SukhpalKLamba7ਹੁਣ ਜਦੋਂ ਸਕੂਲੋਂ ਛੁੱਟੀ ਲੈ ਕੇ ਮੈਂ ਛੋਟੀ ਨਾਲ ਕਚਿਹਰੀ ਪੇਸ਼ੀ ’ਤੇ ਜਾਂਦੀ ਹਾਂ ਤਾਂ ਲੋਕ ...
(21ਨਵੰਬਰ 2017)

 

ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਹਾਲਾਤ ਉਸ ਨੂੰ ਕੀ ਤੋਂ ਕੀ ਕਰਨ ਲਈ ਮਜਬੂਰ ਕਰ ਦਿੰਦੇ ਨੇ। ਬਸ ਇਹੀ ਤਾਂ ਸਮਝ ਨਹੀਂ ਸੀ ਆ ਰਿਹਾ ਉਸ ਨੂੰ - ਕੀ ਤੇ ਕਿਵੇਂ ਹੋ ਗਿਆ। ਇਹਨਾਂ ਸਵਾਲਾਂ ਦੇ ਸਮੁੰਦਰ ਵਿੱਚ ਗੋਤੇ ਖਾਂਦੀ ਨੂੰ ਮੈਂ ਜਿਉਂ ਹੀ ਹਲੂਣਿਆ ਤਾਂ ਉਹ ਇਕ ਦਮ ਠੰਠਬਰ ਜਿਹੀ ਗਈ। ਉਸਦਾ ਚਿਹਰਾ ਪੀਲਾ ਪੈ ਗਿਆ ਸੀ। ਮੈਂ ਹੈਰਾਨੀ ਨਾਲ ਪੁੱਛਿਆ, “ਕੀ ਹੋਇਆ ਸਿਮਰ?”

ਸਿਮਰ ਨੇ ਖਿਝਦੇ ਜਿਹੇ ਕਿਹਾ, “ਜੋ ਸਦੀਆਂ ਤੋਂ ਹੋ ਰਿਹਾ, ਬਸ ਉਹੀ ਹੋਇਆ।”

ਅਕਸਰ ਉਸਦੀਆਂ ਬੁਝਾਰਤਾਂ ਵਰਗੀਆਂ ਗੱਲਾਂ ਮੈਨੂੰ ਸਮਝ ਨਹੀਂ ਲੱਗਦੀਆਂ। ਮੈਂ ਉਸਦੀ ਗੱਲ ਅਣਗੌਲੇ ਕਰਕੇ ਉਸ ਨੂੰ ਘੜੀ ਵੱਲ ਦੇਖਣ ਦਾ ਇਸ਼ਾਰਾ ਕੀਤਾ। ਉਸ ਨੇ ਹੜਬੜਾ ਕੇ ਕਿਹਾ, “ਓਹ! ਇੰਨਾ ਟਾਇਮ ਹੋ ਗਿਆ। ਪਤਾ ਹੀ ਨੀ ਲੱਗਿਆ।”

ਬਹੁਤ ਮਹੀਨਿਆਂ ਬਾਦ ਅੱਜ ਉਹ ਮੈਨੂੰ ਮਿਲਣ ਆਈ ਸੀ ਪਰ ਆਪ ਕੁਝ ਕਹੇ ਬਿਨਾਂ ਹੀ ਮੈਨੂੰ ਸੁਣ ਰਹੀ ਸੀ। ਮੈਂ ਖਿਝਦੇ ਜਿਹੇ ਕਿਹਾ, “ਜੇ ਮੇਰੀਆਂ ਗੱਲਾਂ ਹੀ ਸੁਣਨੀਆਂ ਸੀ ਤਾਂ ਫੋਨ ਕਰ ਲੈਣਾ ਸੀ, ਇੰਨੀ ਦੂਰ ਕੀ ਕਰਨ ਆਈ? ਹੋਇਆ ਕੀ ਹੈ ਤੈਨੂੰ?”

ਉਸ ਮੇਰੇ ਚਿਹਰੇ ਵੱਲ ਗਹੁ ਨਾਲ ਦੇਖਿਆ ਤੇ ਆਪਣੀਆਂ ਅੱਖਾਂ ਦੇ ਕੋਇਆਂ ਵਿੱਚ ਆਏ ਪਾਣੀ ਨੂੰ ਸਾਫ ਕੀਤਾ। “ਕੀ ਦੱਸਾਂ ਅੜੀਏ? ਮੈਂਨੂੰ ਸਭ ਕੁਝ ਨਕਲੀ ਨਕਲੀ ਜਿਹਾ ਲੱਗਦਾ, ਜਿਵੇਂ ਹਰ ਕੋਈ ਨਾਟਕ ਜਿਹਾ ਕਰ ਰਿਹਾ ਹੋਵੇ। ਮੈਂ ਜਿੰਦਗੀ ਦੀ ਦੌੜ ਹਾਰਦੀ ਜਾ ਰਹੀ ਹਾਂ।”

ਮੈਂ ਉਸਦਾ ਹੱਥ ਘੁੱਟਦਿਆਂ ਕਿਹਾ,ਤੂੰ ਮੈਨੂੰ ਬੇ-ਝਿਜਕ ਦੱਸ ...”

ਉਸ ਨੇ ਬਹੁਤ ਜੋਰ ਨਾਲ ਮੇਰਾ ਹੱਥ ਘੁੱਟਿਆ ਤੇ ਠੰਢਾ ਹੌਕਾ ਲਿਆ, “ਅੜੀਏ, ਘਰਦੇ ਮੇਰੇ ਦੂਜੇ ਵਿਆਹ ਬਾਰੇ ਸੋਚਦੇ ਨੇ। ਪਰ ਸਾਲ ਪਹਿਲਾਂ ਮੇਰੀ ਛੋਟੀ ਭੈਣ ਆਪਣੇ ਬੱਚਿਆਂ ਨੂੰ ਨਾਲ ਲੈ ਘਰ ਵਾਪਸ ਆ ਗਈ ਹੈ। ਰਾਤੀਂ ਮੈਂ ਪਾਪਾ ਨੂੰ ਇਕੱਲੇ ਬੈਠ ਰੋਂਦਾ ਦੇਖਿਆ। ਮੇਰੀ ਸਮਝ ਵਿਚ ਨਹੀਂ ਆ ਰਿਹਾ ਕਿ ਕੀ ਕਰਾਂ। ਆਹ ਇੱਕ ਨੌਕਰੀ ਕਰਕੇ ਮੈਂ ਪਾਪਾ ਦਾ ਸਹਾਰਾ ਤਾਂ ਬਣ ਗਈ ਸੀ ਪਰ ਹੁਣ ਛੋਟੀ ਦੇ ਕਚਿਹਰੀ ਦੇ ਖਰਚ ਤੇ ਬੱਚਿਆਂ ਦੇ ਖਰਚ ਕਾਰਨ ਘਰ ਨਿੱਤ ਕਲੇਸ਼ ਰਹਿੰਦਾ।”

ਮੈਂ ਹੌਸਲੇ ਜਿਹੇ ਨਾਲ ਪੁੱਛਿਆ, “ਸਿਮਰ, ਤੂੰ ਕਦੇ ਗੁਰਮੀਤ ਜਾਂ ਉਸਦੇ ਪਰਿਵਾਰ ਨਾਲ ਗੱਲ ਨੀਂ ਕੀਤੀ, ਕੀ ਕਹਿੰਦੇ ਨੇ ਉਹ?”

ਕਹਿਣਾ ਕੀ ਹੈ, ਉਹ ਕਹਿੰਦੇ ਆ ਕਿ ਮੈਂ ਕਨੇਡਾ ਜਾਣਾ ਤਾਂ ਉਸਦੇ ਭਰਾ ਨਾਲ ਵਿਆਹ ਕਰਾਵਾਂ ਤੇ ਫੇਰ ਉਹ ਮੈਂਨੂੰ ਕਨੇਡਾ ਬੁਲਾਵੇਗਾ। ਇਹ ਤਾਂ ਸ਼ਰੇਆਮ ਬਲਾਤਕਾਰ ਆ ਮੇਰੇ ਨਾਲ - ਜੋ ਮੈਨੂੰ ਬਿਲਕੁਲ ਹੀ ਮਨਜੂਰ ਨਹੀਂ। ਚਾਰ ਸਾਲ ਬੀਤ ਗਏ ਗੁਰਮੀਤ ਦੀ ਸ਼ਕਲ ਦੇਖੇ। ਬਸ ਪੈਸੇ ਲੈ ਕੇ ਸੈੱਟ ਹੋ ਗਿਆ ਉਹ। ਹੁਣ ਉਸ ਕੀ ਕਰਵਾਉਣਾ ਮੇਰੇ ਤੋਂ।”

ਇਹ ਕਹਿ ਸਿਮਰ ਦਾ ਰੋਣਾ ਆਪ ਮੁਹਾਰੇ ਹੀ ਨਿੱਕਲ ਤੁਰਿਆ।

ਸਭ ਮੇਰੀ ਤੇ ਮੇਰੇ ਪਰਿਵਾਰ ਦੀ ਗਲਤੀ ਹੈ। ਮੈਂ ਇੰਨੀ ਪੜ੍ਹੀ ਲਿਖੀ ਹੋ ਕੇ ਆਪਣੇ ਪਰਿਵਾਰ ਦੀ ਸੋਚ ਤਾਂ ਕੀ ਬਦਲਣੀ ਸੀ ਬਲਕਿ ਉਹਨਾਂ ਦੀ ਗਲਤ ਸੋਚ ਨੂੰ ਹੁੰਗਾਰਾ ਦਿੱਤਾ। ਮੈਂਨੂੰ ਇੱਥੇ ਪੰਜਾਬ ਚ ਮੁੰਡਿਆਂ ਦਾ ਕੀ ਘਾਟਾ ਸੀ। ਵਧੀਆ ਨੌਕਰੀ ਸੀ ਮੇਰੀ। ਪਰ ਨਹੀਂ, ਬਾਹਰ ਜਾਣ ਦੀ ਰਟ ਤੇ ਲੋਕਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਨੇ ਮੈਨੂੰ ਪਾਗਲ ਕਰ ਦਿੱਤਾ ਸੀ ਜੋ ਮੈਂ ਬਿਨਾਂ ਕੁਝ ਚੈੱਕ ਕੀਤੇ ਗੁਰਮੀਤ ਨਾਲ ਬਾਹਰ ਜਾਣ ਦੇ ਲਾਲਚ ਵਿੱਚ ਵਿਆਹ ਕਰਵਾ ਲਿਆ ਤੇ ਆਪਣੀ ਜਿੰਦਗੀ ਹਮੇਸ਼ਾ ਲਈ ਖਤਮ ਕਰ ਲਈ।”

ਇੰਨਾ ਕਹਿ ਕੇ ਸਿਮਰ ਉੱਚੀ-ਉੱਚੀ ਰੋਣ ਲੱਗ ਪਈ। ਮੈਂ ਕਿਹਾ, “ਦੇਖ ਸਿਮਰ, ਹਾਲੇ ਕੁਝ ਨਹੀਂ ਖਤਮ ਹੋਇਆ। ਤੇਰੀ ਇੰਨੀ ਵਧੀਆ ਨੌਕਰੀ ਹੈ। ਆਪਣੇ ਪੈਰਾਂ ’ਤੇ ਖੜ੍ਹੀ ਹੈਂ। ਤੂੰ ਆਪਣੀ ਜ਼ਿੰਦਗੀ ਨੂੰ ਦੂਜਾ ਮੌਕਾ ਦੇ।”

ਤੂੰ ਸਹੀ ਕਿਹਾ, ਪਰ ਹਾਲਾਤ ਇੰਨੇ ਸੁਖਾਲੇ ਨਹੀਂ। ਪੜ੍ਹਦੇ ਸਮੇਂ ਸੋਚਦੀ ਸੀ ਕਿ ਲੋਕਾਂ ਦੀ ਸੋਚ ਬਹੁਤ ਪਾਜ਼ੇਟਿਵ ਹੁੰਦੀ ਹੈ। ਪਰ ਹਕੀਕਤ ਬਹੁਤ ਕੌੜੀ ਹੈ। ਛੋਟੀ ਭੈਣ ਦੇ ਟੁੱਟੇ ਘਰ ਨੇ ਹਾਲਤ ਹੋਰ ਵੀ ਖਰਾਬ ਕਰ ਦਿੱਤੀ ਹੈ। ਭੈਣ ਦਾ ਘਰਵਾਲਾ ਕਿਸੇ ਹੋਰ ਔਰਤ ਦੇ ਨਾਲ ਘਰੋਂ ਦੌੜ ਗਿਆ ਹੈ। ਅਸੀਂ ਪੁਲਿਸ ਪਾਸ ਸ਼ਿਕਾਇਤ ਕੀਤੀ ਅਤੇ ਅਦਾਲਤ ਵਿੱਚ ਕੇਸ ਕੀਤਾ ਪਰ ਉਹ ਕਦੇ ਹਾਜ਼ਰ ਹੀ ਨਹੀਂ ਹੁੰਦਾ ਤੇ ਨਾ ਪੁਲਿਸ ਉਸ ਨੂੰ ਭਗੌੜਾ ਕਰਾਰ ਦੇ ਰਹੀ ਹੈ। ਛੋਟੀ ਵੀ ਇਸਦੇ ਚੱਲਦਿਆਂ ਡਿਪਰੈਸ਼ਨ ਵਿੱਚ ਚਲੀ ਗਈ ਹੈ। ਹੁਣ ਜਦੋਂ ਸਕੂਲੋਂ ਛੁੱਟੀ ਲੈ ਕੇ ਮੈਂ ਛੋਟੀ ਨਾਲ ਕਚਿਹਰੀ ਪੇਸ਼ੀ ’ਤੇ ਜਾਂਦੀ ਹਾਂ ਤਾਂ ਲੋਕ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਤੱਕਦੇ ਨੇ। ਜਦ ਕੋਈ ਰਿਸ਼ਤਾ ਮਿਲਦਾ ਵੀ ਹੈ ਤਾਂ ਬਸ ਅਗਲਾ ਇੱਕ ਅੱਗ ’ਤੇ ਚਲਾਉਣ ਦੀ ਕਸਰ ਹੀ ਛੱਡਦਾ। ਮੈਨੂੰ ਮੁੰਡੇ ਤੇ ਮੁੰਡੇ ਦੇ ਪਰਿਵਾਰ ਵੱਲੋਂ ਇੰਜ ਟਟੋਲਿਆ ਜਾਂਦਾ ਜਿਵੇਂ ਮੈਂ ਕੋਈ ਦਰੋਪਦੀ ਹੋਵਾਂ ਤੇ ਮੈਂਨੂੰ ਕਿਸੇ ਨੇ ਜੂਏ ਵਿੱਚ ਹਾਰਿਆ ਹੋਵੇ ਤੇ ਉਹਨਾਂ ਦੇ ਸਵਾਲ ਮੇਰਾ ਰਿਸ਼ਤਾ ਕਰਨ ਲਈ ਚੀਰ ਹਰਨ ਕਰ ਰਹੇ ਹੋਣ। ਸੱਚ ਦੱਸਾਂ ਤਾਂ ਹੁਣ ਮੈਂਨੂੰ ਹਰ ਕੋਈ ਗੁਰਮੀਤ ਜਾਂ ਮੇਰੇ ਜੀਜੇ ਵਰਗਾ ਹੀ ਲੱਗਦਾ ਜੋ ਔਰਤ ਨੂੰ ਵਰਤਣ ਦੀ ਚੀਜ਼ ਸਮਝ ਕੇ ਸੁੱਟ ਜਾਂਦੇ ਨੇ, ਪੈਰ-ਪੈਰ ’ਤੇ ਸਮਾਜ ਦੀ ਗੰਦੀ ਸੋਚ ਨਾਲ ਲੜਨ ਲਈ। ਗਲਤੀ ਚਾਹੇ ਕਿਸੇ ਦੀ ਵੀ ਹੋਵੇ ਪਰ ਕਸੂਰਵਾਰ ਸਿਰਫ ਤੇ ਸਿਰਫ ਔਰਤ ... ਤੇ ਇਹੀ ਸਦੀਆਂ ਤੋਂ ਹੋ ਰਿਹਾ ਤੇ ਹੁੰਦਾ ਰਹਿਣਾ।”

ਇਹ ਕਹਿੰਦੇ ਸਿਮਰ ਦਾ ਮੂੰਹ ਗੱਸੇ ਨਾਲ ਲਾਲ ਹੋ ਗਿਆ।

ਉਸਦੇ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ।

*****

(901)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author