SukhpalKLamba7“ਪੁੱਤ! ਮੇਰੀ ਹੀ ਮੱਤ ਮਾਰੀ ਗਈ ਸੀ। ਮੈਂ ਆਪਣੀ ਜਾਤ ਤੇ ਜਮੀਨ ਦੇ ਹੰਕਾਰ ਵਿੱਚ ...”
(11 ਅਪਰੈਲ 2017)

 

ਬਹੁਤ ਦਿਨਾਂ ਤੋਂ ਮਨ ਦਫਤਰੀ ਕੰਮਾਂ ਵਿੱਚ ਬਹੁਤ ਉਲਝ ਜਿਹਾ ਪਿਆ ਸੀ। ਥਕੇਵਾਂ ਜਿਹਾ ਉਤਾਰਨ ਲਈ ਜਿਵੇਂ ਹੀ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਉਹ 29 ਵਰ੍ਹਿਆਂ ਦੀ ਕੁੜੀ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ ਸੀ। ਬੇਬੇ ਆਪਣੀ ਧੀ ਨਾਲ ਮੇਰੇ ਕੋਲ ਆਈ ਸੀ, ਆਪਣੀ ਤਿੰਨ ਕੁ ਸਾਲਾਂ ਦੀ ਦੋਹਤੀ ਦੇ ਵਿੰਗੇ ਪੈਰ ਦਾ ਇਲਾਜ ਲਈ ਰੈਫਰ ਕਰਵਾਉਣ। ਮੈਨੂੰ ਬੜੀ ਅਜੀਬ ਆਦਤ ਲੱਗ ਰਹੀ ਸੀ ਬੇਬੇ ਦੀ ਮੈਂ ਸਵਾਲ ਉਸਦੀ ਧੀ ਕੋਲੋਂ ਪੁੱਛਦੀ, ਜਵਾਬ ਮੈਨੂੰ ਬੇਬੇ ਕੋਲੋਂ ਮਿਲ ਰਿਹਾ ਸੀ। ਮੈਂ ਸਾਰੇ ਕਾਗਜ ਚੈੱਕ ਕੀਤੇ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਮੈਂ ਬੱਚੀ ਦੀ ਮਾਂ ਤੋਂ ਪੁੱਛਿਆ, “ਇਸ ਦਾ ਪਿਤਾ ਕੀ ਕਰਦਾ ਹੈ?” ਮੈਂ ਜਿਵੇਂ ਉਸਦੀ ਕਿਸੇ ਦੁਖਦੀ ਨਸ ਤੇ ਹੱਥ ਰੱਖ ਦਿੱਤਾ ਹੋਵੇ। ਉਹ ਬੱਚੀ ਨੂੰ ਬੇਬੇ ਨੂੰ ਫੜਾ ਕੇ ਬਾਹਰ ਚਲੀ ਗਈ।

ਮੈਂ ਬੇਬੇ ਵੱਲ ਹੈਰਾਨੀ ਨਾਲ ਦੇਖਿਆ ਤਾਂ ਬੇਬੇ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਦੋ ਕੁ ਮਿੰਟਾਂ ਬਾਅਦ ਬੇਬੇ ਦਾ ਘਰਵਾਲਾ ਵੀ ਆ ਗਿਆ ਤੇ ਇੱਕ ਪਾਸੇ ਬੈਠ ਗਿਆ। ਬੇਬੇ ਨੇ ਆਪਣੀਆਂ ਅੱਖਾਂ ਸਾਫ ਕਰਦੇ ਹੋਏ ਕਿਹਾ, “ਮੈਡਮ ਜੀ, ਕੁਝ ਨੀਂ ਕਰਦਾ ਇਸ ਦਾ ਪਿਉ। ਦੋ ਸਾਲਾਂ ਤੋਂ ਮੇਰੀ ਧੀ ਨੂੰ ਲੈਣ ਨਹੀਂ ਆਇਆ। ਜੋ ਇਹਦੇ ਵਿਆਹ ਵਿੱਚ ਦਿੱਤਾ ਸੀ, ਸਭ ਵੇਚ ਦਿੱਤਾ।” ਇੰਨਾ ਕਹਿ ਕੇ ਬੇਬੇ ਆਪਣੇ ਘਰਵਾਲੇ ਵੱਲ ਦੇਖਣ ਲੱਗ ਪਈ।

ਮੈਂ ਪੁੱਛਿਆ, ਕੀ ਉਹ ਨਸ਼ੇ ਕਰਦਾ ਹੈ?” ਤਾਂ ਬੇਬੇ ਇਕਦਮ ਤ੍ਰਭਕ ਕੇ ਬੋਲੀ, “ਨਾ ਧੀਏ, ਕੋਈ ਨਸ਼ਾ ਨੀ ਕਰਦਾ। ਬਸ ਬਾਹਰ ਜਾਣ ਦੀ ਰੱਟ ਲਾਈ ਹੈ ਤੇ ਏਜੰਟ ਨੂੰ ਲੁਟਾ ਦਿੱਤਾ ਸਭ। ਹੁਣ ਕਹਿੰਦਾ ਜੋ ਜਮੀਨ ਮੇਰੀ ਧੀ ਦੇ ਹਿੱਸੇ ਆਉਂਦੀ ਹੈ, ਉਹ ਉਸਦੇ ਨਾਂ ਕਰੇ। ਨਹੀਂ ਫੇਰ ਆਪਣੇ ਪੇਕੇ ਰਵ੍ਹੇ।” ਇਹ ਕਹਿ ਕੇ ਬੇਬੇ ਨੇ ਠੰਢਾ ਹਾਉਕਾ ਲਿਆ।

ਮੈਂ ਬੇਬੇ ਦੇ ਘਰਵਾਲੇ ਤੋਂ ਪੁੱਛਿਆ,ਬਾਬਾ ਜੀ, ਤੁਸੀਂ ਫਰੀਦਕੋਟ ਜਾਂ ਪਟਿਆਲਾ ਜਾ ਸਕਦੇ ਹੋ? ਮੈਂ ਉੱਥੇ ਹੀ ਰੈਫਰ ਕਰ ਦੇਵਾਂਗੀ।”

ਬਾਬਾ ਜੀ ਕਹਿੰਦੇ,ਬੇਟਾ ਜਿੱਥੇ ਕਿਰਾਇਆ ਘੱਟ ਲੱਗੇ।” ਇੰਨਾ ਕਹਿ ਕੇ ਬਾਬਾ ਜੀ ਜਮੀਨ ਵੱਲ ਦੇਖਣ ਲੱਗ ਗਏ। ਬੇਬੇ ਬੋਲੀ, “ਧੀਏ, ਤੇਰੇ ਤੋਂ ਕਾਹਦਾ ਲੁਕੋ। ਮੇਰੀ ਧੀ ਬੜੀ ਲਾਇਕ ਹੈ। ਅਸੀਂ ਬੀ.ਐੱਡ. ਕਰਵਾਈ ਸੀ। ਇੱਕ ਪ੍ਰਾਈਵੇਟ ਸਕੂਲ ਵਿੱਚ ਇਸ ਨੂੰ ਵਧੀਆ ਨੌਕਰੀ ਮਿਲ ਗਈ ਸੀ। ਉੱਥੇ ਮੇਰੀ ਧੀ ਨਾਲ ਇੱਕ ਦੂਜੀ ਜਾਤ ਦਾ ਮੁੰਡਾ ਵੀ ਨੌਕਰੀ ਕਰਦਾ ਸੀ। ਮੇਰੀ ਧੀ ਨੇ ਸਾਡੇ ਨਾਲ ਗੱਲ ਕੀਤੀ ਸੀ। ਸਭ ਕੁੱਝ ਠੀਕ ਸੀ, ਬੱਸ ਉਸਦੀ ਜਾਤ ਹੋਰ ਸੀ। ਪੁੱਤ! ਮੇਰੀ ਹੀ ਮੱਤ ਮਾਰੀ ਗਈ ਸੀ। ਮੈਂ ਆਪਣੀ ਜਾਤ ਤੇ ਜਮੀਨ ਦੇ ਹੰਕਾਰ ਵਿੱਚ ਸਭ ਕੁਝ ਭੁੱਲ ਗਈ। ਤੇਰੇ ਬਾਬੇ ਨੇ ਬੜਾ ਸਮਝਾਇਆ ਸੀ ਮੈਂਨੂੰ ਉਦੋਂ, ਪਰ ਪੁੱਤ ਮੈਂ ਆਪਣਾ ਨੱਕ ਉੱਚਾ ਰੱਖਣ ਲਈ ਆਪਣੀ ਧੀ ਦੀ ਜਿੰਦਗੀ ਖ਼ਰਾਬ ਕਰ ਦਿੱਤੀ।” ਇੰਨਾ ਕਹਿ ਬੇਬੇ ਭੁੱਬੀਂ ਰੋਣ ਲੱਗ ਪਈ ਸੀ।

ਬੇਬੇ ਦਾ ਰੋਣਾ ਸੁਣ ਉਸਦੀ ਬੇਟੀ ਵੀ ਬਾਹਰੋਂ ਕਮਰੇ ਅੰਦਰ ਆ ਗਈ ਸੀ। ਉਸਨੇ ਬੇਬੇ ਨੂੰ ਚੁੱਪ ਕਰਾਇਆ। ਬੇਬੇ ਨੇ ਫੇਰ ਕਹਿਣਾ ਸੁਰੂ ਕੀਤਾ,ਧੀਏ, ਮੈਂ ਆਪਣੀ ਧੀ ਨੂੰ ਬਾਹਰਲੇ ਦੇਸ ਭੇਜਣਾ ਚਾਹੁੰਦੀ ਸੀ। ਇਸ ਲਈ ਆਪਣੀ ਭਰਜਾਈ ਦੀ ਰਿਸ਼ਤੇਦਾਰੀ ਵਿੱਚੋਂ ਰਿਸ਼ਤਾ ਲੱਭਿਆ। ਰਿਸ਼ਤੇ ਸਮੇਂ ਦੱਸਿਆ ਸੀ ਕਿ ਮੁੰਡਾ ਇੱਕ ਮਹੀਨੇ ਵਿਚ ਮਲੇੲਸ਼ੀਆ ਚਲਿਆ ਜਾਊ। ਵਿਆਹ ਦੇ ਛੇ ਮਹੀਨੇ ਤੱਕ ਵੀ ਜਦ ਕੁੱਝ ਨਾ ਬਣਿਆ ਤਾਂ ਅਸੀਂ ਉਸ ਨਾਲ ਜਾ ਕੇ ਗੱਲ ਕੀਤੀ ਕਿ ਉਹ ਹੋਰ ਕੰਮ ਕਰ ਲਵੇ, ਜਿੰਨਾ ਚਿਰ ਕੁੱਝ ਬਣਦਾ ਨਹੀਂ। ਪਰ ਉਸ ਨੇ ਨਾਂਹ ਕਰ ਦਿੱਤੀ ਤੇ ਮੇਰੀ ਧੀ ਨੂੰ ਵੀ ਨੌਕਰੀ ਤੋਂ ਹਟਾ ਲਿਆ। ਆਹ ਹੁਣ ਚਾਰ ਸਾਲ ਹੋ ਗਏ, ਨਾ ਕੁੱਝ ਕਰਦਾ ਤੇ ਆਪਣੇ ਹਿੱਸੇ ਦੀ ਸਾਰੀ ਜਮੀਨ ਵੇਚ ਦਿੱਤੀ। ਦੋ ਵਾਰ ਪੰਚਾਇਤ ਇਕੱਠੀ ਕਰਕੇ ਲੈ ਆਇਆ ਕਿ ਇਹ ਆਪਣੀ ਕੁੜੀ ਦਾ ਹਿੱਸਾ ਨਹੀਂ ਦਿੰਦੇ।” ਇੰਨਾ ਕਹਿ ਬੇਬੇ ਫਿਰ ਰੋਣ ਲੱਗ ਗਈ।

ਬੇਬੇ ਦੇ ਨਾਲ-ਨਾਲ ਉਸਦੀ ਧੀ ਦੀਆਂ ਅੱਖਾਂ ਵਿੱਚੋਂ ਵੀ ਨੀਰ ਵਹਿ ਤੁਰਿਆ। ਮੈਨੂੰ ਸਮਝ ਨਈਂ ਆ ਰਹੀ ਸੀ ਕਿ ਮੈਂ ਕੀ ਕਹਾਂ ਤੇ ਕਿਸ ਨੂੰ ਦਿਲਾਸਾ ਦੇਵਾਂ। ਬੇਬੇ ਨੇ ਆਪਣੀ ਦੋਹਤੀ ਨੂੰ ਆਪਣੇ ਗਲ ਨਾਲ ਲਾਉਂਦੇ ਤਰਸ ਭਰੀ ਨਜ਼ਰ ਨਾਲ ਆਪਣੀ ਧੀ ਵੱਲ ਵੇਖਿਆ। “ਧੀਏ ਸਾਰੀ ਗਲਤੀ ਮੇਰੀ ਹੀ ਹੈ। ਜੇ ਮੈਂ ਆਪਣੀ ਧੀ ਤੇ ਭਰੋਸਾ ਕਰ ਕੇ ਜੋ ਮੁੰਡਾ ਇਸ ਨਾਲ ਕੰਮ ਕਰਦਾ ਸੀ, ਉਸ ਨਾਲ ਹੀ ਇਸਦਾ ਰਿਸ਼ਤਾ ਕਰ ਦਿੰਦੀ ਤਾਂ ਸ਼ਾਇਦ ਅੱਜ ਮੇਰੀ ਧੀ ਦੀ ਕਿਸਮਤ ਇੰਨੀ ਮਾੜੀ ਨਹੀਂ ਹੋਣੀ ਸੀ ਤੇ ਨਾ ਬੁਢਾਪੇ ਵਿੱਚ ਸਾਨੂੰ ਇਵੇਂ ਧੱਕੇ ਖਾਣੇ ਪੈਂਦੇ। ਪੁੱਤ ਸ਼ਰੀਕੇ ਚ ਨੱਕ ਉੱਚੀ ਰੱਖਣ ਦੇ ਚੱਕਰਾਂ ਵਿੱਚ ਘਰ ਉਜਾੜ ਲਿਆ ਅਸੀਂ। ... ਸਾਰੀ ਰਾਤ ਨੀਂਦ ਨੀ ਆਉਂਦੀ ਇਹ ਸੋਚਦੇ ਮੇਰੀ ਗਲਤੀ ਦੀ ਸਜਾ ਮੇਰੀ ਧੀ ਹੋਰ ਕਿੰਨਾ ਸਮਾਂ ਝੱਲੇਗੀ। ਅੱਜ ਅਸੀਂ ਬੈਠੇ ਹਾਂ, ਪਰ ਸਾਡੇ ਬਾਅਦ ਕੀ ਬਣੂਗਾ ਇਸਦਾ?”

ਮੇਰੇ ਕੋਲ਼ ਜਿਵੇਂ ਸ਼ਬਦ ਖਤਮ ਹੋ ਗਏ ਸੀ। ਮੈਂ ਬਾਬੇ ਨੂੰ ਪਟਿਆਲਾ ਦਾ ਪਤਾ ਤੇ ਸਾਰੇ ਕਾਗਜ ਦੇ ਦਿੱਤੇ ਸੀ। ਮੈਂ ਬੇਬੇ ਦੀ ਧੀ ਨੂੰ ਕਿਹਾ, “ਤੁਸੀਂ ਮੁੜ ਨੌਕਰੀ ਕਰ ਲਵੋ। ਹੋ ਸਕਦਾ ਤੁਹਾਡਾ ਘਰਵਾਲਾ ਵੀ ਬਦਲ ਜਾਵੇ।” ਤਾਂ ਉਸਨੇ ਆਪਣੀ ਮਾਂ ਵੱਲ ਦੇਖਦੇ ਹੋਏ ਕਿਹਾ,ਕਿਵੇਂ ਦੇਵਾਂ ਲੇਖਾ ਆਪਣੇ ਮਾੜੇ ਲੇਖਾਂ ਜਾਂ ਕਿਸੇ ਦੀ ਗਲਤੀ ਦਾ?” ਇੰਨਾ ਕਹਿ ਉਹ ਆਪਣੀ ਬੱਚੀ ਨੂੰ ਚੁੱਕ ਬਾਹਰ ਚਲੀ ਗਈ ਸੀ। ਉਸਦੇ ਪਿੱਛੇ-ਪਿੱਛੇ ਉਸਦੇ ਬੇਬੇ ਤੇ ਬਾਪੂ ਵੀ ਚਲੇ ਗਏ, ਪਰ ਆਪਣੇ ਪਿੱਛੇ ਇੱਕ ਸ਼ੋਰ ਪਾਉਂਦਾ ਸੰਨਾਟਾ ਛੱਡ ਗਏ।

*****

(663)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author