SukhpalKLamba7ਮੇਰੇ ਇਸ ਸਵਾਲ ਨੇ ਉਸਦੀ ਕਾਹਲ ਨੂੰ ਜਿਵੇਂ ਇੱਕ ਦਮ ਹੀ ਸ਼ਾਂਤ ਕਰ ਦਿੱਤਾ ਸੀ।
(26 ਅਗਸਤ 2017)

 

ਸਿਆਣਿਆਂ ਨੇ ਸੱਚ ਕਿਹਾ ਹੈ ਕਿ ਇੱਕ ਸੁਪਨੇ ਵਿੱਚੋਂ ਕਿੰਨੇ ਹੀ ਸੁਪਨੇ ਪੈਦਾ ਹੁੰਦੇ ਨੇ ਤੇ ਕੁੱਝ ਟੁੱਟਦੇ ਤੇ ਕੁੱਝ ਨਵੇਂ ਸੁਪਨਿਆਂ ਦੇ ਜਨਮ ਦਾਤਾ ਬਣਦੇ ਨੇਪਰ ਸੁਪਨੇ ਦੇਖਣ ਤੇ ਪੂਰੇ ਕਰਨ ਦੀ ਝਾਕ ਹੀ ਬੰਦੇ ਨੂੰ ਜਿਉਂਦਾ ਰੱਖਦੀ ਹੈ। ਮੈਂ ਵੀ ਕੁੱਝ ਮਹੀਨਿਆਂ ਤੋਂ ਆਪਣੇ ਅੱਧ-ਅਧੂਰੇ ਸੁਪਨਿਆਂ ਦੀ ਉਧੇੜ ਬੁਣ ਵਿੱਚ ਨਾ ਉਮੀਦ ਜਿਹੀ ਹੋ ਗਈ ਸੀ। ਇਸੇ ਨਾ-ਉਮੀਦੀ ਵਿੱਚ ਅੱਜ ਦਫਤਰੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇੱਕ ਸਾਹੋ-ਸਾਹ ਤੇ ਪਸੀਨੇ ਨਾਲ ਗੜੁੱਚ ਕੁੜੀ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ। ਉਸਨੇ ਬੜੀ ਬੇਦਰਦੀ ਨਾਲ ਦਫਤਰ ਦਾ ਦਰਵਾਜ਼ਾ ਖੋਲ੍ਹਿਆ ਤੇ ਬੜੇ ਗੁੱਸੇ ਨਾਲ ਬੋਲੀ, “ਇਹ ਜਸਪਾਲ ਮੈਡਮ ਕਿੱਥੇ ਮਿਲੂ? ਮੈਂ ਸਾਰਾ ਹਸਪਤਾਲ ਗਾਹ ਲਿਆ। ਕਿਸੇ ਨੂੰ ਵੀ ਪੁੱਛਦੀ ਹਾਂ ਤਾਂ ਕਹਿੰਦੇ ਹਨ ਕਿ ਕੋਈ ਜਸਪਾਲ ਮੈਡਮ ਹੈ ਹੀ ਨਹੀਂ ਇੱਥੇ।”

ਉਸ ਕੁੜੀ ਨੇ ਇੱਕ 5 ਸਾਲ ਦਾ ਬੱਚਾ ਗੋਦੀ ਚੁੱਕਿਆ ਹੋਇਆ ਸੀ। ਉਸਦੇ ਨਾਲ ਆਏ ਬੱਚੇ ਦੀ ਅੱਖ ਵਿੱਚ ਟੀਰ ਤੋਂ ਮੈਂ ਸਮਝ ਲਿਆ ਸੀ ਕਿ ਮੈਂਨੂੰ ਹੀ ਲੱਭ ਰਹੀ ਸੀ ਉਹ ਆਪਣੇ ਬੱਚੇ ਦਾ ਇਲਾਜ ਕਰਵਾਉਣ ਲਈ। ਮੈਂ ਹੱਸਦੇ ਹੋਏ ਕਿਹਾ, “ਜੇ ਨਾ ਹੀ ਗਲਤ ਲਵੋਗੇ ਤਾਂ ਜਸਪਾਲ ਨਹੀਂ ਮਿਲੇਗੀ। ਜਸਪਾਲ ਨਹੀਂ ਸੁਖਪਾਲ ਕਿਹਾ ਹੋਣਾ।”

ਇਹ ਗੱਲ ਸੁਣ ਕੇ ਉਸਦੇ ਚਿਹਰੇ ’ਤੇ ਉਸ ਸ਼ਰਾਰਤੀ ਬੱਚੇ ਵਰਗੇ ਭਾਵ ਆ ਗਏ ਸੀ. ਜਿਸ ਦੀ ਉਸਦੀ ਸ਼ਰਾਰਤ ਫੜੇ ਜਾਣ ’ਤੇ ਉਹ ਸ਼ਰਮਸਾਰ ਹੁੰਦਾ ਹੋਇਆ ਮੁਸਕਰਾਉਂਦਾ ਹੈ। ਮੈਂ ਉਸ ਨੂੰ ਬੈਠਣ ਲਈ ਕਿਹਾ। ਜਿਵੇਂ ਹੀ ਮੈਂ ਉਸ ਨੂੰ ਮੈਂਨੂੰ ਲੱਭਣ ਬਾਰੇ ਪੁੱਛਿਆ ਤਾਂ ਉਸਦੀ ਉਮਰ ਵਿੱਚ ਲੁਕਿਆ ਬਚਪਨਾ ਮੇਰੇ ਸਾਹਮਣੇ ਆ ਗਿਆ। ਮੈਂ ਉਸ ਦੇ ਸਾਰੇ ਕਾਗਜ਼ ਚੈੱਕ ਕਰ ਰਹੀ ਸੀ ਪਰ ਉਸਨੇ ਆਂਗਣੀਵਾੜੀ ਸੈਂਟਰ ਵਿੱਚੋਂ ਮੇਰੇ ਦਫਤਰ ਤੱਕ ਆਉਣ ਦੀ ਸਾਰੀ ਹੱਡ ਬੀਤੀ ਦੋਂਹ ਮਿੰਟਾਂ ਵਿੱਚ ਹੀ ਖਤਮ ਕਰ ਦਿੱਤੀ। ਮੈਂ ਮੁਸਕਰਾਉਂਦੇ ਹੋਏ ਕਿਹਾ, “ਥੋੜ੍ਹਾ ਸਾਹ ਲੈ ਲੈ। ਤੇਰੇ ਬੱਚੇ ਦਾ ਇਲਾਜ ਹੋ ਜਾਣਾ। ਹੋਰ ਗੇੜਾ ਨਹੀਂ ਵੱਜਣਾ ਤੇਰਾ ਮੇਰੇ ਕੋਲ਼।”

ਇੰਨਾ ਸੁਣ ਕੇ ਉਸਦੀ ਕਾਹਲ ਥੋੜ੍ਹੀ ਘਟ ਗਈ ਸੀ। ਮੈਂ ਸਾਰੇ ਕਾਗਜ ਭਰ ਕੇ ਉਸ ਤੋਂ ਕਾਗਜ਼ਾਂ ਉੱਤੇ ਦਸਤਖਤ ਕਰਨ, ਇੱਕ ਫੋਟੋ ਤੇ ਆਧਾਰ ਕਾਰਡ ਦੇਣ ਨੂੰ ਕਿਹਾ। ਉਸਨੇ ਕਿਹਾ ਕਿ ਉਹ ਅੰਗੂਠਾ ਲਾਵੇਗੀ। ਉਸਨੇ ਬੜੇ ਪੁਰਾਣੇ ਜਿਹੇ ਲਿਫਾਫੇ ਵਿੱਚੋਂ ਆਪਣਾ ਆਧਾਰ ਕਾਰਡ ਤੇ ਆਪਣੇ ਬੜੀ ਪੁਰਾਣੀ ਫੋਟੋ ਮੇਰੇ ਵੱਲ ਵਧਾ ਦਿੱਤੀ। ਮੈਂ ਫੋਟੋ ਵਾਪਸ ਕਰਦੇ ਕਿਹਾ, “ਇਹ ਤਾਂ ਤੁਹਾਡੇ ਵਿਆਹ ਵਾਲੀ ਲੱਗਦੀ ਹੈ। ਇਹ ਬੜੀ ਪੁਰਾਣੀ ਹੈ।”

ਉਸਨੇ ਬੜੀ ਕਾਹਲੀ ਨਾਲ ਕਿਹਾ, “ਹੋਰ ਫੋਟੋ ਨਹੀਂ ਹੈ। ਇਹ ਵੀ ਦੋ ਕੁ ਸਾਲਾਂ ਪਹਿਲਾਂ ਹੀ ਖਿਚਵਾਈ ਸੀ।”

ਮੈਂ ਆਧਾਰ ਕਾਰਡ ਤੇ ਉਸਦਾ ਨਾਂ ਤੇ ਪਤਾ ਚੈੱਕ ਕੀਤਾ ਤਾਂ ਉਸਦੀ ਉਮਰ ਸਿਰਫ 26 ਕੁ ਸਾਲ ਸੀ। ਮੈਂ ਸੁਭਾਵਕ ਹੀ ਪੁੱਛ ਲਿਆ, “ਇਹ ਤੇਰਾ ਪਹਿਲਾ ਬੱਚਾ ਹੈ।”

ਉਸਨੇ ਬੜੀ ਜ਼ੋਰ ਦੀ ਹੱਸਦੇ ਹੋਏ ਕਿਹਾ, “ਨਾ ਮੈਡਮ ਇਹ ਤਾਂ ਤੀਜਾ ਬੱਚਾ। ਦੋ ਕੁੜੀਆਂ ਮੇਰੇ ਇਹ ਤੋਂ ਵੱਡੀਆਂ। ਵਿਆਹ ਛੇਤੀ ਹੋ ਗਿਆ ਸੀ।”

ਮੇਰੀ ਹੈਰਾਨੀ ਤੇ ਉਤਸੁਕਤਾ ਨੇ ਮੇਰਾ ਗਲਾ ਹੀ ਦਬਾ ਲਿਆ। ਮੈਂ ਆਪਣਾ ਸਾਰਾ ਕੰਮ ਛੱਡ ਉਸ ਵੱਲ ਦੇਖਣ ਲਈ ਮਜਬੂਰ ਹੋ ਗਈ। ਮੈਂ ਬੜੇ ਗੁਹ ਨਾਲ ਉਸ ਨੂੰ ਦੇਖਿਆ ਤਾਂ ਉਸਦੀ ਸਾਦਗੀ ਪਿੱਛੇ ਲੁਕਿਆ ਸੁਹੱਪਣ ਤੇ ਬਚਪਨਾ ਸਾਫ ਨਜ਼ਰ ਆ ਗਿਆ ਸੀ ਜੋ ਕਿ ਪਰਿਵਾਰਿਕ ਜ਼ਿੰਮੇਵਾਰੀਆਂ ਵਿੱਚ ਦੱਬ ਗਿਆ ਸੀ। ਮੈਂ ਉਸ ਨੂੰ ਪੁੱਛਿਆ, “ਤੇਰਾ ਵਿਆਹ ਕਦੋਂ ਹੋਇਆ? ... ਪੜ੍ਹਨ ਗਈ ਹੈਂ ਕਦੇ ਸਕੂਲ?”

ਮੇਰੇ ਇਸ ਸਵਾਲ ਨੇ ਉਸਦੀ ਕਾਹਲ ਨੂੰ ਜਿਵੇਂ ਇੱਕ ਦਮ ਹੀ ਸ਼ਾਂਤ ਕਰ ਦਿੱਤਾ ਸੀ। ਉਸਨੇ ਮੇਰੇ ਵੱਲ ਦੇਖਿਆ ਤੇ ਕਿਹਾ, “ਤੇਰੀ ਕਿੰਨੀ ਉਮਰ ਹੈ ਮੈਡਮ?”

ਮੈਂ ਮੁਸਕਰਾਉਂਦੇ ਹੋਏ ਕਿਹਾ, “ਤੇਰੇ ਤੋਂ 8 ਕੁ ਸਾਲ ਵੱਡੀ ਹਾਂ। ਪਰ ਤੂੰ ਕਿਉਂ ਪੁੱਛਿਆ ਮੇਰੀ ਉਮਰ ਬਾਰੇ?”

ਉਸ ਨੇ ਸ਼ਰਾਰਤ ਜਿਹੀ ਨਾਲ ਕਿਹਾ, “ਮੈਡਮ ਜੀ, ਤੂੰ ਮੈਨੂੰ ਪੁੱਛਿਆ ਤਾਂ ਮੈਂ ਤੈਨੂੰ ਪੁੱਛ ਲਿਆ। ਅਸੀਂ ਜੀ ਧਨੌਲੇ ਖੇਤਾਂ ਚ ਰਹਿੰਦੇ ਸੀ। ਮੈਂ ਸਭ ਤੋਂ ਵੱਡੀ ਆਂ ਤੇ ਮੇਰੇ ਤੋਂ ਛੋਟੀ ਮੇਰੀ ਭੈਣ ਤੇ ਭਰਾ ਨੇ। ਸਕੂਲ ਦੂਰ ਸੀ ਘਰ ਤੋਂ ਇਸ ਲਈ ਮੈਂਨੂੰ ਭਾਪੇ ਨੇ ਸਕੂਲ ਨੀ ਜਾਣ ਦਿੱਤਾ। ਇੱਕ ਮੇਰੀ ਬੀਬੀ ਬਿਮਾਰ ਰਹਿੰਦੀ ਸੀ। ਬਾਕੀ ਭੈਣ ਭਾਈ ਤਾਂ ਪੜ੍ਹੇ ਹੋਏ ਨੇ। ਮੇਰੀ ਮਾਸੀ ਨੇ ਮੇਰਾ ਰਿਸ਼ਤਾ ਇੱਥੇ ਕਰਵਾ ਦਿੱਤਾ। ਮੇਰੀ ਸੱਸ ਵੀ ਬਿਮਾਰ ਰਹਿੰਦੀ ਸੀ ਤਾਂ ਮੇਰਾ ਵਿਆਹ 13 ਸਾਲ ’ਤੇ ਹੋ ਗਿਆ ਸੀ। ਮੇਰਾ ਘਰਵਾਲੇ ਕੋਲ ਜਮੀਨ ਤਾਂ ਹੈ ਨੀ ਤੇ ਮਿਸਤਰੀ ਦਾ ਕੰਮ ਕਰਦਾ।”

ਮੈਂ ਵਿੱਚੋਂ ਟੋਕਦੇ ਹੋਏ ਪੁੱਛਿਆ, “ਤੇਰੇ ਘਰਵਾਲੇ ਦੀ ਉਮਰ ਤੇ ਉਹ ਕਿੰਨਾ ਕੁ ਪੜ੍ਹਿਆ ਹੋਇਆ ਹੈ?”

ਉਹਨੇ ਸੰਗਦੇ ਜਿਹੇ ਕਿਹਾ, “ਉਹਨਾਂ ਦੀ ਉਮਰ ਤਾਂ ਤੇਰੇ ਜਿੰਨੀ ਹੋ ਗਈ ਹੈ ਤੇ ਦਸ ਪਾਸ ਕੀਤੇ ਹੈ।”

ਮੈਂ ਪੁੱਛਿਆ, “ਤੇਰੀਆਂ ਕੁੜੀਆਂ ਸਕੂਲ ਜਾਂਦੀਆਂ?”

ਉਸਨੇ ਹਾਂ ਵਿੱਚ ਸਿਰ ਹਿਲਾਉਂਦੇਹੋਏ ਕਿਹਾ, “ਹਾਂ ਜੀ, ਮੇਰੀ ਵੱਡੀ ਕੁੜੀ 10 ਸਾਲ ਦੀ ਹੋ ਗਈ ਹੈ ਤੇ ਛੋਟੀ 8 ਸਾਲ ਦੀ। ਦੋਨੋਂ ਸਕੂਲ ਜਾਂਦੀਆਂ ਨੇ। ਪਰ ਜੀ ਕੰਮਜੋਰ ਵਾਹਲੀਆਂ ਨੇ।”

ਮੈਂ ਉਸ ਨੂੰ ਕਿਹਾ, “ਤੇਰਾ ਦਿਲ ਨਹੀਂ ਕਰਦਾ ਪੜ੍ਹਨ ਨੂੰ ਕਦੇ? ... ਤੂੰ ਵੀ ਇੰਨੀ ਜਲਦੀ ਹੀ ਕਰੇਂਗੀ ਆਪਣੀ ਕੁੜੀ ਦਾ ਵਿਆਹ?”

ਨਾ ਜੀ ਮੈਡਮ। ਮੈਂ ਤਾਂ ਆਪਣੀਆਂ ਕੁੜੀਆਂ ਨੂੰ ਪੜ੍ਹਾਊਂ, ਜਿੰਨਾ ਵੀ ਹੋ ਸਕਿਆ। ਮੇਰਾ ਦਿਲ ਬਥੇਰਾ ਕਰਦਾ ਸੀ ਕਿ ਸਕੂਲ ਜਾਵਾਂ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਵਿਆਹ ਕੀ ਹੁੰਦਾ। ਮੇਰਾ ਘਰਵਾਲਾ ਵੀ ਬਾਹਲਾ ਵੱਡਾ। ਮੈਂ ਤਾਂ ਜੀ ਘਰ ਦੀਆਂ ਫਿਕਰਾਂ ਨੇ ਰੋਲ਼ ਦਿੱਤੀ। ਮੇਰਾ ਜੀ ਆਹ ਮੁੰਡਾ ਵੀ ਮਸਾਂ ਹੋਇਆ। ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਮੈਂ ਬਚੂੰਗੀ ਨੀ ... ਪਰ ਇਹਨਾਂ ਜਵਾਕਾਂ ਦੀ ਕਿਸਮਤ ਨਾਲ ਹੀ ਬਚ ਗਈ। ਮੈਂ ਆਪਣੀਆਂ ਕੁੜੀਆਂ ਨੂੰ ਪੜ੍ਹਾਊਂਗੀ। ਮੇਰਾ ਜੀ ਸੁਪਨਾ ਸੀ ਕਿ ਪੜ੍ਹ ਕੇ ਤੇਰੇ ਵਰਗੀ ਮੈਡਮ ਬਣਾ ਪਰ ਘਰ ਦਿਆਂ ਨੇ ਪੜ੍ਹਾਇਆ ਨੀਂ। ਪਰ ਹੁਣ ਇਹ ਹੈ ਕਿ ਮੇਰੀਆਂ ਕੁੜੀਆਂ ਜਰੂਰ ਪੜ੍ਹਨ। ਇੱਕ ਦਿਨ ਨੀ ਰਹਿਣ ਦਿੰਦੀ ਮੈਂ ਘਰ ਉਹਨਾਂ ਨੂੰ। ਮੇਰਾ ਜੀ ਵਿਆਹ ਤਾਂ ਹੋ ਗਿਆ ਪਰ ਸਮਝ ਹੁਣ ਆਉਣ ਲੱਗਿਆ ਕਿ ਕੀ ਹੁੰਦਾ। ਮੇਰੀ ਵੱਡੀ ਕੁੜੀ ਨੂੰ ਮੇਰੇ ਨਾਲ ਦੇਖ ਕਈ ਵਾਰ ਲੋਕ ਪੁੱਛਦੇ ਨੇ ਕਿ ਇਹ ਤੇਰੀ ਛੋਟੀ ਭੈਣ ਹੈ? ਪਰ ਕੋਈ ਨੀ ਜੀ, ਮੇਰੀ ਉਮੀਦ ਮੇਰੀਆਂ ਕੁੜੀਆਂ ਨੇ, ... ਤੇ ਉਮੀਦ ਹਾਲੇ ਮਰੀ ਨਹੀਂ।”

ਇਹ ਸਭ ਕਹਿੰਦਿਆਂ ਉਸਦੀਆਂ ਅੱਖਾਂ ਵਿੱਚ ਟੁੱਟੇ ਸੁਪਨੇ ਤੇ ਉਮਰ ਤੋਂ ਪਹਿਲਾਂ ਹੀ ਪਰਿਵਾਰਿਕ ਜ਼ਿੰਮੇਵਾਰੀਆਂ ਦਾ ਦਰਦ ਸਾਫ ਦਿਸ ਰਿਹਾ ਸੀ ਪਰ ਉਸਦਾ ਬਚਪਨਾ ਹਾਲੇ ਵੀ ਉਸਦੀਆਂ ਗੱਲਾਂ ਵਿੱਚੋਂ ਝਲਕ ਰਿਹਾ ਤੇ ਨਵੇਂ ਸਪੁਨਿਆਂ ਦੀ ਚਮਕ ਵੀ ਦਿਸ ਰਹੀ ਸੀ।

*****

(810)

ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author