ ਨੂੰ ਆਪ ਪੜ੍ਹਾਉਣਾ।
“ਫਿਰ ਦਾਦਾ, ਦਾਦੀ ਤੇ ਬਾਪੂ ਜੀ ਦੀ ਮੌਤ ਹੋ ਗਈ। ਮੈਂ ਬੀਜੀ ਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਇੱਥੇ ਆ ਗਿਆ ਤੇ ਨਿੱਕਾ ਜਿਹਾ ਘਰ ਲੈ ਲਿਆ। ਬੀਜੀ ਦੇ ਸਵਰਗ ਸਿਧਾਰਨ ਬਾਦ ਸਾਡੀ ਜ਼ਿੰਦਗੀ ਜਿਵੇਂ ਖਾਲੀ ਜਿਹੀ ਹੀ ਹੋ ਗਈ। ਮੇਰੀ ਘਰਦੀ ਤਾਂ ਜਿਵੇਂ ਜਮਾਂ ਹੀ ਇਕੱਲੀ ਹੋ ਗਈ। ਅਸੀਂ ਆਪਣਾ ਸਾਰਾ ਧਿਆਨ ਬੱਚਿਆਂ ਦੇ ਪਾਲਣ ਪੋਸਣ ਵਿੱਚ ਲਾ ਦਿੱਤਾ। ਕਰਜ਼ਾ ਲੈ ਕੇ ਪੜ੍ਹਾਇਆ ਮੈਂ ਦੋਨਾਂ ਨੂੰ।
“ਮੇਰਾ ਵੱਡਾ ਬੇਟਾ ਮੇਰਾ ਡਾਕਟਰ ਹੈ ਤੇ ਛੋਟਾ ਪੀ.ਐੱਚ.ਡੀ. ਕਰਨ ਪਿੱਛੋਂ ਕਨੇਡਾ ਚਲਾ ਗਿਆ। ਦੋਨੋਂ ਹੀ ਬੜੇ ਵੱਡੇ ਬਣ ਗਏ। ਉਹਨਾਂ ਕੋਲ਼ ਸਾਡੇ ਲਈ ਸਮਾਂ ਹੀ ਨਹੀਂ ਰਿਹਾ। ਘਰ ਬੜਾ ਵੱਡਾ ਬਣਾ ਲਿਆ ਪਰ ਉਸ ਵਿੱਚ ਅਸੀਂ ਇੱਕ ਬੇਜਾਨ ਵਸਤੂ ਬਣ ਕੇ ਰਹਿ ਗਏ।”
ਇੰਨਾ ਕਹਿ ਕੇ ਬਾਬਾ ਜੀ ਨੇ ਆਪਣੀਆਂ ਸੁੰਨੀਆਂ ਅੱਖਾਂ ਵਿੱਚ ਆਏ ਇੱਕ ਹੰਝੂ ਨੂੰ ਸਾਫ ਕੀਤਾ ਤੇ ਬੋਲੇ “ਧੀਏ, ਮੇਰੀ ਘਰਦੀ ਵਿਚਾਰੀ ਅੰਦਰੋ-ਅੰਦਰੀ ਇਕੱਲੇਪਨ ਤੇ ਨਿਰਾਦਰੀ ਨੇ ਖਾ ਲਈ। ਬੜਾ ਦੁੱਖ ਲੱਗਦਾ ਜਦੋਂ ਬੱਚੇ ਕਹਿ ਦਿੰਦੇ ਕਿ ਇਹ ਸਭ ਤੁਹਾਡਾ ਫਰਜ਼ ਸੀ। ਮੈਂ ਮਨ ਵਿੱਚ ਸੋਚਦਾ ਹਾਂ ਕਿ ਮੇਰੇ ਵਾਂਗ ਮੇਰੇ ਸਹਿ ਕਰਮੀਆਂ ਦਾ ਵੀ ਫਰਜ਼ ਸੀ ਪਰ ਉਹਨਾਂ ਨੇ ਆਪਣੇ ਬੱਚਿਆਂ ਦੇ ਪਾਲਣ ਪੋਸਣ ਦੇ ਨਾਲ ਆਪਣੀ ਜ਼ਿੰਦਗੀ ਨੂੰ ਰੱਜ ਕੇ ਹੰਢਾਇਆ ਤੇ ਉਹਨਾਂ ਦੇ ਬੱਚੇ ਭਾਵੇਂ ਵੱਡੇ ਅਫਸਰ ਨਹੀਂ ਬਣੇ ਪਰ ਆਪਣੇ ਮਾਪਿਆਂ ਨਾਲ ਗੱਲ ਤਾਂ ਕਰਦੇ ਹਨ। ਬੀਬੀ ਹੁਣ ਮੇਰੇ ਘਰਦੀ ਇਸ ਦੁਨੀਆਂ ਤੋਂ ਕੂਚ ਕਰ ਗਈ ਹੈ ਤੇ ਮੈਂ ਇੱਥੇ ਆਪਣੇ ਭਰੇ ਪੂਰੇ ਪਰਿਵਾਰ ਵਿੱਚੋਂ ਇੱਕਲਾ ਬੈਠ ਯਾਦ ਕਰਦਾ ਹਾਂ ਕਿ ਕਿਵੇਂ ਸਾਡੇ ਪਰਿਵਾਰ ਵਿੱਚ ਦਾਦਾ ਦਾਦੀ, ਤਾਇਆ ਚਾਚਿਆਂ ਦਾ ਹਜੂਮ ਸੀ ਤੇ ਅਸੀਂ ਸਭ ਇੱਕ ਦੂਜੇ ਨੂੰ ਕਿੰਨਾ ਆਦਰ ਤੇ ਪਿਆਰ ਦਿੰਦੇ ਸੀ। ਬੱਚਿਆਂ ਦੀ ਜ਼ਿੰਦਗੀ ਸਵਾਰਦੇ ਮਾਪੇ ਵਧੀਆ ਭਵਿੱਖ ਦਾ ਸੁਪਨਾ ਉਲੀਕਦੇ ਨੇ ਪਰ ਬੱਚਿਆਂ ਲਈ ਮਾਪਿਆਂ ਦਾ ਆਖਰੀ ਪਹਿਰ ਝੱਲਣਾ ਬੜਾ ਔਖਾ ਹੋ ਜਾਂਦਾ ਹੈ। ਆਪਣਾ ਆਹੀ ਜ਼ਿੰਦਗੀ ਦਾ ਆਖਰੀ ਪਹਿਰ ਕੱਢਣ ਲਈ ਇੱਥੇ ਆ ਬੈਠਦਾ ਹਾਂ ਤੇ ਇਨ੍ਹਾਂ ਆਉਂਦੇ-ਜਾਂਦੇ ਲੋਕਾਂ ਨੂੰ ਦੇਖ ਕੇ ਜੀ ਪਰਚਾ ਲਈਦਾ ਹੈ।”
ਬਾਬਾ ਜੀ ਦੇ ਮੂੰਹੋਂ ਆਪ ਬੀਤੀ ਸੁਣ ਮਾਹੌਲ ਬੜਾ ਗਮ-ਗੀਨ ਹੋ ਗਿਆ। ਜੂਸ ਵਾਲੇ ਨੇ ਜੂਸ ਪੈਕ ਕਰ ਕੇ ਮੇਰੇ ਅੱਗੇ ਰੱਖ ਦਿੱਤਾ। ਤਿੰਨਾਂ ਬਜੁਰਗਾਂ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਈ ਤਾਂ ਬਾਬਾ ਜੀ ਨੇ ਸਿਰ ਤੇ ਹੱਥ ਰੱਖਦਿਆਂ ਕਿਹਾ, “ਬੀਬਾ, ਜੇ ਹੋ ਸਕੇ ਤਾਂ ਮਾਪਿਆਂ, ਚਾਹੇ ਤੇਰੇ ਹੋਣ ਜਾਂ ਤੇਰੇ ਹਮਸਫਰ ਦੇ, ਉਹਨਾਂ ਦੀ ਜ਼ਿੰਦਗੀ ਦੇ ਆਖਰੀ ਪਹਿਰ ਨੂੰ ਪਿਆਰ ਤੇ ਮੁਹੱਬਤ ਨਾਲ ਭਰ ਦੇਵੀਂ। ਤੇਰਾ ਜਿਉਣਾ ਸਫਲ ਹੋ ਜਾਊ।”
ਇੰਨਾ ਕਹਿ ਕੇ ਬਾਬਾ ਜੀ ਕੰਬਦੇ ਹੱਥ ਵਿੱਚ ਖੂੰਡੀ ਫੜ ਆਪਣੇ ਘਰ ਵੱਲ ਚੱਲ ਪਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1583)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om