SukhpalKLamba7ਕੀ ਗੱਲ ਪੁੱਤ ਕੁਛ ਦੁਖਦਾ? ਦਵਾਈ ਲੈਣ ਆਈ ਹੈਂਨਾਲ ਨਹੀਂ ਕੋਈ ਆਇਆ ...
(2 ਸਤੰਬਰ 2021)

 

ਕਈ ਵਾਰ ਬੰਦੇ ਨੂੰ ਅਜਿਹੀ ਸਮੱਸਿਆ ਆਣ ਘੇਰਦੀ ਹੈ ਕਿ ਸਮਝ ਨਹੀਂ ਲਗਦਾ, ਇਸਦਾ ਹੱਲ ਕੀ ਹੈ? ਉਸ ਦਿਨ ਵੀ ਇੰਝ ਹੀ ਹੋਇਆ। ਸੋਚਾਂ ਵਿੱਚ ਡੁੱਬੀ ਮੈਂ ਦਫਤਰ ਵਿੱਚੋਂ ਬਾਹਰ ਆਪਣੇ-ਆਪ ਨਾਲ ਗੱਲਾਂ ਕਰਨ ਲਈ ਕੋਈ ਥਾਂ ਲੱਭਣ ਲਈ ਲੱਗੀ। ਨਿਰਾਸ਼ਤਾ ਦਾ ਆਲਮ ਇੰਝ ਮੇਰੇ ’ਤੇ ਹਾਵੀ ਹੋ ਗਿ ਕਿ ਮੈਂਨੂੰ ਆਪਣੇ ਆਪ ’ਤੇ ਹਾਸਾ ਤੇ ਰੋਣਾ ਇਕੱਠਾ ਹੀ ਆ ਰਿਹਾ ਸੀ। ਅਜਿਹੇ ਮੌਕੇ ਜਾਣ-ਅਣਜਾਣ ਦੇ ਬੋਲਾਂ ਦੀ ਢਾਰਸ ਦਵਾਈ ਦਾ ਕੰਮ ਕਰਦੀ ਹੈ। ਮੇਰੇ ਕਦਮ ਆਪਣੇ-ਆਪ ਹਸਪਤਾਲ ਦੇ ਦਫਤਰ ਵਿਚਲੇ ਪਾਰਕ ਵੱਲ ਹੋ ਤੁਰੇ

ਮੈਂ ਪਾਰਕ ਵਿੱਚ ਨਜ਼ਰ ਘੁਮਾ ਕੇ ਦੇਖਿਆ ਤਾਂ ਕੋਈ ਵੀ ਬੈਂਚ ਖਾਲੀ ਨਹੀਂ ਸੀ। ਮੇਰੀ ਨਿਰਾਸ਼ਤਾ ਹੋਰ ਵਧ ਗਈ। ਮੈਂ ਮੁੜਨ ਹੀ ਲੱਗੀ ਸੀ ਕਿ ਮੇਰੀ ਨਜ਼ਰ ਪਾਰਕ ਦੇ ਇੱਕ ਕੋਨੇ ਤੇ ਪਏ ਬੈਂਚ ’ਤੇ ਬੈਠੇ ਇੱਕ ਬਜ਼ੁਰਗ ਜੋੜੇ ’ਤੇ ਚਲੀ ਗਈ। ਮੈਂ ਚੁੱਪ-ਚਾਪ ਉਹਨਾਂ ਕੋਲ ਰੁਕ ਗਈ। ਮੈਂ ਹਲੀਮੀ ਤੇ ਆਪਣੇ ਭਰੇ ਹੋਏ ਗਲੇ ਨਾਲ ਬੇਬੇ ਨੂੰ ਪੱਛਿਆ, “ਬੀਜੀ, ਕੀ ਮੈਂ ਇੱਥੇ ਬੈਠ ਜਾਵਾਂ?” ਉਹਨਾਂ ਕਿਹਾ ਕੁਝ ਨਹੀਂ ਪਰ ਦੋਵੇਂ ਹਲਕੇ ਜਿਹੇ ਸਰਕ ਕੇ ਬੈਠ ਗਏ। ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਚੁੱਪ-ਚਾਪ ਬੈਠ ਗਈ।

ਮੈਂ ਫੋਨ ਨੂੰ ਬੰਦ ਕਰਕੇ ਆਪਣੇ ਆਪ ਨੂੰ ਟੋਟਲਣਾ ਸ਼ੁਰੂ ਹੀ ਕੀਤਾ ਹੀ ਸੀ ਕਿ ਬਾਬਾ ਜੀ ਦੇ ਫੋਨ ਦੀ ਬੜੀ ਜਾਣੀ-ਪਹਿਚਾਣੀ ਰਿੰਗ ਟੋਨ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹਨਾਂ ਮੂੰਹ ’ਤੇ ਬੰਨ੍ਹਿਆ ਪਰਨਾ ਖੋਲ੍ਹ ਕੇ ਆਪਣੇ ਚਿੱਟੇ ਕੁੜਤੇ ਦੇ ਗੀਝੇ ਵਿੱਚੋਂ ਨੋਕੀਆ ਦਾ ਬੜਾ ਪੁਰਾਣਾ ਫੋਨ ਕੱਢਿਆ। ਜਿਵੇਂ ਹੀ ਮੈਂ ਉਹਨਾਂ ਦਾ ਚਿਹਰਾ ਦੇਖਿਆ, ਮੈਂਨੂੰ ਇੱਕ ਦਮ ਹੀ ਹੈਰਾਨੀ ਹੋਈ। ਮੈਂਨੂੰ ਇੱਕ ਪਲ ਲਈ ਮੇਰੇ ਬਾਪੂ ਜੀ (ਦਾਦਾ ਜੀ) ਜਿਨ੍ਹਾਂ ਨੂੰ ਪਿਆਰ ਨਾਲ ਹਮੇਸ਼ਾ ਬਾਪੂ ਜੀ ਆਖਿਆ ਸੀ, ਹੀ ਲੱਗੇ, ਜੋ ਪੰਜ ਸਾਲ ਪਹਿਲਾਂ ਆਪਣੀ ਜੀਵਨ ਯਾਤਰਾ ਪੂਰੀ ਕਰ ਕੇ ਦੁਨੀਆ ਤੋਂ ਅਲਵਿਦਾ ਲੈ ਗਏ ਸਨ। ਮੈਂ ਦਾਦਾ ਜੀ ਨੂੰ ਆਪਣੀ ਜ਼ਿੰਦਗੀ ਵਿੱਚੋਂ ਲੱਭਣ ਵਿੱਚ ਖੋ ਗਈ। ਮੈਂ ਆਪਣੇ ਦਾਦਕਾ ਪਰਿਵਾਰ ਵਿੱਚ ਕੁੜੀ ਹੋਣ ਕਰਕੇ ਇੱਕ ਅਣ-ਚਾਹਿਆ ਬੱਚਾ ਸੀ। ਪਰ ਮੈਂ ਆਪਣੇ ਦਾਦਾ ਜੀ ਤੇ ਮਾਤਾ ਜੀ ਦੀ ਬੜੀ ਲਾਡਲੀ ਸੀ। ਪਰ ਕੁੜੀ ਦੇ ਰੂਪ ਵਿੱਚ ਮੇਰੇ ਲਈ ਨੌਂ ਜੀਆਂ ਦੇ ਪਰਿਵਾਰ ਦੇ ਵਿੱਚ ਆਪਣੀ ਜਗ੍ਹਾ ਬਣਾਉਣਾ ਸੌਖਾ ਨਹੀਂ ਸੀ। ਦਾਦਾ ਜੀ ਦੇ ਮੈਂਨੂੰ ਗੁਰਬਾਣੀ ਨਾਲ ਜੋੜਨ ਤੇ ਮੇਰੇ ਮਾਤਾ ਜੀ ਦੇ ਮੇਰੀ ਪੜ੍ਹਾਈ ਲਈ ਸਖਤ ਹੋਣ ਨੇ ਮੈਂਨੂੰ ਮਿਹਨਤੀ ਬਣਾ ਦਿੱਤਾ ਸੀ। ਮੇਰੇ ਲਈ ਮੇਰੇ ਦਾਦੀ ਜੀ ਤੇ ਪਿਤਾ ਸਮੇਤ ਬਾਕੀ ਪਰਿਵਾਰ ਦੀ ਬੇਰੁਖੀ ਤੇ ਬੇਲੋੜੀ ਸਖਤੀ ਨੇ ਮੈਂਨੂੰ ਹੌਲੀ-ਹੌਲੀ ਬਗਾਵਤੀ ਬਣਾ ਦਿੱਤਾ। ਮੇਰੇ ਦਾਦੀ ਜੀ ਮੇਰੀ ਪੜ੍ਹਾਈ ਦੇ ਖਿਲਾਫ ਨਹੀਂ ਸੀ ਪਰ ਪੱਖ ਵਿੱਚ ਵੀ ਨਹੀਂ ਸੀ ਹਾਲਾਂਕਿ ਮੇਰੇ ਤੋਂ ਸੱਤ ਕੁ ਸਾਲ ਵੱਡੇ ਮੇਰੇ ਭੂਆ ਜੀ, ਜੋ ਸਭ ਦੇ ਲਾਡਲੇ ਸੀ, ਸਾਡੇ ਨਾਲ ਦੇ ਹਾਈ ਸਕੂਲ ਵਿੱਚ 10ਵੀਂ ਕਲਾਸ ਵਿੱਚ ਸੀ। ਮੇਰੇ ਲਈ ਕੁੜੀ-ਮੁੰਡੇ ਵਾਲਾ ਪੱਖਪਾਤ ਕਾਫੀ ਗੰਭੀਰ ਸੀ। ਮੇਰੇ ਪਿਤਾ ਜੀ ਦਾ ਡਰ ਇੰਨਾ ਸੀ ਕਿ ਉਹਨਾਂ ਨੂੰ ਕੁਝ ਕਹਿਣਾ ਮੇਰੇ ਲਈ ਕੀ, ਮੇਰੇ ਮਾਤਾ ਜੀ ਲਈ ਵੀ ਬਹੁਤ ਔਖਾ ਸੀ, ਹਾਲਾਂਕਿ ਮੇਰੇ ਪਿਤਾ ਜੀ ਆਪ ਸਕੂਲ ਅਧਿਆਪਕ ਸੀ। ਉਹ ਮੇਰੇ ਦਾਦੀ ਜੀ ਦੀ ਗੱਲ ਨੂੰ ਕਦੀ ਨਹੀਂ ਮੋੜਦੇ ਸੀ। ਦਾਦੀ ਜੀ ਦਾ ਘਰ ਵਿੱਚ ਰੋਅਬ ਹੀ ਇੰਨਾ ਸੀ, ਉਨ੍ਹਾਂ ਦੇ ਹੁਕਮ ਨੂੰ ਟਾਲਣਾ ਪਿਤਾ ਜੀ ਲਈ ਸੰਭਵ ਹੀ ਨਹੀਂ ਸੀ।

ਮੇਰੇ ਦਾਦਾ ਜੀ ਮੈਂਨੂੰ ਤੇ ਮੇਰੇ ਵੱਡੇ ਵੀਰ ਨੂੰ ਸਕੂਲ ਵਿੱਚ ਆਪ ਛੱਡ ਕੇ ਆਉਂਦੇ ਤੇ ਰਾਹ ਜਾਂਦੇ ਉਹ ਸਾਨੂੰ ਨਿੱਕੀਆਂ-ਨਿੱਕੀਆਂ ਸਾਖੀਆਂ ਸਣਾਉਂਦੇ ਜਾਂਦੇ। ਪੰਜਵੀਂ ਕਲਾਸ ਤਕ ਉਹਨਾਂ ਮੈਂਨੂੰ ਸਕੂਲ ਛੱਡਣਾ ’ਤੇ ਲੈ ਕੇ ਆਉਣਾ। ਸੰਨ 1995 ਵਿੱਚ ਪੰਜਵੀਂ ਕਲਾਸ ਦਾ ਬੋਰਡ ਹੁੰਦਾ ਸੀ। ਮੇਰੇ ਪੰਜਵੀਂ ਕਲਾਸ ਦੇ ਇਮਤਿਹਾਨ ਲਈ ਬੋਰਡ ਸਾਡੇ ਪਿੰਡ ਦੇ ਲਾਗਲੇ ਪਿੰਡ ਦੇ ਸਕੂਲ ਹੀ ਬਣਦਾ ਸੀ। ਸੋ ਸਵਾਲ ਸੀ ਕਿ ਮੈਂਨੂੰ ਇਮਤਿਹਾਨ ਲਈ ਕੌਣ ਲੈ ਕੇ ਜਾਵੇ। ਮੇਰੀਆਂ ਕਲਾਸ ਦੀਆਂ ਸਭਨਾਂ ਸਾਥਣਾਂ ਨੇ ਦੱਸਿਆ ਕਿ ਉਹਨਾਂ ਨੂੰ ਕੌਣ ਤੇ ਕਿਵੇਂ ਲੈ ਕੇ ਜਾਵੇਗਾ ਪਰ ਮੈਂ ਨਿਰਾਸ਼ ਸੀ ਕੀ ਮੇਰੇ ਪੇਪਰ ਹੋਣਗੇ ਵੀ ਜਾਂ ਨਹੀਂ?

ਅਖੀਰ ਘਰ ਵਿੱਚ ਕਾਫੀ ਵਿਵਾਦ ਤੋਂ ਬਾਦ ਬਾਪੂ ਜੀ ਨੇ ਆਪਣਾ ਫੈਸਲਾ ਸੁਣਾਇਆ ਕਿ ਉਹ ਮੈਂਨੂੰ ਲੈ ਕੇ ਜਾਣਗੇ। ਸੋ ਮੈਂਨੂੰ ਪੇਪਰ ਦਿਵਾਉਣ ਦਾਦਾ ਜੀ ਸਾਈਕਲ ’ਤੇ ਲੈ ਕੇ ਜਾਂਦੇ ਤੇ ਪੇਪਰ ਹੋਣ ਤਕ ਉੱਥੇ ਹੀ ਖੜ੍ਹੇ ਰਹਿੰਦੇ। ਘਰ ਆ ਕੇ ਮੈਂ ਮਾਤਾ ਜੀ ਨੂੰ ਸਾਰੇ ਸਵਾਲ ਦੱਸਣੇ। ਦੋ ਮਹੀਨੇ ਬਾਦ ਮੇਰਾ ਨਤੀਜਾ ਆਇਆ ਤਾਂ ਮੈਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਉਸ ਸਮੇਂ ਪਹਿਲੀ ਪੁਜ਼ੀਸਨ ਹਾਸਲ ਕਰਨਾ ਬਹੁਤ ਵੱਡੀ ਗੱਲ ਸੀ। ਮੇਰਾ ਨਤੀਜਾ ਦੇਖ ਕੇ ਪਹਿਲੀ ਵਾਰ ਮੇਰੇ ਪਿਤਾ ਜੀ ਨੇ ਮੈਂਨੂੰ ਸ਼ਾਬਾਸ਼ੀ ਦਿੱਤੀ ਸੀ। ਉਸ ਦਿਨ ਤੋਂ ਮੇਰੇ ਪਿਤਾ ਜੀ ਮੇਰੀ ਪੜ੍ਹਾਈ ਵਿੱਚ ਦਿਲਚਸਪੀ ਲੈਣ ਲੱਗ ਗਏ।

ਮੈਂਨੂੰ ਛੇਵੀਂ ਕਲਾਸ ਵਿੱਚ ਦਾਖਲ ਕਰਵਾਇਆ ਗਿਆ। ਮੇਰੇ ਦਾਦੀ ਜੀ ਤੇ ਪਿਤਾ ਜੀ ਦੇ ਮੇਰੇ ’ਤੇ ਅਨੁਸ਼ਾਸਨ ਹੋਰ ਵੀ ਸਖਤ ਹੋ ਗਿਆ। ਹੁਣ ਹਫਤੇ ਦੇ ਛੇ ਦਿਨ ਸਕੂਲ ਦੀ ਵਰਦੀ ਤੇ ਵਰਦੀ ਨਾਲ ਚੁੰਨੀ ਦੀ ਤਾਕੀਦ ਹੋ ਗਈ ਸੀ। ਮੇਰੇ ਲਈ ਇਹ ਖੁਸ਼ੀ ਦੀ ਗੱਲ ਸੀ ਕਿ ਮੈਂਨੂੰ ਘਰ ਵਿੱਚ ਮੇਰੀ ਜਗ੍ਹਾ ਬਣਾਉਣ ਦਾ ਰਾਹ ਲੱਭ ਗਿਆ ਸੀ। ਮੈਂ ਸਭ ਸ਼ਰਤਾਂ ਦੇ ਨਾਲ-ਨਾਲ ਹੁਣ ਹੋਰ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਹੁਣ ਮੈਂ ਤੇ ਵੀਰਾ ਇਕੱਲੇ ਇਕੱਠੇ ਸਕੂਲ ਜਾਂਦੇ। ਦਾਦਾ ਜੀ ਰਾਤ ਨੂੰ ਰੋਟੀ ਤੋਂ ਬਾਦ ਆਪਣੀਆਂ ਲੱਤਾਂ ਘੁਟਾਉਂਦੇ ਤੇ ਨਾਲੇ ਸਾਖੀਆਂ ਸਣਾਉਂਦੇ। ਵੀਰ ਜੀ ਮੇਰੇ ਤੋਂ ਇੱਕ ਕਲਾਸ ਅੱਗੇ ਸੀ ਤੇ ਛੇਵੀਂ ਕਲਾਸ ਵਿੱਚੋਂ ਉਹ ਫਸਟ ਆਏ ਸੀ। ਸੋ ਮੇਰਾ ਹੁਣ ਇੱਕੋ-ਇੱਕ ਉਦੇਸ਼ ਬਣ ਗਿਆ ਕਿ ਇਸ ਕਲਾਸ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਘਰ ਵਿੱਚ ਆਪਣੇ ਕੁੜੀ ਹੋਣ ਦੀ ਸੋਚ ਨੂੰ ਹਰਾਉਣਾ ਸੀ।

ਇਹ ਸਭ ਇੰਨਾ ਸੌਖਾ ਨਹੀਂ ਸੀ। ਮੈਂ ਬਹੁਤ ਸਖਤ ਮਿਹਨਤ ਕੀਤੀ ਤੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਪਰ ਮੇਰੇ ਨੰਬਰ ਵੀਰ ਜੀ ਦੇ ਨੰਬਰ ਤੋਂ ਘੱਟ ਸੀ। ਮੇਰੇ ਲਈ ਪੜ੍ਹਾਈ ਦੇ ਇਮਤਿਹਾਨ ਦੇ ਨਾਲ-ਨਾਲ ਹਾਲਾਤ ਤੇ ਸਮਾਜ ਵਿੱਚ ਕੁੜੀ ਬਣ ਕੇ ਵਿਚਰਨ ਦੇ ਇਮਤਿਹਾਨ ਵੀ ਸ਼ੁਰੂ ਹੋ ਚੁੱਕੇ ਸੀ। ਜਿਵੇਂ-ਜਿਵੇਂ ਕਿਸ਼ੋਰ ਅਵਸਥਾ ਵੱਲ ਮੇਰੇ ਕਦਮ ਵਧਣ ਲੱਗੇ, ਮੇਰੇ ਲਈ ਨਿਯਮ ਹੋਰ ਵੀ ਕਰੜੇ ਹੋ ਗਏ। ਇਹਨਾਂ ਨਿਯਮਾਂ ਦੇ ਵਿਰੁੱਧ ਮੇਰਾ ਪਹਿਲਾ ਬਗਾਵਤੀ ਫੈਸਲਾ ਸੀ ਖੋ-ਖੋ ਦੀ ਟੀਮ ਵਿੱਚ ਹਿੱਸਾ ਲੈਣਾ। ਇਸ ਵਿੱਚ ਮੇਰਾ ਸਾਥ ਮੇਰੀ ਮਾਤਾ ਜੀ, ਮੇਰੀ ਸਕੂਲ ਪੀ.ਟੀ. ਮੈਡਮ ਪਰਮਜੀਤ ਕੌਰ ਤੇ ਹਿੰਦੀ ਅਧਿਆਪਕ ਸ੍ਰੀ ਕ੍ਰਿਸ਼ਨ ਚੰਦ ਜੀ ਨੇ ਬਹੁਤ ਦਿੱਤਾ। ਜਦੋਂ ਖੋ-ਖੋ ਦੀ ਟੀਮ ਦੀ ਸਲੈਕਸ਼ਨ ਹੋ ਰਹੀ ਸੀ, ਮੇਰੇ ਪਿਤਾ ਜੀ ਦੀ ਡਿਊਟੀ ਮੇਰੇ ਸਕੂਲ ਵਿੱਚ ਸਕੂਲ ਦੇ ਖੇਡ ਟੂਰਨਾਮੈਂਟ ਵਿੱਚ ਸੀ। ਮੈਡਮ ਪਰਮਜੀਤ ਤੇ ਸ੍ਰੀ ਕ੍ਰਿਸ਼ਨ ਚੰਦ ਸਰ ਜੀ ਨੇ ਪਿਤਾ ਜੀ ਨੂੰ ਮੈਂਨੂੰ ਖੋ-ਖੋ ਦੀ ਖੇਡ ਵਿੱਚ ਹਿੱਸਾ ਦਿਵਾਉਣ ਲਈ ਮਨਾ ਲਿਆ। ਮੇਰਾ ਕੱਦ ਸਭ ਤੋਂ ਛੋਟਾ ਹੋਣ ਕਾਰਨ ਮੈਂਨੂੰ ਖੋ-ਖੋ ਵਿੱਚ ਪਕੜਨਾ ਅਸਾਨ ਨਹੀਂ ਸੀ। ਮੈਂਨੂੰ ਸਲੈਕਟ ਕਰ ਲਿਆ ਗਿਆ ਤੇ ਸਾਡਾ ਪਹਿਲਾ ਮੁਕਾਬਲਾ ਜ਼ੋਨ ਲੈਬਲ ’ਤੇ ਦਾਨਗੜ ਸਕੂਲ ਵਿੱਚ ਸੀ। ਜ਼ੋਨ ਦਾ ਮੁਕਾਬਲਾ ਬਹੁਤ ਸ਼ਾਨਦਾਰ ਰਿਹਾ। ਸਾਡੀ ਟੀਮ ਜਿੱਤ ਗਈ। ਪਰ ਸਾਡੇ ਦੇਸ਼ ਵਿੱਚ ਬੇਈਮਾਨੀ ਇਨਸਾਨ ਦੀ ਜ਼ਮੀਰ ਨੂੰ ਜਿੰਦਾ ਹੀ ਨਿਗਲ ਜਾਂਦੀ ਹੈ। ਜਿੱਤਣ ਤੋਂ ਬਾਦ ਦੂਸਰੇ ਦਿਨ ਸਕੂਲ ਦੀ ਸਵੇਰ ਦੀ ਸਭਾ ਵਿੱਚ ਸਾਡੀ ਪੂਰੀ ਟੀਮ ਨੂੰ ਸਟੇਜ ’ਤੇ ਖੜ੍ਹਾ ਕਰ ਲਿਆ ਤੇ ਸਭ ਨੂੰ ਇੱਕ ਸਨਮਾਨ ਚਿੰਨ੍ਹ ਤੇ ਜ਼ੋਨ ਦਾ ਸਰਟੀਫਿਕੇਟ ਦੇਣਾ ਸੀ। ਮੇਰੇ ਨਾਲ ਟੀਮ ਵਿੱਚ ਇੱਕ ਕੁੜੀ ਸੀ, ਜਿਸਦਾ ਨਾਮ ਸੀ ਗੁਰਪ੍ਰੀਤ, ਜੋ ਸਭ ਤੋਂ ਵੱਧ ਕਾਬਿਲ ਖਿਡਾਰਨ ਸੀ ਤੇ ਜਿਸਦੀ ਬਦੌਲਤ ਸਾਡੀ ਟੀਮ ਇੰਨੀ ਵਧੀਆ ਖੇਡ ਸਕੀ ਸੀ। ਜਦੋਂ ਉਸ ਦਾ ਨਾਮ ਬੋਲਿਆ ਗਿਆ ਤਾਂ ਉਸ ਦੀ ਜਗ੍ਹਾ ਦੂਜੀ ਗੁਰਪ੍ਰੀਤ ਨੂੰ ਸਰਟੀਫਿਕੇਟ ਦਿੱਤਾ ਗਿਆ, ਜੋ ਕਿ ਪਿੰਡ ਦੇ ਸਰਪੰਚ ਦੀ ਪੋਤੀ ਤੇ ਪੀ.ਟੀ. ਮੈਡਮ ਦੀ ਰਿਸ਼ਤੇਦਾਰ ਸੀ। ਅਸੀਂ ਸਭ ਹੈਰਾਨ ਸੀ। ਮੈਂ ਗੁਰਪ੍ਰੀਤ ਦਾ ਉੱਤਰਿਆ ਚਿਹਰਾ ਤੇ ਭਰੀਆਂ ਅੱਖਾਂ ਦੇਖੀਆਂ। ਮੈਂ ਬਾਦ ਵਿੱਚ ਉਸ ਤੋਂ ਪੁੱਛਿਆ, “ਪ੍ਰੀਤ ਤੇਰਾ ਸਰਟੀਫਿਕਟ ਉਸ ਨੂੰ ਕਿਉਂ ਦਿੱਤਾ? ਤੂੰ ਘਰ ਦੱਸ।” ਗੁਰਪ੍ਰੀਤ ਨੇ ਕਿਹਾ, “ਸੁੱਖੀ, ਮੈਡਮ ਨੇ ਮੈਂਨੂੰ ਪੇਪਰਾਂ ਵਿੱਚ ਪਾਸ ਕਰਨ ਦਾ ਵਾਅਦਾ ਕੀਤਾ ਤੇ ਤੈਨੂੰ ਪਤਾ ਮੇਰਾ ਇਸ ਵਾਰ ਪਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਵਾਰ ਮੇਰਾ ਅੱਠਵੀਂ ਦਾ ਬੋਰਡ ਦਾ ਪੇਪਰ ਹੈ। ਜੇ ਮੈਂ ਪਾਸ ਨਾ ਹੋਈ ਤਾਂ ਮੈਂਨੂੰ ਘਰਦੇ ਸਕੂਲ ਵਿੱਚੋਂ ਹਟਾ ਲੈਣਗੇ।”

ਗੁਰਪ੍ਰੀਤ ਦੇ ਇਸ ਜਵਾਬ ਨੇ ਮੈਂਨੂੰ ਬਹੁਤ ਬੇਵੱਸ ਤੇ ਉਦਾਸ ਕਰ ਦਿੱਤਾ। ਮੈਂ ਖੋ-ਖੋ ਵਿੱਚੋਂ ਆਪਣਾ ਨਾਮ ਵਾਪਸ ਲੈ ਲਿਆ। ਮੈਂ ਫੇਰ ਤੋਂ ਪੜ੍ਹਾਈ ਵਿੱਚ ਜੁਟ ਗਈ। ਇਸੇ ਦੌਰਾਨ ਮੇਰੇ ਦਾਦੀ ਜੀ ਦੇ ਕਹਿਣ ’ਤੇ ਮੇਰੇ ਪਾਪਾ ਜੀ ਨੇ ਮੇਰੇ ਹੀ ਸਕੂਲ ਵਿੱਚ ਬਦਲੀ ਕਰਵਾ ਲਈ ਤੇ ਮੇਰੀ ਰਹੀ ਸਹੀ ਆਜ਼ਾਦੀ ਵੀ ਪਾਪਾ ਜੀ ਦੇ ਮੇਰੇ ਲਈ ਬਣਾਏ ਅਸੂਲਾਂ ਅਤੇ ਨਿਯਮਾਂ ਦੀ ਭੇਟ ਹੋ ਗਈ। ਮੈਂ ਹਰ ਸਾਲ ਕਲਾਸ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨੀ, ਇਸ ਉਮੀਦ ਨਾਲ ਕਿ ਮੇਰੀ ਘਰ ਵਿੱਚ ਇੱਕ ਪਹਿਚਾਣ ਬਣ ਸਕੇ ਤੇ ਪਾਪਾ ਮੇਰੇ ’ਤੇ ਮਾਣ ਕਰ ਸਕਣ। ਮੇਰਾ ਛੇ ਦਿਨ ਯੂਨੀਫਾਰਮ ਵਿੱਚ ਰਹਿਣਾ ਤੇ ਸਿਰ ’ਤੇ ਚੁੰਨੀ ਰੱਖਣਾ ਪੂਰੀ ਕਲਾਸ ਲਈ ਮੇਰਾ ਮਜ਼ਾਕ ਬਣਾਉਣ ਲਈ ਕਾਫੀ ਸੀ।

ਮੈਂ ਦਸਵੀਂ ਕਲਾਸ ਵਿੱਚ ਦਾਖਲ ਹੋਈ ਤਾਂ ਮੇਰੀ ਚਿੰਤਾ ਹੋਰ ਵਧ ਗਈ ਕਿ ਕੀ ਪਾਪਾ ਮੈਂਨੂੰ ਅੱਗੇ ਦਾਖਲ ਕਰਵਾਉਣਗੇ? ਇੱਕ ਦਿਨ ਮੇਰੀ ਲੜਾਈ ਮੇਰੇ ਨਾਲ ਪੜ੍ਹਦੀ ਸਰਪੰਚ ਦੀ ਪੋਤੀ ਨਾਲ ਹੋ ਗਈ। ਮੇਰਾ ਮਜ਼ਾਕ ਉਡਾਉਂਦੇ ਹੋਏ ਉਹਨੇ ਕਿਹਾ, “ਉਏ ਪੜ੍ਹਾਕਣੇ, ਤੂੰ ਇੰਨਾ ਪੜ੍ਹ ਕੇ ਕੀ ਕਰਨਾ? ਤੇਰੇ ਘਰਦਿਆਂ ਤੈਨੂੰ ਘਰ ਤੋਂ ਬਾਹਰ ਤਾਂ ਕੱਢਣਾ ਨਹੀਂ, ਦੇਖੀਂ ਤੇਰਾ ਵਿਆਹ ਕਰ ਦੇਣਾ।” ਇੰਨਾ ਕਹਿ ਉਸਨੇ ਮੇਰੀ ਨੋਟ ਬੁੱਕ ਮੇਰੇ ਹੱਥੋਂ ਖੋਹ ਲਈ।

ਮੈਂਨੂੰ ਗੁੱਸਾ ਤਾਂ ਸੀ ਪਰ ਮੈਂ ਬਗਾਵਤੀ ਵੀ ਸਿਰੇ ਦੀ ਬਣ ਗਈ। ਮੈਂ ਉਸ ਦੇ ਥੱਪੜ ਜੜ੍ਹ ਦਿੱਤੇ। ਇਸ ਗੱਲ ਨੇ ਘਰ ਮੇਰੇ ਲਈ ਨਿਯਮ ਹੋਰ ਵੀ ਸਖਤ ਕਰ ਦਿੱਤੇ। ਬਾਪੂ ਜੀ ਮੇਰੀ ਇਸ ਹਰਕਤ ਤੋਂ ਨਰਾਜ਼ ਹੋ ਗਏ ਤੇ ਮਾਤਾ ਜੀ ਨੇ ਮੇਰੀ ਗੱਲ੍ਹ’ ਤੇ ਸਖਤ ਥੱਪੜ ਦਾ ਇਨਾਮ ਛਾਪ ਦਿੱਤਾ। ਦਾਦੀ ਜੀ ਤੇ ਭੂਆ ਜੀ ਨੂੰ ਮੇਰੇ ਖਿਲਾਫ ਪਾਪਾ ਜੀ ਦੇ ਕੰਨ ਭਰਨ ਦਾ ਮੌਕਾ ਮਿਲ ਗਿਆ। ਪਾਪਾ ਜੀ ਨੇ ਸਭ ਨੂੰ ਫੈਸਲਾ ਸੁਣਾ ਦਿੱਤਾ ਕਿ ਸੁਖਪਾਲ ਦਸਵੀਂ ਤੋਂ ਬਾਦ ਘਰ ਹੀ ਪ੍ਰਾਈਵੇਟ ਪੜ੍ਹੇਗੀ। ਇਸ ਗੱਲ ਨੇ ਮੇਰਾ ਦਿਲ ਤੋੜ ਕੇ ਰੱਖ ਦਿੱਤਾ। ਮੇਰੀ ਇਕਲੌਤੀ ਸਹੇਲੀ ਪ੍ਰਦੀਪ ਨੇ ਮੈਂਨੂੰ ਬਹੁਤ ਹੌਸਲਾ ਦਿੱਤਾ। ਪਰ ਉਸਦਾ ਵੀ ਘਰਦਿਆਂ ਨੇ ਦਸਵੀਂ ਤੋਂ ਬਾਅਦ ਵਿਆਹ ਕਰ ਦਿੱਤਾ ਤੇ ਮੈਂਨੂੰ ਉਹ ਮੁੜ ਕਦੀ ਨਹੀਂ ਮਿਲੀ। ਪਰ ਮੈਂ ਵੀ ਬਗਾਵਤੀ ਸੀ। ਮੈਂ ਬਹੁਤ ਸਖਤ ਮਿਹਨਤ ਕਰਨੀ ਸ਼ੁਰੂ ਕੀਤੀ, ਇਸ ਉਮੀਦ ’ਤੇ ਕਿ ਜੇ ਮੇਰਾ ਨਾਮ ਮੈਰਿਟ ਵਿੱਚ ਆ ਗਿਆ ਤਾਂ ਮੈਂਨੂੰ ਅੱਗੇ ਪੜ੍ਹਾਇਆ ਜਾਵੇਗਾ।

ਇਸ ਦੌਰਾਨ ਹੀ ਮੇਰੇ ਚਾਚਾ ਜੀ ਦਾ ਵਿਆਹ ਹੋ ਗਿਆ ਤੇ ਮੇਰੇ ਚਾਚੀ ਜੀ ਐੱਮ.ਏ. ਬੀ.ਐੱਡ. ਸੀ। ਇਸ ਗੱਲ ਦਾ ਮੈਂਨੂੰ ਬਹੁਤ ਲਾਭ ਮਿਲਿਆ। ਆਪਣੀ ਮਿਹਨਤ ਸਦਕਾ ਮੈਂ ਜ਼ਿਲ੍ਹੇ ਵਿੱਚ ਤਾਂ ਨਹੀਂ, ਪਰ ਕਲੱਸਟਰ ਵਿੱਚੋਂ ਟਾਪ ਕਰ ਲਿਆ। ਉਸ ਸਮੇਂ ਦੇ ਐੱਮ.ਐਲ਼ਏ. ਨੇ ਮੈਂਨੂੰ ਟਰਾਫੀ ਨਾਲ ਸਮਾਨਤ ਕੀਤਾ ਤੇ ਇਸ ਗੱਲ ਦਾ ਪਾਪਾ ਜੀ ’ਤੇ ਬੜਾ ਚਮਤਕਾਰੀ ਅਸਰ ਪਿਆ। ਮੇਰੇ ਲਈ ਸੰਗਰੂਰ ਅਕਾਦਮੀ ਤੇ ਨੇੜੇ ਦੇ ਵਧੀਆ ਸਕੂਲਾਂ ਵਿੱਚੋਂ ਪੱਤਰ ਆਏ। ਪਾਪਾ ਜੀ ਨੇ ਮੇਰਾ ਦਾਖਲਾ ਕਾਫੀ ਵਿਵਾਦ ਤੋਂ ਬਾਦ ਨੇੜੇ ਦੇ ਧਨੌਲਾ ਦੇ ਕੁੜੀਆਂ ਦੇ ਸਕੂਲ ਵਿੱਚ ਕਰਵਾ ਦਿੱਤਾ।

ਮੈਂ ਇੱਥੋਂ ਆਪਣੀ ਜ਼ਿੰਦਗੀ ਦਾ ਨਵਾਂ ਤੇ ਬਗਾਵਤੀ ਸਫ਼ਰ ਸ਼ੁਰੂ ਕੀਤਾ ਤੇ ਬਾਪੂ ਜੀ ਦੇ ਕਮਰੇ ਦੀ ਕੰਨਸ ’ਤੇ ਪਈਆਂ ਸਾਹਿਤਕ ਕਿਤਾਬਾਂ ਨੂੰ ਸਮਝਣਾ ਸ਼ੁਰੂ ਕੀਤਾ। ਉਹ ਅਕਸਰ ਕਹਿੰਦੇ, “ਪੁੱਤ, ਤੇਰੀ ਲੰਮੇਰੀ ਵਾਟ ਬਾਕੀ ਹੈ।”

ਮੇਰੇ ਖਿਆਲਾਂ ਦੀ ਲੜੀ ਉਦੋਂ ਟੁੱਟੀ ਜਦੋਂ ਉਸ ਬਜ਼ੁਰਗ ਜੋੜੇ ਦਾ ਫੋਨ ਦੁਬਾਰਾ ਖੜਕਿਆ। ਮੈਂ ਬਾਪੂ ਜੀ ਵੱਲ ਬੜੇ ਗਹੁ ਤੇ ਅਪਣੱਤ ਨਾਲ ਤੱਕਿਆ ਤਾਂ ਉਹ ਮੁਸਕਰਾ ਪਏ। ਮੈਂ ਅੱਖਾਂ ਭਰ ਲਈਆਂ ਤੇ ਨੀਵੀਂ ਪਾ ਲਈ। ਬਾਪੂ ਬੜੇ ਪਿਆਰ ਨਾਲ ਬੋਲਿਆ, “ਕੀ ਗੱਲ ਪੁੱਤ ਕੁਛ ਦੁਖਦਾ? ਦਵਾਈ ਲੈਣ ਆਈ ਹੈਂ? ਨਾਲ ਨਹੀਂ ਕੋਈ ਆਇਆ?”

ਮੇਰਾ ਰੋਣਾ ਨਿੱਕਲ ਪਿਆ। ਮੈਂ ਹੰਝੂ ਸਾਫ ਕਰਦਿਆਂ ਕਿਹਾ, “ਤੁਹਾਨੂੰ ਦੇਖ ਕੇ ਮੈਂਨੂੰ ਮੇਰੇ ਬਾਪੂ (ਦਾਦਾ) ਜੀ ਯਾਦ ਆ ਗਏ।”

ਉਹਨਾਂ ਬੜੇ ਪਿਆਰ ਨਾਲ ਮੇਰਾ ਸਿਰ ਪਲੋਸਿਆ ਤੇ ਕਿਹਾ, “ਚਲੇ ਗਿਆਂ ਦੀ ਵਾਟ ਤਾਂ ਕੱਟ ਗਈ ਸੀ ਪਰ ਤੇਰੀ ਤਾਂ ਬੜੀ ਲੰਮੇਰੀ ਹੈ। ਤੂੰ ਤਾਂ ਹਾਲੇ ਤੁਰਨਾ ...।” ਇੰਨਾ ਕਹਿ ਉਹ ਬਜ਼ੁਰਗ ਜੋੜਾ ਚਲਾ ਗਿਆ।

ਮੈਂਨੂੰ ਸੱਚਮੁੱਚ ਸ਼ਬਦਾਂ ਦੀ ਢਾਰਸ ਮਿਲ ਗਈ। ਆਪ ਮੁਹਾਰੇ ਮੇਰੇ ਕੋਲੋਂ ਲਿਖਿਆ ਗਿਆ:

ਅਜੇ ਤਾਂ ਤੁਰਨਾ ਬਾਕੀ ਏ,
ਅਜੇ ਲੰਮੇਰੀ ਵਾਟ ਬਾਕੀ ਏ
,
ਜ਼ਿੰਦਗੀ ਦੀ ਨੋਕ ਤਿੱਖੀ ਏ
,
ਪਰ ਕਦਮਾਂ ਵਿੱਚ ਜਾਨ ਬਾਕੀ ਏ …

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2983)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author