SukhpalKLamba7ਆਂਟੀ ਦੇ ਇੰਨਾ ਕਹਿਣ ਦੀ ਦੇਰ ਸੀ, ਮੈਂ ਉਹਨਾਂ ਦੇ ਗਲ਼ ਲੱਗ ...
(17 ਅਪਰੈਲ 2021)

 

ਅਕਸਰ ਕਿਹਾ ਜਾਂਦਾ ਕਿ ਜਿਸ ’ਤੇ ਬੀਤਦੀ ਹੈ ਉਸ ਨੂੰ ਪਤਾ ਹੰਦਾ ਕਿ ਕਿਵੇਂ ਤੇ ਕਿਸ ਹੱਦ ਤਕ ਸਹਿ ਲਿਆ। ਹਸਪਤਾਲ ਦੇ ਦਰਵਾਜੇ ’ਤੇ ਦਾਖਲ ਹੁੰਦੇ ਹੀ ਮੈਂ ਮਨ ਵਿੱਚ ਰੱਬ ’ਤੇ ਆਪਣੇ ਭਰੋਸੇ ਦੀ ਬਾਂਹ ਨੂੰ ਕੱਸ ਕੇ ਫੜ ਲਿਆ ਸੀ। ਅੱਜ ਮੰਮੀ ਜੀ ਦਾ ਪਿੱਤੇ ਦੀ ਪਥਰੀ ਦਾ ਅਪਰੇਸ਼ਨ ਸੀ। ਬੜੀ ਮਿੰਨਤ ਤੇ ਸਮਝਾਉਣ ਤੋਂ ਬਾਆਦ ਮੰਮੀ ਅਪਰੇਸ਼ਨ ਲਈ ਮੰਨੇ ਸੀ। ਰਿਸ਼ੈਪਸਨ ’ਤੇ ਕੁਝ ਦੇਰ ਬੈਠਣ ਪਿੱਛੋਂ ਮੈਂ ਮੰਮੀ ਵੱਲ ਦੇਖਿਆ ਤਾਂ ਉੱਤਰਿਆ ਜਿਹਾ ਚਿਹਰਾ ਦੇਖ ਕੇ ਮੈਂ ਉਹਨਾਂ ਦਾ ਹੱਥ ਘੁੱਟ ਲਿਆ। ਉਹ ਮੇਰੇ ਵੱਲ ਦੇਖ ਕੇ ਮੁਸਕਰਾਏ ਤੇ ਕਿਹਾ, “ਮੈਂ ਠੀਕ ਹਾਂ।” ਮੈਂਨੂੰ ਲੱਗਿਆ ਜਿਵੇਂ ਮੈਂ ਨਹੀਂ ਬਲਕਿ ਉਹ ਮੈਂਨੂੰ ਹੌਸਲਾ ਦੇ ਰਹੇ ਹੋਣ। ਅੱਧੇ ਕੁ ਘੰਟੇ ਬਾਅਦ ਮੰਮੀ ਜੀ ਨੂੰ ਹਸਪਤਾਲ ਦਾਖਲ ਕਰ ਲਿਆ ਤੇ ਸਾਨੂੰ ਇੱਕ ਨਿੱਜੀ ਕਮਰਾ ਦੇ ਦਿੱਤਾ ਗਿਆ। ਮੈਂ, ਮੰਮੀ, ਤੇ ਵੀਰ ਜੀ ਕਮਰੇ ਵਿੱਚ ਸਮਾਨ ਰੱਖ ਕੇ ਅਪਰੇਸ਼ਨ ਦਾ ਇੰਤਜ਼ਾਰ ਕਰਨ ਲੱਗੇ। ਮੇਰੇ ਮਨ ਦੀ ਬੇਚੈਨੀ ਇੱਕ-ਇੱਕ ਪਲ ਨਾਲ ਵਧ ਰਹੀ ਸੀ। ਹਾਲਾਂਕਿ ਮੈਂ ਆਪ ਸਿਹਤ ਵਿਭਾਗ ਵਿੱਚ 11 ਸਾਲਾਂ ਤੋਂ ਕੰਮ ਕਰ ਰਹੀ ਹਾਂ ਤੇ ਦੂਜਿਆਂ ਨੂੰ ਹੌਸਲਾ ਦੇਣਾ ਮੇਰੀ ਆਦਤ ਬਣ ਗਈ ਹੈ, ਪਰ ਅੱਜ ਮੇਰੇ ਕੋਲ ਹੌਸਲੇ ਲਈ ਸ਼ਬਦਾਂ ਦੀ ਕਮੀ ਸੀ।

ਅੱਧੇ ਘੰਟੇ ਬਾਅਦ ਨਰਸ ਸਾਨੂੰ ਅਪਰੇਸ਼ਨ ਲਈ ਇੱਕ ਖਾਸ ਕਮੀਜ਼ (ਮੈਡੀਕਲ ਗਾਊਨ) ਦੇ ਕੇ ਤੇ ਕੁਝ ਹਦਾਇਤਾਂ ਦੇ ਕੇ ਚਲੀ ਗਈ। ਗਾਊਨ ਨੂੰ ਦੇਖ ਮੰਮੀ ਜੀ ਥੋੜ੍ਹਾ ਘਬਰਾ ਗਏ। ਸਾਦਾ ਸਲਵਾਰ ਸੂਟ ਪਾਉਣ ਵਾਲੇ ਮੇਰੇ ਮੰਮੀ ਜੀ ਲਈ ਇਹ ਸਭ ਬਹੁਤ ਨਵਾਂ ਤੇ ਅਜੀਬ ਸੀ। ਮੈਂ ਉਹਨਾਂ ਨੂੰ ਸਹਿਜ ਕਰਨ ਲਈ ਹੱਸਦੇ ਹੋਏ ਕਿਹਾ, “ਲਵੋ ਪਾਉ, ਅਪਰੇਸ਼ਨ ਵਾਲਾ ਸੁਨਹਿਰੀ ਸੂਟ। ਤੁਹਾਨੂੰ ਮੈਂ ਇੱਥੋਂ ਜੀਨ ਪਵਾ ਕੇ ਘਰ ਲੈ ਕੇ ਜਾਣਾ।” ਉਹ ਹੱਸ ਪਏ ਤੇ ਕੁਝ ਸਹਿਜ ਜਿਹੇ ਹੋ ਗਏ। ਮੈਂ ਉਹਨਾਂ ਦੇ ਕੱਪੜੇ ਬਦਲਾਏ ਤਾਂ ਉਹ ਕੁਝ ਸਿਮਟ ਜਿਹੇ ਗਏ। ਇੰਨੇ ਟਾਈਮ ਹੀ ਵੀਰ ਜੀ ਆ ਗਏ ਤੇ ਉਹਨਾਂ ਦੱਸਿਆ ਕਿ ਆਪ੍ਰੇਸ਼ਨ ਵਿੱਚ ਘੰਟਾ ਪਿਆ ਹੈ। ਤੇ ਉਹ ਕਿਸੇ ਕੰਮ ਬਾਹਰ ਚਲੇ ਗਏ। ਉਹ ਇੱਕ ਘੰਟਾ ਮੈਂ ਕਮਰੇ ਦੇ ਕਦੀ ਬਾਹਰ ਤੇ ਕਦੀ ਕਮਰੇ ਦੇ ਅੰਦਰ ਟਹਿਲਦੀ ਰਹੀ।

ਸਾਡੇ ਕਮਰੇ ਦੇ ਸਾਹਮਣੇ ਵਾਲੇ ਕਮਰੇ ਵਿੱਚ ਤਿੰਨ ਜਣਿਆਂ ਨੂੰ ਵੀ ਸਾਡੇ ਨਾਲ ਹੀ ਠਹਿਰਾਇਆ ਗਿਆ ਸੀ। ਜਿਨ੍ਹਾਂ ਵਿੱਚ ਇੱਕ ਔਰਤ ਤੇ ਦੋ ਮਰਦ ਸਨ। ਉਹਨਾਂ ਵਿੱਚ ਇੱਕ 45 ਕੁ ਸਾਲ ਦੇ ਵਿਅਕਤੀ ਦਾ ਆਪ੍ਰੇਸ਼ਨ ਮੰਮੀ ਦੇ ਆਪ੍ਰੇਸ਼ਨ ਦੇ ਬਾਅਦ ਹੀ ਸੀ। ਸਾਡਾ ਕਮਰਾ ਦੂਸਰੀ ਮੰਜ਼ਿਲ ’ਤੇ ਸੀ ਤੇ ਸਿਰਫ ਦਾਖਲ ਮਰੀਜ਼ਾਂ ਲਈ ਹੀ ਸੀ। ਮੰਮੀ ਦਾ ਅਪ੍ਰੇਸ਼ਨ ਤੀਸਰੇ ਨੰਬਰ ’ਤੇ ਸੀ। ਫੇਰ ਨਰਸ ਅਚਾਨਕ ਆਈ ਤੇ ਉਸ ਨੇ ਮੰਮੀ ਨੂੰ ਕਿਹਾ, “ਆਂਟੀ, ਚਲੋ ਤੁਹਾਡਾ ਵਾਰੀ ਹੈ।” ਮੈਂ ਇਕਦਮ ਠੰਠਬਰ ਗਈ। ਮੈਂ ਨਰਸ ਨੂੰ ਬੇਨਤੀ ਕੀਤੀ,ਪਲੀਜ ਮੈਂ ਨਾਲ ਆ ਸਕਦੀ ਹਾਂ?” ਉਹਨੇ ਬੜੀ ਬੇਵਸੀ ਨਾਲ ਕਿਹਾ, “ਨਹੀ ਜੀ। “ ਇੰਨਾ ਕਹਿਕੇ ਉਸਨੇ ਮੰਮੀ ਦਾ ਹੱਥ ਪਕੜਿਆ ਤੇ ਲਿਫਟ ਦਾ ਦਰਵਾਜਾ ਬੰਦ ਕਰ ਲਿਆ।

ਵੀਰ ਜੀ ਨਰਸ ਦੁਆਰਾ ਮੰਗਵਾਈਆਂ ਦਵਾਈਆਂ ਲੈਣ ਚਲੇ ਗਏ। ਮੈਂ ਕਮਰੇ ਵਿੱਚ ਬੈਠ ਗਈ ਤੇ ਮੇਰੀਆਂ ਅੱਖਾਂ ਇਕਦਮ ਬੰਦ ਹੋ ਗਈਆਂ ਤੇ ਮਨ ਵਿੱਚ ਸਿਰਫ ਇੱਕ ਹੀ ਅਰਦਾਸ ਸੀ ਕਿ ਸਭ ਕੁਝ ਠੀਕ ਹੋਵੇ। ਮੰਮੀ ਨੂੰ ਅਪ੍ਰੇਸ਼ਨ ਥੀਏਟਰ ਵਿੱਚ ਲੈ ਕੇ ਗਏ ਇੱਕ ਘੰਟਾ ਬੀਤ ਚੁੱਕਿਆ ਸੀ। ਮੈਂ ਕਮਰੇ ਨੂੰ ਬਾਹਰੋਂ ਕੁੰਡੀ ਲਾ ਕਮਰੇ ਦੇ ਬਾਹਰ ਰੱਖੀ ਕੁਰਸੀ ’ਤੇ ਬੈਠ ਬੱਸ ਲਿਫਟ ਵੱਲ ਦੇਖ ਰਹੀ ਸੀ। ਕੁਝ ਦੇਰ ਬਾਅਦ ਸਾਡੇ ਕਮਰੇ ਦੇ ਸਾਹਮਣੇ ਵਾਲੇ ਕਮਰੇ ਵਾਲੇ ਵਿਅਕਤੀ ਨੂੰ ਵੀ ਅਪ੍ਰੇਸ਼ਨ ਥੀਏਟਰ ਵਿੱਚ ਲੈ ਗਏ। ਜੋ ਹਾਲਤ ਮੇਰੀ ਸੀ, ਉਹੀ ਹਾਲਤ ਉਸ ਔਰਤ ਦੀ ਵੀ ਸੀ ਜੋ ਉਹਨਾਂ ਨਾਲ ਸੀ।

ਕਰੀਬ ਦੋ ਘੰਟੇ ਬੀਤ ਚੁੱਕੇ ਸੀ। ਮੇਰੀ ਹਾਲਤ ਬੇਚੈਨੀ ਨਾਲ ਬਹੁਤ ਖਰਾਬ ਹੋ ਰਹੀ ਸੀ। ਕੁਝ ਦੇਰ ਬਾਅਦ ਉਹ ਔਰਤ ਵੀ ਮੇਰੇ ਕੋਲ ਆ ਕੇ ਕੁਰਸੀ ’ਤੇ ਬੈਠ ਗਈ।। ਜਿਵੇਂ ਹੀ ਲਿਫਟ ਦਾ ਦਰਵਾਜਾ ਖੁੱਲ੍ਹਦਾ ਮੈਂ ਇਕਦਮ ਖੜ੍ਹੀ ਹੋ ਜਾਂਦੀ। ਮੈਂਨੂੰ ਇੰਜ ਕਰਦੀ ਦੇਖ ਉਸ ਔਰਤ ਨੇ ਪੁੱਛਿਆ, “ਬੱਚੇ ਕਿਸਦਾ ਅਪ੍ਰੇਸ਼ਨ ਹੈ?”

ਮੈਂ ਬੈਠਦੇ ਹੋਏ ਕਿਹਾ, “ਮੇਰੇ ਮੰਮੀ ਜੀ ਦਾ ਪਿੱਤੇ ਦੀ ਪਥਰੀ ਦਾ ਹੈ।”

ਉਹਨਾਂ ਮੇਰੇ ਕੋਲ ਨੂੰ ਠੀਕ ਹੋ ਕੇ ਬੈਠਦੇ ਕਿਹਾ, “ਮੇਰੇ ਪਤੀ ਦਾ ਵੀ ਪਿੱਤੇ ਦੀ ਪਥਰੀ ਦਾ ਹੀ ਹੈ। 10ਮਿ.ਮੀ. ਸਾਈਜ਼ ਹੈ।”

ਅਚਾਨਕ ਲਿਫਟ ਖੁੱਲ੍ਹੀ ਤੇ ਮੈਂ ਫਿਰ ਇਕਦਮ ਖੜ੍ਹੀ ਹੋ ਗਈ। ਇੱਕ ਨਰਸ ਮੇਰੇ ਕੋਲ ਆਈ। ਉਸ ਦੇ ਹੱਥ ਵਿੱਚ ਇੱਕ ਪਲਾਸਟਿਕ ਦਾ ਬਰਤਨ ਸੀ ਤੇ ਇੱਕ ਹੱਥ ਵਿੱਚ ਸਰਜੀਕਲ ਬਲੇਡ ਸੀ। ਉਹਨੇ ਸਾਡੇ ਕੋਲ ਆ ਕੇ ਮੰਮੀ ਜੀ ਦਾ ਨਾਂ ਲੈ ਕੇ ਪੁੱਛਿਆ ਕਿ ਕਿਸਦਾ ਮਰੀਜ਼ ਹੈ। ਮੈਂ ਬੜੀ ਕਾਹਲ ਨਾਲ ਕਿਹਾ, “ਜੀ ਮੇਰੇ।”

ਨਰਸ ਨੇ ਮੇਰੇ ਚਿਹਰੇ ਵੱਲ ਦੇਖਿਆ ਤੇ ਕਿਹਾ, “ਬੇਟੇ ਆਹ ਪੱਥਰੀ ਦਿਖਾਉਣੀ ਸੀ।” ਇੰਨਾ ਕਹਿ ਕੇ ਉਹਨਾਂ ਮੇਰੇ ਅੱਗੇ ਇੱਕ ਮਾਸ ਦਾ ਟੁਕੜਾ ਜੋ ਕਿ ਹੱਥ ਦੇ ਅੰਗੂਠੇ ਵਰਗਾ ਸੀ, ਕਰ ਦਿੱਤਾ। ਮੈਂ ਉਹਨਾਂ ਦਾ ਹੱਥ ਫੜ ਕੇ ਪੁੱਛਿਆ, “ਆਂਟੀ, ਮੰਮੀ ਠੀਕ ਨੇ? ਕਦੋਂ ਰੂਮ ਵਿੱਚ ਸ਼ਿਫਟ ਕਰੋਗੇ?”

ਉਹਨਾਂ ਜਲਦੀ ਨਾਲ ਕਿਹਾ, “ਹਾਂ ਬੇਟੇ ਠੀਕ ਨੇ। ਬੱਸ ਜਦੋਂ ਉਹ ਥੋੜ੍ਹਾ ਬੋਲਣ ਲੱਗ ਗਏ ਤਾਂ ਸ਼ਿਫਟ ਕਰਨਗੇ।” ਇੰਨਾ ਕਹਿ ਉਹ ਚਲੀ ਗਈ।

ਮੇਰੀ ਬੈਚੈਨੀ ਨਾਲ ਚਿੰਤਾ ਵੀ ਵਧ ਗਈ ਸੀ। ਜਿਵੇਂ-ਜਿਵੇਂ ਵਕਤ ਗੁਜ਼ਰ ਰਿਹਾ ਸੀ, ਮੇਰਾ ਹੌਸਲਾ ਟੁੱਟਦਾ ਜਾ ਰਿਹਾ ਸੀ। ਦੋ ਮਰੀਜ਼ਾਂ ਨੂੰ ਸਿਫਟ ਕੀਤਾ ਜਾ ਚੁੱਕਾ ਸੀ। ਸਾਢੇ ਤਿੰਨ ਘੰਟੇ ਬੀਤ ਚੁੱਕੇ ਸੀ। ਹਸਪਤਾਲ ਦੇ ਸਟਾਫ ਦਾ ਆਉਣਾ-ਜਾਣਾ ਤੇਜ਼ ਹੋ ਗਿਆ ਸੀ। ਸ਼ਾਮ ਦੇ ਸਾਢੇ ਸੱਤ ਵਜੇ ਇੱਕ ਸਟੇਰੈਚਰ ਲਿਫਟ ਵਿੱਚੋਂ ਬਾਹਰ ਆਇਆ ਤਾਂ ਮੈਂ ਦੇਖਿਆ, ਮੰਮੀ ਬੇਸੁੱਧ ਪਏ ਸੀ। ਮੈਂ ਦੌੜ ਕੇ ਬੈੱਡ ਠੀਕ ਕੀਤਾ ਤਾਂ ਛੇ ਸਟਾਫ ਮੈਂਬਰਾਂ ਤੇ ਵਾਰਡ ਅਟੈਂਡੈਂਟ ਨੇ ਮੰਮੀ ਨੂੰ ਇੰਜ ਸਟਰੈਚਰ ਤੋਂ ਉਠਾ ਕੇ ਬੈਡ ’ਤੇ ਪਾਇਆ, ਜਿਵੇਂ ਉਹ ਕੋਈ ਚੀਜ਼ ਹੋਣ। ਉਹਨਾਂ ਨੇ ਮੰਮੀ ਨੂੰ ਬੁਲਾਇਆ। ਮੰਮੀ ਨੇ ਜਦ ਅੱਖਾਂ ਖੋਲ੍ਹੀਆਂ ਤਾਂ ਮੈਂ ਦੌੜ ਕੇ ਉਹਨਾਂ ਕੋਲ ਗਈ। ਮੰਮੀ ਦੇ ਹੱਥ ਬਰਫ ਦੀ ਤਰ੍ਹਾਂ ਠੰਢੇ ਸੀ। ਵੀਰ ਜੀ ਨੇ ਮੰਮੀ ਨਾਲ ਗੱਲ ਕੀਤੀ। ਮੈਂ ਇਹ ਸਭ ਦੇਖ ਰਹੀ ਸੀ ਤੇ ਮਨ ਹੀ ਮਨ ਰੱਬ ਜੀ ਦਾ ਸੁਕਰਾਨਾ ਕਰ ਰਹੀ ਸੀ। ਵੀਰ ਜੀ ਮੈਂਨੂੰ ਮੰਮੀ ਕੋਲ ਛੱਡ ਸਮਾਨ ਲੈਣ ਕੰਟੀਨ ’ਤੇ ਚਲੇ ਗਏ। ਮੈਂ ਮੰਮੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਅਚਾਨਕ ਹੀ ਉਹਨਾਂ ਨੂੰ ਥੋੜ੍ਹੀ ਹੋਸ਼ ਆਉਣ ’ਤੇ ਉਹਨਾਂ ਦੀ ਹਾਲਤ ਵਿਗੜ ਗਈ। ਉਹਨਾਂ ਦਾ ਸਾਹ ਉੱਖੜ ਰਿਹਾ ਸੀ ਤੇ ਮੈਂ ਇਕਦਮ ਘਬਰਾ ਗਈ। ਮੈਂ ਭੱਜ ਕੇ ਡਾਕਟਰ ਤੇ ਨਰਸ ਨੂੰ ਬੁਲਾਇਆ ਤਾਂ ਉਹਨਾਂ ਮੈਂਨੂੰ ਬਾਹਰ ਭੇਜ ਦਿੱਤਾ। ਮੈਂ ਬਾਹਰ ਬੈਠੀ ਡੌਰ-ਭੌਰ ਜਿਹੀ ਬੱਸ ਦੇਖ ਰਹੀ ਸੀ। ਹੁਣ ਮੰਮੀ ਦੀ ਹਾਲਤ ਸਟੇਬਲ ਹੋ ਚੁੱਕੀ ਸੀ। ਉਹ ਸੌਂ ਗਏ ਸੀ। ਵੀਰ ਜੀ ਨੂੰ ਮੰਮੀ ਜੀ ਦੇ ਕੋਲ ਛੱਡ ਮੈਂ ਬਾਹਰ ਪਈ ਕੁਰਸੀ ’ਤੇ ਨਿਢਾਲ ਹੋ ਕੇ ਬੈਠ ਗਈ। ਇਹ ਸਾਰਾ ਕੁਝ ਸਾਹਮਣੇ ਕਮਰੇ ਵਾਲੇ ਆਂਟੀ ਜੀ ਦੇਖ ਰਹੇ ਸੀ। ਮੈਂਨੂੰ ਬੈਠੀ ਦੇਖ ਉਹ ਮੇਰੇ ਕੋਲ ਆ ਕੇ ਬੈਠ ਗਏ ਤੇ ਮੇਰੇ ਮੋਢੇ ’ਤੇ ਹੱਥ ਰੱਖ ਕੇ ਬੋਲੇ, “ਬੇਟੇ ਰੋ ਲੈ, ਮਨ ਹੌਲਾ ਹੋ ਜਾਣਾ।”

ਆਂਟੀ ਦੇ ਇੰਨਾ ਕਹਿਣ ਦੀ ਦੇਰ ਸੀ, ਮੈਂ ਉਹਨਾਂ ਦੇ ਗਲ਼ ਲੱਗ ਰੱਜ ਕੇ ਰੋਈ। ਉਹਨਾਂ ਆਪਣੀਆਂ ਬਾਹਾਂ ਵਿੱਚ ਲੈਂ ਕੇ ਕਿਹਾ, “ਬੇਟੇ ਮੈਂ ਤੈਨੂੰ ਜਦੋਂ ਦੇਖਿਆ, ਤੂੰ ਬਹੁਤ ਹੌਸਲਾ ਰੱਖਿਆ। ਤੈਨੂੰ ਦੇਖ ਕੇ ਤਾਂ ਮੈਂਨੂੰ ਵੀ ਹੌਸਲਾ ਹੋਇਆ। ਤੇਰੇ ਅੰਕਲ ਦਾ ਵੀ ਅਪ੍ਰੇਸ਼ਨ ਹੋਇਆ ਤੇ ਹਾਲੇ ਸ਼ਿਫਟ ਨਹੀਂ ਕੀਤਾ। ਮੇਰੇ ਦੁੱਖ ਨੂੰ ਵੀ ਤੇਰੇ ਦੁੱਖ ਦਾ ਹੌਸਲਾ ਚਾਹੀਦਾ।” ਇੰਨਾ ਕਹਿੰਦਿਆਂ ਉਹਨਾਂ ਦੀ ਅੱਖਾਂ ਤੋਂ ਵੀ ਹੰਝੂ ਮੇਰੇ ਹੱਥ ਦੀ ਤਲੀ ’ਤੇ ਡਿਗੇ। ਵਾਪਸੀ ’ਤੇ ਮੈਂਨੂੰ ਸਤਿੰਦਰ ਸਰਤਾਜ ਦੇ ਇੱਕ ਗੀਤ ਦੇ ਬੋਲ ਬੜੇ ਯਾਦ ਆ ਰਹੇ ਸੀ, “ਦਿਲ ਜਦ ਜਜ਼ਬਾਤਾਂ ਨੂੰ ਮਹਿਸੂਸ ਨਹੀਂਉਂ ਕਰਦਾ, ਫਿਰ ਦਿਲ ਦਿਲ ਨਹੀਂ ਰਹਿੰਦਾ ਮਸ਼ੀਨ ਜਿਹਾ ਲੱਗਦਾ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2714)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author