“ਹੱਸਦੇ-ਹੱਸਦੇ ਉਸਦੀਆਂ ਅੱਖਾਂ ਦਾ ਨੀਰ ਆਪ ਮੁਹਾਰੇ ਹੀ ਵਗ ਤੁਰਿਆ ...”
(28 ਮਾਰਚ 2018)
ਸੁਣਿਆ ਸੀ ਕਿ ਆਦਮੀ ਸਭ ਤੋਂ ਵੱਧ ਸਵਾਰਥੀ ਹੈ। ਮੇਰੀ ਛੇ ਕੁ ਦਿਨਾਂ ਦੀ ਮੁਹਾਲੀ ਟਰੇਨਿੰਗ ਲੱਗੀ ਸੀ। ਮੈਂ ਤੇ ਮੇਰੀ ਸਾਥਣ ਕਰਮਚਾਰਨ ਟਰੇਨਿੰਗ ਵਿੱਚ ਬਸ ਦੇ ਲੇਟ ਹੋਣ ਕਾਰਨ ਸਭ ਤੋਂ ਪਿੱਛੋਂ ਹੀ ਪਹੁੰਚੇ ਸੀ। ਪਹਿਲੇ ਦਿਨ ਕਾਰਨ ਕਿਸੇ ਨਾਲ ਵੀ ਸਾਡੀ ਬਹੁਤੀ ਜਾਣ ਪਹਿਚਾਣ ਨਹੀਂ ਸੀ ਹੋ ਸਕੀ। ਪਰ ਇੱਕ ਚਿਹਰਾ ਜਿਸ ਨਾਲ ਮੇਰੀ ਸਰਸਰੀ ਜਿਹੀ ਪਹਿਚਾਣ ਹੋਈ ਉਸ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ। ਇੱਕ ਸਾਦਾ ਜਿਹਾ ਚਿਹਰਾ ਤੇ ਖੁੱਲ੍ਹਾ ਸੁਭਾਅ। ਟੀ ਬਰੇਕ ਵਿੱਚ ਉਸ ਨਾਲ ਗੱਲਬਾਤ ਹੋਈ ਤਾਂ ਉਸ ਦਾ ਨਾਂ ਬੜਾ ਸੋਹਣਾ, ਗੁਰਮੀਤ, ਤੇ ਮੋਗੇ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਉਸ ਨੇ ਖੁੱਲ੍ਹੇ ਸੁਭਾਅ ਨਾਲ ਆਪਣੀ ਜਿੰਦਗੀ ਬਾਰੇ ਕੁਝ ਕੁ ਬਿਨ ਪੁੱਛਿਆਂ ਹੀ ਦੱਸ ਦਿੱਤਾ। ਪਰ ਜੋ ਉਹਨੇ ਦੱਸਿਆ ਸੀ, ਉਸਦਾ ਚਿਹਰਾ ਉਸਦੀ ਗਵਾਹੀ ਨਹੀਂ ਭਰ ਰਿਹਾ ਸੀ। ਮੈਂ ਉਸ ਬਾਰੇ ਆਪਣੀ ਕੋਈ ਵੀ ਰਾਇ ਨਹੀਂ ਬਣਾਉਣਾ ਚਾਹੁੰਦੀ ਸੀ। ਪਰ ਮਨੁੱਖੀ ਸੁਭਾਅ ਤਾਂ ਅਕਸਰ ਗਲਤ ਰਾਇ ਪਹਿਲਾਂ ਕਾਇਮ ਕਰਦਾ ਹੈ। ਪਰ ਉਸਦੇ ਹਾਸੇ ਬਾਰੇ ਜਾਣਨ ਦੀ ਉਤਸੁਕਤਾ ਮੇਰੀ ਬੇਚੈਨੀ ਵਧਾ ਰਹੀ ਸੀ। ਟਰੇਨਿੰਗ ਦਾ ਪਹਿਲਾ ਦਿਨ ਖ਼ਤਮ ਹੋਇਆ ਤੇ ਅਸੀਂ ਸਭ ਆਪਣੇ ਆਪਣੇ ਕਮਰਿਆਂ ਵਿੱਚ ਜਾ ਵਿਰਾਜੇ ਸੀ। ਮੈਂ ਤੇ ਮੇਰੀ ਸਾਥਣ ਕਰਮਚਾਰਨ ਇੱਕ ਹੀ ਕਮਰੇ ਵਿੱਚ ਸੀ। ਮੇਰਾ ਧਿਆਨ ਮੁੜ ਗੁਰਮੀਤ ਵੱਲ ਹੀ ਸੀ। ਦੂਜੇ ਦਿਨ ਦੀ ਟਰੇਨਿੰਗ ਵਿੱਚ ਸਾਡੀ ਸਭ ਦੀ ਇੱਕ ਦੂਜੇ ਨਾਲ ਪਹਿਚਾਣ ਕਰਵਾਈ। ਮੇਰਾ ਧਿਆਨ ਮੁੜ ਮੁੜ ਗੁਰਮੀਤ ਵੱਲ ਜਾਂਦਾ। ਉਸਦਾ ਸਾਦਾ ਜਿਹਾ ਸੂਟ ਉਸ ’ਤੇ ਬੜਾ ਫੱਬ ਰਿਹਾ ਸੀ। ਉਹ ਵੀ ਮੇਰੀ ਬੇਚੈਨੀ ਸ਼ਾਇਦ ਜਾਣ ਚੁੱਕੀ ਸੀ। ਸੋ ਸਾਡੀ ਟਰੇਨਿੰਗ ਖ਼ਤਮ ਹੋਣ ’ਤੇ ਉਸਨੇ ਪੁੱਛਿਆ, “ਕੁੜੀਉ, ਤੁਸੀਂ ਦੋਹਾਂ ਨੇ ਕਿਤੇ ਘੁੰਮਣ ਨੀਂ ਜਾਣਾ?”
ਹਾਲਾਂਕਿ ਉਹ ਸਾਡੇ ਦੋਨਾਂ ਤੋਂ ਦੋ ਸਾਲ ਛੋਟੀ ਸੀ ਪਰ ਉਹ ਸਾਨੂੰ ਕੁੜੀਉ ਹੀ ਕਹਿੰਦੀ ਰਹੀ। ਮੈਂ ਹੱਸਦੇ ਹੋਏ ਕਿਹਾ, “ਤੁਸੀਂ ਸਾਡੇ ਗਾਈਡ ਬਣ ਜਾਉ।” ਮੈਂ ਆਪਣੀ ਸਾਥਣ ਕਰਮਚਾਰਨ ਨਾਲ ਸਲਾਹ ਹੀ ਕਰ ਰਹੀ ਸੀ ਕਿ ਗੁਰਮੀਤ ਨੂੰ ਕਿਸੇ ਦਾ ਫੋਨ ਆ ਗਿਆ। ਉਹ ਵਾਰ-ਵਾਰ ਆਪਣੇ ਫੋਨ ਕੱਟ ਰਹੀ ਸੀ। ਤੇ ਆਖਰ ਉਸ ਫੋਨ ਚੁੱਕਿਆ ਤੇ ਕਹਿਣ ਲੱਗੀ, “ਮੈਂ ਘੁੰਮਣ ਚੱਲੀ ਹਾਂ ਕੁੜੀਆਂ ਨਾਲ, ਫੇਰ ਗੱਲ ਕਰੂੰ।” ਇਹ ਫੋਨ ਉਸਦੇ ਘਰਵਾਲੇ ਦਾ ਸੀ। ਮੈਂ ਆਪਣੀ ਉਤਸੁਕਤਾ ਲੁਕਾਉਂਦੇ ਪੁੱਛਿਆ, “ਤੁਹਾਡੇ ਹਸਬੈਂਡ ਗੁੱਸਾ ਨੀਂ ਕਰਨਗੇ, ਤੁਸੀਂ ਉਹਨਾਂ ਨਾਲ ਗੱਲ ਨੀਂ ਕੀਤੀ।” ਉਸ ਨੇ ਕੁਝ ਸੋਚਿਆ ਤੇ ਬੈਗ ਵਿੱਚੋਂ ਰੁਮਾਲ ਕੱਢ ਕੇ ਇਹ ਕਹਿ ਕੇ ਗੱਲ ਟਾਲ ਦਿੱਤੀ, “ਆਹ ਸੁਰਮਾ ਮੈਂ ਪਹਿਲੀ ਵਾਰ ਪਾਇਆ ਤੇ ਬੜਾ ਚੁੱਭਦਾ ਤੇ ਇਹਨੇ ਮੇਰੀਆਂ ਅੱਖਾਂ ਵੀ ਦੇਖ ਕਿੱਦਾਂ ਕਰ ਦਿੱਤੀਆਂ।” ਮੈਂ ਸਮਝ ਗਈ, ਇਹ ਹਾਸਾ ਤੇ ਖੁੱਲ੍ਹਾ ਸੁਭਾਅ ਬਹੁਤ ਕੁਝ ਆਪਣੇ ਵਿੱਚ ਸਮੋਈ ਬੈਠਾ ਹੈ।
ਚਾਰ ਦਿਨਾਂ ਵਿੱਚ ਮੈਂ ਗੁਰਮੀਤ ਨੂੰ ਜਾਣਨ ਦੀ ਨਾਕਾਮ ਕੋਸ਼ਿਸ਼ ਕਰਦੀ ਰਹੀ। ਪਰ ਪੰਜਵੇਂ ਦਿਨ ਗੁਰਮੀਤ ਤੇ ਮੈਂ ਇੱਕਲੀਆਂ ਸੀ ਰੂਮ ਵਿੱਚ ਤੇ ਉਸ ਨੂੰ ਬਹੁਤ ਥਕਾਵਟ ਹੋਈ ਹੋਈ ਸੀ। ਮੈਂ ਸਹਿਜੇ ਹੀ ਉਸ ਨੂੰ ਪੁੱਛ ਲਿਆ, “ਗੁਰਮੀਤ! ਜੋ ਤੂੰ ਦਿਖਾ ਰਹੀਂ ਹੈਂ, ਉਹ ਤੂੰ ਨਹੀਂ ਹੈ।”
ਉਸਨੇ ਹੱਸਦੇ ਹੋਏ ਕਿਹਾ, “ਤੂੰ ਪਹਿਲੇ ਦਿਨ ਦੀ ਮੈਨੂੰ ਪੜ੍ਹਦੀ ਪਈ ਹੈਂ। ਚੱਲ ਤੈਨੂੰ ਚੰਗੀ ਤਰ੍ਹਾਂ ਪੜ੍ਹਾ ਦੇਵਾਂ।” ਉਸ ਨੇ ਹੱਸਦੇ ਹੋਏ ਅੱਖਾਂ ਭਰ ਲਈਆਂ ਸੀ, ਪਰ ਮੂੰਹੋਂ ਕੁਝ ਵੀ ਨਾ ਨਿਕਲਿਆ। ਸਾਡਾ ਕਮਰਾ ਜੋ ਪਹਿਲਾਂ ਹੀ ਖਾਮੋਸ਼ ਸੀ, ਹੋਰ ਵੀ ਸ਼ਾਂਤ ਹੋ ਗਿਆ। ਮੈਂ ਉਸਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, “ਚੱਲ ਛੱਡ, ਫੇਰ ਕਦੇ ਪੜ੍ਹਾ ਦੇਵੀਂ ਮੈਨੂੰ।”
ਉਸਨੇ ਮੇਰੇ ਵੱਲ ਤੱਕਿਆ ਤੇ ਹੱਸਣਾ ਸ਼ੁਰੂ ਕਰ ਦਿੱਤਾ। ਹੱਸਦੇ-ਹੱਸਦੇ ਉਸਦੀਆਂ ਅੱਖਾਂ ਦਾ ਨੀਰ ਆਪ ਮੁਹਾਰੇ ਹੀ ਵਗ ਤੁਰਿਆ। ਉਸ ਪਾਣੀ ਪੀਤਾ, ਮੂੰਹ ਧੋਤਾ ਤੇ ਚੁੱਪ ਚਾਪ ਮੇਰੇ ਕੋਲ ਆ ਕੇ ਬੈਠ ਗਈ। ਉਸਨੇ ਮੇਰੇ ਵੱਲ ਤੱਕਦੇ ਹੋਏ ਕਹਿਣਾ ਸ਼ੁਰੂ ਕੀਤਾ, “ਸੁਖਪਾਲ, ਤੂੰ ਬਹੁਤ ਸੋਹਣੀ ਹੈਂ, ਇਹਨਾਂ ਛੇ ਦਿਨਾਂ ਵਿੱਚ ਸਭ ਨਾਲ ਘੁਲ ਮਿਲ ਗਈ ਹੈਂ। ਮੈਂ ਵੀ ਕਦੇ ਤੇਰੇ ਵਰਗੀ ਸੀ। ਪਰ ਚੰਦਰੇ ਲੇਖ ਬੜੇ ਮਾੜੇ ਨੇ ਮੇਰੇ।”
ਇੰਨਾ ਕਹਿ ਕੇ ਉਹ ਚੁੱਪ ਹੋ ਗਈ। ਫਿਰ ਬੋਲੀ, “ਮੇਰੀ ਭੈਣ ਦਾ ਵਿਆਹ ਅੱਜ ਤੋਂ 9 ਸਾਲ ਪਹਿਲਾਂ ਹੋਇਆ ਸੀ। ਉਸਦਾ ਘਰਵਾਲਾ ਬੜਾ ਨਸ਼ੇੜੀ ਹੈ। ਚਿੱਟਾ ਖਾਂਦਾ ਹੈ, ਸਾਰਾ ਦਿਨ ਘਰ ਰਹਿੰਦਾ। ਮੇਰੀ ਭੈਣ ’ਤੇ ਉਸਦੇ ਸਹੁਰਿਆਂ ਨੇ ਬੜਾ ਦਬਾਅ ਪਾਇਆ ਕਿ ਤੇਰੀ ਭੈਣ ਬਹੁਤ ਸੋਹਣੀ ਹੈ, ਨੌਕਰੀ ਕਰਦੀ ਹੈ। ਤੂੰ ਆਪਣੇ ਦਿਉਰ ਨਾਲ ਉਸਦਾ ਰਿਸ਼ਤਾ ਕਰਵਾ। ਮੇਰੀ ਭੈਣ ਨੇ ਆਪਣਾ ਘਰ ਬਚਾਉਣ ਤੇ ਮੇਰੇ ਮਾਂ-ਬਾਪ ਨੇ ਆਪਣੀ ਇੱਜ਼ਤ ਬਚਾਉਣ ਲਈ ਕਿ ਦੁਨੀਆ ਕਹੂਗੀ - ਵੱਡੀ ਕੁੜੀ ਘਰ ਬਿਠਾ ਰੱਖੀ ਹੈ, ਬਿਨਾਂ ਮੈਨੂੰ ਪੁੱਛਿਆਂ ਮੇਰਾ ਵਿਆਹ ਸੱਤ ਸਾਲ ਪਹਿਲਾਂ ਮੇਰੀ ਭੈਣ ਦੇ ਦਿਉਰ ਨਾਲ ਕਰ ਦਿੱਤਾ। ਉਦੋਂ ਮੇਰੀ ਉਮਰ 23 ਸਾਲ ਸੀ ਤੇ ਮੇਰੀ ਨਵੀਂ ਨਵੀਂ ਨੌਕਰੀ ਲੱਗੀ ਸੀ। ਵਿਆਹ ਤੋਂ ਦੋ ਕੁ ਮਹਿਨੇ ਬਾਅਦ ਤੱਕ ਸਭ ਠੀਕ ਹੀ ਰਿਹਾ। ਪਰ ਫੇਰ ਉਹੀ ਹੋਇਆ, ਜਿਸ ਦਾ ਡਰ ਸੀ। ਮੇਰਾ ਘਰਵਾਲਾ, ਜੋ ਮੈਥੋਂ ਲੁਕੋ ਕੇ ਕਰਦਾ ਸੀ, ਮੇਰੇ ਸਾਹਮਣੇ ਹੀ ਨਸ਼ੇ ਕਰਨ ਲੱਗ ਪਿਆ। ਬਹੁਤ ਤਰਲੇ ਮਿੰਨਤਾਂ ਕੀਤੀਆਂ ਮੈਂ ਸਭ ਦੀਆਂ, ਮੈਨੂੰ ਇਸ ਨਰਕ ਵਿੱਚੋਂ ਕੱਢੋ ਪਰ ਕਿਸੇ ਨੇ ਨਹੀਂ ਮੇਰੀ ਸੁਣੀ। ਬਹੁਤ ਦੁੱਖ ਸਹੇ। ਜਦ ਕੋਈ ਵੀ ਆਉਂਦਾ ਤਾਂ ਕਹਿੰਦਾ ਕਿ ਇਹਨੂੰ ਜਵਾਕ ਨਹੀਂ ਚਾਹੀਦੇ। ਬਹੁਤ ਕੁਝ ਸੁਣਨ ਨੂੰ ਮਿਲਦਾ ਸੀ। ਲੋਕਾਂ ਦੀਆਂ ਗੰਦੀਆਂ ਨਜ਼ਰਾਂ ਮੈਨੂੰ ਤੱਕਦੀਆਂ ਸੀ। ਮੈਂ ਇਸ ਹਾਲਤ ਵਿੱਚ ਬੱਚੇ ਬਾਰੇ ਕਿਵੇਂ ਸੋਚਾਂ। ਮੇਰੀ ਭੈਣ ਦੇ ਦੋ ਬੱਚੇ ਨੇ ਮੈਂ ਉਹਨਾਂ ਨੂੰ ਆਪਣੇ ਬੱਚੇ ਬਣਾ ਕੇ ਉਹਨਾਂ ਨਾਲ ਜ਼ਿੰਦਗੀ ਨਿਭਾਉਣ ਦਾ ਫ਼ੈਸਲਾ ਲਿਆ ਹੈ। ਮੇਰੇ ਪਤੀ ਨੂੰ ਆਪਣੇ ਨਸ਼ੇ ਨਾਲ ਹੀ ਮਤਲਬ ਹੈ। ਸੋ ਉਹਨਾਂ ਵੀ ਮੈਨੂੰ ਕਦੀ ਹੁਣ ਕੁਝ ਕਿਹਾ ਨਹੀਂ। ਪਹਿਲਾਂ ਬਹੁਤ ਮੈਂ ਸਹਿ ਲਿਆ। ਫੇਰ ਮੈਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਕਿ ਹੁਣ ਹਰ ਦੁੱਖ ਹੱਸ ਕੇ ਸਹਿੰਦੀ ਹਾਂ। ਮੇਰੇ ਮਾਂ ਪਿਉ ਕਹਿੰਦੇ ਨੇ ਕਿ ਤੂੰ ਇਹਨੂੰ ਛੱਡ ਦੇ। ਅਸੀਂ ਤੈਨੂੰ ਬਾਹਰ ਭੇਜ ਦੇਵਾਂਗੇ। ਪਰ ਸੁਖਪਾਲ, ਤੂੰ ਦੱਸ ਕਿਵੇਂ ਛੱਡ ਦੇਵਾਂ ਹੁਣ। ਇਹ ਗੱਲ ਪਹਿਲਾਂ ਕਿਉਂ ਨੀਂ ਸੁਣੀ ਮੇਰੀ। ਸੱਤ ਸਾਲ ਮੈਂ ਉਸਦੇ ਹਰ ਜ਼ੁਲਮ ਨੂੰ ਬਰਦਾਸ਼ਤ ਕੀਤਾ। ਤੇ ਹੁਣ ਮੈਂ ਦੁੱਖਾਂ ਨਾਲ ਨਿਭਾਉਣਾ ਸਿੱਖ ਲਿਆ। ਹਰ ਹਾਲਤ ਵਿੱਚ ਮੈਂ ਹੱਸਦੀ ਰਹਿੰਦੀ ਹਾਂ। ਤੈਨੂੰ ਪਤਾ ਹੁਣ ਆਖਰ ਦੁੱਖ ਵੀ ਹਾਰ ਗਿਆ ਮੇਰੇ ਤੋਂ। ...”
ਮੇਰਾ ਸਿਰ ਉਸ ਅੱਗੇ ਝੁੱਕ ਗਿਆ ਤੇ ਉਸ ਨੂੰ ਦਿਲੋਂ ਸਲਾਮ ਕਰ ਰਿਹਾ ਸੀ ਕਿ ਤੂੰ ਅਸਲ ਵਿੱਚ ਦੁੱਖਾਂ ਨੂੰ ਹਰਾ ਦਿੱਤਾ।
*****
(1081)