SukhpalKLamba7“... ਤੇ ਛੇਵੇਂ ਦਿਨ ਮੁੰਡੇ ਨੂੰ ਹੋਸ਼ ਆਈ। ਮੇਰੇ ਕੋਲ ਜਿੰਨੇ ਪੈਸੇ ਸੀ ਸਭ ਮੁੱਕ ਗਏ। ਮੇਰੇ ਪੇਕੇ ਵੀ ...
(21 ਅਪਰੈਲ 2018)

 

ਆਪਣੀ ਭੈਣ ਵਰਗੀ ਸਹੇਲੀ ਦੇ ਪਤੀ ਦੀ ਭਰ ਜਵਾਨੀ ਵਿੱਚ ਅਚਾਨਕ ਮੌਤ ’ਤੇ ਉਸਦੇ ਬੱਚਿਆਂ ਬਾਰੇ ਸੋਚਦੀ ਮੈਂ ਚੰਡੀਗੜ੍ਹ ਤੋਂ ਬਰਨਾਲੇ ਵਾਲੀ ਬੱਸ ਲਈ ਸੀ ਤੇ ਹਾਲੇ ਵੀ ਆਪਣੀ ਸਹੇਲੀ ਬਾਰੇ ਸੋਚ ਹੀ ਰਹੀ ਸੀ ਕਿ ਇੱਕ ਬੇਬੇ ਤੇ ਉਸ ਨਾਲ ਇੱਕ ਹੋਰ ਔਰਤ ਨੇ ਆਪਣੇ ਕੁੱਛੜ ਚੁੱਕੀ ਬੱਚੇ ਨਾਲ ਮੇਰੇ ਨਾਲ ਬੱਸ ਦੀ ਸੀਟ ਬੜੀ ਕਾਹਲੀ ਨਾਲ ਮੱਲ ਲਈ ਸੀ। ਮੈਂ ਆਪਣੇ ਆਪ ਨੂੰ ਸੰਭਾਲ ਕੇ ਉਹਨਾਂ ਨੂੰ ਠੀਕ ਹੋ ਕੇ ਬੈਠਣ ਲਈ ਜਗ੍ਹਾ ਛੱਡ ਕੇ ਆਪਣੇ ਵਿੱਚ ਮਸਤ ਹੋਣ ਦੀ ਕੋਸ਼ਿਸ਼ ਕਰਨ ਵਿੱਚ ਜੁਟ ਗਈ ਸੀ। ਬੇਬੇ ਨੇ ਆਪਣੇ ਹੱਥ ਫੜੇ ਛੋਟੇ ਜਿਹੇ ਰੁਮਾਲ ਨਾਮਾ ਕੱਪੜੇ ਨਾਲ ਆਪਣਾ ਮੂੰਹ ਸਾਫ ਕੀਤਾ ਤੇ ਆਪਣੇ ਨਾਲ ਬੈਠੀ ਔਰਤ ਤੋਂ ਬੱਚਾ ਫੜ ਲਿਆ। ਬੈਗ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ ਆਪ ਪਾਣੀ ਪੀਤਾ ਤੇ ਬੱਚੇ ਨੂੰ ਪਿਲਾ ਕੇ ਬੇਬੇ ਥੋੜ੍ਹੇ ਆਰਾਮ ਨਾਲ ਬੈਠ ਗਈ ਸੀ। ਪਰ ਉਸਦਾ ਮਨ ਪਤਾ ਨਹੀਂ ਕਿਉਂ ਕਾਹਲਾ ਸੀ। ਉਸਨੇ ਇੱਕ ਨਜ਼ਰ ਮੇਰੇ ਵੱਲ ਵੇਖਿਆ ਤੇ ਬੱਚਾ ਔਰਤ ਨੂੰ ਫੜਾ ਦਿੱਤਾ ਤੇ ਆਪ ਇੱਧਰ-ਉੱਧਰ ਦੇਖਣ ਲੱਗ ਪਈ। ਇੰਜ ਕਰਦਿਆਂ ਉਸਨੇ ਆਪਣੀ ਕੁੜਤੀ ਦੇ ਅੰਦਰ ਲੱਗੀ ਜੇਬ ਵਿੱਚ ਹੱਥ ਪਾ ਆਪਣਾ ਛੋਟਾ ਜਿਹਾ ਫਟਿਆ ਪੁਰਾਣਾ ਬਟੂਆ ਕੱਢਿਆ ਤੇ ਟੇਢੀ ਅੱਖ ਮੇਰੇ ਵੱਲ ਦੇਖਿਆ। ਮੈਂ ਜਾਣ ਬੁੱਝ ਕੇ ਆਪਣਾ ਮੂੰਹ ਬੱਸ ਦੀ ਖਿੜਕੀ ਵੱਲ ਕਰ ਲਿਆ ਤਾਂ ਜੋ ਬੇਬੇ ਆਪਣਾ ਕੰਮ ਬੇਫਿਕਰੀ ਨਾਲ ਕਰ ਸਕੇ। ਉਸਨੇ ਆਪਣਾ ਜਿਵੇਂ ਹੀ ਬਟੂਆ ਕੁੜਤੀ ਵਿੱਚ ਪਾਇਆ ਤਾਂ ਉਸਦੀ ਕੂਹਣੀ ਮੇਰੀ ਬਾਂਹ ਨਾਲ ਖਹਿ ਗਈ ਤੇ ਬੇਬੇ ਇਕ ਦਮ ਹੀ ਸਾਵਧਾਨ ਜਿਹੀ ਹੋ ਗਈ। ਮੈਂ ਆਪਣੇ ਆਪ ਨੂੰ ਹੋਰ ਇੱਕਠਾ ਕਰ ਲਿਆ ਤਾਂ ਜੋ ਉਹ ਦੋਵੇਂ ਠੀਕ ਹੋ ਕੇ ਬੈਠ ਸਕਣ। “ਪਹਿਲਾਂ ਬੜੇ ਚੰਗੇ ਸਮੇਂ ਤੇ ਲੋਕ ਸੀ। ਕੋਈ ਦੁੱਖ-ਸੁੱਖ ਹੁੰਦਾ ਤਾਂ ਪਿੰਡ ਦਾ ਆਂਢ-ਗੁਆਂਢ ਤੇ ਰਿਸ਼ਤੇਦਾਰ ਵਿੱਤ ਅਨੁਸਾਰ ਸਾਥ ਦਿੰਦੇ ਤੇ ਕਦੀ ਆਸਾਨ (ਇਹਸਾਨ) ਵੀ ਨੀਂ ਜਿਤਾਉਂਦੇ ਸੀ। ਇਹ ਜਾਏ-ਖਾਣੇ ਦਾ ਕਲਯੁਗ ਪਤਾ ਨੀਂ ਕਿੱਥੋਂ ਆ ਗਿਆ ਜੋ ਸਭ ਲੁੱਟ ਗਿਆ। ਹੁਣ ਤਾਂ ਜਮਾਨਾ ਹੀ ਹੋਰ ਆ ਗਿਆ।” ਬੇਬੇ ਨੇ ਸਮੇਂ ਨੂੰ ਗਾਲ਼ ਦਿੱਤੀ।

ਨਾਲ ਬੈਠੀ ਔਰਤ ਦੀ ਗੋਦੀ ਬੈਠਾ ਬੱਚਾ ਬੇਹਾਲ ਜਿਹਾ ਹੋਇਆ ਸੌਂ ਗਿਆ ਸੀ। ਬੇਬੇ ਨੇ ਝਿਜਕਦੇ ਪੁੱਛਿਆ, “ਧੀਏ ਕੀ ਟੈਮ ਹੋਇਆ ਤੇ ਇਹ ਬੱਸ ਕਿੰਨੇ ਕੁ ਵਜੇ ਤੁਰੂ?”

ਮੈਂ ਘੜੀ ਵੱਲ ਦੇਖ ਕੇ ਕਿਹਾ, “ਬੇਬੇ ਇੱਕ ਵੱਜਣ ਵਾਲਾ ਤੇ 10 ਕੁ ਮਿੰਟਾਂ ਤੇ ਚੱਲੂ।”

ਪਰ ਬੇਬੇ ਦੇ ਮਨ ਨੂੰ ਚੈਨ ਕਿੱਥੇ ਸੀ। ਉਸਨੇ ਇੱਧਰ-ਉੱਧਰ ਦੇਖਿਆ ਤੇ ਆਪਣੇ ਨਾਲ ਬੈਠੀ ਦੂਜੀ ਔਰਤ, ਜੋ ਕਿ ਬੜੀ ਸਾਦਾ ਜਿਹੀ ਸੀ, ਨੂੰ ਕਹਿਣਾ ਸੁਰੂ ਕੀਤਾ, “ਅਮਨੀ, ਤੂੰ ਉਹ ਡਾਕਟਰ ਦੀਆਂ ਰਪੋਟਾਂ ਤਾਂ ਰੱਖ ਲਈਆਂ ਸੀ, ਆਪਾਂ ਪਿੰਡ ਵਾਲੇ ਡਾਕਟਰ ਨੂੰ ਦਿਖਾ ਕੇ ਉਹਦੀ ਰਾਇ ਵੀ ਲੈ ਲਵਾਂਗੇ।”

ਨਾਲ ਬੈਠੀ ਔਰਤ, ਜਿਹੜੀ ਹੁਣ ਤੱਕ ਬਿਲਕੁਲ ਸ਼ਾਂਤ ਸੀ, ਨੇ ਕੁੱਝ ਖਿਝਦੇ ਜਿਹੇ ਕਿਹਾ, “ਬੀਬੀ, ਤੂੰ ਕਿਉਂ ਵਹਿਮ ਕੀਤਾ। ਹੁਣ ਆਹ ਵੱਡੇ ਡਾਕਟਰ ਤੋਂ ਵੱਡਾ ਥੋੜ੍ਹਾ ਉਹ ਪਿੰਡ ਵਾਲਾ।”

ਬੇਬੇ ਨੂੰ ਉਸਦਾ ਇਹ ਜਵਾਬ ਉੱਕਾ ਚੰਗਾ ਨੀ ਲੱਗਾ ਸੀ ਤੇ ਉਹ ਚੁੱਪ ਕਰਕੇ ਬੈਠ ਗਈ। ਬੱਸ ਪੰਜਾਂ ਕੁ ਮਿੰਟਾਂ ਬਾਦ ਚੱਲ ਪਈ। ਬੇਬੇ ਨੇ ਟਿਕਟ ਕਟਾਉਣ ਲਈ ਪੈਸੇ ਕੱਢ ਲਏ ਤੇ ਉਹਨਾਂ ਨੂੰ ਦੋ-ਤਿੰਨ ਵਾਰ ਗਿਣ ਲਿਆ, ਜਿਵੇਂ ਉਸਨੂੰ ਗਿਣਨ ਵਿੱਚ ਕੋਈ ਗਲਤ ਫਹਿਮੀ ਲੱਗ ਗਈ ਹੋਵੇ। ਟਿਕਟ ਉਸਨੇ ਸੰਗਰੂਰ ਦੀ ਕਟਵਾਈ ਤੇ ਟਿਕਟਾਂ ਨੂੰ ਬੜੇ ਕੀਮਤੀ ਸਮਾਨ ਵਾਂਗ ਰੁਮਾਲ ਵਿੱਚ ਬੰਨ੍ਹ ਕੇ ਆਪਣੀ ਕੁੜਤੀ ਦੀ ਜੇਬ ਵਿੱਚ ਪਾ ਲਿਆ ਸੀ। ਹਾਲੇ ਬੱਸ ਚੰਡੀਗੜ੍ਹ ਵਿੱਚੋਂ ਬਾਹਰ ਹੀ ਨਿਕਲੀ ਸੀ ਕਿ ਮੇਰਾ ਫੋਨ ਵੱਜ ਉੱਠਿਆ। ਮੈਂ ਕਾਹਲੀ ਨਾਲ ਪਰਸ ਵਿੱਚੋਂ ਫੋਨ ਲੱਭਿਆ ਤੇ ਦੇਖਿਆ ਤਾਂ ਫੋਨ ਪਾਪਾ ਦਾ ਸੀ। ਉਹਨਾਂ ਨੂੰ ਬੱਸ ਮਿਲਣ ਤੇ ਆਪਣੇ ਬਰਨਾਲਾ ਪਹੁੰਚਣ ਦਾ ਸਮਾਂ ਦੱਸ ਕੇ ਮੈਂ ਫੋਨ ਮੁੜ ਆਪਣੇ ਪਰਸ ਵਿੱਚ ਰੱਖ ਲਿਆ।

ਹਾਲੇ ਮੈਂ ਫੋਨ ਰੱਖਿਆ ਸੀ ਕਿ ਫੋਨ ਫਿਰ ਵੱਜ ਉੱਠਿਆ। ਮੈਂ ਕਾਹਲੀ ਨਾਲ ਫੋਨ ਚੁੱਕਿਆ ਤਾਂ ਫੋਨ ਇੱਕ ਬੱਚੇ ਦੀ ਮਾਤਾ ਦਾ ਸੀ, ਜਿਸਦੇ ਬੱਚੇ ਨੂੰ ਕੰਨਾਂ ਤੋਂ ਬਿਲਕੁਲ ਨਹੀਂ ਸੁਣਦਾ ਸੀ ਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਇਲਾਜ ਲਈ ਰੈਫਰ ਕੀਤਾ ਸੀ। ਉਹਨਾਂ ਤੋਂ ਫਰੀਦਕੋਟ ਦੇ ਹਸਪਤਾਲ ਦਾ ਪਤਾ ਗੁੰਮ ਹੋ ਗਿਆ ਸੀ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਫੋਨ ਬੰਦ ਕਰ ਦਿੱਤਾ।

ਮੇਰੀਆਂ ਗੱਲਾਂ ਨੂੰ ਬੇਬੇ ਬੜੇ ਧਿਆਨ ਨਾਲ ਸੁਣ ਰਹੀ ਸੀ। ਉਸਦੇ ਚਿਹਰੇ ਤੋਂ ਸਾਫ ਪਤਾ ਲੱਗ ਗਿਆ ਸੀ ਕਿ ਜਿਵੇਂ ਉਹ ਮੈਨੂੰ ਕੁੱਝ ਪੁੱਛਣਾ ਚਾਹੁੰਦੀ ਹੋਵੇ ਪਰ ਕਿਵੇਂ ਗੱਲ ਛੇੜੇ, ਉਹ ਇਸ ਦੁਬਿਧਾ ਵਿੱਚ ਸੀ।

ਮੈਨੂੰ ਵੀ ਇਸ ਮੌਕੇ ਦੀ ਭਾਲ ਸੀ ਕਿ ਮੈਂ ਬੇਬੇ ਤੋਂ ਉਸਦੀ ਬੇਚੈਨੀ ਦਾ ਕਾਰਨ ਜਾਣ ਸਕਾਂ। ਸੋ ਮੈਂ ਆਪ ਹੀ ਪੁੱਛ ਲਿਆ, “ਬੇਬੇ, ਤੁਸੀਂ ਕਿੱਥੇ ਜਾਣਾ ਹੈ?”

ਬੇਬੇ ਨੇ ਆਪਣੀ ਚੁੰਨੀ ਠੀਕ ਕਰਦੇ ਕਿਹਾ, “ਅਸੀਂ ਬਦਰਾ ਪਿੰਡ ਜਾਣਾ।” ਇੰਨਾ ਕਹਿ ਕੇ ਬੇਬੇ ਨੇ ਮੈਨੂੰ ਪੁੱਛਿਆ, “ਪੁੱਤ, ਤੂੰ ਡਾਕਟਰ ਹੈਂ? ਤੂੰ ਚੰਡੀਗੜ੍ਹ ਹੀ ਕੰਮ ਕਰਦੀ ਹੈਂ?”

ਬੇਬੇ ਦੇ ਮੈਨੂੰ ਡਾਕਟਰ ਕਹਿਣ ਤੇ ਮੈਨੂੰ ਥੋੜ੍ਹਾ ਸ਼ਰਮ ਜਿਹੀ ਆਈ ਤੇ ਮੈਂ ਉਸਨੂੰ ਆਪਣੇ ਤੇ ਆਪਣੇ ਕੰਮ ਬਾਰੇ ਦੱਸਿਆ। ਬੇਬੇ ਇਕਦਮ ਚੁੱਪ ਕਰ ਗਈ। ਪੰਜਾਂ ਕੁ ਮਿੰਟਾਂ ਬਾਦ ਕੁੱਝ ਸੋਚਕੇ ਬੋਲੀ, “ਮੇਰੀ ਪੋਤੀ ਦਾ ਵੀ ਇਲਾਜ ਮੁਫਤ ਹੋਜੇਗਾ? ਹੈਗੇ ਤਾਂ ਅਸੀਂ ਜਿਮੀਂਦਾਰ ਹਾਂ ਪਰ ਹੁਣ ਜਮੀਨ ’ਚ ਹੁੰਦਾ ਹੀ ਕੀ ਹੈ।” ਬੇਬੇ ਦਾ ਚਿਹਰਾ ਇਕਦਮ ਪੀਲਾ ਜਿਹਾ ਪੈ ਗਿਆ।

ਮੈਂ ਪੁੱਛਿਆ, “ਕੀ ਹੋਇਆ ਤੁਹਾਡੀ ਪੋਤੀ ਨੂੰ? ਕੀ ਇਹ ਤੁਹਾਡੀ ਨੂੰਹ ਤੇ ਪੋਤੀ ਹਨ?”

ਬੇਬੇ ਬੋਲੀ, “ਮੇਰੇ ਪੋਤੀ ਨੂੰ ਕੁੱਝ ਨਹੀਂ ਸੁਣਦਾ ਤੇ ਨਾ ਇਹ ਕੁੱਝ ਬੋਲਦੀ ਹੈ। ਨਾਲ ਇਹ ਮੇਰੀ ਕੁੜੀ ਹੈ। ਮੇਰੀ ਨੂੰਹ ਤੇ ਪੁੱਤ ਨੂੰ ਵੀ ਕੁੱਝ ਨਹੀਂ ਸੁਣਦਾ ਤੇ ਨਾਂ ਉਹ ਬੋਲਦੇ ਨੇ।”

ਇੰਨਾ ਸੁਣ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀਂ। ਮੇਰੇ ਅੰਦਰ ਅਜੀਬ ਜਿਹਾ ਸਵਾਲਾਂ ਦਾ ਹੜ੍ਹ ਆ ਗਿਆ ਸੀ ਪਰ ਮੈਂ ਆਪਣੀ ਉਤਸੁਕਤਾ ਦਾ ਗਲ਼ ਪੂਰੀ ਤਰ੍ਹਾਂ ਘੁੱਟ ਲਿਆ ਤੇ ਬੇਬੇ ਨੂੰ ਬੱਚੀ ਦੀ ਉਮਰ ਪੁੱਛੀ ਤੇ ਪੁੱਛਿਆ ਕਿ ਡਾਕਟਰ ਨੇ ਕੀ ਕਿਹਾ। ਇਸ ਵਾਰ ਬੇਬੇ ਦੀ ਜਗਾਹ ਜਵਾਬ ਉਸਦੀ ਧੀ ਨੇ ਦਿੱਤਾ, “ਜੀ, ਅਸੀਂ ਪੀ.ਜੀ.ਆਈ. ਦਿਖਾਇਆ। ਇਹਨਾਂ ਨੇ ਕੰਨਾਂ ਦਾ ਅਪਰੇਸ਼ਨ ਕਰਕੇ ਮਸ਼ੀਨ ਲਗਾਉਣ ਬਾਰੇ ਕਿਹਾ ਤੇ ਉਸ ’ਤੇ ਦੋ ਲੱਖ ਦਾ ਖਰਚ ਦੱਸਿਆ ਤੇ ਨਾਲ ਹੀ ਦਸ ਹਜ਼ਾਰ ਰੁਪਏ ਦਾ ਕੋਈ ਟੈਸਟ ਕਰਵਾਉਣ ਨੂੰ ਕਿਹਾ। ਸਾਡੇ ਕੋਲ ਇੰਨਾ ਪੈਸਾ ਕਿੱਥੇ? ਬੱਸ ਜਿਸ ਦਿਨ ਦੀ ਇਹ ਹੋਈ ਹੈ, ਚੱਕੀ ਫਿਰਦੇ ਹਾਂ।” ਇੰਨਾ ਕਹਿ ਕੇ ਉਹ ਚੁੱਪ ਹੋ ਗਈ ਪਰ ਬੇਬੇ ਦੀਆਂ ਅੱਖਾਂ ਦੇ ਕੋਇਆਂ ਵਿੱਚ ਆਇਆ ਪਾਣੀ ਸਾਫ ਦਿਸ ਰਿਹਾ ਸੀ। ਉਹ ਬੋਲੀ, “ਧੀਏ, ਜੇ ਅਮਰੀ ਦਾ ਬਾਪੂ ਜਿਉਂਦਾ ਹੁੰਦਾ ਤਾਂ ਸਾਨੂੰ ਕਿਸੇ ਅੱਗੇ ਹੱਥ ਨਾ ਅੱਡਣੇ ਪੈਂਦੇ।”

ਮੇਰਾ ਕੁੱਝ ਹੋਰ ਪੁੱਛ ਕੇ ਬੇਬੇ ਦਾ ਦਿਲ ਨਹੀਂ ਕੁਰੇਦਣਾ ਚਾਹੁੰਦੀ ਸੀ ਪਰ ਮੇਰੀ ਉਤਸੁਕਤਾ ਮੇਰੇ ਹੱਥੋਂ ਛੁੱਟ ਰਹੀ ਸੀ। ਮੈਂ ਸਹਿਜੇ ਹੀ ਪੁੱਛਿਆ, “ਅੱਛਾ, ਇਹ ਤੁਹਾਡੀ ਬੇਟੀ ਹੈ ... ਤੁਹਾਡੇ ਬੇਟੇ ਤੇ ਨੂੰਹ ਨੂੰ ਵੀ ਜਮਾਂਦਰੂ ਹੀ ਨਹੀਂ ਸੁਣਦਾ?”

ਬੇਬੇ ਇਕ ਦਮ ਫਿੱਸ ਪਈ ਜਿਵੇਂ ਕਿਸੇ ਨੇ ਇੱਕ ਸ਼ਾਂਤ ਵਗਦੀ ਨਦੀ ਵਿੱਚ ਰੋੜਾ ਸੁੱਟ ਹਿਲਾ ਦਿੱਤਾ ਹੋਵੇ, “ਹਾਂ, ਇਹ ਮੇਰੀ ਕੁੜੀ ਹੈ। ਇਹ ਤਿਨਾਂ ਕੁ ਵਰ੍ਹਿਆਂ ਦੀ ਸੀ ਜਦ ਇਹਦਾ ਬਾਪੂ ਇਹਨੂੰ ਤੇ ਮੇਰੇ ਡੇਢ ਕੁ ਸਾਲ ਦੇ ਪੁੱਤ ਨੂੰ ਮੇਰੀ ਝੋਲੀ ਪਾ ਭਰ ਜਵਾਨੀ ਮੈਨੂੰ ਰੰਡੀ ਕਰ ਗਿਆ। ਧੀਏ, ਕੈਂਸਰ ਸੀ ਉਸਨੂੰ। ਮੈਂ ਬਹੁਤ ਇਲਾਜ ਕਰਵਾਇਆ ਉਸਦਾ। ਉਸ ਦੇ ਇਲਾਜ ਤੇ ਇੱਕ ਕਿੱਲਾ ਵੀ ਵੇਚ ਦਿੱਤਾ ਪਰ ਉਹ ਨਾ ਬਚਿਆ। ਮੈਂ ਇਹਨਾਂ ਜਵਾਕਾਂ ਦੇ ਮੂੰਹ ਨੂੰ ਸਬਰ ਦਾ ਘੁੱਟ ਭਰ ਲਿਆ। ਰਿਸ਼ਤੇਦਾਰਾਂ ਬੜਾ ਜ਼ੋਰ ਲਾਇਆ ਕਿ ਤੂੰ ਜਵਾਕਾਂ ਨੂੰ ਇਹਨਾਂ ਦੇ ਦਾਦਾ-ਦਾਦੀ ਕੋਲ ਛੱਡ ਜਾ ਤੇ ਦੂਜਾ ਵਿਆਹ ਕਰਵਾ ਲੈ। ਪਰ ਮੇਰੀ ਮਮਤਾ ਨੇ ਇਹ ਨਾ ਕਰਨ ਦਿੱਤਾ। ਸ਼ਰੀਕ ਕੀਹਦਾ ਮਿੱਤ ਹੁੰਦਾ। ਜਦੋਂ ਮਾੜਾ ਸਮਾਂ ਆਉਂਦਾ ਤਾਂ ਆਪਣਾ ਖੂਨ ਹੀ ਚਿੱਟਾ ਹੋ ਜਾਂਦਾ। ... ਇਹਦੇ ਬਾਪੂ ਨੂੰ ਦਾਗ ਦਿੱਤਿਆਂ ਪੰਜ ਕੁ ਮਹੀਨੇ ਹੋਏ ਸੀ, ਮੇਰੇ ਜੇਠ ਨੇ ਘਰ ਤੇ ਜਮੀਨ ਵੰਡ ਲਈ। ਮੇਰੇ ਸੱਸ-ਸਹੁਰੇ ਨੇ ਵੀ ਸਾਡੇ ਤੋਂ ਮੂੰਹ ਵੱਟ ਲਿਆ। ਮੈਂ ਇਹ ਸਭ ਵੀ ਜਰ ਲਿਆ ਤੇ ਦੋ ਕਿੱਲੇ ਤੇ ਦੋ ਖਣ ਸਾਨੂੰ ਮਿਲੇ ... ਅਸੀਂ ਉਸ ਵਿੱਚ ਗੁਜਾਰਾ ਸ਼ੁਰੂ ਕਰ ਲਿਆ। ਪਰ ਹਾਲੇ ਤਾਂ ਹੋਣੀ ਨੇ ਹੋਰ ਰੰਗ ਦਿਖਾਉਣੇ ਸੀ। ਘਰ ਦੇ ਬਟਵਾਰੇ ਨੇ ਤਾਂ ਅੱਧੀ ਕਰ ਹੀ ਦਿੱਤਾ। ਇੱਕ ਦਿਨ ਮੇਰੇ ਮੁੰਡੇ ਨੂੰ ਬੁਖਾਰ ਹੋ ਗਿਆ। ਮੈਂ ਉਸ ਨੂੰ ਚੱਕ ਕੇ ਡਿਸਪੈਂਸਰੀ ਲੈ ਗਈ ਤਾਂ ਉਹਨਾਂ ਇੱਕ ਟੀਕਾ ਲਾ ਦਿੱਤਾ ਤੇ ਮੈਨੂੰ ਚੰਡੀਗੜ੍ਹ ਜਾਣ ਦੀ ਇੱਕ ਟੁੱਕ ਗੱਲ ਆਖ ਦਿੱਤੀ। ਚੰਡੀਗੜ੍ਹ ਦਾ ਨਾਂ ਸੁਣ ਕੇ ਮੇਰੇ ਹੱਥ ਪੈਰ ਫੁੱਲ ਗਏ। ਪਰ ਮੁੰਡੇ ਨੂੰ ਬਚਾਉਣ ਲਈ ਮੈਂ ਉਸੇ ਦਿਨ ਆਪਣਾ ਗਹਿਣਾ ਗੱਟਾ ਪਿੰਡ ਦੇ ਸੁਨਿਆਰੇ ਕੋਲ ਗਹਿਣੇ ਰੱਖ ਪੈਸੇ ਲਏ ਤੇ ਆਪਣੀ ਫੁੱਲ ਭਰ ਦੀ ਕੁੜੀ ਨੂੰ ਗੁਆਂਢੀਆਂ ਦੇ ਛੱਡ ਚੰਡੀਗੜ੍ਹ ਗਈ। ਪਹਿਲਾਂ ਤਾਂ ਇੱਥੇ ਕਿਸੇ ਨੇ ਕੁੱਝ ਪੁੱਛਿਆ ਨਾ ਪਰ ਫਿਰ ਇੱਕ ਭਲੇ ਪੁਰਖ ਨੂੰ ਮੇਰੇ ਤੇ ਰਹਿਮ ਆ ਗਿਆ ਤੇ ਉਹ ਮੈਨੂੰ ਵੱਡੇ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਪੰਜ ਦਿਨ ਉਹਨੂੰ ਦਾਖਲ ਰੱਖਿਆ ਤੇ ਛੇਵੇਂ ਦਿਨ ਮੁੰਡੇ ਨੂੰ ਹੋਸ਼ ਆਈ। ਮੇਰੇ ਕੋਲ ਜਿੰਨੇ ਪੈਸੇ ਸੀ ਸਭ ਮੁੱਕ ਗਏ। ਮੇਰੇ ਪੇਕੇ ਵੀ ਕੋਈ ਅਮੀਰ ਨਹੀਂ ਸੀ। ਡਾਕਟਰਾਂ ਨੇ ਦੱਸਿਆ ਕਿ ਇਸ ਨੂੰ ਅਧਰੰਗ ਦਾ ਅਟੈਕ ਸੀ, ਵੇਲੇ ਸਿਰ ਇਸ ਨੂੰ ਇਲਾਜ ਮਿਲ ਗਿਆ ਪਰ ਹਾਲੇ ਇੱਕ ਮਹੀਨਾ ਹੋਰ ਇਸ ਨੂੰ ਇੱਥੇ ਰੱਖਣਾ ਪਊ ਤੇ ਖਰਚਾ ਤਿੰਨ ਕੁ ਲੱਖ ਲੱਗੂ। ਮਰਦੀ ਕੀ ਨਾ ਕਰਦੀ। ਸੋ ਮੈਂ ਜਮੀਨ ਦਾ ਇੱਕ ਕਿੱਲਾ ਵੇਚ ਦਿੱਤਾ। ਮਹੀਨੇ ਕੁ ਬਾਦ ਡਾਕਟਰਾਂ ਨੇ ਦੱਸਿਆ ਕਿ ਮੁੰਡਾ ਠੀਕ ਹੈ ਪਰ ਇਹ ਹੁਣ ਕਦੀ ਸੁਣ ਤੇ ਬੋਲ ਨਹੀਂ ਸਕੇਗਾ। ਅਧਰੰਗ ਕਰਕੇ ਇਸ ਦੇ ਦਿਮਾਗ ਦਾ ਇੱਕ ਹਿੱਸਾ ਖਰਾਬ ਹੋ ਗਿਆ ਹੈ। ਦਿਮਾਗ ਦਾ ਅਪਰੇਸ਼ਨ ਕਰਨਾ ਪਊ ਤਾਂ ਇਹ ਬੋਲਣ ਲੱਗ ਪਊ। ਮੈਂ ਸੁਣਿਆ ਸੀ ਕਿ ਸਾਡੇ ਪਿੰਡ ਕਈਆਂ ਦੇ ਦਿਮਾਗ ਦੇ ਅਪਰੇਸ਼ਨ ਕਰਵਾਏ ਸੀ ਪਰ ਕੋਈ ਨੀ ਬਚਿਆ।”

ਬੇਬੇ ਨੇ ਇੱਕ ਠੰਢਾ ਹੌਕਾ ਭਰਿਆ, ਆਪਣੀਆਂ ਅੱਖਾਂ ਚੁੰਨੀ ਨਾਲ ਸਾਫ ਕੀਤੀਆਂ ਤੇ ਮੁੜ ਕਹਿਣਾ ਦੱਸਣਾ ਸ਼ੁਰੂ ਕੀਤਾ, “ਧੀਏ, ਮੈਂ ਡਰ ਗਈ। ਮੇਰੀ ਜਿਊਣ ਦਾ ਇਹੀ ਢਾਰਸ ਨੇ। ਊਂ ਪੁੱਤ ਮੇਰਾ ਦਿਮਾਗੀ ਬਹੁਤ ਤੇਜ਼ ਹੈ। ਸਾਡੀ ਸਾਰੀ ਗੱਲ ਸਮਝਦਾ। ਅਸੀਂ ਉਸਦੇ ਸਾਰੇ ਇਸ਼ਾਰੇ ਸਮਝਦੇ ਹਾਂ। ਦਸਵੀਂ ਪਾਸ ਕੀਤੀ ਹੈ ਉਸਨੇ। ਫੋਨ ਵੀ ਲਗਾ ਕੇ ਦੇ ਦਿੰਦਾ ਮੈਨੂੰ। ਪਰ ਇਹਦੀ ਘਰਵਾਲੀ ਥੋੜ੍ਹੀ ਸਧਾਰਨ ਹੈ। ਸੁਣਦਾ ਨਹੀਂ ਤੇ ਬੋਲਦੀ ਵੀ ਨਈਂ ਹੈ। ਉਸਦੀ ਸਾਨੂੰ ਘੱਟ ਸਮਝ ਆਉਂਦੀ ਹੈ। ਪੁੱਤ, ਸੋਚਿਆ ਤਾਂ ਸੀ ਕਿ ਮੁੰਡੇ ਦਾ ਘਰ ਵਸ ਜਾਊ ਤੇ ਇਹਨਾਂ ਦੀ ਔਲਾਦ ਠੀਕ ਪੈਦਾ ਹੋਊ ਤਾਂ ਇਹਨਾਂ ਦੀ ਜਿੰਦਗੀ ਸੁਖਾਲੀ ਹੋ ਜਾਊ। ਪਰ ਕਿਸਮਤ ਨੇ ਸਾਹਮਣੇ ਲਿਆ ਖੜ੍ਹਾ ਕਰ ਦਿੱਤਾ, ਜਿਸ ਦਾ ਡਰ ਸੀ। ਜਦੋਂ ਮੇਰੇ ‘ਚ ਬੱਲ ਸੀ, ਮੈਂ ਬਥੇਰਾ ਫਿਰੀ ਪਰ ਹੁਣ ਮੈਂ ਬੁੜ੍ਹੀ ਕਿੱਥੇ ਕਿੱਥੇ ਤੁਰੀ ਫਿਰਾਂ। ਇਹ ਮੇਰੀ ਕੁੜੀ ਵਿਚਾਰੀ, ਇਹੀ ਫਿਰਦੀ ਹੈ ਹੁਣ ਇਸ ਜਵਾਕ ਨੂੰ ਲਈ। ਇਹਦੇ ਵੀ ਕਰਮ ਮਾੜੇ ਨੇ। ਜਿੱਥੇ ਇਹਦਾ ਰਿਸ਼ਤਾ ਕੀਤਾ ਸੀ, ਉਹ ਬਚੀ ਖੁਚੀ ਜਮੀਨ ਤੇ ਗੱਡੀ ਦੀ ਮੰਗ ਕਰਦੇ ਸੀ। ਮੇਰੇ ਕੋਲ ਤਾਂ ਅੱਧਾ ਕਿੱਲਾ ਹੀ ਬਚੀ ਹੈ। ਇਹ ਵੀ ਜੇ ਵੇਚ ਦਿੰਦੀ ਤਾਂ ਇਹਨਾਂ ਦਾ ਢਿੱਡ ਕਿੱਥੋਂ ਭਰਦੀ? ਸੋ ਇਹਦਾ ਰਿਸ਼ਤਾ ਵੀ ਟੁੱਟ ਗਿਆ। ਜਿਮੀਂਦਾਰਾਂ ਦੇ ਘਰਾਂ ਵਿੱਚ ਰਿਸ਼ਤੇ ਵੀ ਜਮੀਨਾਂ ਦੇ ਹੀ ਹੁੰਦੇ ਨੇ, ਬੰਦਿਆਂ ਦੇ ਨਈਂ। ਸੋ ਹੁਣ ਅਸੀਂ ਮਾਵਾਂ ਧੀਆਂ ਚੁੱਕੀ ਫਿਰਦੀਆਂ ਹਾਂ ਇਸ ਜੁਆਕੜੀ ਨੂੰ।”

ਬੇਬੇ ਦੀ ਆਪ ਬੀਤੀ ਸੁਣ ਮੇਰਾ ਸਿਰ ਚਕਰਾ ਗਿਆ ਸੀ। ਇਹ ਗੱਲਾਂ ਕਰਦਿਆਂ ਪਤਾ ਹੀ ਨਾ ਲੱਗਾ ਕਦੋਂ ਅਸੀਂ ਸੰਗਰੂਰ ਦੇ ਬੱਸ ਅੱਡੇ ਪਹੁੰਚ ਗਏ।

ਮੈਂ ਬੇਬੇ ਨੂੰ ਆਪਣੇ ਦਫਤਰ ਦਾ ਪਤਾ ਤੇ ਫੋਨ ਨੰਬਰ ਦਿੱਤਾ ਤੇ ਉਸਨੂੰ ਕਿਹਾ, “ ਕੋਈ ਨਾ ਬੇਬੇ, ਹੁਣ ਤੇਰੀ ਜੁਆਕੜੀ ਦਾ ਇਲਾਜ ਹੋ ਜਾਊਗਾ। ਤੂੰ ਬੱਸ ਹੌਸਲਾ ਰੱਖ। ਇੱਥੇ ਤਾਂ ਲੋਕ ਕੁੜੀ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਨੇ। ਤੇਰੇ ਤਿਆਗ ਨੂੰ ਸਲਾਮ ਹੈ. ਤੂੰ ਇਸ ਉਮਰ ਵਿੱਚ ਵੀ ਇਸ ਲਈ ਤੁਰੀ ਫਿਰਦੀ ਹੈਂ।”

ਬੇਬੇ ਨੇ ਮੇਰਾ ਫੋਨ ਨੰਬਰ ਸੰਭਾਲ ਕੇ ਬਟੂਏ ਵਿੱਚ ਪਾਉਂਦੇ ਹੋਏ ਕਿਹਾ, “ਧੀਏ, ਸਮਾਂ ਚੰਗਾ ਹੋਵੇ ਜਾਂ ਮਾੜਾ, ਇਹ ਤਾਂ ਹੰਢਾਉਣਾ ਈ ਪੈਂਦਾ ...।” ਇੰਨਾ ਕਹਿ ਕੇ ਬੇਬੇ ਨੇ ਮੇਰਾ ਸਿਰ ਪਲੋਸਿਆ ਤੇ ਆਪਣੀ ਧੀ ਤੇ ਪੋਤੀ ਨੂੰ ਲੈ ਕੇ ਬੱਸ ਵਿੱਚੋਂ ਉੱਤਰ ਗਈ।

*****

(1122)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author