SukhpalKLamba7ਦੀਦੀ, ਮੇਰੀ ਬੀਬੀ ਦਾ ਐਕਸੀਡੈਂਟ ਹੋ ਗਿਆ ਸੀ। ਚੌਂਕ ਵਿੱਚ ਇੱਕ ਦਿਨ ...
(8 ਅਪਰੈਲ 2021)
(ਸ਼ਬਦ: 920)


ਉਲਝਣਾਂ, ਮਜਬੂਰੀਆਂ, ਜ਼ਿੰਮੇਵਾਰੀਆਂ ਨਾਲ ਰੋਜ਼ ਦੀ ਜੱਦੋਜਹਿਦ ਕਰਦੇ ਮੈਂਨੂੰ ਅਕੇਵਾਂ ਜਿਹਾ ਹੋਣ ਲੱਗਾ ਸੀ
ਲੱਗਦਾ ਸੀ ਕਿ ਉਮੀਦਾਂ, ਬੇਲਗਾਮ ਇਛਾਵਾਂ ਦੀ ਇੱਕ ਬਹੁਤ ਭਾਰੀ ਗਠੜੀ ਸਿਰ ’ਤੇ ਰੱਖੀ ਹੋਈ ਹੈ ਤੇ ਪਤਾ ਨਹੀਂ ਇਹ ਗਠੜੀ ਕਦੇ ਹਲਕੀ ਵੀ ਹੋਵੇਗੀ ਜਾ ਨਹੀਂਇਸੇ ਤਾਣੇ-ਬਾਣੇ ਦੀ ਸੋਚ ਵਿੱਚ ਮੈਂ ਦਫਤਰ ਤੋਂ ਘਰ ਵੱਲ ਚਾਲੇ ਪਾ ਦਿੱਤੇ, ਜੋ ਮਹਿਜ਼ ਦਸ ਮਿੰਟ ਦੀ ਦੂਰੀ ’ਤੇ ਸੀ ਤੇ ਜਿਸ ਨੂੰ ਮੈਂ ਅਕਸਰ ਪੰਦਰਾਂ ਤੋਂ ਵੀਹ ਮਿੰਟ ਦਾ ਬਣਾ ਲੈਂਦੀ ਸੀਪਰ ਅੱਜ ਤਾਂ ਮੈਂ ਇਸ ਸਫਰ ਨੂੰ ਹੋਰ ਲੰਮੇਰਾ ਕਰਨ ਨੂੰ ਤਿਆਰ ਸੀਘਰ ਆ ਮੈਂ ਸਿੱਧਾ ਕਮਰੇ ਵਿੱਚ ਜਾ ਕੇ ਬਿਸਤਰੇ ਤੇ ਅੱਖਾਂ ਬੰਦ ਕਰਕੇ ਲੇਟ ਗਈਹਾਲੇ ਵੀ ਉਸ ਨਿੱਕੀ ਜਿਹੀ ਕੁੜੀ ਦਾ ਹੱਸਦਾ ਮਾਸੂਮ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਰਿਹਾ ਸੀ ਤੇ ਉਸਦੇ ਬੋਲ, “ਥੈਂਕ ਯੂ ਦੀਦੀ” ਕੰਨਾਂ ਵਿੱਚ ਮਿਸ਼ਰੀ ਘੋਲ ਰਹੇ ਸੀਅੱਜ ਤਕ ਕਿਸੇ ਨੇ ਇੰਨੇ ਆਪਣੇਪਨ ਨਾਲ ‘ਥੈਂਕ ਯੂ’ ਨਹੀਂ ਕਿਹਾ ਸੀਪਰ ਮਨ ਹੋਰ ਉਲਝ ਗਿਆ ਸੀਅੱਜ ਦਫਤਰ ਵਿੱਚ ਇੱਕ ਹੋਰ ਕਰਮਚਾਰੀ ਆਪਣੀ ਸਰਕਾਰੀ ਨੌਕਰੀ ਤੋਂ ਮੁਕਤ ਹੋ ਕੇ ਪੂਰੀ ਸ਼ਾਨੋ-ਸ਼ੌਕਤ ਨਾਲ ਰੁਖਸਤ ਹੋ ਗਿਆ ਸੀ ਇੰਨੀ ਸ਼ਾਨੋ-ਸ਼ੌਕਤ ਤੇ ਦਿਖਾਵੇ ਦੇ ਹਾਸਿਆਂ ਵਿੱਚ ਸਭ ਕੁਝ ਫਿੱਕਾ ਸੀ ਜ਼ਿਆਦਾ ਜਾਣੂ ਨਹੀਂ ਸੀ ਉਹਨਾਂ ਬਾਰੇ ਮੈਂ ਪਰ ਰਿਵਾਇਤਨ ਇਸ ਵਿਦਾਇਗੀ ਸਮਾਹੋਰ ਵਿੱਚ ਸਾਮਲ ਸੀ ਤੇ ਇਸ ਦਿਖਾਵੇ ਦੇ ਫਿੱਕੇ ਰੰਗਾਂ ਤੋਂ ਆਦਤਨ ਹੋਰ ਅੱਕ ਗਈ ਸੀਸਮਾਰੋਹ ਖਤਮ ਹੋਣ ਤੋਂ ਪਹਿਲਾਂ ਹੀ ਹੋਟਲ ਤੋਂ ਬਾਹਰ ਆ ਕੇ ਜਿਵੇਂ ਹੀ ਮੈਂ ਸਕੂਟਰੀ ਨੂੰ ਹੱਥ ਪਾਇਆ ਤਾਂ ਪਿੱਛੋਂ ਕਿਸੇ ਦੇ ਪੋਲੇ ਜਿਹੇ ਹੱਥ ਨੇ ਮੇਰੀ ਬਾਂਹ ਨੂੰ ਛੂਹਿਆ ਤਾਂ ਮੈਂ ਇੱਕ ਦਮ ਠੰਠਬਰ ਗਈਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਪੰਦਰਾਂ ਕੁ ਵਰ੍ਹਿਆਂ ਦੀ ਸਾਂਵਲੇ ਜਿਹੇ ਰੰਗ ਦੀ ਕੁੜੀ ਨੇ ਮੇਰੇ ਅੱਗੇ ਆਪਣਾ ਹੱਥ ਕਰ ਦਿੱਤਾ ਤੇ ਬੜੇ ਤਰਲੇ ਨਾਲ ਕਿਹਾ, “ਏ ਦੀਦੀ, ਕੁਝ ਦੇ-ਦੇ ਨਾ, ਮੈਂਨੂੰ ਭੁੱਖ ਲੱਗੀ ਹੈ

ਜਿਵੇਂ ਹੀ ਮੈਂ ਉਸ ਕੁੜੀ ਦੇ ਹੱਥ ਉੱਤੇ ਦਸਾਂ ਦਾ ਨੋਟ ਰੱਖਿਆ, ਉਸਦੇ ਪਿੱਛੇ ਦੋ ਹੋਰ ਉਸ ਵਰਗੀਆਂ ਕੁੜੀਆਂ ਆ ਖੜ੍ਹੀਆਂਮੈਂ ਹੱਸਦੇ ਹੋਏ ਕਿਹਾ, “ਉਏ ਤੁਸੀਂ ਤਾਂ ਭੈਣਾਂ ਹੋ ਤਿੰਨੇ?” ਤਾਂ ਜੋ ਸਭ ਤੋਂ ਛੋਟੀ ਸੀ, ਝੱਟ ਬੋਲੀ, “ਨਾ ਦੀਦੀ ਜੀ ਅਸਾਂ ਤਾਂ ਅੱਡ-ਅੱਡ ਹਾਂ” ਮੇਰਾ ਹਾਸਾ ਨਿਕਲ ਗਿਆਮੈਂ ਉਹਨਾਂ ਨੂੰ ਵੀ ਪੈਸੇ ਦਿੱਤੇ ਤਾਂ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ, “ਦੀਦੀ, ਇੱਥੇ ਕੀ ਹੈ ਅੱਜ?”

ਮੈਂ ਹੋਟਲ ਵੱਲ ਇੱਕ ਨਜ਼ਰ ਮਾਰੀ ਤੇ ਆਪ ਮੁਹਾਰੇ ਕਿਹਾ, “ਇੱਥੇ ਗਠੜੀ ਦਾ ਭਾਰ ਘੱਟ ਹੋ ਰਿਹਾ” ਉਹਨਾਂ ਦੇ ਕੁਝ ਸਮਝ ਨਾ ਪਿਆਉਹ ਪੈਸੇ ਲੈ ਕੇ ਚੱਲੀਆਂ ਗਈਆਂ ਤੇ ਮੈਂ ਸਕੂਟਰੀ ਸਟਾਰਟ ਕਰਕੇ ਚੱਲਣ ਲੱਗੀ ਤਾਂ ਉਹੀ ਸਾਂਵਲੀ ਕੁੜੀ ਮੇਰੇ ਕੋਲ ਭੱਜ ਕੇ ਆਈਮੈਂ ਸਕਟੂਰੀ ਬੰਦ ਕਰਕੇ ਥੋੜ੍ਹੇ ਗੁੱਸੇ ਨਾਲ ਪੁੱਛਿਆ, “ਉਏ ਹੁਣ ਕੀ ਹੋਇਆ?” ਉਸਨੇ ਮੇਰੇ ਵੱਲ ਧਿਆਨ ਨਾਲ ਦੇਖਿਆ ਤੇ ਦਸਾਂ ਦਾ ਨੋਟ ਮੇਰੇ ਵੱਲ ਵਧਾ ਦਿੱਤਾਮੇਰੇ ਕੁਝ ਸਮਝ ਨਹੀਂ ਆਇਆ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਉਸ ਕੁੜੀ ਨੇ ਬੋਲਣਾ ਸ਼ੁਰੂ ਕਰ ਦਿੱਤਾ, “ਦੀਦੀ ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਮੈਂਨੂੰ ਤੇ ਮੇਰੀ ਬੀਬੀ ਨੂੰ ਬਾਲਣ ਦੀ ਗਠੜੀ ਚੁਕਾਈ ਸੀ?”

ਮੈਂ ਬੇਧਿਆਨੀ ਜਿਹੀ ਨਾਲ ਕਿਹਾ, “ਪਤਾ ਨਹੀਂ” ਉਹਨੇ ਮੇਰੇ ਹੱਥ ’ਤੇ ਨੋਟ ਰੱਖਦੇ ਹੋਈ ਨੇ ਕਿਹਾ, “ਇਹ ਤੁਹਾਡੇ ਨੇਦੀਦੀ ਤੁਸੀਂ ਚੌਂਕ ਵਾਲੇ ਗੁਰਦੁਆਰੇ ਕੋਲ ਰਹਿੰਦੇ ਹੋ ਨਾ?ਅਸੀਂ ਬਾਲਣ ਚੁਗਣ ਉੱਥੇ ਜਾਦੀਆਂ ਹੁੰਦੀਆਂ ਸੀ। ਇੱਕ ਦਿਨ ਮੇਰੀ ਬੀਬੀ ਦੀ ਗਠੜੀ ਡਿਗ ਪਈ ਸੀ, ਤੁਸੀਂ ਚੁਕਾਈ ਸੀ ਤੇ ਨਾਲ ਮੇਰੀ ਬੀਬੀ ਨੂੰ ਮੈਂਨੂੰ ਪੜ੍ਹਾਉਣ ਲਈ ਕਿਹਾ ਸੀ

ਮੈਂ ਇੱਕ ਦਮ ਉਸ ਕੁੜੀ ਵੱਲ ਗਹੁ ਨਾਲ ਦੇਖਿਆ ਤਾਂ ਮੈਨੂੰ ਯਾਦ ਆਇਆਸਾਲ ਕੁ ਪਹਿਲਾਂ ਇਹ ਕੁੜੀ ਤੇ ਇਸਦੀ ਮਾਂ ਘਰਾਂ ਦੇ ਖਾਲੀ ਪਲਾਟਾਂ ਵਿੱਚ ਬਾਲਣ ਚੁਗਣ ਆਉਂਦੀਆਂ ਸਨ ਤੇ ਅਕਸਰ ਮਾਤਾ ਜੀ ਤੋਂ ਪਾਣੀ ਦੀ ਬੋਤਲ ਤੇ ਕੁਝ ਖਾਣ ਲਈ ਲੈ ਜਾਂਦੀਆਂ ਸਨਅਚਾਨਕ ਇੱਕ ਦਿਨ ਰਸਤੇ ਵਿੱਚ ਇਸਦੀ ਮਾਤਾ ਦੀ ਗਠੜੀ ਡਿਗ ਗਈ ਸੀ, ਮੈਂ ਤੇ ਇਸ ਕੁੜੀ ਨੇ ਮਿਲ ਕੇ ਮਸਾਂ ਚੁਕਾਈ ਸੀਇਹਨੇ ਗੁੱਸੇ ਨਾਲ ਕਿਹਾ ਸੀ, “ਬੀਬੀ ਤੇਰੀ ਆ ਬਾਲਣ ਦੀ ਗਠੜੀ ਬਾਹਲੀ ਭਾਰੀ ਹੈਮੇਰੇ ਤੋਂ ਨਹੀਂ ਚੱਕ ਹੁੰਦੀ

ਮੈਂ ਹੱਸਦੇ ਕਿਹਾ ਸੀ, “ਹਾਂ, ਭਾਰੀ ਤਾਂ ਬਹੁਤ ਹੈ ਪਰ ਬੱਚੇ, ਮੰਗਣ ਦੀ ਗਠੜੀ ਨਾਲੋਂ ਬਹੁਤ ਹਲਕੀ ਹੈ ਇਹ” ਉਹਨੂੰ ਮੇਰੀ ਗੱਲ ਉੱਕਾ ਹੀ ਸਮਝ ਨਹੀਂ ਸੀ ਆਈਇਸ ਗੱਲ ਨੂੰ ਸਾਲ ਹੋ ਗਿਆ ਸੀ ਬੀਤੇਮੈਂ ਉਸ ਵੱਲ ਹੈਰਾਨ ਹੋ ਕੇ ਦੇਖਿਆ ਤੇ ਥੋੜ੍ਹੇ ਗੁੱਸੇ ਨਾਲ ਕਿਹਾ, “ਅੱਛਾ ਤੈਨੂੰ ਮੈਂ ਹੁਣ ਵੀ ਯਾਦ ਹਾਂ? ਤੇਰੀ ਯਾਦਦਾਸ਼ਤ ਤਾਂ ਬੜੀ ਵਧੀਆ ਹੈ, ਫਿਰ ਤੂੰ ਪੜ੍ਹਨ ਨਹੀਂ ਲੱਗੀ? ਬਾਲਣ ਚੁਗਣਾ ਛੱਡ ਕੇ ਹੁਣ ਆਹ ਕੰਮ ਸ਼ੁਰੂ ਕਰ ਦਿੱਤਾ?” ਉਹਨੇ ਨੀਵੀਂ ਪਾ ਲਈ ਤੇ ਆਪਣੇ ਇੱਕ ਪੈਰ ਦੇ ਅੰਗੂਠੇ ਨਾਲ ਦੂਜੇ ਪੈਰ ’ਤੇ ਖੁਰਕ ਕਰਨ ਲੱਗ ਪਈਉਹਦੀਆਂ ਅੱਖਾਂ ਵਿੱਚੋਂ ਦੋ ਹੰਝੂ ਉਹਦੇ ਇੱਕ ਪੈਰ ’ਤੇ ਡਿਗ ਪਏ ਜਿਹੜੇ ਉਸਨੇ ਝੱਟ ਦੇਣੇ ਦੂਜੇ ਪੈਰ ਨਾਲ ਪੂੰਝ ਲਏ

“ਤੇਰੀ ਬੀਬੀ ਨੂੰ ਪਤਾ ਏ ਕਿ ਤੂੰ ਕੀ ਕੰਮ ਕਰਦੀ ਹੈਂ?” ਉਸਨੇ ਆਪਣੀਆਂ ਅੱਖਾਂ ਪੂੰਝੀਆਂ ਤੇ ਹਾਂ ਵਿੱਚ ਸਿਰ ਹਿਲਾ ਦਿੱਤਾਮੇਰੇ ਮੱਥੇ ’ਤੇ ਗੁੱਸੇ ਨਾਲ ਇੱਕ ਗਹਿਰੀ ਤਿਉੜੀ ਉੱਭਰ ਆਈਉਸਨੇ ਮੇਰੇ ਵੱਲ ਦੇਖਿਆ ਤੇ ਬੋਲੀ, “ਦੀਦੀ, ਮੇਰੀ ਬੀਬੀ ਦਾ ਐਕਸੀਡੈਂਟ ਹੋ ਗਿਆ ਸੀਚੌਂਕ ਵਿੱਚ ਇੱਕ ਦਿਨ ਮੇਰੀ ਬੀਬੀ ਨੂੰ ਇੱਕ ਕਾਰ ਵਾਲੇ ਨੇ ਟੱਕਰ ਮਾਰ ਦਿੱਤੀ ਸੀਬੀਬੀ ਦੀ ਲੱਤ ਟੁੱਟ ਗਈਹੁਣ ਉਹ ਕੁਛ ਕਰ ਨਹੀਂ ਸਕਦੀਦੀਦੀ ਇਹ ਪੈਸੇ ਤੁਹਾਡੇ ਨੇਤੁਸੀਂ ਗਲਤੀ ਨਾਲ ਮੈਨੂੰ ਦੋ ਨੋਟ ਦੇ ਦਿੱਤੇ ਸੀਦੀਦੀ ਮੈਂ ਛੇਵੀਂ ਪਾਸ ਕਰ ਲਈ ਸੀਚੰਗਾ ਤਾਂ ਨਹੀਂ ਲੱਗਦਾ ਪਰ ਹੁਣ ਕੋਈ ਕੰਮ ਨਹੀਂ ਦਿੰਦਾ ... ਤਾਂ ਮੰਗਣਾ ਪੈਂਦਾਦੀਦੀ, ... ਬਾਲਣ ਦੀ ਗਠੜੀ ਮੰਗਤੀ ਦੀ ਗਠੜੀ ਨਾਲੋਂ ਸੱਚੀਂ ਬਹੁਤ ਹਲਕੀ ਸੀ ...” ਇੰਨਾ ਕਹਿ ਕੇ ਉਸਨੇ ਨੀਵੀਂ ਪਾ ਲਈ

ਮੇਰੇ ਕੋਲ ਸ਼ਬਦ ਮੁੱਕ ਗਏਮੈਂ ਉਸਦੇ ਹੱਥ ਦੀ ਮੁੱਠੀ ਨੂੰ ਘੁੱਟਦੇ ਕਿਹਾ, “ਇਹ ਤੇਰੇ ਨੇ” ਉਸਦੇ ਚਿਹਰੇ ਕੇ ਮੁਸਕਾਨ ਫੈਲ ਗਈਉਸ ਨੇ ਮੇਰੇ ਵੱਲ ਮੁੜ ਕੇ ਤੱਕਿਆ ਤੇ ਕਿਹਾ, “ਥੈਂਕ ਯੂ ਦੀਦੀਮੈਂ ਬੀਬੀ ਨੂੰ ਦੱਸਾਂਗੀ ਤੁਹਾਡੇ ਬਾਰੇ” ਇੰਨਾ ਕਹਿ ਕੇ ਉਹ ਚਲੀ ਗਈ ਪਰ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਈ, ਜਿਹਨਾਂ ਦੇ ਜਵਾਬ ਸਮੇਂ ਦੀ ਗਠੜੀ ਵਿੱਚ ਬੰਨ੍ਹੇ ਪਏ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2696)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author