SukhpalKLamba7ਫਿਰ ਇੱਕ ਦਿਨ ਮੈਂ ਦਿਨ ਵਿੱਚ ਤਿੰਨ-ਚਾਰ ਵਾਰ ਆਪਣੀਆਂ ਤਸਵੀਰਾਂ ਸਟੇਟਸ ’ਤੇ ਲਗਾਈਆਂ ਤਾਂ ਮਨ ਦੀ ਅਜੀਬ ਜਿਹੀ ...
(2 ਨਵੰਬਰ 2023)


ਮੈਂ ਬਹੁਤ ਵਕਤ ਤੋਂ ਦੇਖਦੀ ਆ ਰਹੀ ਸੀ ਕਿ ਮੇਰੇ ਸਾਰੇ ਦੋਸਤ ਤੇ ਰਿਸ਼ਤੇਦਾਰ ਸੋਸ਼ਲ ਮੀਡਿਆ ਉੱਤੇ ਰੋਜ਼ਾਨਾ ਕਈ ਕਈ ਤਸਵੀਰਾਂ
, ਕੈਪਸ਼ਨ, ਵਿਚਾਰ ਆਦਿ ਪਾਉਂਦੇ ਰਹਿੰਦੇ ਸਨਇਹਨਾਂ ਦੀ ਦੇਖਾ ਦੇਖੀ ਮੈਨੂੰ ਵੀ ਕੁਝ ਕੁ ਮਹੀਨਿਆਂ ਤੋਂ ਅਜੀਬ ਜਿਹੀ ਆਦਤ ਪੈ ਗਈ ਆਪਣੇ ਸੋਸ਼ਲ ਮੀਡੀਆ ’ਤੇ ਆਪਣੀ ਤਸਵੀਰ ਬਦਲਣ ਦੀ। ਸਵੇਰ ਅਤੇ ਰਾਤ ਦਾ ਇੱਕ ਵਕਤ ਤੈਅ ਹੋ ਗਿਆ ਕਿ ਸਟੇਟਸ਼ ਅਪਡੇਟ ਕਰਨਾ ਹੀ ਕਰਨਾ ਹੈਫਿਰ ਮੈਨੂੰ ਆਪਣੇ ਆਪ ਨੂੰ ਇਵੇਂ ਅਹਿਸਾਸ ਹੋਇਆ, ਜਿਵੇਂ ਅਜੀਬ ਜਿਹੀ ਲਤ ਲੱਗ ਗਈ ਹੋਵੇ। ਪਰ ਇਸਦਾ ਮੈਨੂੰ ਕੋਈ ਹੱਲ ਨਜ਼ਰ ਨਹੀਂ ਸੀ ਆ ਰਿਹਾ। ਫਿਰ ਇੱਕ ਦਿਨ ਮੈਂ ਦਿਨ ਵਿੱਚ ਤਿੰਨ-ਚਾਰ ਵਾਰ ਆਪਣੀਆਂ ਤਸਵੀਰਾਂ ਸਟੇਟਸ ’ਤੇ ਲਗਾਈਆਂ ਤਾਂ ਮਨ ਦੀ ਅਜੀਬ ਜਿਹੀ ਹਾਲਤ ਬਣ ਰਹੀ ਸੀ। ਮੈਂ ਹਾਲੇ ਆਪਣੀ ਇਸ ਹਾਲਤ ਨੂੰ ਸਮਝਣ ਵਿੱਚ ਹੀ ਲੱਗੀ ਹੋਈ ਸੀ ਕਿ ਮੇਰੀ ਇੱਕ ਕਰੀਬੀ ਦੋਸਤ ਦਾ ਫੋਨ ਆ ਗਿਆ। ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਸਰਸਰੀ ਜਿਹੀ ਗੱਲਬਾਤ ਦੌਰਾਨ ਝਿਜਕ ਜਿਹੀ ਨਾਲ ਉਸ ਅੱਗੇ ਆਪਣੀ ਇਸ ਅਜੀਬ ਆਦਤ ਦਾ ਜ਼ਿਕਰ ਕੀਤਾ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਉਹ ਮੇਰਾ ਮਜ਼ਾਕ ਉਡਾਵੇਗੀ ਕਿ ਮੈਂ ਕੌਂਸਲਿੰਗ ਕਰਦੇ ਸਮੇਂ ’ਤੇ ਸੈਮੀਨਾਰਾਂ ਵਿੱਚ ਤਾਂ ਬੜਾ ਮੋਬਾਇਲ ਨਾ ਵਰਤਣ ’ਤੇ ਲੈਕਚਰ ਦਿੰਦੀ ਹਾਂ ਤੇ ਆਪ ਇਸਦੀ ਲਤ ਲਗਾ ਰੱਖੀ ਹੈ। ਅਖੇ ‘ਆਪ ਬੀਬੀ ਕੋਕਾਂ, ਮੱਤੀਂ ਦੇਵੇ ਲੋਕਾਂ’ ਪਰ ਉਸਨੇ ਮੇਰੀ ਗੱਲ ਬੜੇ ਗਹੁ ਨਾਲ ਸੁਣੀ ਤੇ ਫਿਰ ਮੈਨੂੰ ਕਹਿੰਦੀ, “ਤੂੰ ਇਵੇਂ ਕਰਿਆ ਕਰ, ਸਵੇਰੇ ਤੇ ਸ਼ਾਮ ਨੂੰ ਮੋਬਾਇਲ ਨੂੰ ਬੰਦ ਕਰਕੇ ਰੱਖ ਦਿਆ ਕਰ ਕੁਝ ਦਿਨ ਬਾਅਦ ਤੇਰੀ ਆਦਤ ਬਦਲ ਜਾਵੇਗੀ।”

ਮੈਨੂੰ ਉਸ ਦੀ ਗੱਲ ਚੰਗੀ ਲੱਗੀ ਪਰ ਮੈਂ ਅਜੀਬ ਸ਼ਸ਼ੋਪੰਜ ਵਿੱਚ ਪੈ ਗਈ। ਮੈਂ ਉਸ ਨੂੰ ਉਲਟਾ ਸਵਾਲ ਪੁੱਛਿਆ, “ਗੱਲ ਤਾਂ ਤੇਰੀ ਠੀਕ ਹੈ ਪਰ ਇਹ ਸੰਭਵ ਨਹੀਂ ਕਿਉਂਕਿ ਦਫਤਰ ਦਾ 90 ਫੀਸਦੀ ਕੰਮ ਮੋਬਾਇਲ ਅਤੇ ਵਟਸਐਪ ’ਤੇ ਨਿਰਭਰ ਕਰਦਾ। ਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਜ਼ਰੂਰੀ ਸੰਦੇਸ਼ ਹੁੰਦੇ ਨੇ ਤੇ ਜੋ ਦੋਸਤ ਬਾਹਰਲੇ ਮੁਲਕਾਂ ਜਾਂ ਦੂਰ ਦੁਰਾਡੇ ਨੇ, ਉਹਨਾਂ ਨਾਲ ਗੱਲਬਾਤ ਇਸ ’ਤੇ ਹੀ ਹੁੰਦੀ ਹੈ। ਜੇ ਮੈਂ ਮੋਬਾਇਲ ਬੰਦ ਕਰ ਲਿਆ ਤਾਂ ਉਹ ਸਾਰੇ ਮੇਰਾ ਫਿਕਰ ਕਰਨਗੇ ਕਿ ਮੈਂ ਫੋਨ ਬੰਦ ਕਿਉਂ ਕਰਦੀ ਹਾਂ।”

ਮੇਰੀ ਗੱਲ ਸੁਣਕੇ ਉਹ ਪੂਰਾ ਠਹਾਕਾ ਮਾਰ ਕੇ ਹੱਸ ਪਈ। ਉਸਦਾ ਹਾਸਾ ਮੈਨੂੰ ਬੜਾ ਹੈਰਾਨੀਜਨਕ ਲੱਗਿਆ। ਮੈਂ ਥੋੜ੍ਹੀ ਸ਼ਰਮਿੰਦੀ ਜਿਹੀ ਹੋ ਕਿ ਪੁੱਛਿਆ ਕਿ ਇਸ ਵਿੱਚ ਹਾਸੇ ਵਾਲੀ ਕਿਹੜੀ ਗੱਲ ਹੈ? ਤਾਂ ਉਸਨੇ ਬੜੇ ਠਰ੍ਹੰਮੇ ਨਾਲ ਕਿਹਾ, “ਤੂੰ ਕਮਲੀ ਹੈਂਅੱਜ ਕੱਲ੍ਹ ਕਿਸੇ ਕੋਲ ਇੰਨਾ ਵਕਤ ਨਹੀਂ ਕਿ ਤੇਰੇ ਸੋਸ਼ਲ ਮੀਡੀਆ ਚਲਾਉਣ ’ਤੇ ਅਹਿਸਾਸ ਵੀ ਹੋਵੇ ਕਿ ਤੂੰ ਔਨਲਾਇਨ ਤੋਂ ਔਫਲਾਇਨ ਹੋ ਗਈ ਹੈਂ। ਤੇ ਰਹੀ ਗੱਲ ਦਫਤਰੀ ਕੰਮ ਦੀ, ਤਾਂ ਦਫਤਰ ਦਾ ਕੰਮ ਵੀ ਅਸੀਂ ਹੀ ਵਧਾਇਆ ਹੋਇਆ ਹੈ। ਚੰਗੀ ਭਲੀ ਈਮੇਲ ਹੈ, ਭੇਜੀ ਜਾ ਸਕਦੀ ਹੈਆਪਾਂ ਨੂੰ ਫਟਾਫਟ ਦੀ ਦੌੜ ਵਿੱਚ ਸ਼ਾਮਿਲ ਹੋਣ ਦਾ ਸ਼ੌਕ ਹੈ। ਇੱਕ ਦਫਤਰੀ ਵਕਤ ਨਿਸ਼ਚਿਤ ਕੀਤਾ ਗਿਆ ਹੈ, ਉਸ ਵਕਤ ਵਿੱਚ ਹੀ ਕੰਮ ਕਰੋ। ਕੌਣ ਕਹਿੰਦਾ ਹੈ, ਬਿਨਾਂ ਲੋੜ ਕਿਸੇ ਗਰੁੱਪ ਵਿੱਚ ਆਪਣੀ ਹਿੱਸੇਦਾਰੀ ਪਾਉਣੀ ਹੈ?”

ਇੰਨਾ ਕਹਿ ਕੇ ਉਹ ਕੁਝ ਦੇਰ ਚੁੱਪ ਹੋ ਗਈ ਤੇ ਫਿਰ ਅਚਾਨਕ ਬੋਲੀ, “ਚੱਲ ਇੱਕ ਤਜਰਬਾ ਕਰਕੇ ਦੇਖ ਤੂੰਅੱਜ ਐਤਵਾਰ ਹੈ, ਕਿਸੇ ਦਾ ਕੋਈ ਮੈਸੇਜ ਚੈੱਕ ਨਾ ਕਰੀਂ। ਆਪਣੇ ਫੋਨ ’ਤੇ ਪੂਰੇ 48 ਘੰਟੇ ਇੰਟਰਨੈੱਟ ਨਾ ਚਲਾਵੀਂ ਤੇ ਦਫਤਰੋਂ ਛੁੱਟੀ ਲੈ ਕੇ ਆਰਾਮ ਨਾਲ ਘਰ ਬੈਠ।”

ਮੈਂ ਪੁੱਛਿਆ, “ਮੇਰੇ ਕੁਝ ਸਮਝ ਨਹੀਂ ਆ ਰਿਹਾਇਸ ਨਾਲ ਕੀ ਹੋਵੇਗਾ?”

ਉਹ ਗੰਭੀਰ ਹੋ ਕੇ ਬੋਲੀ, “ਤੂੰ ਇਹ ਕਰ ਤਾਂ ਸਹੀ ਇਮਾਨਦਾਰੀ ਨਾਲ। ਤੈਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਕਿੰਨੇ ਕੁ ਲੋਕ ਨੇ ਜੋ ਤੇਰੇ ਔਨਲਾਇਨ ਤੋਂ ਔਫਲਾਇਨ ਹੋਣ ’ਤੇ ਤੈਨੂੰ ਕਾਲ ਕਰਨਗੇ ਤੇ ਕਿ ਕਿੰਨਾ ਕੁ ਦਫਤਰੀ ਕੰਮ ਹੈ, ਜੋ ਵਟਸਐਪ ਤੋਂ ਬਿਨਾਂ ਨਹੀਂ ਹੁੰਦਾ

ਉਸਦੀ ਗੱਲ ਮੰਨ ਕੇ ਮੈਂ ਅਗਲੇ 48 ਘੰਟਿਆਂ ਲਈ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਐਤਵਾਰ ਦਾ ਦਿਨ ਬੀਤ ਚੁੱਕਿਆ ਸੀ। ਅਗਲੀ ਸਵੇਰ ਸੋਮਵਾਰ ਮੈਂ ਆਪਣੇ ਲੈਪਟਾਪ ਤੋਂ ਛੁੱਟੀ ਈਮੇਲ ਕਰ ਦਿੱਤੀ। 24 ਘੰਟੇ ਬੀਤ ਚੁੱਕੇ ਸੀ ਪਰ ਦਫਤਰੀ ਕੰਮ ਤੋਂ ਬਿਨਾਂ ਕਿਸੇ ਦੋਸਤ, ਰਿਸ਼ਤੇਦਾਰ ਦਾ ਫੋਨ ਨਹੀਂ ਆਇਆ ਸੀ। ਸ਼ਾਮੀਂ ਤਿੰਨ-ਚਾਰ ਕਰੀਬੀਆਂ ਦੇ ਫੋਨ ਆਏ ਬੜਾ ਚੰਗਾ ਲੱਗਿਆ। ਕਈ ਹਫਤਿਆਂ ਅਤੇ ਮਹੀਨਿਆਂ ਬਾਅਦ ਉਹਨਾਂ ਨਾਲ ਗੱਲ ਹੋਈ, ਜੋ ਕਿ ਪਹਿਲਾਂ ਵਟਸਐਪ ਦੇ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਜਾਂ ਗੁਰਬਾਣੀ ਦੇ ਮੈਸੇਜ ਤਕ ਸੀਮਿਤ ਰਹਿ ਜਾਂਦੀ ਸੀ। ਪਰ ਇਸ ਖੁਸ਼ੀ ਤੋਂ ਵੱਧ ਨਿਰਾਸ਼ਾ ਪੱਲੇ ਪਈ ਕਿ ਜਿਨ੍ਹਾਂ ਦੋਸਤਾਂ ਨਾਲ ਰੋਜ਼ਾਨਾ ਮੁਸ਼ਕਿਲਾਂ ਤੇ ਸਲਾਹਾਂ ਹੁੰਦੀਆਂ ਸਨ, ਉਹਨਾਂ ਵਿੱਚੋਂ ਕਿਸੇ ਨੂੰ ਅਣਹੋਂਦ ਦਾ ਅਹਿਸਾਸ ਨਹੀਂ ਹੋਇਆ ਸੀ। 48 ਘੰਟੇ ਬੀਤਣ ਵਾਲੇ ਸੀ ਤੇ ਮੇਰੇ ਦਿਲ ਨੂੰ ਡੋਬੂ ਪੈ ਰਹੇ ਸੀ।

ਮੈਂ ਆਪਣੀ ਦੋਸਤ ਨੂੰ ਫੋਨ ’ਤੇ ਜਦੋਂ ਦੱਸਿਆ ਕਿ 48 ਘੰਟਿਆਂ ਵਿੱਚ ਆਹ ਕੁਝ ਹੋਇਆ ਤਾਂ ਉਹ ਮੁਸਕਰਾਉਂਦਿਆਂ ਹੋਇਆਂ ਬੋਲੀ, “ਦੇਖ, ਤੇਰੇ ਬਿਨਾਂ ਕਿੰਨੀ ਦੁਨੀਆ ਖੜ੍ਹ ਗਈ। ਮੈਂ ਤੈਨੂੰ ਖਿਝਾ ਨਹੀਂ ਰਹੀ, ਸੱਚ ਦਿਖਾਇਆ ਹੈ ਕਿ ਜੋ ਅਸੀਂ ਸੋਸ਼ਲ ਮੀਡੀਆ ’ਤੇ ਪਾਉਂਦੇ ਹਾਂ, ਉਸ ਉੱਤੇ ਲੋਕ ਸਿਰਫ ਨਜ਼ਰ ਮਾਰਦੇ ਹਨ। ਅਸੀਂ ਕੀ ਪਾਇਆ ਹੈ ਤੇ ਕਿਉਂ ਪਾਇਆ ਹੈ, ਇਹ ਕੁਝ ਕੁ ਗਿਣੇ ਚੁਣੇ ਲੋਕਾਂ ਲਈ ਅਰਥ ਰੱਖਦਾ ਹੈ। ਲਾਈਕ ਤੇ ਡਿਸਲਾਈਕ ਦੀ ਹੋੜ ਵਿੱਚ ਅਸੀਂ ਜ਼ਿੰਦਗੀ ਨੂੰ ਜਿਊਣਾ ਭੁੱਲ ਰਹੇ ਹਾਂ। ਜਿਨ੍ਹਾਂ ਪਲਾਂ ਵਿੱਚ ਅਸੀਂ ਜ਼ਿੰਦਗੀ ਮਾਨਣੀ ਹੁੰਦੀ ਹੈ, ਉਹ ਪਲ ਅਸੀਂ ਸੈਲਫੀਆਂ ਲੈਣ ਅਤੇ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਨ ਵਿੱਚ ਗਵਾ ਦਿੰਦੇ ਹਾਂ।”

ਉਸ ਸਹੇਲੀ ਦੀ ਗੱਲ ਮੈਨੂੰ ਸੌ ਫੀਸਦੀ ਸੱਚ ਲੱਗੀਅਸੀਂ ਇੰਨੇ ਕੁ ਸੋਸ਼ਲ ਮੀਡੀਆ ਦੇ ਗੁਲਾਮ ਹੋ ਗਏ ਹਾਂ ਕਿ ਸਾਨੂੰ ਆਪਣਾ ਆਲਾ-ਦੁਆਲਾ ਉਹੀ ਦਿਸ ਰਿਹਾ ਹੈ, ਜੋ ਸੋਸ਼ਲ ਮੀਡੀਆ ਸਾਨੂੰ ਦਿਖਾ ਰਿਹਾ ਹੈ। ਮੁਆਫ ਕਰਨਾ, ਹੁਣ ਤਾਂ ਸਾਨੂੰ ਬਿਲਕੁਲ ਅਹਿਸਾਸ ਨਹੀਂ ਹੁੰਦਾ ਕਿ ਸਾਡਾ ਆਪਣਾ ਕੋਈ ਕਦੋਂ ਦੁਨੀਆ ਤੋਂ ਔਫਲਾਇਨ ਹੋ ਗਿਆ। ਇਹ ਵੀ ਸੋਸ਼ਲ ਮੀਡੀਆ ’ਤੇ ਪਾਏ ਭੋਗ ਅਤੇ ਅੰਤਿਮ ਅਰਦਾਸ ਦੇ ਸਟੇਟਸ ਤੋਂ ਪਤਾ ਲੱਗਦਾ ਹੈ

75 ਫੀਸਦੀ ਲੋਕਾਂ ਦੇ ਘਰਾਂ ਵਿੱਚ ਜੰਗ ਦਾ ਮਾਹੌਲ ਬਣਿਆ ਰਹਿੰਦਾ ਹੈ ਕਿ ਘਰਵਾਲੇ ਜਾਂ ਘਰਵਾਲੀ ਨੇ ਉਸਦੀ ਤਸਵੀਰ ਕਿਉਂ ਨਹੀਂ ਲਗਾਈ। ਪੁੱਤਰ ਜਾਂ ਪੁੱਤਰੀ ਨੂੰ ਸ਼ਿਕਾਇਤ ਕਿ ਪਾਪਾ ਮੰਮੀ ਨੇ ਤਸਵੀਰਾਂ ਵਧੀਆ ਨਹੀਂ ਖਿੱਚੀਆਂ। ਅੱਜਕੱਲ੍ਹ ਜਨਮ ਦਿਨ, ਵਿਆਹਾਂ ਦੀਆਂ ਸਾਲਗਿਰਾਹਾਂ ਅਤੇ ਤਿਉਹਾਰ ਬਾਹਰ ਹੋਟਲਾਂ ਵਿੱਚ ਇਸੇ ਲਈ ਮਨਾਏ ਜਾਣ ਲੱਗੇ ਹਨ ਕਿ ਅਸੀਂ ਸੋਸ਼ਲ ਮੀਡਿਆ ’ਤੇ ਸਟੇਟਸ ਲਗਾਉਣਾ ਹੈ। ਅੱਗੋਂ ਸਟੇਟਸ ਦੇਖਣ ਵਾਲੇ ਵੀ ਵਧਾਈਆਂ ਦੇ ਮੈਸੇਜ ਭੇਜ ਕੇ ਆਪਣਾ ਫਰਜ਼ ਪੂਰਾ ਕਰ ਦਿੰਦੇ ਨੇ। ਹੁਣ ਕਿਸੇ ਕੋਲ ਇੰਨਾ ਵਕਤ ਨਹੀਂ ਕਿ ਕੋਈ ਫੋਨ ਕਰਕੇ ਵਧਾਈਆਂ ਦੇਵੇ ਜਾਂ ਕਿਸੇ ਦੇ ਦੁੱਖ ਦਾ ਅਫਸੋਸ ਕਰ ਸਕੇ, ਕਿਉਂਕਿ ਜਿੰਨੇ ਵਕਤ ਵਿੱਚ ਗੱਲਬਾਤ ਹੋਵੇਗੀ, ਉੰਨੇ ਵਕਤ ਵਿੱਚ ਪਤਾ ਨਹੀਂ ਕਿੰਨਾ ਕੁਝ ਸੋਸ਼ਲ ਮੀਡੀਆ ’ਤੇ ਪੁਰਾਣਾ ਹੋ ਜਾਣਾ ਹੈ

ਚਲੋ ਖੈਰ! ਹੁਣ ਇੱਥੇ ਸਭ ਸਿਆਣੇ ਨੇ। ਪਰ ਮੈਂ ਜ਼ਰੂਰ ਇਸ ਆਪ ਬੀਤੀ ਤੋਂ ਸਿੱਖਿਆ ਕਿ ਸਟੇਟਸ ਸਿਰਫ ਜਾਣਕਾਰੀ ਵਾਲੇ ਸਾਂਝੇ ਕਰਾਂਗੀ ਤੇ ਵਧਾਈਆਂ ਨਿੱਜੀ ਕਾਲ ਕਰਕੇ ਹੀ ਦੇਵਾਂਗੀ। ਕੋਸ਼ਿਸ਼ ਕਰਾਂਗੀ ਕਿ ਹੁਣ ਜ਼ਿੰਦਗੀ ਔਨਲਾਇਨ ਤੋਂ ਵੱਧ ਔਫਲਾਇਨ ਹੋ ਕੇ ਬਿਤਾਵਾਂ ਤੇ ਕੀਮਤੀ ਵਕਤ ਨੂੰ ਕਿਸੇ ਉਸਾਰੂ ਸੋਚ ਵੱਲ ਲਗਾਵਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4441)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author