SukhpalKLamba7ਕੁੜੀ ਦੀ ਮਾਤਾ ਤੇ ਪਿਤਾ ਨੇ ਉਸ ਨੂੰ ਬਾਂਹੋ ਫੜ ਮੁੜ ਬਿਠਾ ਲਿਆ। ਪੂਰੇ ਇੱਕ ਘੰਟੇ ਦੀ ...
(24 ਮਈ 2022)
ਮਹਿਮਾਨ: 85.


ਦਫਤਰ ਦੇ ਅਧਖੁੱਲ੍ਹੇ ਦਰਵਾਜੇ ’ਤੇ ਮੈਨੂੰ ਕਿਸੇ ਦੀ ਘੁਸਰ-ਮੁਸਰ ਜਿਹੀ ਸੁਣਾਈ ਦਿੱਤੀ। ਜਿਵੇਂ ਹੀ ਮੈਂ ਦਰਵਾਜਾ ਖੋਲ੍ਹਣ ਲਈ ਉੱਠੀ ਤਾਂ ਇੱਕ ਅਧਖੜ ਔਰਤ ਨੇ ਹੌਲੀ ਜਿਹੀ ਅੰਦਰ ਆਉਣ ਦੀ ਇਜਾਜ਼ਤ ਮੰਗੀ। ਉਸਦੇ ਨਾਲ ਉਸਦਾ ਹੱਥ ਫੜੀ ਇੱਕ
14 ਕੁ ਸਾਲ ਦੀ ਇੱਕ ਕੁੜੀ ਤੇ ਪਿੱਛੇ ਹੀ ਕੁੜੀ ਦਾ ਪਿਤਾ ਵੀ ਕਮਰੇ ਵਿੱਚ ਦਾਖਿਲ ਹੋ ਗਏ। ਕੁਰਸੀ ’ਤੇ ਬੈਠਦੇ ਹੀ ਉਸ 14 ਕੁ ਸਾਲ ਦੀ ਕੁੜੀ ਨੇ ਆਪਣੇ ਪਿਤਾ ਦੀ ਬਾਂਹ ਨੂੰ ਘੁੱਟ ਕੇ ਫੜ ਲਿਆ। ਪੁੱਛਣ ’ਤੇ ਪਤਾ ਲੱਗਿਆ ਕਿ ਸ਼ਹਿਰ ਦੇ ਲਾਗਲੇ ਪਿੰਡੋਂ ਸਕੂਲ ਤੋਂ ਉਹ ਆਏ ਨੇ ਤੇ ਕੁੜੀ ਦਸਵੀਂ ਕਲਾਸ ਦੀ ਵਿਦਿਆਰਥਣ ਹੈ। ਪਰ ਦੋ ਕੁ ਮਹੀਨਿਆਂ ਤੋਂ ਕੁੜੀ ਘਰ ਵਿੱਚੋਂ ਨਿਕਲਣ ਤੋਂ ਡਰ ਰਹੀ ਹੈ। ਪਹਿਲਾਂ ਪਰਿਵਾਰ ਨੇ ਇਸਦਾ ਗੌਰ ਨਹੀਂ ਕੀਤੀ ਪਰ ਹੁਣ ਇਹ ਘਰ ਵਿੱਚ ਵੀ ਕਿਸੇ ਨਾਲ ਗੱਲ ਨਹੀਂ ਕਰਦੀ ਤੇ ਇਕੱਲੀ ਸਾਰਾ ਦਿਨ ਟੈਲੀਵਿਜਨ ਜਾਂ ਮੋਬਾਇਲ ਫੋਨ ਹੀ ਦੇਖਦੀ ਹੈ। ਜਿਵੇਂ ਹੀ ਮੈਂ ਕੁੜੀ ਨੂੰ ਉਸਦਾ ਨਾਂ ਪੁੱਛਿਆ, ਉਹ ਕੁੜੀ ਇੱਕ ਦਮ ਹੀ ਖੜ੍ਹੀ ਹੋ ਗਈ ਤੇ ਕਮਰੇ ਤੋਂ ਬਾਹਰ ਵੱਲ ਭੱਜਣ ਲੱਗੀ। ਕੁੜੀ ਦੀ ਮਾਤਾ ਤੇ ਪਿਤਾ ਨੇ ਉਸ ਨੂੰ ਬਾਂਹੋ ਫੜ ਮੁੜ ਬਿਠਾ ਲਿਆ। ਪੂਰੇ ਇੱਕ ਘੰਟੇ ਦੀ ਕਾਊਂਸਲਿੰਗ ਸੈਸ਼ਨ ਦੇ ਬਾਦ ਉਸ ਕੁੜੀ ਨੇ ਆਪਣੇ ਆਪ ਨੂੰ ਥੋੜ੍ਹਾ ਨਾਰਮਲ ਮਹਿਸੂਸ ਕੀਤਾ ਤੇ ਉਸਨੇ ਆਪਣੇ ਬਾਰੇ ਜੋ ਦੱਸਿਆ, ਉਹ ਉਸਦੀ ਕਿਸ਼ੋਰ ਅਵਸਥਾ ਦਾ ਪ੍ਰਭਾਵ ਸੀ। ਉਸ ਨੂੰ ਆਪਣੇ ਸਰੀਰਿਕ, ਮਾਨਸਿਕ ਅਤੇ ਭਾਵਨਾਤਮਿਕ ਬਦਲਾਵਾਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਉਸ ਦੇ ਮਨ ਅੰਦਰ ਇੱਕ ਅਜੀਬ ਕਿਸਮ ਦੀ ਹੀਣ-ਭਾਵਨਾ ਨੇ ਜਨਮ ਲੈ ਲਿਆ ਸੀ।

ਜਨਮ ਤੋਂ ਲੈ ਕੇ ਆਖਰੀ ਸਾਹ ਲੈਣ ਤਕ ਉਮਰ ਦੇ ਵੱਖੋ-ਵੱਖ ਪੜਾਅ ਮਨੁੱਖ ਦੇ ਜੀਵਨ ਚੱਕਰ ਦਾ ਅਧਾਰ ਹੁੰਦੇ ਹਨ। ਉਮਰ ਦਾ ਹਰ ਪੜਾਅ ਹੀ ਬੇਹੱਦ ਦਿਲਚਸਪ ਹੁੰਦਾ। ਕਿਸ਼ੋਰ ਅਵਸਥਾ ਉਮਰ ਦਾ ਬੇਹੱਦ ਹੀ ਨਾਜ਼ੁਕ ਪੜਾਅ ਹੈ। ਬਚਪਨ ਦੇ ਮੁਢਲੇ ਸਾਲ ਲਾਡ ਪਿਆਰ ਤੇ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਦੇ ਹਵਾਲੇ ਹੁੰਦਾ ਹੈ। ਮਾਪਿਆਂ ਦੇ ਨਾਲ-ਨਾਲ ਬਾਕੀ ਸਭ ਨੂੰ ਬੱਚੇ ਦੀ ਤੋਤਲੀ ਬੋਲੀ, ਨਕਲ ਕਰਨਾ ਤੇ ਸ਼ਰਾਰਤਾਂ ਕਰਨਾ ਬਹੁਤ ਸੁਖ ਦਾ ਅਨੁਭਵ ਕਰਵਾਉਂਦਾ ਹੈ। ਪਰ ਜਿਵੇਂ ਹੀ ਬੱਚਾ ਆਪਣੀ ਉਮਰ ਦੇ ਦਸਵੇਂ ਸਾਲ ਵਿੱਚ ਦਾਖਲ ਹੁੰਦਾ ਹੈ ਤਾਂ ਉਸਦੇ ਸਰੀਰ ਵਿੱਚ ਸਰੀਰਕ, ਮਾਨਸਿਕ ਤੇ ਭਾਵਨਾਤਮਿਕ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। 10 ਤੋਂ 19 ਸਾਲ ਤਕ ਦੀ ਉਮਰ ਨੂੰ ਕਿਸ਼ੋਰ ਅਵਸਥਾ ਕਿਹਾ ਜਾਂਦਾ ਹੈ। ਇਸ ਕਿਸ਼ੋਰ ਅਵਸਥਾ ਵਿੱਚ ਮੁੰਡੇ ਤੇ ਕੁੜੀਆਂ, ਦੋਨੋਂ ਵਿੱਚ ਵੱਖੋ-ਵੱਖਰੀਆਂ ਤਬਦੀਲੀਆਂ ਆਉਂਦੀਆਂ ਹਨ। ਮੁਢਲੀ ਕਿਸ਼ੋਰ ਅਵਸ਼ਥਾ 10 ਤੋਂ 13 ਸਾਲ, ਮੱਧ ਕਿਸ਼ੋਰ ਅਵਸਥਾ 14 ਤੋਂ 17 ਸਾਲ ਅਤੇ ਆਖਰੀ ਕਿਸ਼ੋਰ ਅਵਸਥਾ 18 ਤੋਂ 21 ਸਾਲ ਹੁੰਦੀ ਹੈ। ਆਮ ਤੌਰ ’ਤੇ ਇਹਨਾਂ ਤਬਦੀਲੀਆਂ ਵਿੱਚ ਹਰ ਕਿਸ਼ੋਰ ਅਵਸਥਾ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੁੰਦੇ ਹਨ ਸਰੀਰਕ ਬਦਲਾਵ ਜਿਵੇਂ ਕਿ ਮੁੰਡਿਆਂ ਵਿੱਚ ਦਾੜ੍ਹੀ ਤੇ ਮੁੱਛਾਂ ਦਾ ਫੁੱਟਣਾ, ਆਵਾਜ਼ ਦਾ ਭਾਰੀ ਹੋ ਜਾਣਾ ਤੇ ਜਨਣ ਅੰਗਾਂ ਦਾ ਵਿਕਾਸ। ਤੇ ਕੁੜੀਆਂ ਵਿੱਚ ਆਵਾਜ਼ ਦਾ ਬਾਰੀਕ ਹੋ ਜਾਣਾ, ਚਿਹਰੇ ’ਤੇ ਕਿੱਲ ਤੇ ਮੁਹਾਸੇ, ਸਰੀਰਕ ਵਿਕਾਸ ਤੇ ਜਨਣ ਅੰਗਾਂ ਦਾ ਵਿਕਾਸ। ਇਸਦੇ ਨਾਲ ਹੀ ਕੁੜੀਆਂ ਤੇ ਮੁੰਡਿਆਂ ਵਿੱਚ ਭਾਵਨਾਤਮਿਕ ਬਦਲਾਵ ਬਹੁਤ ਹੀ ਤੇਜ਼ੀ ਨਾਲ ਵਿਕਸਿਤ ਹੁੰਦੇ ਹਨ।

ਕਿਸ਼ੋਰ ਅਵਸਥਾ ਵਾਲੀਆਂ ਕੁੜੀਆਂ ਤੇ ਮੁੰਡਿਆਂ ਦਾ ਇੱਕ ਦੂਜੇ ਵੱਲ ਆਕਰਸ਼ਿਤ ਹੋਣਾ ਉਹਨਾਂ ਦੇ ਹਾਰਮੋਨ ਦੇ ਵਿਕਸਿਤ ਹੋਣ ਕਾਰਨ ਵਾਪਰਦਾ ਹੈ। ਗੁੱਸਾ, ਜ਼ਿੱਦ, ਸੰਗਾਊਪਣ, ਸੀਸ਼ੇ ਅੱਗੇ ਖੜ੍ਹੇ ਹੋ ਕੇ ਆਪਣੇ ਆਪ ਨੂੰ ਨਿਹਾਰਨਾ, ਮਾਹਵਾਰੀ ਦਾ ਸ਼ੁਰੂ ਹੋਣਾ, ਆਪਣੀ ਪਹਿਚਾਣ ਦੀ ਕਮੀ ਮਹਿਸੂਸ ਕਰਨਾ ਆਦਿ ਭਾਵਾਂ ਦੇ ਨਾਲ ਕਿਸ਼ੋਰ ਆਪਣੇ ਅੰਦਰ ਆਉਂਦੀਆਂ ਇਹਨਾਂ ਤਬਦੀਲੀਆਂ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ, ਮਾਪਿਆਂ ਦੇ ਨਾਲ ਖੁੱਲ੍ਹ ਕੇ ਗੱਲ ਨਾ ਕਰਨ ਕਾਰਨ ਸਮਝ ਨਹੀਂ ਪਾਉਂਦੇ ਤੇ ਇਸ ਸਬੰਧੀ ਸਾਥੀਆਂ ਜਾਂ ਦੋਸਤਾਂ ਜਾਂ ਇੰਟਰਨੈੱਟ ਤੋਂ ਗਲਤ ਤੇ ਅਧੂਰੀ ਜਾਣਕਾਰੀ ਹਾਸਲ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਹਾਲਤ ਉਦੋਂ ਹੋਰ ਵੀ ਘਾਤਕ ਹੋ ਜਾਂਦੀ ਹੈ ਜਦੋਂ ਮਾਪਿਆਂ, ਅਧਿਆਪਕਾਂ, ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਉਹਨਾਂ ਨੂੰ ਬੇਲੋੜਾ ਦਬਾਇਆ ਜਾਂਦਾ ਹੈ ਤੇ ਇਸਦੇ ਚੱਲਦਿਆਂ ਕਿਸ਼ੋਰ ਦਾ ਕੋਮਲ ਮਨ ਗਲਤ ਪਾਸੇ ਵੱਲ ਆਪਣੇ ਪੈਰ ਪਸਾਰ ਲੈਂਦਾ ਹੈ। ਕਈ ਵਾਰ ਤਾਂ ਬੱਚੇ ਇੰਨੇ ਕੁ ਹੀਣ ਭਾਵਨਾ ਅਤੇ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਨ ਕਿ ਉਹ ਆਤਮ ਹੱਤਿਆ ਵੱਲ ਆਪਣੇ ਕਦਮ ਵਧਾ ਲੈਂਦੇ ਹਨ। ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਅਣਪੜ੍ਹ ਜਾਂ ਘੱਟ ਪੜ੍ਹੇ ਲਿਖੇ ਮਾਪੇ ਕੁੜੀਆਂ ਜਾਂ ਮੁੰਡਿਆਂ ਨੂੰ ਧਾਗੇ ਤਬੀਤਾਂ ਅਤੇ ਬਾਬਿਆਂ ਦੇ ਚੱਕਰਾਂ ਵਿੱਚ ਪੈ ਕੇ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ।

ਅੱਜ ਦੀ ਤੇਜ਼ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਇਕਹਿਰੇ ਪਰਿਵਾਰ, ਮਾਪਿਆਂ ਦਾ ਨੌਕਰੀਸ਼ੁਦਾ ਹੋਣਾ, ਸਮਾਜਿਕ ਦਿਖਾਵਾ ਤੇ ਇੱਕ ਦੂਜੇ ਤੋਂ ਅੱਗੇ ਵਧਣ ਤੇ ਨੀਵਾਂ ਦਿਖਾਉਣ ਦੀ ਹੋੜ ਨੇ ਬੱਚਿਆਂ ਤੋਂ ਉਹਨਾਂ ਦਾ ਬਚਪਨਾ ਤਾਂ ਖੋਹਿਆ ਹੀ, ਪਰ ਹੁਣ ਉਸਦੀ ਜਵਾਨੀ ਵੀ ਖੋਹ ਲਈ। ਕਿਸ਼ੋਰ ਅਵਸਥਾ ਵਿੱਚ ਬੱਚੇ ਨੂੰ ਪਿਆਰ, ਸਨੇਹ ਤੇ ਥੋੜ੍ਹੀ ਜਿਹੀ ਸਖਤੀ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ। ਅੱਜ ਦੇ ਹਾਲਾਤ ਅਨੁਸਾਰ ਤਾਂ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਇਹਨਾਂ ਕਿਸ਼ੋਰਾਂ ਤੇ ਕਿਸ਼ੋਰੀਆਂ ਉੱਤੇ ਪੈਨੀ ਨਜ਼ਰ ਰੱਖੀ ਜਾਵੇ। ਅੱਜ ਦੇ ਅੰਕੜਿਆਂ ਵੱਲ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ ਲਗਭਗ 30 ਤੋਂ 40 ਪ੍ਰਤੀਸ਼ਤ ਕਿਸ਼ੋਰ (15 ਤੋਂ 25 ਸਾਲ) ਦੇ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਹਨ। ਲਗਭਗ 28 ਪ੍ਰਤੀਸ਼ਤ ਹਿੰਸਾ ਅਤੇ ਰੋਡ ਦੁਰਘਟਨਾ ਕਾਰਨ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਚੁੱਕੇ ਹਨ। ਪਰਿਵਾਰਾਂ ਦਾ ਟੁੱਟਣਾ, ਮਾਪਿਆਂ ਦੀ ਨਿੱਤ-ਪ੍ਰਤੀ ਦੀ ਲੜਾਈ, ਬੋਲੋੜੇ ਪੈਸੇ ਦੀ ਵਰਤੋਂ ਕਿਸ਼ੋਰਾਂ ਨੂੰ ਨਸ਼ਿਆਂ ਦੀ ਵਰਤੋਂ, ਸੈਕਸ, ਹਿੰਸਾ ਤੇ ਸੜਕੀ ਦੁਰਘਟਨਾਵਾਂ ਵੱਲ ਖਿੱਚ ਰਹੇ ਹਨ।

ਇਹ ਮਹਿਜ਼ ਅੰਕੜੇ ਨਹੀਂ ਹਨ। ਇਹ ਸਾਡੇ ਸਮਾਜ ਵਿੱਚ ਅਣਗੋਲੇ ਵਰਤਮਾਨ ਦੀ ਤਸਵੀਰ ਹੈ। ਨਸ਼ਿਆਂ ਦੀ ਘਰਾਂ ਵਿੱਚ ਵਰਤੋਂ, ਵਿਆਹਾਂ ਸ਼ਾਦੀਆਂ ਵਿੱਚ ਨਸ਼ਿਆਂ ਦੀ ਆਮ ਵਰਤੋਂ, ਹਿੰਸਾ, ਸੈਕਸ ਤੇ ਨਸ਼ਿਆਂ ਵੱਲ ਪ੍ਰੇਰਤ ਕਰਦੇ ਗੀਤਾਂ ਤੇ ਉਹਨਾਂ ਦੀਆਂ ਵੀਡੀਓ, ਦੋਸਤਾਂ ਦਾ ਉਕਸਾਉਣਾ, ਮਾਪਿਆਂ ਦਾ ਬੇਲੋੜਾ ਦਬਾਅ, ਅਧਿਆਪਕਾਂ ਦਾ ਸਹੀ ਜਾਣਕਾਰੀ ਨਾ ਦੇਣਾ ਤੇ ਸਰਕਾਰਾਂ ਦਾ ਇਸ ਵੱਲ ਧਿਆਨ ਨਾ ਦੇਣਾ, ਮੋਬਾਇਲ ਫੋਨਾਂ ਦੀ ਖੁੱਲ੍ਹੀ ਵਰਤੋਂ ਕਿਸ਼ੋਰਾਂ ਤੇ ਕਿਸ਼ੋਰੀਆਂ ਨੂੰ ਇੱਕ ਦਲਦਲ ਵਿੱਚ ਵੱਲ ਧੱਕ ਰਹੇ ਹਨ ਕਿ ਜਿੱਥੋਂ ਉਹਨਾਂ ਦਾ ਨਿਕਲਣਾ ਵਕਤ ਦੇ ਲੰਘਣ ਨਾਲ ਹੋਰ ਵੀ ਔਖਾ ਹੁੰਦਾ ਜਾ ਰਿਹਾ ਹੈ। ਅੱਜ ਲੋੜ ਹੈ ਕਿ ਮਾਪੇ ਆਪਣੇ ਬੱਚੇ ਨਾਲ ਖੁੱਲ੍ਹ ਕੇ ਗੱਲ ਕਰਨ ਤੇ ਅਧਿਆਪਕ ਬੱਚੇ ਵੱਲ ਨਿਰਣਾਇਕ ਨਜ਼ਰੀਆ ਨਾ ਰੱਖਦੇ ਹੋਏ ਉਸਦੀ ਉਮਰ ਅਨੁਸਾਰ ਉਸ ਨਾਲ ਗੱਲ ਕਰਨ।

ਭਾਵੇਂ ਕਿ ਭਾਰਤ ਸਰਕਾਰ ਵੱਲੋਂ 2014 ਤੋਂ ਹੀ ਰਾਸ਼ਟਰੀ ਕਿਸ਼ੋਰ ਸਵਾਸਥਿਆ ਕਾਰਿਆਕ੍ਰਮ ਹਰ ਰਾਜ ਵਿੱਚ ਚਲਾਇਆ ਗਿਆ ਹੈ ਪਰ ਇਸ ਨੂੰ ਸੁਚਾਰੂ ਤੇ ਸਖਤੀ ਨਾਲ ਹਰ ਸਕੂਲ ਤੇ ਸਿਹਤ ਸੰਸਥਾ ਵਿੱਚ ਚਲਾਇਆ ਜਾਵੇ ਤਾਂ ਜੋ ਹਰ ਕਿਸ਼ੋਰ ਬਿਨਾਂ ਕਿਸੇ ਸੰਗ, ਸ਼ਰਮ ਤੇ ਝਿਜਕ ਦੇ ਸਹੀ ਜਾਣਕਾਰੀ ਹਾਸਲ ਕਰ ਸਕੇ। ਜੇਕਰ ਅੱਜ ਇਸ ’ਤੇ ਜਾਣਕਾਰੀ ਹਾਸਲ ਕਰਕੇ ਕਿਸ਼ੋਰ ਅਵਸਥਾ ਵਿੱਚ ਵਿਚਰ ਰਹੇ ਬੱਚਆਂ ਨੂੰ ਸਹੀ ਸੇਧ ਨਾ ਦਿੱਤੀ ਗਈ ਤਾਂ ਪੂਰੀ ਜਵਾਨ ਪੀੜ੍ਹੀ ਹੱਥੋਂ ਨਿੱਕਲ ਜਾਵੇਗੀ ਤੇ ਫੇਰ ਸਾਨੂੰ ਹਰ ਨੌਜਵਾਨ ਦੇ ਮੂੰਹੋਂ ਇਹੀ ਸੁਣਨਾ ਪਵੇਗਾ ਕਿ ਮੇਰਾ ਨਹੀਂ ਕਸੂਰ, ਮੇਰੀ ਉਮਰ ਦਾ ਕਸੂਰ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3585)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author