“ਇਸ ਸਮੇਂ ਮਨੁੱਖ ਨੇ ਕੁਦਰਤ ਨਾਲ ਜੰਗ ਵਿੱਢੀ ਹੋਈ ਹੈ। ਇਹ ਜੰਗ ਜੇਕਰ ...”
(21 ਜੁਲਾਈ 2026)
ਯੂਰਪ ਵਿੱਚ ਗਰਮੀ ਦਾ ਕਹਿਰ …
ਵਿਕਾਸ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਇਹ ਇੰਨਾ ਜ਼ਰੂਰੀ ਨਹੀਂ ਕਿ ਇਸ ਨਾਲ ਮਨੁੱਖ ਦਾ ਜੀਵਨ ਹੀ ਦਾਅ ’ਤੇ ਲੱਗ ਜਾਵੇ। ਕੁਦਰਤ ਦਾ ਵਿਨਾਸ਼ ਕਰਕੇ ਪੈਦਾ ਕੀਤਾ ਵਿਕਾਸ, ਮਨੁੱਖ ਲਈ ਵਿਨਾਸ਼ ਸਾਬਤ ਹੋ ਰਿਹਾ ਹੈ। ਵਿਕਾਸ ਦੀ ਇਸ ਤਰਜੀਹ ’ਤੇ ਚਲਦਿਆਂ ਮਨੁੱਖ ਪਿਛਲੇ ਕਈ ਦਹਾਕਿਆਂ ਤੋਂ ਕੁਦਰਤ ਦਾ ਸਬਰ ਪਰਖ ਰਿਹਾ ਹੈ। ਜੂਨ ਮਹੀਨੇ ਤੋਂ ਯੂਰਪੀਨ ਦੇਸ਼ਾਂ ਵਿੱਚ ਪੈ ਰਹੀ ਗਰਮੀ ਦੀ ਘਟਨਾ ਰਾਹੀਂ ਕੁਦਰਤ ਸਾਨੂੰ ਦੱਸ ਰਹੀ ਹੈ ਕਿ ਬੱਸ ਹੁਣ ਬਹੁਤ ਹੋ ਗਿਆ। ਇਸ ਸਮੇਂ ਯੂਰਪ ਦੇ ਕਈ ਦੇਸ਼ ਭਿਆਨਕ ਗਰਮੀ ਨਾਲ ਝੁਲਸ ਰਹੇ ਹਨ। ਇਸ ਗਰਮੀ ਦੀ ਲਹਿਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਗਰਮੀ ਨਾਲ ਵੱਖ-ਵੱਖ ਦੇਸ਼ਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਰ ਰਹੇ ਹਨ, ਸੜਕਾਂ ਪਿਘਲ ਰਹੀਆਂ ਹਨ, ਝੀਲਾਂ ਨਦੀਆਂ ਦਾ ਪਾਣੀ ਗਰਮ ਹੋ ਰਿਹਾ ਹੈ, ਬਿਜਲੀ ਦੀ ਮੰਗ ਰਿਕਾਰਡ ਤੋੜ ਵਧ ਰਹੀ ਹੈ, ਜੰਗਲਾਂ ਨੂੰ ਅੱਗ ਲੱਗ ਰਹੀ ਹੈ। ਇੱਥੋਂ ਤਕ ਕਿ ਰੇਲਵੇ ਲਾਈਨਾਂ ਦੀਆਂ ਬਣਤਰਾਂ ਵਿਗੜ ਰਹੀਆਂ ਹਨ। ਇਸ ਭਿਆਨਕ ਗਰਮੀ ਵਿੱਚ ਮਨੁੱਖ ਲਈ ਰੁੱਖ ਆਸਰਾ ਵੀ ਬਣ ਰਹੇ ਹਨ ਅਤੇ ਮਨੁੱਖ ਦੀਆਂ ਆਪ ਹੁਦਰੀਆਂ ਦਾ ਖਮਿਆਜ਼ਾ ਭੁਗਤਦੇ ਝੁਲਸ ਵੀ ਰਹੇ ਹਨ।
ਤਪਸ਼ ਦੇ ਸੰਕਟ ਦੀ ਸਿਰਜਣਾ:
ਮੌਸਮ ਵਿਗਿਆਨੀਆਂ ਅਨੁਸਾਰ ਇਸ ਸੰਕਟ ਦਾ ਸਿਰਜਕ ਮਨੁੱਖ ਆਪ ਹੈ। ਇਨ੍ਹਾਂ ਠੰਢੇ ਮੁਲਕਾਂ ਵਿੱਚ ਜਿੱਥੇ, ਏਸੀ ਪੱਖਿਆਂ ਦੀ ਕਦੇ ਲੋੜ ਨਹੀਂ ਪਈ, ਇਨ੍ਹਾਂ ਮੁਲਕਾਂ ਵਿੱਚ ਵੀ ਭਿਆਨਕ ਗਰਮੀ ਦੇ ਕਹਿਰ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਜੰਗਲਾਂ, ਰੁੱਖਾਂ ਦੀ ਕਟਾਈ ਅਤੇ ਡੀਜ਼ਲ, ਪੈਟਰੋਲ ਅਤੇ ਕੋਲੇ ਦੀ ਅੰਨ੍ਹੀ ਵਰਤੋਂ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਅਰਸੇ ਤੋਂ ਮਾਹਿਰ, ਲੇਖਕ, ਮੌਸਮ ਅਤੇ ਭੂ-ਵਿਗਿਆਨੀ ਜਦੋਂ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਸਨ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਇਨ੍ਹਾਂ ਵੱਲੋਂ ਇਸ ਵਿਸ਼ੇ ’ਤੇ ਲਿਖਣਾ, ਬੋਲਣਾ ਅਤੇ ਲੋਕਾਂ ਨੂੰ ਡਰਾਉਣਾ ਇੱਕ ਫੈਸ਼ਨ ਬਣ ਗਿਆ ਹੈ।
ਕਿਵੇਂ ਬਣਦੀਆਂ ਹਨ ਹੀਟ ਵੇਵਜ਼:
ਗਰਮੀ ਦੀ ਰੁੱਤ ਦੌਰਾਨ ਜਦੋਂ ਕਿਸੇ ਇਲਾਕੇ ਵਿੱਚ ਕੁਝ ਹੱਦ ਤਕ ਗਰਮੀ ਵਧਦੀ ਹੈ ਤਾਂ ਓਪਰੀ ਹਵਾ ਦੇ ਦਬਾਅ ਕਰਕੇ ਧਰਤੀ ਦੀ ਸੱਤਾ ਦੇ ਨੇੜੇ ਵਾਲੀ ਗਰਮ ਹਵਾ ਉੱਪਰ ਨਹੀਂ ਉੱਠਦੀ, ਜਿਸ ਨਾਲ ਉਸ ਖਾਸ ਇਲਾਕੇ ਵਿੱਚ ਹੀਟ ਡੋਮ ਬਣ ਜਾਂਦਾ ਹੈ। ਹੀਟ ਡੋਮ ਦਾ ਭਾਵ ਹੈ ਗਰਮ ਹਵਾਵਾਂ ਦਾ ਅਜਿਹਾ ਗੁੰਬਦ ਜਾਂ ਢੱਕਣ ਜਿਸ ਤੋਂ ਗਰਮੀ ਦਾ ਨਿਕਾਸ ਨਹੀਂ ਹੁੰਦਾ। ਜਦੋਂ ਇਸਦਾ ਸਮਾਂ ਦੋ ਜਾਂ ਤਿੰਨ ਦਿਨ ਤੋਂ ਵੱਧ ਹੋ ਜਾਂਦਾ ਹੈ ਤਾਂ ਇਹ ਹੀਟ ਵੇਵਜ਼ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਨਾਲ ਫਿਰ ਸਬੰਧਤ ਇਲਾਕਿਆਂ ਵਿੱਚ ਭਿਆਨਕ ਗਰਮੀ ਪੈਣ ਲਗਦੀ ਹੈ ਜੋ ਮਨੁੱਖ ਸਮੇਤ ਸਭ ਜੀਵ ਜਾਤੀਆਂ ਲਈ ਜਾਨਲੇਵਾ ਸਾਬਤ ਹੁੰਦੀ ਹੈ। ਹੀਟ ਡੋਮ ਜਿੰਨਾ ਲੰਮਾ ਸਮਾਂ ਬਣਿਆ ਰਹਿੰਦਾ ਹੈ, ਗਰਮੀ ਦੀ ਭਿਆਨਿਕਤਾ ਉੱਨੀ ਹੀ ਵਧਦੀ ਜਾਂਦੀ ਹੈ। ਇਸ ਪੂਰੀ ਪ੍ਰੀਕਿਰਿਆ ਨੂੰ ਹੀਟ ਵੇਵਜ਼ ਭਾਵ ਗਰਮੀ ਦੀ ਲਹਿਰ ਜਾਂ ਗਰਮੀ ਦੀਆਂ ਲਹਿਰਾਂ ਕਿਹਾ ਜਾਂਦਾ ਹੈ। ਸੀਮਿਤ ਸਮੇਂ ਲਈ ਹੀਟ ਵੇਵਜ਼ ਦਾ ਬਣਨਾ ਉੰਨਾ ਘਾਤਕ ਨਹੀਂ ਹੁੰਦਾ ਪਰ ਜਦੋਂ ਇਸਦਾ ਸਮਾਂ ਤਿੰਨ ਜਾਂ ਚਾਰ ਦਿਨ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਫਿਰ ਇਸ ਨਾਲ ਜੀਣਾ ਮੁਹਾਲ ਹੋ ਜਾਂਦਾ ਹੈ। ਯੂਰਪੀਨ ਦੇਸ਼ਾਂ ਵਿੱਚ ਇਸ ਗਰਮੀ ਦੀ ਰੁੱਤ ਵਿੱਚ ਬਣੀ ਰਿਕਾਰਡ ਤੋੜ ਹੀਟ ਵੇਵ ਨੇ ਮਨੁੱਖ ਨੂੰ ਵਾਤਾਵਰਣ ਸੰਬੰਧੀ ਗੰਭੀਰਤਾ ਨਾਲ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ।
ਗਰਮੀ ਦਾ ਪ੍ਰਕੋਪ ਅਤੇ ਹਾਲਾਤ:
2026 ਦੀਆਂ ਗਰਮੀਆਂ ਯੂਰਪੀ ਦੇਸ਼ਾਂ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਦੇਸ਼ਾਂ ਲਈ ਇੱਕ ਤਰ੍ਹਾਂ ਨਾਲ ਸੰਕਟ ਦਾ ਸੰਦੇਸ਼ ਲੈ ਕੇ ਆਈਆਂ ਹਨ। ਜਿਵੇਂ ਅਸੀਂ ਹਰ ਦਿਨ ਕੁਦਰਤੀ ਮਾਹੌਲ ਨੂੰ ਤਬਾਹ ਕਰਕੇ ਅਖੌਤੀ ਵਿਕਾਸ ਦੇ ਰਾਹ ਤੁਰੇ ਹੋਏ ਹਾਂ, ਇਹ ਸਾਡੇ ਲਈ ਬੇਹੱਦ ਘਾਤਕ ਹੈ। ਇਸ ਸਮੇਂ ਪੁਰਤਗਾਲ, ਸਵਿਟਜ਼ਰਲੈਂਡ, ਇਟਲੀ, ਸਪੇਨ, ਫਰਾਂਸ, ਇੰਗਲੈਂਡ, ਗਰੀਸ, ਜਰਮਨੀ, ਬੈਲਜੀਅਮ, ਹੰਗਰੀ ਅਤੇ ਆਸਟਰੀਆ ਆਦਿ ਵਰਗੇ ਮੁਲਕਾਂ ਜਿੱਥੇ ਲੋਕਾਂ ਨੂੰ ਕਦੇ ਗਰਮੀ ਦਾ ਅਹਿਸਾਸ ਵੀ ਨਹੀਂ ਹੋਇਆ ਸੀ, ਇੱਥੇ ਲੋਕ ਭਿਆਨਕ ਗਰਮੀ ਦਾ ਕਹਿਰ ਝੱਲ ਰਹੇ ਹਨ। ਇੱਥੋਂ ਦੇ ਲੋਕਾਂ ਨੂੰ ਕਦੇ ਵੀ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ, ਨਾ ਹੀ ਇੱਥੇ ਗਰਮੀ ਨੂੰ ਮੁੱਖ ਰੱਖ ਕੇ ਘਰ ਬਣਾਏ ਜਾਂਦੇ ਹਨ। ਸਗੋਂ ਇਸਦੇ ਉਲਟ ਇੱਥੇ ਤਾਂ ਸਖਤ ਸਰਦੀ ਤੋਂ ਬਚਾ ਨੂੰ ਮੁੱਖ ਰੱਖਦਿਆਂ ਘਰਾਂ ਦੀ ਉਸਾਰੀ ਕੀਤੀ ਜਾਂਦੀ ਹੈ। ਇਨ੍ਹਾਂ ਠੰਢੇ ਮੁਲਕਾਂ ਦੇ ਵਸਨੀਕ ਲੋਕਾਂ ਨੂੰ ਗਰਮੀ ਵਿੱਚ ਰਹਿਣ ਅਤੇ ਇਸ ਨੂੰ ਸਹਿਣ ਕਰਨ ਦੀ ਆਦਤ ਨਹੀਂ, ਇਸ ਲਈ ਵੀ ਲੋਕ ਹਾਲੋ ਬੇਹਾਲ ਹੋ ਰਹੇ ਹਨ। ਗਰਮੀ ਤੋਂ ਬਚਾ ਕਰਨ ਲਈ ਲੋਕ ਰੁੱਖਾਂ, ਪਾਰਕਾਂ ਦੇ ਖੁੱਲ੍ਹੇ ਮਾਹੌਲ ਅਤੇ ਨਹਿਰਾਂ, ਨਦੀਆਂ ਅਤੇ ਝੀਲਾਂ ਦੇ ਪਾਣੀਆਂ ਦਾ ਆਸਰਾ ਲੈ ਰਹੇ ਹਨ। ਹਸਪਤਾਲਾਂ ਵਿੱਚ ਔਕਸੀਜਨ ਘਟਣ ਅਤੇ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋਏ ਲੋਕ ਵੱਡੀ ਗਿਣਤੀ ਵਿੱਚ ਭਰਤੀ ਹੋ ਰਹੇ ਹਨ। ਜ਼ਿਆਦਾਤਰ 65 ਸਾਲ ਤੋਂ ਵੱਧ ਉਮਰ ਦੇ ਲੋਕ ਮਰ ਰਹੇ ਹਨ।
ਜੀਵ ਜੰਤੂਆਂ ਅਤੇ ਬਨਸਪਤੀ ਉੱਤੇ ਅਸਰ:
ਹਰ ਸਾਲ ਵਧ ਰਹੇ ਗਰੀਨ ਹਾਊਸ ਗੈਸਾਂ ਦੇ ਪ੍ਰਭਾਵ ਨੇ ਧਰਤੀ ਦੀ ਬਨਸਪਤੀ ਨੂੰ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਨਵੇਂ ਬੂਟਿਆਂ ਦੇ ਰੁੱਖ ਬਣਨ ਦੀ ਦਰ ਘੱਟ ਹੋਣ ਲੱਗ ਪਈ ਹੈ। ਜੰਗਲਾਂ ਨੂੰ ਅੱਗਾਂ ਲੱਗਣ ਦੀਆਂ ਘਟਨਾਵਾਂ ਵਿੱਚ ਇੱਕ ਵੇਗ ਆ ਗਿਆ ਹੈ। ਅੱਗਾਂ ਲੱਗਣ ਦੀਆਂ ਘਟਨਾਵਾਂ ਨਾਲ ਜਿੱਥੇ ਵਾਤਾਵਰਣ ਵਿੱਚ ਇੱਕ ਦਮ ਭਿਆਨਕ ਗਰਮੀ ਦਾ ਪ੍ਰਕੋਪ ਵਧ ਜਾਂਦਾ ਹੈ, ਉੱਥੇ ਕਈ ਕਿਲੋਮੀਟਰਾਂ ਦੇ ਇਲਾਕੇ ਵਿੱਚੋਂ ਰੁੱਖਾਂ ਬਨਸਪਤੀਆਂ ਦਾ ਸਫਾਇਆ ਹੋ ਜਾਂਦਾ ਹੈ, ਜਿਸ ਨਾਲ ਅਗਲੇ ਸਾਲਾਂ ਦੌਰਾਨ ਗਰਮੀ ਦੀ ਤਪਸ਼ ਹੋਰ ਵਧਦੀ ਹੈ। ਇਸ ਤਪਸ਼ ਅਤੇ ਗਰੀਨ ਹਾਊਸ ਗੈਸਾਂ ਦੇ ਇਸ ਸੰਕਟ ਦਾ ਸਿਰਜਕ ਮਨੁੱਖ ਆਪ ਹੈ। ਮਨੁੱਖ ਜੋ ਆਪਣੇ ਆਪ ਨੂੰ ਧਰਤੀ ਦਾ ਪੁੱਤਰ ਅਤੇ ਧਰਤੀ ਦਾ ਸਭ ਤੋਂ ਉੱਤਮ ਜੀਵ ਆਖਦਾ ਹੈ ਪਰ ਇਸਦੀਆਂ ਗਤੀਵਿਧੀਆਂ ਨਾਲ ਹੁਣ ਦੂਜੇ ਜੀਵਾਂ ਦੀ ਹੋਂਦ ਵੀ ਖਤਰੇ ਵਿੱਚ ਪੈ ਗਈ ਹੈ। ਕਈ ਜੀਵ ਜਾਤੀਆਂ ਧਰਤੀ ਤੋਂ ਲੁਪਤ ਹੋਣ ਦੀ ਕਗਾਰ ’ਤੇ ਹਨ। ਇਸਦਾ ਸਭ ਤੋਂ ਵੱਡਾ ਕਾਰਨ ਧਰਤੀ ਦੀਆਂ ਮੌਸਮੀ ਤਬਦੀਲੀਆਂ ਹਨ। ਪਾਣੀ ਵਿੱਚ ਰਹਿਣ ਵਾਲੇ ਜਲ ਜੀਵ ਗਰਮ ਪਾਣੀ ਵਿੱਚ ਆਪਣਾ ਵਿਕਾਸ ਨਹੀਂ ਕਰ ਸਕਦੇ। ਇਸ ਕਰਕੇ ਗਰਮੀ ਦੌਰਾਨ ਇਹ ਵੱਡੀ ਤਾਦਾਦ ਵਿੱਚ ਮਰਨ ਲੱਗ ਪੈਂਦੇ ਹਨ। ਗੱਡੀਆਂ-ਮੋਟਰਾਂ, ਏਸੀਆਂ, ਫਰਿੱਜਾਂ, ਫੈਕਟਰੀਆਂ, ਕਾਰਖਾਨਿਆਂ ਤੋਂ ਹੁੰਦੇ ਪ੍ਰਦੂਸ਼ਣ ਨਾਲ ਜਿੱਥੇ ਜਿੱਥੇ ਸਾਡੀ ਹਵਾ ਜ਼ਹਿਰੀਲੀ ਹੋ ਰਹੀ ਹੈ, ਉੱਥੇ ਇਸ ਅਖੌਤੀ ਵਿਕਾਸ ’ਤੇ ਚਲਦਿਆਂ ਧਰਤੀ ਦਾ ਤਾਪਮਾਨ ਵੀ ਵਧ ਰਿਹਾ ਹੈ। ਇਸ ਵਧ ਰਹੇ ਤਾਪਮਾਨ ਨਾਲ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਰਹੇ ਹਨ ਜੋ ਮਨੁੱਖ ਸਮੇਤ ਦੂਜੀਆਂ ਜੀਵ ਜਾਤੀਆਂ ਅਤੇ ਧਰਤੀ ਦੀਆਂ ਬਨਸਪਤੀਆਂ ਲਈ ਘਾਤਕ ਹਨ।
ਸਮਝਣ ਵਾਲੀ ਬਰੀਕ ਗੱਲ:
ਇੱਥੇ ਜਿਸ ਗੱਲ ਨੂੰ ਅਸੀਂ ਬਿਲਕੁਲ ਹੀ ਅਣਗੌਲਿਆਂ ਕਰ ਰਹੇ ਹਾਂ ਉਹ ਸਮਝਣ ਵਾਲੀ ਗੱਲ ਇਹ ਹੈ ਕਿ ਜਿਸ ਆਲਮੀ ਤਪਸ਼ ਦਾ ਸੰਤਾਪ ਦੁਨੀਆ ਹੰਡਾਅ ਰਹੀ ਹੈ, ਉਸ ਸਥਿਤੀ ਤੋਂ ਵਕਤੀ ਰਾਹਤ ਲਈ ਜੋ ਕੁਝ ਕੀਤਾ ਜਾਂਦਾ ਹੈ ਉਸ ਨਾਲ ਮੌਸਮੀ ਵਿਗਾੜ ਹੋਰ ਵਧਦੇ ਹਨ। ਜਿਵੇਂ ਇਸ ਸਮੇਂ ਗਰਮੀ ਤੋਂ ਤੁਰੰਤ ਨਜਾਤ ਲਈ ਉਹਨਾਂ ਦੇਸ਼ਾਂ ਵਿੱਚ ਵੀ ਏ ਸੀ ਲਾਉਣ ਦੀ ਹੋੜ ਲੱਗੀ ਹੋਈ ਹੈ, ਜਿੱਥੇ ਕਦੇ ਪੱਖੇ ਦੀ ਵੀ ਲੋੜ ਨਹੀਂ ਸੀ ਹੁੰਦੀ। ਏ ਸੀ ਅਤੇ ਫਰਿਜਾਂ ਦੀ ਭਰਮਾਰ ਨਾਲ ਮੌਸਮੀ ਤਪਸ਼ ਹੋਰ ਵਧਦੀ ਹੈ ਅਤੇ ਗਰੀਨ ਹਾਊਸ ਗੈਸਾਂ ਵਿੱਚ ਵਾਧਾ ਕਰਦੀ ਹੈ। ਵੱਧ ਗਰਮੀ ਦਾ ਮਤਲਬ ਹੈ ਵੱਧ ਊਰਜਾ ਦੀ ਲੋੜ। ਵੱਧ ਊਰਜਾ ਦੀ ਖਪਤ ਦਾ ਸਿੱਧਾ ਭਾਵ ਹੈ ਕਿ ਵੱਧ ਗਰਮੀ ਪੈਦਾ ਹੋਵੇਗੀ। ਇਸ ਸਾਈਕਲ ਨੂੰ ਸਮਝਣ ਦੀ ਲੋੜ ਹੈ, ਦੁਨੀਆਂ ਭਰ ਦੇ ਦੇਸ਼ਾਂ ਨੂੰ ਇਸ ਸਾਈਕਲ ਨੂੰ ਤੋੜਨ ਦੀ ਲੋੜ ਹੈ।
ਕੀ ਕੁਝ ਕੀਤਾ ਜਾਵੇ:
ਦੁਨੀਆਂ ਭਰ ਵਿੱਚ ਰੁੱਖ ਲਾਏ ਜਾਣ ਦੀ ਵੱਡੀ ਮੁਹਿੰਮ ਛੇੜੇ ਜਾਣ ਦੀ ਲੋੜ ਹੈ। ਰੁੱਖਾਂ ਨੂੰ ਪਾਲਣ, ਇਨ੍ਹਾਂ ਦੀ ਦੇਖ ਭਾਲ ਕਰਨ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਧਰਤੀ ਤੋਂ ਹਰ ਤਰ੍ਹਾਂ ਦੇ ਜੰਗਲਾਂ ਨੂੰ ਕੱਟੇ ਜਾਣ ਉੱਤੇ ਸਖਤ ਪਾਬੰਦੀਆਂ ਲਾਉਣ ਦੀ ਲੋੜ ਹੈ। ਹਰ ਮਨੁੱਖ ਤਕ ਇਹ ਗੱਲ ਪਹੁੰਚਾਉਣ ਦੀ ਲੋੜ ਹੈ ਕਿ ਅਸੀਂ ਇਸ ਅਖੌਤੀ ਵਿਕਾਸ ਦੇ ਰਾਹ ’ਤੇ ਚਲਦਿਆਂ ਆਪਣੀਆਂ ਨਸਲਾਂ ਦਾ ਭਵਿੱਖ ਤਬਾਹ ਕਰ ਰਹੇ ਹਾਂ। ਦੁਨੀਆਂ ਭਰ ਦੀ ਰਾਜਨੀਤੀ ਦੀ ਤਰਜੀਹ ਜੋ ‘ਅਖੌਤੀ ਵਿਕਾਸ’ ਦੀ ਦਰ ’ਤੇ ਟਿਕੀ ਹੋਈ ਹੈ, ਇਸ ਤਰਜੀਹ ਨੂੰ ‘ਅਖੌਤੀ ਵਿਕਾਸ’ ਤੋਂ ਬਦਲ ਕੇ ‘ਜੀਵਨ ਲਈ’ ਕਰਨ ਦੀ ਲੋੜ ਹੈ। ਹਰ ਤਰ੍ਹਾਂ ਦੇ ਮਕਾਨਾਂ, ਦੁਕਾਨਾਂ, ਸੜਕਾਂ ਦੀਆਂ ਬਣਤਰਾਂ ਅਜਿਹੀਆਂ ਬਣਾਈਆਂ ਜਾਣ ਕਿ ਇਨ੍ਹਾਂ ਦੁਆਲੇ ਰੁੱਖਾਂ ਬੂਟਿਆਂ ਦੀ ਭਰਮਾਰ ਹੋਵੇ ਤਾਂ ਕਿ ਘੱਟ ਤੋਂ ਘੱਟ ਤਪਸ਼ ਪੈਦਾ ਹੋਵੇ। ਦੁਨੀਆਂ ਦੇ ਵੱਡੀ ਗਿਣਤੀ 95% ਲੋਕ ਮਾਸ ਖਾਂਦੇ ਹਨ। ਇਸ ਮਾਸ ਨੂੰ ਪੈਦਾ ਕਰਨ ਲਈ ਹਰ ਦਿਨ ਲੱਖਾਂ ਪਸ਼ੂਆਂ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ। ਇਨ੍ਹਾਂ ਜਾਨਵਰਾਂ ਦੀ ਖੁਰਾਕ ਲਈ ਦੁਨੀਆਂ ਭਰ ਵਿੱਚ ਟਨਾਂ ਦੇ ਟਨ ਅਨਾਜ ਅਤੇ ਬਨਸਪਤੀਆਂ ਦਾ ਉਜਾੜਾ ਕੀਤਾ ਜਾਂਦਾ ਹੈ। ਦੁਨੀਆਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਆਪਣੀਆਂ ਖੁਰਾਕੀ ਲੋੜਾਂ ਲਈ ਜਾਨਵਰਾਂ ਪਸ਼ੂਆਂ ਦੀ ਬਜਾਏ ਕੁਦਰਤ ਉੱਤੇ ਨਿਰਭਰਤਾ ਵਧਾਈ ਜਾਵੇ।
ਵਾਤਾਵਰਣ ਵਿੱਚ ਵਧ ਰਹੀ ਤਪਸ਼ ਅਤੇ ਇਸ ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਦਾ ਮਸਲਾ ਇੰਨਾ ਗੰਭੀਰ ਹੈ ਕਿ ਅਸੀਂ ਅਤੇ ਸਾਡੀ ਰਾਜਨੀਤਕ ਵਿਵਸਥਾ ਨੂੰ ਚਲਾਉਣ ਵਾਲੀਆਂ ਧਿਰਾਂ ਇਸ ਪ੍ਰਤੀ ਉਨੀਆ ਗੰਭੀਰ ਨਹੀਂ ਹਨ। ਇਹ ਅਜਿਹਾ ਸੰਕਟ ਹੈ ਜਿਸਨੇ ਭਵਿੱਖ ਵਿੱਚ ਹੋਰ ਵਧਦੇ ਜਾਣਾ ਹੈ। ਪਰ ਅਸੀਂ ਧਰਤੀ ਦੇ ਲੋਕ ‘ਜੀਵਨ ਦੀ ਤਰਜੀਹ’ ਛੱਡ ਕੇ ਉਸ ਅਖੌਤੀ ਵਿਕਾਸ ਵੱਲ ਵਧ ਰਹੇ ਹਾਂ ਜਿਸਦਾ ਅੰਤ ਵਿਨਾਸ਼ ਹੈ। ਸਾਡੇ ਦੇਸ਼ ਭਾਰਤ ਵਿੱਚ ਵੀ ਲੂ ਵਗਣ ਦਾ ਸਮਾਂ ਵਧ ਰਿਹਾ ਹੈ। ਮੌਨਸੂਨ ਦਾ ਪੈਟਰਨ ਬਦਲ ਰਿਹਾ ਹੈ। ਕੁਝ ਮਾਹਿਰਾਂ ਵੱਲੋਂ ਇਹ ਕਿਹਾ ਜਾਣਾ ਕਿ ਹੁਣ ਲੋਕਾਂ ਨੂੰ ਸਖਤ ਗਰਮੀ ਵਿੱਚ ਰਹਿਣ ਦੀ ਆਪਣੇ ਆਪ ਨੂੰ ਆਦਤ ਪਾ ਲੈਣੀ ਚਾਹੀਦੀ ਹੈ, ਇਹ ਬੇਹੱਦ ਨਿੰਦਣਯੋਗ ਵੀ ਹੈ ਅਤੇ ਅਫਸੋਸਨਾਕ ਵੀ ਹੈ। ਚਾਹੀਦਾ ਤਾਂ ਇਹ ਹੈ ਕਿ ਅਸੀਂ ਜਿਹੜੀਆਂ ਤਰਜੀਹਾਂ ’ਤੇ ਚੱਲ ਕੇ ਆਪਣੀ ਤਬਾਹੀ ਦੇ ਕਾਗਜ਼ਾਂ ’ਤੇ ਦਸਤਖਤ ਕੀਤੇ ਹਨ, ਉਸ ਤਬਾਹਕੁੰਨ ਅਖੌਤੀ ਵਿਕਾਸ ਤੋਂ ਮੁੜ ਕੇ ਅਸੀਂ ਧਰਤੀ ’ਤੇ ਹਰ ਤਰ੍ਹਾਂ ਦੇ ਜੀਵਨ ਲਈ ਸਾਜ਼ਗਾਰ ਹਾਲਾਤ ਪੈਦਾ ਕਰਨ ਵੱਲ ਮੁੜੀਏ। ਇਹ ਯਤਨ ਅਖੌਤੀ ਵਿਕਾਸ ਦੇ ਰਾਹ ਤੋਂ ਹਟ ਕੇ, ਮੁਨਾਫੇ ਦੀ ਅੰਨ੍ਹੀ ਦੌੜ ਛੱਡ ਕੇ, ਕੁਦਰਤ ਨਾਲ ਇੱਕਮਿਕਤਾ ਬਣਾ ਕੇ ਕੀਤੇ ਜਾਣੇ ਚਾਹੀਦੇ ਹਨ। ਇਸ ਸਮੇਂ ਮਨੁੱਖ ਨੇ ਕੁਦਰਤ ਨਾਲ ਜੰਗ ਵਿੱਢੀ ਹੋਈ ਹੈ। ਇਹ ਜੰਗ ਜੇਕਰ ਇਸੇ ਰੂਪ ਵਿੱਚ ਜਾਰੀ ਰਹੀ ਤਾਂ ਮਨੁੱਖ ਇਸ ਧਰਤੀ ਤੋਂ ਆਪਣੀਆਂ ਨਸਲਾਂ ਦਾ ਭਵਿੱਖ ਗਵਾ ਲਵੇਗਾ। ਕੁਦਰਤ ਨਾਲ ਕੀਤਾ ਹਰ ਧੋਖਾ ਇੱਕ ਨਾ ਇੱਕ ਮਨੁੱਖ ਨਾਲ ਹਿਸਾਬ ਕਰਦਾ ਹੈ। ਸਾਨੂੰ ਸਮਝਣ ਦੀ ਲੋੜ ਹੈ ਕਿ ਧਰਤੀ ਦੀ ਸਿਹਤ ਹੀ ਮਨੁੱਖ ਦੀ ਅਸਲ ਸਿਹਤ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































