“‘ਪਿੰਗਲਵਾੜਾ’ ਇੱਕ ਸ਼ਬਦ ਨਹੀਂ ਹੈ ਤੇ ਨਾ ਹੀ ਇੱਕ ਆਮ ਜਿਹੀ ਕੋਈ ਜਗ੍ਹਾ ਜਾਂ ਸੰਸਥਾ ...”
ਅਮਨਦੀਪ ਸਿੰਘ ਸੇਖੋਂ ਪੇਸ਼ ਕਰਦੇ ਹਨ: ਅਖ਼ਬਾਰ ਵੀ ਚੁੱਪ ਹੈ (ਸੱਜੇ ਪਾਸੇ ਦੇਖੋ ਵੀਡੀਓ)
(12 ਅਕਤੂਬਰ 2021)
ਅਕਸਰ ਜਦੋਂ ਅਸੀਂ ਆਪਣੇ ਅੱਤ ਦੇ ਰੁਝੇਵਿਆਂ ਵਿੱਚ ਕਿਸੇ ਧਾਰਮਿਕ ਅਸਥਾਨ ਜਾਂ ਸਮਾਜਿਕ ਸੰਸਥਾ ਦੀ ਗੱਲ ਕਰਦੇ ਜਾਂ ਸੁਣਦੇ ਹਾਂ ਤਾਂ ਸਾਡਾ ਸਿਰ ਅਦਬ ਨਾਲ ਝੁਕ ਜਾਂਦਾ ਹੈ। ਸਾਡਾ ਮਨ ਪਿਆਰ ਤੇ ਸ਼ਰਧਾ ਨਾਲ ਭਰ ਜਾਂਦਾ ਹੈ। ਸਾਡੀਆਂ ਅੱਖਾਂ ਅੱਗੇ ਆਪ ਮੁਹਾਰੇ ਹੀ ਇੱਕ ਧਾਰਮਿਕ ਵਾਤਾਵਰਣ ਵਿੱਚ ਗੁਰਬਾਣੀ, ਕੀਰਤਨ, ਭਜਨ ਅਤੇ ਦੇਵੀ ਦੇਵਤਿਆਂ ਅੱਗੇ ਪੂਜਾ ਪਾਠ ਕਰਦੇ ਪੁਜਾਰੀਆਂ ਤੇ ਮਹੰਤਾਂ ਦੀਆਂ ਕਲਾ-ਕਲਾਕ੍ਰਿਤੀਆਂ ਘੁੰਮਣ ਲੱਗਦੀਆਂ ਹਨ। ਇਹ ਅਸਥਾਨ ਜਿੱਥੇ ਸਾਡੀ ਸੰਸਕ੍ਰਿਤੀ, ਇਤਿਹਾਸ ਅਤੇ ਸਮਾਜਿਕ ਢਾਂਚੇ ਦਾ ਅਧਾਰ ਹਨ, ਉੱਥੇ ਹੀ ਹਰ ਮਨੁੱਖ ਵਿੱਚ ਆਪਸੀ ਪਿਆਰ, ਭਲਾਈ ਤੇ ਸਾਂਝੀਵਾਲਤਾ ਦਾ ਅਧਾਰ ਵੀ ਹਨ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮਨੁੱਖਤਾ ਦੀ ਸੇਵਾ ਤੇ ਆਪਸੀ ਪਿਆਰ ਵਰਗੇ ਉਦੇਸ਼ਾਂ ਦੀ ਪੂਰਤੀ ਲਈ ਇਹ ਅਸਥਾਨ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਭਲੇ ਪੁਰਸ਼ਾਂ ਨੇ ਮਨੁੱਖਾਂ ਲਈ ਬਣਾਏ ਸਨ, ਉਹਨਾਂ ਦਾ ਅਸਲ ਮਕਸਦ ਜਾਤ-ਪਾਤ, ਨਸਲਵਾਦ ਤੇ ਫਿਰਕੂਪੁਣੇ ਵਿੱਚ ਕਿਧਰੇ ਗਵਾਚ ਗਿਆ ਹੈ। ਪਰ ਅੱਜ ਦੇ ਇਸ ਨਫਰਤ, ਸਵਾਰਥ ਤੇ ਫਿਰਕੂਪੁਣੇ ਦੇ ਯੁਗ ਵਿੱਚ ਵੀ ਮਨੁੱਖਤਾ ਲਈ ਨਿਰਸਵਾਰਥ ਤੇ ਅਥਾਹ ਪਿਆਰ, ਸਾਂਝੀਵਾਲਤਾ ਤੇ ਕੁਦਰਤ ਨਾਲ ਪਿਆਰ ਦਾ ਸੰਦੇਸ਼ ਵੰਡਦਾ ਇੱਕ ਸਥਾਨ ਕਾਇਮ ਹੈ ਜਿਸਦਾ ਨਾਮ ਹੈ ‘ਪਿੰਗਲਵਾੜਾ।’ ਇਹ ਪਿੰਗਲਵਾੜਾ ਸਮੁੱਚੀ ਮਾਨਵ ਜਾਤੀ ਲਈ ਇੱਕ ਅਜਿਹਾ ਸੱਚਾ ਤੇ ਸੁੱਚਾ ਤੀਰਥ ਅਸਥਾਨ ਹੈ ਜਿੱਥੇ ਮਨੁੱਖਤਾ ਦੀ ਸੱਚੀ ਤੇ ਸੁੱਚੀ ਪੂਜਾ ਅਪਾਹਜਾਂ, ਬੇਸਹਾਰਿਆਂ, ਬਿਮਾਰਾਂ, ਲਾਵਾਰਸਾਂ ਤੇ ਬਿਰਧਾਂ ਦੀ ਸੇਵਾ-ਸੰਭਾਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
‘ਪਿੰਗਲਵਾੜਾ’ ਇੱਕ ਸ਼ਬਦ ਨਹੀਂ ਹੈ ਤੇ ਨਾ ਹੀ ਇੱਕ ਆਮ ਜਿਹੀ ਕੋਈ ਜਗ੍ਹਾ ਜਾਂ ਸੰਸਥਾ, ਬਲਿਕ ਇਹ ਇੱਕ ਸਮੁੱਚੀ ਮਾਨਵਤਾ ਦੀ ਅਗਵਾਈ ਕਰਦੀ, ਸਮਾਜ ਵੱਲੋਂ ਤ੍ਰਿਸਕਾਰੇ ਅਪਾਹਜਾਂ, ਬੇਸਹਾਰਿਆਂ, ਬਿਮਾਰਾਂ, ਲਾਵਾਰਸਾਂ ਤੇ ਬਿਰਧਾਂ ਨੂੰ ਮੁੜ ਜੀਵਨ ਦੀ ਲੀਹ ’ਤੇ ਪਾਉਂਦੀ, ਉਹਨਾਂ ਨੂੰ ਸਮਾਜ ਦਾ ਹਿੱਸਾ ਬਣਾਉਂਦੀ ਤੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ ਤਤਪਰ ਰਹਿੰਦੀ ਸਦੀਵੀ ਜਗਦੀ ਇੱਕ ਮਸ਼ਾਲ ਹੈ। ‘ਪਿੰਗਲਵਾੜੇ’ ਦੀ ਸ਼ੁਰੂਆਤ ਭਗਤ ਪੂਰਨ ਸਿੰਘ ਜੀ ਵੱਲੋਂ ਕੀਤੀ ਗਈ ਸੀ। ਭਗਤ ਪੂਰਨ ਸਿੰਘ ਜੀ ਦਾ ਜਨਮ ਮਿਤੀ 04 ਜੂਨ 1904 ਨੂੰ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਖੰਨਾ ਦੇ ਪਿੰਡ ਰਾਜੇਵਾਲ ਵਿਖੇ ਇੱਕ ਸਨਾਤਨ ਧਰਮੀ ਹਿੰਦੂ ਘਰਾਣੇ ਵਿੱਚ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਲਾਲਾ ਸਿੱਬੂ ਮੱਲ ਸੀ ਜੋ ਕਿ ਪਿੰਡ ਦੇ ਸ਼ਾਹੂਕਾਰ ਸੀ। ਇਹਨਾਂ ਦਾ ਬਚਪਨ ਦਾ ਨਾਂ ਰਾਮ ਜੀ ਦਾਸ ਸੀ। ਮਾਤਾ ਮਹਿਤਾਬ ਕੌਰ ਸੂਝਵਾਨ ਤੇ ਧਾਰਮਿਕ ਖਿਆਲਾਂ ਵਾਲੀ ਮਾਂ ਸੀ। ਉਹਨਾਂ ਬਚਪਨ ਤੋਂ ਹੀ ਰਾਮ ਜੀ ਦਾਸ ਜੀ ਨੂੰ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀਣਾ। ਮਾਂ ਦਾ ਦਰਜਾ ਰੱਬ ਦੇ ਬਰਾਬਰ ਮੰਨਿਆ ਜਾਂਦਾ ਹੈ। ਮਾਂ ਚਾਹੇ ਤਾਂ ਉਹ ਆਪਣੇ ਬੱਚੇ ਅੰਦਰ ਸਦਗੁਣ ਜਾਂ ਔਗੁਣ ਕੁਝ ਵੀ ਪੈਦਾ ਕਰ ਸਕਦੀ ਹੈ। ਮਾਤਾ ਜੀ ਨੇ ਰਾਹ ਵਿੱਚ ਤੁਰਦਿਆਂ ਰਾਮ ਜੀ ਦਾਸ ਜੀ ਨੂੰ ਰਾਹ ਵਿੱਚੋਂ ਕੰਡੇ, ਸੂਲਾਂ, ਰੋੜੇ, ਆਦਿ ਚੁੱਕਣ ਲਈ ਕਹਿਣਾ ਤਾਂ ਜੋ ਰਾਹੀਆਂ ਦੇ ਪੈਰਾਂ ਵਿੱਚ ਚੁਭ ਨਾ ਜਾਣ। ਮਾਂ ਇਹ ਵੀ ਕਹਿੰਦੀ ਕਿ ਰਾਹ ਚਲਦੇ ਧਰਤੀ ’ਤੇ ਦੇਖ ਕੇ ਚੱਲਿਆ ਕਰੋ ਤਾਂ ਕਿ ਪੈਰਾਂ ਹੇਠ ਆ ਕੇ ਕੀੜੇ ਤੇ ਜੀਵ ਮਰ ਨਾ ਜਾਣ। ਇਹ ਸਿੱਖਿਆ ਰਾਮ ਜੀ ਦਾਸ ਜੀ ਨੇ ਆਪਣੇ ਸਾਰੇ ਜੀਵਨ ਦਾ ਅਸੂਲ ਬਣਾ ਲਿਆ। ਉਹਨਾਂ ਇੱਕ ਲੋਹੇ ਦਾ ਬਾਟਾ ਲਿਆ ਤੇ ਉਹ ਉਸ ਬਾਟੇ ਵਿੱਚ ਰਸਤੇ ਵਿੱਚ ਪਏ ਕੰਡੇ, ਸੂਲਾਂ, ਰੋੜੇ, ਮੇਖਾਂ ਤੇ ਕਿੱਲ ਪਾਉਂਦੇ ਅਤੇ ਕਿਸੇ ਇੱਕ ਜਗ੍ਹਾ ’ਤੇ ਇਹਨਾਂ ਨੂੰ ਇਕੱਠੇ ਕਰ ਦਿੰਦੇ ਤਾਂ ਜੋ ਇਹਨਾਂ ਨਾਲ ਰਾਹੀਆਂ ਨੂੰ ਕੋਈ ਤਕਲੀਫ ਨਾ ਪਹੁੰਚੇ। ਉਹਨਾਂ ਆਪਣੇ ਕਿਤਾਬਚਿਆਂ ਤੇ ਲਿਟਰੇਚਰ ਵਿੱਚ ਵੀ ਇਸ ਗੱਲ ’ਤੇ ਬੜੇ ਵਿਗਿਆਨਿਕ ਢੰਗ ਨਾਲ ਜ਼ੋਰ ਦਿੱਤਾ ਕਿ ਸੜਕਾਂ ’ਤੇ ਪਈਆਂ ਇਹ ਕੰਡੇ, ਸੂਲਾਂ, ਰੋੜੇ, ਮੇਖਾਂ ਤੇ ਕਿੱਲ ਸੜਕ ’ਤੇ ਜਾਂਦੇ ਰਾਹੀਆਂ ਦੇ ਸਾਧਨਾਂ ਦਾ ਨੁਕਸਾਨ ਕਰਦੀਆਂ ਹਨ ਤੇ ਜਦੋਂ ਇਹ ਸੜਕਾਂ ’ਤੇ ਪਏ ਕੂੜੇ, ਗੋਬਰ, ਮਲ ਵਿੱਚ ਰਲ ਜਾਂਦੀਆਂ ਹਨ ਤਾਂ ਇਹ ਕੂੜੇ, ਗੋਬਰ, ਮਲ ਵਰਗੀ ਵਧੀਆ ਤੇ ਕੁਦਰਤੀ ਖਾਦ ਨੂੰ ਵੀ ਬੇਕਾਰ ਕਰ ਦਿੰਦੀਆਂ ਹਨ।
ਮਾਤਾ ਜੀ ਨੇ ਰਾਮ ਜੀ ਦਾਸ ਜੀ ਨੂੰ ਪੰਛੀਆਂ ਨੂੰ ਚੋਗੇ ਪਾਉਣ ’ਤੇ ਉਹਨਾਂ ਲਈ ਛੱਤ ’ਤੇ ਪਾਣੀ ਰੱਖਣ ਤੇ ਰੁੱਖਾਂ ਨੂੰ ਪਾਣੀ ਦੇਣ ਲਈ ਕਹਿਣਾ। ਉਹਨਾਂ ਰਾਮ ਜੀ ਦਾਸ ਜੀ ਨੂੰ ਬਾਣੀ ਦਾ ਕੀਰਤਨ ਸੁਣਨ ਤੇ ਮੰਦਰ ਮੱਥਾ ਟੇਕਣ ਲਈ ਰੋਜ਼ਾਨਾ ਭੇਜਣਾ। ਸਮਾਂ ਕੱਢ ਮਾਂ ਨੇ ਰਾਮ ਜੀ ਦਾਸ ਜੀ ਨੂੰ ਸੰਤਾਂ ਭਗਤਾਂ ਤੇ ਗੁਰੂਆਂ ਦੀਆਂ ਸਾਖੀਆਂ ਸਣਾਉਣੀਆਂ। ਘਰ ਵਿੱਚ ਆਏ ਸਾਧੂ, ਸੰਤ, ਪੀਰ ਤੇ ਲੋੜਵੰਦ ਦੀ ਝੋਲੀ ਰਾਮ ਜੀ ਦਾਸ ਜੀ ਹੱਥੋਂ ਬੁੱਕ ਭਰ ਕੇ ਆਟਾ, ਦਾਣੇ ਆਦਿ ਪਵਾਉਣਾ। ਇਹਨਾਂ ਸਭ ਦਾ ਰਾਮ ਜੀ ਦਾਸ ਜੀ ਦੇ ਮਨ ’ਤੇ ਬਹੁਤ ਗਹਿਰਾ ਪ੍ਰਭਾਵ ਪਿਆ ਤੇ ਉਹਨਾਂ ਦੇ ਦਿਲ ਵਿੱਚ ਮਨੁੱਖਾਂ, ਰੁੱਖਾਂ, ਪਸ਼ੂਆਂ ਤੇ ਧਰਤੀ ਦੀ ਹਰ ਕੁਦਰਤੀ ਸ਼ੈਅ ਲਈ ਅਥਾਹ ਪਿਆਰ, ਹਮਦਰਦੀ ਤੇ ਡੂੰਘੀ ਦਇਆ ਪੈਦਾ ਹੋ ਗਈ। ਇਸਦੇ ਨਾਲ ਹੀ ਉਹਨਾਂ ਦੇ ਮਨ ਵਿੱਚ ਇਹਨਾਂ ਸਭ ਲਈ ਨਿਰਸਵਾਰਥ ਸੇਵਾ ਤੇ ਪਰਉਪਕਾਰ ਦੇ ਭਾਵਾਂ ਦਾ ਵੀ ਜਨਮ ਹੋਇਆ। ਸੰਨ 1923 ਵਿੱਚ ਇੱਕ ਦਿਨ ਗੁਰਦੁਆਰਾ ਰੇਰੂ ਸਾਹਿਬ ਪਹੁੰਚ ਗਏ। ਉੱਥੋਂ ਦੇ ਰੂਹਾਨੀ ਤੇ ਮਨੁੱਖਤਾ ਨਾਲ ਪਿਆਰ ਦੇ ਵਾਤਾਵਰਣ ਨੇ ਉਹਨਾਂ ਦੇ ਮਨ ਨੂੰ ਖੇੜਾ ਲਿਆ ਦਿੱਤਾ। ਉਹਨਾਂ ਨੇ ਉੱਥੋਂ ਦੇ ਵਾਤਾਵਰਣ ਨੂੰ ਦੇਖ ਕੇ ਇਹ ਮਹਿਸੂਸ ਕੀਤਾ ਕਿ ਗੁਰੂ ਦਾ ਘਰ ਸੰਸਾਰ ਦਾ ਇੱਕ ਅਜਿਹਾ ਘਰ ਹੈ ਜਿੱਥੇ ਕੋਈ ਵੀ ਉੱਜੜਦਾ ਨਹੀਂ ਤੇ ਇੱਥੇ ਸਾਧਨਾਂ ਦੀ ਕੋਈ ਕਮੀ ਨਹੀਂ। ਇਸ ਘਰ ਵਿੱਚ ਦਾਖਲ ਹੋ ਕੇ ਕੋਈ ਵੀ ਵਿਅਕਤੀ ਆਪਣੀ ਤਰੱਕੀ ਦਾ ਰਾਹ ਲੱਭ ਸਕਦਾ ਹੈ ਅਤੇ ਜਿਸ ਨਾਲ ਜੁੜ ਕੇ ਬੰਦਾ ਆਪਣੀ ਬੁੱਧੀ, ਸਰੀਰਿਕ ਅਤੇ ਹਿਰਦੇ ਦੀਆਂ ਸਕਤੀਆਂ ਦਾ ਵਿਕਾਸ ਅਤੇ ਵਰਤੋਂ ਬਾਰੇ ਸੋਚ ਵਿਚਾਰ ਕਰ ਸਕਦਾ ਹੈ ਕਿ ਕਿਹੜੇ-ਕਿਹੜੇ ਕਾਰਜ ਸਮਾਜ ਵਿੱਚ ਕੀਤੇ ਜਾਣੇ ਚਾਹੀਦੇ ਹਨ। ਜੋ ਨਹੀਂ ਹੋ ਰਹੇ ਅਤੇ ਉਹਨਾਂ ਨੂੰ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ।
ਗੁਰਦੁਆਰਾ ਰੈਰੂ ਸਾਹਿਬ ਵਿੱਚ ਬਤਾਈ ਇੱਕ ਰਾਤ ਨੇ ਰਾਮ ਜੀ ਦਾਸ ਜੀ ਦੇ ਜੀਵਨ ਪਰਿਵਰਤਨ ਲਿਆਉਣ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ। ਉਹ ਤੇ ਉਹਨਾਂ ਦੀ ਮਾਤਾ ਮਿੰਟਗੁਮਰੀ ਤੋਂ ਲਾਹੌਰ ਆ ਗਏ। ਲਾਹੌਰ ਆ ਕੇ ਉਹਨਾਂ ਰੋਜ਼ਾਨਾ ਗੁਰਦੁਆਰਾ ਡੇਹਰਾ ਸਾਹਿਬ ਜਾਣਾ। ਉਹ ਰੋਜ਼ਾਨਾ ਹਰ ਤਰ੍ਹਾਂ ਦੀ ਸੇਵਾ ਕਰਦੇ ਜਿਵੇਂ ਲੰਗਰ ਦੇ ਜੂਠੇ ਭਾਂਡੇ ਮਾਂਜਦੇ, ਤੱਪੜ ਝਾੜਦੇ, ਯਾਤਰੂਆਂ ਲਈ ਰਾਤ ਨੂੰ ਸੌਣ ਦਾ ਪ੍ਰਬੰਧ ਦੇਖਦੇ, ਬੇਆਸਰੇ ਰੋਗੀਆਂ ਤੇ ਅਪਾਹਿਜਾਂ ਦੀ ਸੇਵਾ ਕਰਦੇ, ਹਸਪਤਾਲ ਲੈ ਕੇ ਜਾਂਦੇ ਅਤੇ ਜੋੜਿਆਂ ਦੀ ਸੇਵਾ ਕਰਦੇ ਤੇ ਕੀਰਤਨ ਸੁਣਦੇ। ਉਹਨਾਂ ਦੀ ਸੇਵਾ ਨੂੰ ਦੇਖਦਿਆਂ ਹੀ ਉਹਨਾਂ ਨੂੰ ਨਾਮ ਮਿਲਿਆ ‘ਪੂਰਨ ਸਿੰਘ’ ਅਤੇ ਪੰਥ ਦੇ ਸੂਝਵਾਨ ਨੇਤਾ ਗਿਆਨੀ ਕਰਤਾਰ ਸਿੰਘ ਜੀ ਨੇ ਪੂਰਨ ਸਿੰਘ ਦੀ ਸੇਵਾ ਨੂੰ ਦੇਖਿਆ ਤਾਂ ਉਹਨਾਂ ਬੜੇ ਪਿਆਰ ਨਾਲ ਉਹਨਾਂ ਦੇ ਨਾਮ ਨਾਲ ‘ਭਗਤ’ ਸ਼ਬਦ ਜੋੜ ਦਿੱਤਾ।
ਭਗਤ ਪੂਰਨ ਸਿੰਘ ਜੀ ਸਿਰਫ ਨਾਮ ਦੇ ਹੀ ਭਗਤ ਨਹੀਂ ਸਨ ਬਲਕਿ ਉਹਨਾਂ ਦੇ ਰੋਮ-ਰੋਮ ਵਿੱਚੋਂ ਮਨੁੱਖਤਾ ਲਈ ਅਥਾਹ ਪਿਆਰ ਸੀ। ਭਗਤ ਜੀ ਜਤੀ ਤੇ ਸਤੀ ਸਨ। ਉਹਨਾਂ ਹਰ ਇਸਤਰੀ ਵਿੱਚੋਂ ਆਪਣੀ ਮਾਤਾ ਦੇ ਦਰਸ਼ਨ ਕਰਨੇ। ਜਦੋਂ ਵੀ ਉਹਨਾਂ ਨੂੰ ਸੇਵਾ-ਸੰਭਾਲ ਤੋਂ ਵਿਹਲ ਮਿਲਦੀ ਤਾਂ ਉਹ ਲਾਇਬ੍ਰਰੇਰੀਆਂ ਵਿੱਚ ਜਾ ਕੇ ਅਖਬਾਰਾਂ, ਕਿਤਾਬਾਂ ਤੇ ਰਸਾਲੇ ਪੜ੍ਹਦੇ ਤੇ ਗਿਆਨ ਹਾਸਲ ਕਰਦੇ। ਉੱਥੋਂ ਪ੍ਰਾਪਤ ਗਿਆਨ ਭਗਤ ਜੀ ਨੇ ਆਪਣੇ ਪਿੰਗਲੇਵਾੜੇ ਦੇ ਛਾਪੇਖਾਨੇ ਰਾਹੀਂ ਲੋਕਾਂ ਨੂੰ ਕਿਤਾਬਚਿਆਂ ਤੇ ਲਿਟਰੇਚਰ ਰਾਹੀਂ ਮੁਫਤ ਵੰਡਿਆ। ਇਹ ਕਿਤਾਬਚੇ ਤੇ ਲਿਟਰੇਚਰ ਅੱਜ ਵੀ ਸਮੂਹ ਗੁਰਦੁਆਰਿਆਂ ਦੇ ਗੇਟਾਂ ’ਤੇ ਮੁਫਤ ਮਿਲਦਾ ਹੈ। ਇਹਨਾਂ ਕਿਤਾਬਾਂ ਰਾਹੀਂ ਕੁਦਰਤ ਨਾਲ ਪਿਆਰ ਤੇ ਮਨੁੱਖਤਾ ਦੀ ਸੇਵਾ, ਅਬਾਦੀ ਦੇ ਵਾਧੇ, ਅੰਨ ਸੰਕਟ, ਜੰਗਲਾਂ ਦੀ ਅੰਧਾ ਧੁੰਦ ਕਟਾਈ, ਖੇਤੀ ਤੇ ਕੀਟ ਨਾਸ਼ਕਾਂ ਦੀ ਵਰਤੋਂ, ਸਮਾਜਿਕ ਬੁਰਾਈਆਂ, ਬੇਰੁਜ਼ਗਾਰੀ ਆਦਿ ਸਬੰਧੀ ਲੋਕਾਂ ਨੂੰ ਬੜਾ ਕੀਮਤੀ ਗਿਆਨ ਮੁਫਤ ਵਿੱਚ ਦਿੱਤਾ ਜਾ ਰਿਹਾ ਹੈ।
ਸੰਨ 1930 ਵਿੱਚ ਮਾਤਾ ਮਹਿਤਾਬ ਕੌਰ ਢਾਈ ਸਾਲ ਬਿਮਾਰ ਰਹਿਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਗਏ। ਭਗਤ ਜੀ ਨੂੰ ਮਾਂ ਦੇ ਜਾਣ ਦਾ ਡਾਢਾ ਦੁੱਖ ਹੋਇਆ। ਉਹਨਾਂ ਬੇ-ਸਹਾਰਾ ਮਨੁੱਖਤਾ ਦੀ ਸੇਵਾ ਕਰਨ ਲਈ ਸੋਚਣਾ, ਪੜ੍ਹਨਾ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੰਨ 1934 ਵਿੱਚ ਡੇਹਰਾ ਸਾਹਿਬ ਦੇ ਹੈੱਡ ਗ੍ਰੰਥੀ ਜਥੇਦਾਰ ਅੱਛਰ ਸਿੰਘ ਨੇ ਗੁਰਦੁਆਰਾ ਡੇਹਰਾ ਸਾਹਿਬ ਦੀ ਕੰਧ ਨਾਲ ਦੋ ਜ਼ਿਮੀਦਾਰਾ ਦੁਆਰਾ ਛੱਡੇ ਇੱਕ ਚਾਰ ਕੁ ਸਾਲ ਦੇ ਅਪੰਗ (ਲੂਲ੍ਹੇ) ਬੱਚੇ ਨੂੰ ਭਗਤ ਪੂਰਨ ਸਿੰਘ ਨੂੰ ਦਿੰਦਿਆਂ ਕਿਹਾ, “ਪੂਰਨ ਸਿੰਘਾ, ਤੂੰ ਹੀ ਇਸਦੀ ਸੇਵਾ ਸੰਭਾਲ ਕਰ” ਅਤੇ ਇੰਝ ਉਸ ਦਿਨ ਤੋਂ ਹੀ ਜਾਣੋ ਪਿੰਗਲਵਾੜੇ ਦੀ ਨੀਂਹ ਰੱਖੀ ਗਈ। ਭਗਤ ਜੀ ਨੇ ਇਸ ਬੱਚੇ ਦਾ ਨਾਂ ਪਿਆਰ ਤੇ ਮਮਤਾ ਨਾਲ ‘ਪਿਆਰਾ ਸਿੰਘ’ ਰੱਖਿਆ ਤੇ ਸੰਨ 1934 ਤੋਂ 1947 ਤਕ ਭਗਤ ਜੀ ਦੀ ਪਿੱਠ ਅਤੇ ਮੋਢਿਆਂ ’ਤੇ ਹੀ ਰਿਹਾ ਅਤੇ ਆਪਣੀ ਉਮਰ ਦੇ 58 ਸਾਲ ਇਹ ਭਗਤ ਜੀ ਦੀ ਗੋਦ ਵਿੱਚ ਖੇਡਦਾ ਰਿਹਾ।
ਸੰਨ 1947 ਵਿੱਚ ਭਾਰਤ-ਪਾਕ ਵੰਡ ਤੋਂ ਬਾਦ ਭਗਤ ਜੀ ਪਿਆਰੇ ਨੂੰ ਆਪਣੇ ਮੋਢਿਆਂ ’ਤੇ ਚੁੱਕ ਕੇ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਰਫਿਊਜੀ ਕੈਂਪ ਵਿੱਚ ਆ ਗਏ। ਇੱਥੇ ਰਫਿਊਜੀਆਂ ਦੀ ਗਿਣਤੀ 23000 ਤੋਂ 25000 ਦੇ ਵਿੱਚ-ਵਿੱਚ ਰੋਜ਼ਾਨਾ ਹੀ ਰਹਿੰਦੀ ਸੀ। ਭਗਤ ਜੀ ਨੇ ਇੱਥੇ ਬੇ-ਆਸਰਿਆਂ, ਬਜੁਰਗਾਂ, ਅਪਾਹਿਜਾਂ ਤੇ ਰੋਗੀਆਂ ਦੀ ਸੇਵਾ ਕਰਨੀ। ਉਹਨਾਂ ਦੇ ਮਲ-ਮੂਤਰ ਨਾਲ ਲਿੱਬੜੇ ਕੱਪੜੇ ਆਪਣੇ ਹੱਥੀਂ ਧੋਣੇ। ਇਹ ਕੈਂਪ 18-08-1947 ਤੋਂ 31-12-1947 ਤਕ ਰਿਹਾ। ਇਸ ਕੈਂਪ ਦੀ ਸਮਾਪਤੀ ਨਾਲ ਹੀ ਭਗਤ ਜੀ ਕੋਲ ਸੱਤ-ਅੱਠ ਬੇ-ਆਸਰੇ ਰੋਗੀ ਬਚ ਗਏ, ਜਿਹਨਾਂ ਦੀ ਸੇਵਾ ਸੰਭਾਲ, ਉਹਨਾਂ ਦੇ ਮਲ-ਮੂਤਰ ਦੀ ਸਫਾਈ, ਦਵਾ ਦਾਰੂ ਕਰਨਾ, ਤੇ ਉਹਨਾਂ ਲਈ ਘਰਾਂ ਤੋਂ ਪ੍ਰਸ਼ਾਦੇ ਉਗਰਾਹੁਣੇ ਸਭ ਕੰਮ ਭਗਤ ਜੀ ਆਪ ਕਰਦੇ। ਖਾਲਸਾ ਕਾਲਜ ਵਿੱਚੋਂ ਨਿਕਲ ਕੇ ਚੀਫ ਖਾਲਸਾ ਦੀਵਾਨ ਅੱਗੇ, ਰੇਲਵੇ ਸਟੇਸ਼ਨ ਦੀ ਸੜਕ ਕੰਢੇ, ਹਸਪਤਾਲ ਦੇ ਦਰਵਾਜੇ ਅੱਗੇ ਰਾਮ ਬਾਗ ਦੇ ਬੋਹੜ ਥੱਲੇ, ਸਿਵਲ ਸਰਜਨ ਦੇ ਦਫਤਰ ਲਾਗੇ ਇੱਕ ਨਿਕਾਸੀ ਕੋਠੀ ਅਤੇ ਰਾਮ ਤਲਾਈ ਵਾਲੀ ਸਰ੍ਹਾਂ ਵਿੱਚ ਇੱਕ ਚਲਦਾ ਫਿਰਦਾ ਪਿੰਗਲਵਾੜਾ ਸੀ। ਇੱਕ ਪੁਰਾਣੇ ਰਿਕਸ਼ੇ ਦੀ ਮੁਰੰਮਤ ਕਰਕੇ ਬਣਾਈ ਐਂਬੂਲੈਂਸ ਨੂੰ ਧੱਕ ਕੇ ਰੋਗੀਆਂ ਨੂੰ ਆਪ ਭਗਤ ਜੀ ਹਸਪਤਾਲ ਲੈ ਕੇ ਜਾਂਦੇ। ਹੌਲੀ-ਹੌਲੀ ਮਰੀਜ਼ਾਂ ਤੇ ਬੇ-ਸਹਾਰਿਆਂ ਦੀ ਗਿਣਤੀ ਵਧਣ ਲੱਗੀ।
ਭਗਤ ਜੀ ਵਿੱਚ ਮਾਤਰਪੁਣਾ ਬਹੁਤ ਜ਼ਿਆਦਾ ਸੀ। ਜੇ ਇਹ ਕਿਹਾ ਜਾਵੇ ਕਿ ਭਗਤ ਜੀ ਪਿਤਾ ਨਹੀਂ ਸੀ ਸਗੋਂ ਸਾਰੀ ਦੀ ਸਾਰੀ ਮਾਂ ਸੀ ਤਾਂ ਅਤਿ ਕਥਨੀ ਨਹੀਂ ਹੋਵੇਗੀ। ਬੇਅੰਤ ਧੱਕੇ ਤੇ ਥਾਂ-ਥਾਂ ਭਟਕਣ ਤੋਂ ਬਾਅਦ 1958 ਨੂੰ ਪਿੰਗਲਵਾੜੇ ਲਈ ਜ਼ਮੀਨ ਖਰੀਦੀ ਗਈ। ਇਸ ਤਰ੍ਹਾਂ ਪਿੰਗਲਵਾੜਾ ਹੋਂਦ ਵਿੱਚ ਆਇਆ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ) ਅੰਮ੍ਰਿਤਸਰ ਦੇ ਰੂਪ ਵਿੱਚ ਰਜਿਸਟਰ ਕਰਵਾਇਆ ਗਿਆ। ਇਸ ਤਰ੍ਹਾਂ ਪਿੰਗਲੇਵਾੜੇ ਦਾ ਮੁੱਢ ਵੱਜ ਗਿਆ।
ਜਿਵੇਂ-ਜਿਵੇਂ ਭਗਤ ਪੂਰਨ ਸਿੰਘ ਜੀ ਤੇ ਪਿੰਗਲਵਾੜੇ ਬਾਰੇ ਲੋਕਾਂ ਨੂੰ ਪਤਾ ਚੱਲਦਾ ਗਿਆ ਭਗਤ ਜੀ ਦਾ ਇਹ ਪਰਿਵਾਰ ਵਧਦਾ ਗਿਆ। ਲਗਨ, ਸਿਦਕ ਦਿਲੀ ਤੇ ਵਾਹਿਗੁਰੂ ਤੇ ਭੋਰੇਸੇ ਨਾਲ ਸਮਾਜ ਵੱਲੋਂ ਤ੍ਰਿਸਕਾਰੇ ਅਪਾਹਜਾਂ, ਬੇਸਹਾਰਿਆਂ, ਬਿਮਾਰਾਂ, ਲਾਵਾਰਸਾਂ ਤੇ ਬਿਰਧਾਂ ਦੀ ਨਿਰਸਵਾਰਥ ਸੇਵਾ ਸੰਭਾਲ ਕਰਦੇ ਭਗਤ ਜੀ ਨੂੰ ਪਦਸ ਸ੍ਰੀ, ਹਾਰਮਨੀ ਅਵਾਰਡ, ਲੋਕ ਰਤਨ, ਭਾਈ ਘਨੱਈਆ, ਅਤੇ ਸਰਬੱਤ ਦਾ ਭਲਾ ਵਰਗੇ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਮਨੁੱਖਾਂ ਲਈ ਅਥਾਹ ਪਿਆਰ ਤੇ ਦੀਨ ਦੁਖੀਆਂ ਦੇ ਦਰਦ ਵੰਡਾਉਣ ਵਾਲੇ ਭਗਤ ਜੀ ਦੇ ਕੋਮਲ ਦਿਲ ’ਤੇ 1984 ਦੇ ਬਲੂ ਸਟਾਰ ਅਪਰੇਸ਼ਨ ਨੇ ਬਹੁਤ ਗਹਿਰੀ ਸੱਟ ਮਾਰੀ ਤੇ ਭਗਤ ਜੀ ਨੇ ਰੋਸ ਵਜੋਂ ਪਦਮ ਸ੍ਰੀ ਅਵਾਰਡ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ।
ਗੁਰਬਾਣੀ ਦੇ ਮਹਾਂਵਾਕ ਅਨੁਸਾਰ, “ਘਲੇ ਆਵਿਹ ਨਾਨਕਾ ਸਦੇ ਉੱਠੀ ਜਾਹਿ।।” ਭਗਤ ਜੀ ਅਕਾਲ ਪੁਰਖ ਦੇ ਹੁਕਮ ਨਾਲ 5 ਅਗਸਤ 1992 ਨੂੰ ਸਾਨੂੰ ਸਰੀਰਕ ਤੌਰ ’ਤੇ ਵਿਛੋੜਾ ਦੇ ਗਏ ਪਰ ਉਹਨਾਂ ਦੀ ਆਤਮਾ ਅੱਜ ਵੀ ਉਹਨਾਂ ਦੇ ਪਿੰਗਲੇਵਾੜੇ ਵਿੱਚ ਵਸਦੇ ਮਾਨਸਿਕ ਰੋਗੀ, ਅਧਰੰਗ, ਮੰਦ-ਬੁੱਧੀ, ਗੂੰਗੇ ਬੋਲੇ, ਬਿਰਧਾਂ ਵਿੱਚ ਵਸਦੀ ਹੈ ਤੇ ਉਹਨਾਂ ਦੇ ਕਿਤਾਬਚਿਆਂ ਤੇ ਲਿਟੇਚਰ ਰਾਹੀਂ ਸਾਡੇ ਤਕ ਪਹੁੰਚ ਕਰਦੀ ਹੈ। ਸਾਨੂੰ ਟੁੰਬਦੀ ਤੇ ਸਾਡੇ ਸਮਾਜ, ਕੁਦਰਤ ਤੇ ਧਰਮ ਪ੍ਰਤੀ ਸਾਡੇ ਫਰਜ਼ਾਂ ਲਈ ਸਾਡੀ ਅਗਵਾਈ ਕਰਦੀ ਹੈ। ਭਗਤ ਜੀ ਵੱਲੋਂ ਇਸ ਸੰਸਥਾ ਦੁਆਰਾ ਸਮਾਜ ਦੇ ਹਰ ਉਸ ਇਨਸਾਨ ਨੂੰ ਸਮਾਜਿਕ ਸੁਧਾਰਾਂ, ਮਨੁੱਖੀ ਕਦਰਾਂ ਕੀਮਤਾਂ, ਅਤੇ ਕੁਦਰਤ ਨਾਲ ਪਿਆਰ ਨਾਲ ਜੋੜਨ ਦਾ ਯਤਨ ਕੀਤਾ ਤੇ ਉਹਨਾਂ ਦਾ ਇਹ ਮੰਤਵ ਅੱਜ ਪਿੰਗਲਵਾੜੇ ਦੇ ਮੁਖੀ ਬੀਬੀ ਡਾ. ਇੰਦਰਜੀਤ ਕੌਰ ਜੀ ਆਪਣੀ ਨਿਸਕਾਮ ਸੇਵਾ, ਅਗਾਂਹ ਵਧੂ ਸੋਚ ਅਤੇ ਅਧਿਆਤਮਕ ਉੱਚਤਾ ਨਾਲ ਬੜੀ ਕਾਮਯਾਬੀ ਨਾਲ ਪੂਰਾ ਕਰ ਰਹੇ ਹਨ।
ਪਿੰਗਲਵਾੜੇ ਦੇ ਮਰੀਜ਼ਾਂ ਦੀ ਗਿਣਤੀ ਇੰਨੀ ਕੁ ਵਧ ਗਈ ਹੈ ਕਿ 31 ਮਈ 2021 ਤਕ ਇਸ ਪਿੰਗਲਵਾੜੇ ਦੀਆਂ ਅੱਠ ਸ਼ਾਖਾਵਾਂ ਅੰਮ੍ਰਿਤਸਰ, ਪੰਡੋਰੀ ਬਰਾਂਚ, ਮਾਨਾਂਵਾਲਾ, ਗੋਇੰਦਵਾਲ, ਸੰਗਰੂਰ, ਜਲੰਧਰ, ਚੰਡੀਗੜ੍ਹ, ਅਤੇ ਲੁਧਿਆਣਾ ਵਿੱਚ ਕੁਲ 1800 ਹੈ। ਇਹਨਾਂ 1800 ਮਰੀਜ਼ਾਂ ਵਿੱਚ ਮਾਨਸਿਕ ਰੋਗੀ, ਅਧਰੰਗ, ਮੰਦ-ਬੁੱਧੀ, ਗੂੰਗੇ ਬੋਲੇ, ਬਿਰਧ, ਜ਼ਖਮੀ, ਤਪਦਿਕ, ਨੇਤਰਹੀਣ, ਏਡਜ਼, ਮਿਰਗੀ, ਕੈਂਸਰ ਵਾਲੇ, ਸ਼ੂਗਰ, ਸਕੂਲ ਜਾਣ ਵਾਲੇ ਬੱਚੇ, ਸਮਾਜ ਦੇ ਤ੍ਰਿਸਕਾਰ ਨਵਜਾਤ ਬੱਚੇ ਅਤੇ ਬਿਮਾਰੀ ਤੋਂ ਠੀਕ ਹੋਏ ਮਰੀਜ਼ ਸ਼ਾਮਿਲ ਹਨ। ਪਿੰਗਲੇਵਾੜੇ ਦਾ ਵਧੀਆ ਖਾਣਾ, ਮੈਡੀਕਲ ਸਹਾਇਤਾ, ਸਾਫ ਤੇ ਸੁਰੱਖਿਅਤ ਵਾਤਾਵਰਣ ਤੇ ਪਿੰਗਲਵਾੜੇ ਦੇ ਸੇਵਾਦਾਰਾਂ ਦੇ ਪਿਆਰ ਤੇ ਸੇਵਾ ਨਾਲ ਇਹ ਸਾਰੇ ਮਰੀਜ਼ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਰਹੇ ਹਨ। ਕੁਦਰਤੀ ਖੇਤੀ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਆਰਥਿਕ ਹਾਲਤ ਨੂੰ ਸੁਧਾਰਨ ਅਤੇ ਖੇਤੀ ਤੇ ਬੇਲੋੜੇ ਕੀਟ ਨਾਸ਼ਕਾਂ ਦੀ ਵਰਤੋਂ ਨੂੰ ਬੰਦ ਕਰਨ ਅਤੇ ਵਾਤਾਵਰਣ ਤੇ ਮਨੁੱਖਤਾ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਪ੍ਰਮਾਤਮਾ ਨੇ ਸਾਨੂੰ ਮਨੁੱਖ ਬਣਾ ਕੇ ਇਸ ਧਰਤੀ ’ਤੇ ਜਨਮ ਦਿੱਤਾ ਤਾਂ ਜੋ ਅਸੀਂ ਉਸਦੇ ਬਣਾਏ ਮਨੁੱਖਾਂ ਤੇ ਕੁਦਰਤ ਦੀ ਸੇਵਾ ਸੰਭਾਲ ਕਰ ਸਕੀਏ ਤੇ ਇਸਦਾ ਸਭ ਤੋਂ ਵਧੀਆ ਉਦਾਹਰਣ ਹੈ ਪਿੰਗਲਵਾੜਾ। ਆਪਣੇ ਅੰਦਰ ਪਿਆਰ, ਅਪਣੱਤ, ਆਪਣੇ ਬੱਚਿਆਂ ਨੂੰ ਨਸ਼ਿਆਂ ਵਰਗੀਆਂ ਹੋਰ ਭਿਆਨਕ ਅਲਾਮਤਾਂ ਤੋਂ ਦੂਰ ਰੱਖਣ ਅਤੇ ਉਹਨਾਂ ਅੰਦਰ ਸਮਾਜਿਕ ਤੇ ਨੈਤਿਕ ਗੁਣ ਪੈਦਾ ਕਰਨ ਲਈ ਸਾਨੂੰ ਪਿੰਗਲਵਾੜੇ ਜ਼ਰੂਰ ਜਾਣਾ ਚਾਹੀਦਾ ਹੈ। ਪਿੰਗਲਵਾੜਾ ਅਪਾਹਜਾਂ, ਬੇਸਹਾਰਿਆਂ, ਲਾਵਾਰਸਾਂ ਦਾ ਸੱਚਾ ਤੇ ਸੁੱਚਾ ਤੀਰਥ ਅਸਥਾਨ ਹੈ ਜਿੱਥੇ ਉਹਨਾਂ ਮਾਸੂਮ ਚਿਹਰਿਆਂ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਸੁਧੇ-ਸਿੱਧ ਹੀ ਹੋ ਜਾਂਦੇ ਹਨ।
****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3076)
(ਸਰੋਕਾਰ ਨਾਲ ਸੰਪਰਕ ਲਈ: