SukhpalKLamba7ਕੀ ਸਾਡੀ ਜ਼ਿੰਦਗੀ ਸੱਚ-ਮੁੱਚ ਇੰਨੀ ਵਿਅਸਤ ਹੋ ਗਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ...
(5 ਫਰਵਰੀ 2017)

 

ਸ਼ਾਮ ਤਿੰਨ ਕੁ ਵਜੇ ਦਾ ਵੇਲਾ ਸੀ ਮੈਂ ਹਸਪਤਾਲ ਦੇ ਦਫਤਰ ਵਿੱਚ ਬੈਠੀ ਆਪਣਾ ਕੰਮ ਕਰ ਰਹੀ ਸੀ। ਅਚਾਨਕ ਸਾਹਮਣੇ ਵਾਰਡ ਵਿੱਚੋਂ ਉੱਚੀ-ਉੱਚੀ ਦਿਲ ਦਹਿਲਾਉਣ ਵਾਲੀਆਂ ਚੀਕਾਂ ਨੇ ਸਾਰੇ ਹਸਪਤਾਲ ਨੂੰ ਸੁੰਨ ਕਰ ਦਿੱਤਾ। ਮੈਂ ਬਾਹਰ ਜਾ ਕੇ ਦੇਖਿਆ ਤਾਂ ਮੇਰਾ ਸਿਰ ਸੁੰਨ ਹੋ ਗਿਆ। ਇੱਕ 16 ਕੁ ਸਾਲਾਂ ਦੇ ਜਵਾਨ ਮੁੰਡੇ ਦਾ ਸਰੀਰ ਦੇਖਿਆ ਨਹੀਂ ਸੀ ਜਾ ਰਿਹਾ। ਬਹੁਤ ਹੀ ਭਿਆਨਕ ਸੜਕੀ ਦੁਰਘਟਨਾ ਵਾਪਰੀ ਸੀ, ਜਿਸ ਵਿੱਚ ਇਹ ਨੌਜਵਾਨ ਤੇ ਇਸਦਾ ਇਕ ਸਾਥੀ ਮੌਕੇ ’ਤੇ ਹੀ ਆਪਣੀ ਜਾਨ ਗਵਾ ਚੁੱਕੇ ਸਨ।

ਅਕਸਰ ਅਸੀਂ ਅਜਿਹੇ ਹਾਦਸਿਆਂ ਬਾਰੇ ਪੜ੍ਹਦੇ, ਸੁਣਦੇ ਤੇ ਦੇਖਦੇ ਹਾਂ ਪਰ ਸਿੱਖਦੇ ਕੁੱਝ ਵੀ ਨਹੀਂ। ਅਸੀਂ ਕਦੇ ਕਸੂਰ ਕੱਢਦੇ ਹਾਂ ਪ੍ਰਸ਼ਾਸਨ ਦਾ ਤੇ ਕਦੇ ਐਕਸੀਡੈਂਟ ਕਰਨ ਵਾਲੇ ਦਾ। ਮੈਂ ਰੋਜ਼ਾਨਾ ਦੇਖਦੀ ਹਾਂ ਕਿ ਸਕੂਲੀਂ ਜਾਣ ਵਾਲੇ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ ਸਕੂਟਰ, ਮੋਟਰ ਸਾਈਕਲ ਨੂੰ ਅੰਧਾ ਧੁੰਦ ਤੇਜ਼ ਰਫਤਾਰ ਨਾਲ ਭਜਾਉਂਦੇ ਹਨ। ਹਰ ਸਾਲ ਹਜ਼ਾਰਾਂ ਬੱਚੇ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੀ ਘੱਟ ਹੁੰਦੀ ਹੈ, ਇਨ੍ਹਾਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਹਰ ਚਾਰ ਮਿੰਟਾਂ ਵਿੱਚ ਇੱਕ ਜ਼ਿੰਦਗੀ ਸੜਕੀ ਦੁਰਘਟਨਾ ਵਿੱਚ ਗੁੰਮ ਚੁੱਕੀ ਹੁੰਦੀ ਹੈ। ਤੇ ਜੇ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਇੱਕ ਸਰਵੇ ਮੁਤਾਬਕ ਇੱਕ ਦਿਨ ਵਿੱਚ ਵਿਅਕਤੀ ਸੜਕੀ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗਵਾ ਦਿੰਦੇ ਹਨ। ਇਨ੍ਹਾਂ ਵਿੱਚ 40% ਅਠਾਰਾਂ ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ। ਇੱਕ ਸਰਵੇ ਵਿੱਚ ਛਪੀ ਰਿਪੋਰਟ ਮੁਤਾਬਿਕ ਸਾਲ 2015 ਵਿੱਚ ਪੰਜਾਬ ਵਿੱਚ ਕੁੱਲ 4893 ਸੜਕੀ ਹਾਦਸੇ ਵਾਪਰੇ। ਇਸ ਸਿਰਫ ਅੰਕੜੇ ਨਹੀਂ। ਇਹ ਸਾਡੀ ਦਿਨੋ-ਦਿਨ ਵਧ ਰਹੀ ਅਣਗਿਹਲੀ ਦਾ ਜਿਉਂਦਾ ਜਾਗਦਾ ਸਬੂਤ ਨੇ। ਇਹ ਉਹ ਮੌਤਾਂ ਦਾ ਨੰਗਾ ਨਾਚ ਹੈ ਜਿਨ੍ਹਾਂ ਨਾਲ ਬਹੁਤੀਆਂ ਮਾਵਾਂ ਦੀ ਕੁੱਖਾਂ ਹਮੇਸ਼ਾ ਲਈ ਉੱਜੜ ਜਾਂਦੀਆਂ ਹਨ। ਕਈਆਂ ਦੇ ਸਰੀਰ ਵਿੱਚ ਜਾਨ ਤਾਂ ਹੁੰਦੀ ਹੈ ਪਰ ਉਹ ਆਪਣੇ ਪਰਿਵਾਰ ਲਈ ਹਮੇਸ਼ਾ ਲਈ ਬੋਝ ਬਣ ਜਾਂਦੇ ਹਨ।

ਇਹ ਲੇਖ ਪੜ੍ਹਦੇ ਪਾਠਕਾਂ ਨੂੰ ਮੇਰੇ ਕੁੱਝ ਸਵਾਲ ਨੇ, ਸੋਚਣਾ ਜਰੂਰ। ਕੀ ਸਾਡੀ ਜ਼ਿੰਦਗੀ ਸੱਚ-ਮੁੱਚ ਇੰਨੀ ਵਿਅਸਤ ਹੋ ਗਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਖੋਂ ਉਹਲੇ ਕਰ ਦਿੱਤਾ ਹੈ? ਅਸੀਂ ਆਪਣੇ ਸਕੂਲ ਜਾਣ ਵਾਲੇ ਬੱਚੇ ਜਾਂ ਬੱਚੀ ਦੇ ਹੱਥ ਮੋਟਰ ਸਾਈਕਲ ਜਾਂ ਸਕੂਟਰ ਫੜਾ ਦਿੰਦੇ ਹਾਂ, ਪਰ ਕੀ ਅਸੀਂ ਸੋਚਦੇ ਹਾਂ ਕਿ ਇਸ ਦੇ ਕੋਮਲ ਹੱਥ ਇਸ ਦੋ ਪਹੀਆਂ ਵਾਹਨ ਨੂੰ ਸੰਭਾਲ ਸਕਦੇ ਹਨ ਜਾਂ ਨਹੀਂ? ਕੀ ਸਾਡੇ ਬੱਚੇ ਪੈਦਲ ਸਕੂਲ ਨਹੀਂ ਜਾ ਸਕਦੇ ਜਾਂ ਸਕੂਲੀ ਬੱਸਾਂ ਵਿੱਚ ਸਫਰ ਨਹੀਂ ਕਰ ਸਕਦੇ? ਕੀ ਸਾਦਾ ਜਿਹੀ ਸਾਈਕਲ ’ਤੇ ਸਕੂਲ ਜਾਣਾ ਮਾਪਿਆਂ ਦੇ ਹਾਈ ਸਟੈਂਡਰਡ ਦੀ ਤੌਹੀਨ ਕਰਦਾ ਹੈ? ਮੈਂ ਆਪਣੇ ਨਾਲ ਕੰਮ ਕਰਦੇ ਇੱਕ ਸਹਿਕਰਮੀ ਨੂੰ ਇਹ ਕਹਿੰਦੇ ਸੁਣਿਆ ਕਿ ਉਸਨੇ ਆਪਣੇ 14 ਸਾਲ ਦੇ ਬੇਟੇ ਨੂੰ ਇੱਕ ਲੱਖ ਵਾਲਾ ਮੋਟਰ ਸਾਈਕਲ ਖਰੀਦ ਕੇ ਦਿੱਤਾ ਤੇ ਹੁਣ ਉਹ ਉਸੇ ’ਤੇ ਹੀ ਸਕੂਲ ਜਾਵੇਗਾ। ਕੀ ਇਹ ਸਹੀ ਹੈ? ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਹੱਥਾਂ ਵਿੱਚ ਇਹ ਵਹੀਕਲਾਂ ਦੇ ਦੇਣਾ ਕਿੱਥੋਂ ਦੀ ਸਮਝਦਾਰੀ ਹੈ? ਇੱਕ 12-13 ਸਾਲ ਦਾ ਬੱਚਾ ਸਕੂਟਰ ’ਤੇ ਆਪਣੀ ਮਾਂ ਜਾਂ ਭੈਣ ਨੂੰ ਬਿਠਾ ਕੇ ਅੰਧਾ-ਧੁੰਦ ਤੇਜ਼ ਰਫਤਾਰ ਨਾਲ ਜਾ ਰਿਹਾ ਹੁੰਦਾ ਤੇ ਪਿੱਛੇ ਬੈਠੀ ਮਾਂ ਜਾਂ ਭੈਣ ਉਸ ਨੂੰ ਵਰਜਦੇ ਨਹੀਂ, ਬਲਕਿ ਆਪਣੀ ਸ਼ਾਨ ਸਮਝਦੇ ਹਨਕੀ ਇਹ ਸਹੀ ਹੈ? ਸੋਚਣਾ ਜਰੂਰ।

ਸਕੂਲਾਂ ਦੇ ਬਾਹਰ ਖੜ੍ਹੇ ਮੋਟਰ ਸਾਈਕਲਾਂ ਤੇ ਸਕੂਟਰਾਂ ਦੀ ਗਿਣਤੀ ਸਾਫ ਦੱਸ ਰਹੀ ਹੁੰਦੀ ਹੈ ਕਿ ਅਸੀਂ ਕਿੰਨੇ ਸਮਝਦਾਰ ਤੇ ਮਾਡਰਨ ਹੋ ਗਏ ਹਾਂ ਮੋਬਾਇਲ ਤੇ ਮੋਟਰ ਸਾਈਕਲ ਅਸੀਂ ਹੀ ਆਪਣਿਆਂ ਬੱਚਿਆਂ ਦੇ ਹੱਥਾਂ ਵਿੱਚ ਦਿੱਤਾ ਹੈ। ਆਧੁਨਿਕ ਹੋਣਾ ਚੰਗੀ ਗੱਲ ਹੈ ਤੇ ਸਮੇਂ ਦੇ ਨਾਲ ਚੱਲਣਾ ਮਨੁੱਖ ਦੀ ਜ਼ਰੂਰਤ, ਪਰ ਇਸ ਦਾ ਇਹ ਅਰਥ ਨਹੀਂ ਕਿ ਅਸੀਂ ਕੋਮਲ ਮਨ ਬੱਚਿਆਂ ਨੂੰ ਜ਼ਿੰਦਗੀ ਦੇ ਸਹੀ ਅਰਥਾਂ ਤੇ ਕਦਰਾਂ ਕੀਮਤਾਂ ਤੋਂ ਭਟਕਾ ਕੇ ਉਹਨਾਂ ਨੂੰ ਚਕਾਚੌਂਧ ਦੀ ਦੁਨੀਆ ਵਿੱਚ ਛੱਡ ਦੇਈਏ।

ਹਾਦਸੇ ਹਰ ਰੋਜ਼ ਵਰਤਦੇ ਹਨ ਤੇ ਅਕਸਰ ਅਚਾਨਕ, ਪਰ ਕੁੱਝ ਹਾਦਸੇ ਸਿਰਫ ਸਾਡੀ ਅਣਗਿਹਲੀ ਦਾ ਸਬੂਤ ਨੇ। ਪ੍ਰਸ਼ਾਸਨ, ਸਕੂਲ ਅਥਾਰਟੀ ਅਤੇ ਮਾਪਿਆਂ ਦੀ ਅਣਗਿਹਲੀ ਕੀਮਤੀ ਜਾਨਾਂ ਲਈ ਜਾ ਰਹੀ ਹੈ ਅਤੇ ਅਸੀਂ ਬੱਸ ਦੇਖ ਰਹੇ ਹਾਂ। ਪ੍ਰਸ਼ਾਸਨ ਦੀ ਅਣਗਿਹਲੀ, ਪੂਰੀ ਚੌਕਸੀ ਤੇ ਮੁਸ਼ਤੈਦੀ ਨਹੀਂ ਜ਼ੇ ਪ੍ਰਸ਼ਾਸਨ ਚਾਹੇ ਤਾਂ 18 ਸਾਲ ਤੋਂ ਘੱਟ ਕੋਈ ਬੱਚਾ ਮੋਟਰ ਸਾਈਕਲ ਜਾਂ ਸਕੂਟਰ ਨਹੀਂ ਚਲਾ ਸਕਦਾ ਹਰ ਸਾਲ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਕਰਨ ਨਾਲ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਬਲਕਿ ਸੜਕਾਂ ’ਤੇ ਹੀ ਵਹੀਕਲ ਰੋਕ ਕੇ ਉਹਨਾਂ ਤੇ 18 ਸਾਲ ਤੱਕ ਪਾਬੰਦੀ ਲਗਾਈ ਜਾਵੇ। ਸਕੂਲ ਅਥਾਰਟੀ ਦੀ ਅਣਗਿਹਲੀ, ਉਹ ਮਹਿੰਗੀਆਂ ਵਰਦੀਆਂ ਤਾਂ ਬੱਚਿਆਂ ਦੇ ਸਰੀਰਾਂ ’ਤੇ ਪਾ ਰਹੀਆਂ ਹਨ ਪਰ ਉਹਨਾਂ ਦੇ ਮਨਾਂ ਨੂੰ ਕਦਰਾਂ-ਕੀਮਤਾਂ ਤੋਂ ਸੱਖਣਾ ਕਰ ਰਹੀਆਂ ਹਨ। ਸਕੂਲੀ ਟੀਚਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਤੇ ਨਾਲ ਹੀ ਉਹਨਾਂ ਬੱਚਿਆਂ ਨੂੰ ਵਹੀਕਲ ਦੀ ਵਰਤੋਂ ਕਰਨ ਤੋਂ ਰੋਕਣ। ਸਾਈਕਲ, ਪੈਦਲ ਤੇ ਸਕੂਲੀ ਬੱਸਾਂ ਦੀ ਵਰਤੋਂ ਕਰਨ ਦੀ ਆਦਤ ਪਾਉਣ ਬਾਰੇ ਕਹਿਣ।

ਮਾਪਿਆਂ ਦੀ ਅਣਗਿਹਲੀ, ਪੈਸੇ ਕਮਾਉਣ ਦੀ ਹੋੜ ਤੇ ਆਪਣਾ ਸਟੇਟਸ ਉੱਚਾ ਚੁੱਕਣ ਦੀ ਦੌੜ ਵਿੱਚ ਇਹ ਭੁੱਲ ਗਏ ਹਨ ਕਿ ਜਿਨ੍ਹਾਂ ਲਈ ਉਹ ਕਮਾ ਰਹੇ ਹਾਂ ਕਿ ਉਹ ਕੀ ਬਣ ਰਹੇ ਹਨਆਪਣੇ ਬੱਚਿਆਂ ਨੂੰ ਉਮਰ ਤੇ ਸਮੇਂ ਤੋਂ ਪਹਿਲਾਂ ਵੱਡਾ ਨਾ ਬਣਾਉ। ਇਹ ਕੋਮਲ ਫੁੱਲ ਨੇ, ਇਹਨਾਂ ਨੂੰ ਕੋਮਲ ਹੀ ਰਹਿਣ ਦਿਓ ਤੇ ਅਣਆਈ ਮੌਤ ਦਾ ਸਮਾਨ ਇਹਨਾਂ ਦੇ ਹੱਥਾਂ ਵਿੱਚ ਨਾ ਦਿਓ।

ਕੁੱਝ ਸਾਲ ਪਹਿਲਾਂ ਅਠਾਰਾਂ ਸਾਲ ਤੋਂ ਘੱਟ ਭੈਣ ਭਰਾ ਦੀ ਸੜਕੀ ਹਾਦਸੇ ਵਿੱਚ ਹੋਈ ਦਿਲ ਦਹਿਲਾਉਣ ਵਾਲੀ ਮੌਤ ਨੇ ਇੱਕ ਮਾਪਿਆਂ ਦੀ ਕੁੱਖ ਹਮੇਸ਼ਾ ਲਈ ਉਜਾੜ ਦਿੱਤੀ ਸੀ। ਉਸ ਮਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਪਤਾ ਨੀ ਕੀ-ਕੀ ਸੋਚਿਆ ਸੀ ਪਰ ਪਲਾਂ ਵਿੱਚ ਹੀ ਸਭ ਕੁਝ ਖਤਮ ਹੋ ਗਿਆ ਸੀ। ਉਹ ਹਾਦਸਾ ਅੱਜ ਵੀ ਅੱਖਾਂ ਸਾਹਮਣੇ ਘੁੰਮਦਾ ਹੈ। ਜਦ ਵੀ ਕੋਈ ਹਾਦਸਾ ਦੇਖਦੀ ਜਾਂ ਸੁਣਦੀ ਹਾਂ ਤਾਂ ਇੱਕ ਦਮ ਮੂੰਹੋਂ ਨਿਕਲਦਾ ਹੈ, “ਕਦੋਂ ਰੁਕਣਗੀਆਂ ਉੱਜੜਨੋ ਮਾਂਵਾਂ ਦੀਆਂ ਕੁੱਖਾਂ?”

*****

(589)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author