“ਇਸ ਸਾਰੇ ਕੁਝ ਲਈ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਦੋਸ਼ੀ ਹਾਂ। ਦਿਵਾਲੀ ਵਾਲੇ ਦਿਨ”
(21 ਨਵੰਬਰ 2024)
ਗ੍ਰੰਥਾਂ, ਸ਼ਾਸਤਰਾਂ ਅਤੇ ਸਾਡੀ ਲੋਕਧਾਰਾ ਵਿੱਚ ਪੰਜਾਬ ਨੂੰ ਛੇ ਰੁੱਤਾਂ ਦਾ ਦੇਸ਼ ਕਿਹਾ ਗਿਆ ਹੈ। ਇਹ ਛੇ ਰੁੱਤਾਂ ਸਨ ਗਰਮੀ, ਸਰਦੀ, ਪਤਝੜ, ਬਹਾਰ, ਵਰਖਾ ਤੇ ਸੀਤ ਰੁੱਤ। ਹੁਣ ਇਹ ਖਿੱਤਾ ਛੇ ਰੁੱਤਾਂ ਵਾਲਾ ਖਿੱਤਾ ਨਹੀਂ ਰਿਹਾ ਬਲਕਿ ਇਹ ਸੱਤ ਰੁੱਤਾਂ ਵਾਲਾ ਇਲਾਕਾ ਬਣ ਗਿਆ ਹੈ। ਸਰਦੀ ਦੀ ਰੁੱਤ ਹੌਲੀ ਹੌਲੀ ਘਟ ਰਹੀ ਹੈ ਇੱਕ ਨਵੀਂ ਰੁੱਤ ਇਸ ਵਿੱਚ ਥਾਂ ਬਣਾ ਰਹੀ ਹੈ ਜੋ ਦਵਾਲੀ ਤੋਂ ਫੌਰਨ ਬਾਅਦ ਸ਼ੁਰੂ ਹੁੰਦੀ ਹੈ। ਛੇ ਰੁੱਤਾਂ, ਧਰਤੀ ਦੀ ਵਾਰਸ਼ਿਕ ਗਤੀ ਨਾਲ ਜੁੜੀਆਂ ਹੋਈਆਂ ਹਨ ਅਤੇ ਇਹ ਰੁੱਤਾਂ ਕੁਦਰਤੀ ਬਣੀਆਂ ਹਨ। ਸੱਤਵੀਂ ਰੁੱਤ ਜਿਹੜੀ ਹੁਣ ਬਣ ਰਹੀ ਹੈ, ਉਹ ਹੈ “ਧੀਮੀ ਮੌਤ ਦੀ ਰੁੱਤ”। ਇਹ ਰੁੱਤ ਦਿਵਾਲੀ ਵਾਲੇ ਦਿਨ ਤੋਂ ਸ਼ੁਰੂ ਹੁੰਦੀ ਹੈ, ਇਹ ਰੁੱਤ ਅਸੀਂ ਆਪ ਪੈਦਾ ਕੀਤੀ ਹੈ। ਸਾਨੂੰ ਮਾਣ ਹੈ ਕਿ ਅਸੀਂ ਅਖੌਤੀ ਵਿਕਾਸ ਦੇ ਕੰਧਾੜਿਆਂ ’ਤੇ ਚੜ੍ਹ ਕੇ ਇੱਕ ਸੱਤਵੀਂ ਰੁੱਤ ਦੀ ਸਿਰਜਣਾ ਕਰਨ ਵਿੱਚ ਸਫਲ ਹੋਏ ਹਾਂ। ਇਹ ਉਹ ਰੁੱਤ ਹੁੰਦੀ ਹੈ ਜਦੋਂ ਬੱਚਾ, ਬੁੱਢਾ, ਮਰਦ, ਔਰਤ ਹਰ ਕੋਈ ਹਰ ਦਿਨ ਲਗਭਗ ਤੀਹ ਸਿਗਰਟਾਂ ਜਿੰਨਾ ਧੂੰਆਂ ਆਪਣੇ ਅੰਦਰ ਖਿੱਚਦਾ ਹੈ। ਇਹ ਉਹ ਰੁੱਤ ਹੈ ਜਿਸ ਵਿੱਚ ਜੇਕਰ ਸਾਡੇ ਘਰ ਵਿੱਚ ਜੇਕਰ ਪੰਜ ਜੀਅ ਹਨ ਤਾਂ ਇਹਨਾਂ ਵਿੱਚੋਂ ਚਾਰ ਜੀਅ ਜ਼ਰੂਰ ਬਿਮਾਰ ਹੁੰਦੇ ਹਨ, ਦਵਾਈਆਂ ਖਾਂਦੇ ਹਨ। ਇਸ ਰੁੱਤ ਦੇ ਬੀਤਣ ਮਗਰੋਂ ਇੱਕਦਮ ਮਰਗਾਂ ਦੇ ਭੋਗਾਂ ਦੇ ਸੱਦੇ ਵਧ ਜਾਂਦੇ ਹਨ। ਧੂੰਏਂ ਦੇ ਪ੍ਰਕੋਪ ਵਿੱਚ 2.5 ਅਤੇ 10 ਪੀਐਮ (ਪਾਰਟੀਕੁਲੇਟ ਮੈਟਰ) ਕਣ ਹਵਾ ਵਿੱਚ ਬੜੀ ਤੇਜ਼ੀ ਨਾਲ ਵਧ ਜਾਂਦੇ ਹਨ। ਇਹ ਬਰੀਕ ਅਦਿੱਖ ਕਣ ਧਾਗਿਆਂ ਵਰਗੇ ਹੁੰਦੇ ਹਨ ਜੋ ਸਾਹ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਅੰਦਰ ਪ੍ਰਵੇਸ਼ ਕਰਦੇ ਹਨ। ਇਹ ਖੂਨ ਵਿੱਚ ਰਲਦੇ ਹਨ ਅਤੇ ਅਗਲੇ ਦਿਨਾਂ ਦੌਰਾਨ ਇਹ ਸਾਡੇ ਵਿੱਚੋਂ ਕਝ ਬੰਦਿਆਂ ਲਈ ਹਾਰਟ ਅਟੈਕ ਦਾ ਕਾਰਨ ਬਣਦੇ ਹਨ।
ਇਹ ਨਾ ਸਮਝ ਲੈਣਾ ਕਿ ਇਸ ‘ਧੀਮੀ ਮੌਤ ਦੀ ਰੁੱਤੇ’ ਕੁਝ ਦਿਨ ਛਿੱਕਾਂ, ਜੁਕਾਮ ਲੱਗਿਆ, ਸਿਟਰੀਜਿਨ ਦੀਆਂ ਗੋਲੀਆਂ ਖਾਧੀਆਂ ਤੇ ਗੱਲ ਗਈ ਆਈ ਹੋ ਗਈ। ਸਾਡੇ ਖੂਨ ਵਿੱਚ ਰਲੇ ਧੂੰਏਂ ਦੇ ਇਹ ਕਣ ਅਗਲੇ ਦਿਨਾਂ ਦੌਰਾਨ ਸਾਡੇ ਵਿੱਚੋਂ ਕਈਆਂ ਲਈ ਹਾਰਟ ਅਟੈਕ ਦਾ ਕਾਰਨ ਬਣਦੇ ਹਨ। ਪਿਛਲੇ ਕਝ ਅਰਸੇ ਤੋਂ ਇਹਨਾਂ ਮੌਤ ਦੇ ਦਿਨਾਂ ਦੇ ਬੀਤਣ ਮਗਰੋਂ ਪੰਜਾਬ ਵਿੱਚ ਹਰ ਸਾਲ ਵੱਧ ਮੌਤਾਂ ਹੋਣ ਲੱਗ ਪਈਆਂ ਹਨ। ਇਸ ਤਰ੍ਹਾਂ ਇਹ ਉਹ ਰੁੱਤ ਹੈ ਜੋ ਸਾਡੇ ਲਈ ਵੱਡਾ ਇੱਕ ਛਾਨਣਾ ਲੈ ਕੇ ਆਉਂਦੀ ਹੈ। ਛਾਨਣਾ ਲੱਗਦਾ ਹੈ ਤਾਂ ਸਾਡੇ ਵਿੱਚੋਂ ਕੁਝ ਕੁ ਲੋਕ ਅਗਲੇ ਦਿਨਾਂ ਦੌਰਾਨ ਹਸਪਤਾਲਾਂ ਵਿੱਚ ਰੁਲਦੇ ਹਨ ਤੇ ਆਖਿਰ ਇਸ ਜਵਾਨ ਤੋਂ ਵਿਦਾ ਹੋ ਜਾਂਦੇ ਹਨ। ਹਵਾ ਦਾ ਪ੍ਰਦੂਸ਼ਣ ਛਿੱਕਾਂ, ਜ਼ੁਕਾਮ, ਗਲੇ ਖਰਾਬ ਤਕ ਹੀ ਸੀਮਤ ਨਹੀਂ ਬਲਕਿ ਇਹ ਇਹ ਭਿਆਨਕ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਬਣਦਾ ਹੈ।
ਇਸ ਸਾਰੇ ਕੁਝ ਲਈ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਦੋਸ਼ੀ ਹਾਂ। ਦਿਵਾਲੀ ਵਾਲੇ ਦਿਨ ਕਾਲੇ ਧੂੰਏਂ ਦੇ ਬੱਦਲ ਹਰ ਪਿੰਡ, ਸ਼ਹਿਰ ਤੋਂ ਇੰਝ ਉੱਠਦੇ ਹਨ ਜਿਵੇਂ ਕੋਈ ਨਗਰ ਸੜ-ਬਲ ਰਿਹਾ ਹੋਵੇ। ਇਹ ਉਹ ਹੀ ਹਵਾ ਹੈ ਜਿਸ ਨੂੰ ਗੁਰੂ ਦਾ ਦਰਜਾ ਦੇਣ ਦੀ ਸਾਡੇ ਬਾਬੇ ਨੇ ਸਾਨੂੰ ਤਾਗੀਦ ਕੀਤੀ ਸੀ। ਇਸੇ ਹਵਾ ਨੂੰ ਹੁਣ ਅਸੀਂ ਵਿਆਹ ਸ਼ਾਦੀਆਂ, ਪ੍ਰਭਾਤ ਫੇਰੀਆਂ ਅਤੇ ਗੁਰਪੂਰਬ ’ਤੇ ਵੀ ਬੰਬ ਚਲਾ ਚਲਾ ਕੇ ਪਲੀਤ ਕਰਨ ਲੱਗ ਪਏ ਹਾਂ। ਬੱਸਾਂ, ਕਾਰਾਂ, ਫੈਕਟਰੀਆਂ, ਕਾਰਖਾਨਿਆਂ ਦੇ ਧੂੰਏਂ ਦੀ ਪਰਤ ਇਹਨਾਂ ਦਿਨਾਂ ਦੌਰਾਨ ਨਮੀ ਹੋਣ ਕਰਕੇ ਧਰਤੀ ਦੇ ਤਲ ਦੇ ਨੇੜੇ-ਨੇੜੇ ਰਹਿੰਦੀ ਹੈ। ਖੇਤਾਂ ਵਿੱਚ ਧੁਖਦੀ ਪਰਾਲੀ ਤੇ ਇਹ ਸਭ ਕੁਝ ਰਲ ਕੇ ਇਹਨਾਂ ਦਿਨ ਵਿੱਚ ‘ਧੀਮੀ ਮੌਤ ਦੀ ਰੁੱਤ’ ਦੀ ਸਿਰਜਣਾ ਕਰਦੇ ਹਨ। ਇਹ ਰੁੱਤ ਸਾਡੇ ਹਰ ਇੱਕ ਦੀ ਜ਼ਿੰਦਗੀ ਨੂੰ ਹਰ ਸਾਲ, ਕੁਝ ਦਿਨ ਹੋਰ ਘੱਟ ਕਰ ਰਹੀ ਹੈ। ਇਸ ਧੀਮੀ ਮੌਤ ਦੇ ਪ੍ਰਕੋਪ ਨੂੰ ਅਸੀਂ ਸਾਰੇ ਵੇਖ ਰਹੇ ਹਾਂ, ਹੰਡਾ ਰਹੇ ਹਾਂ, ਬਿਮਾਰ ਹੋ ਰਹੇ ਹਾਂ ਅਤੇ ਇਸ ਨਾਲ ਹਰ ਦਿਨ ਥੋੜ੍ਹਾ-ਥੋੜ੍ਹਾ ਮਰ ਰਹੇ ਹਾਂ। ਪਤਾ ਨਹੀਂ ਇਹ ਸਿਲਸਿਲਾ ਕਦੋਂ ਤਕ ਚਲਦਾ ਰਹੇਗਾ?
ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ, ਅਸੀਂ ਉਹ ਲੋਕ ਹਾਂ ਜੋ ਸੜਕਾਂ ਬਾਜਾਰਾਂ ਵਿੱਚ ਵੱਖ ਵੱਖ ਪਕਵਾਨਾਂ ਦੇ ਕਈ ਤਰ੍ਹਾਂ ਦੇ ਲੰਗਰ ਲਾ ਕੇ ਲੋਕਾਂ ਨੂੰ ਹੱਥ ਜੋੜ ਜੋੜ ਕੇ ਲੰਗਰ ਛਕਣ ਦੀਆਂ ਬੇਨਤੀਆਂ ਕਰਦੇ ਹਾਂ। ਪੰਜਾਬ ਦੇ ਬਹੁਤ ਸਾਰੇ ਪਿੰਡ ਹਨ, ਜਿੱਥੇ ਟੂਰਨਾਮੈਂਟਾਂ ’ਤੇ ਲੱਖਾਂ ਨਹੀਂ ਕਰੋੜਾਂ ਰੁਪਏ ਇਕੱਠੇ ਕੀਤੇ ਅਤੇ ਖਰਚ ਕੀਤੇ ਜਾਂਦੇ ਹਨ। ਅਸੀਂ ਇਹ ਵੀ ਵੇਖਦੇ ਹਾਂ ਕਿ ਸਾਡੇ ਇੱਥੇ ਕਬੱਡੀ ਮੈਚਾਂ ਦੌਰਾਨ ਪੰਜਾਹ ਪੰਜਾਹ ਲੱਖ ਇੱਕ ਇੱਕ ਰੇਡ ’ਤੇ ਲੱਗ ਜਾਂਦਾ ਹੈ। ਕੀ ਅਸੀਂ ਇਹ ਸਭ ਕੁਝ ਨਹੀਂ ਕਰ ਸਕਦੇ? ਕੀ ਅਸੀਂ ਹਰ ਪਿੰਡ ਲਈ ਅਜਿਹੇ ਸਾਧਨ ਪੈਦਾ ਨਹੀਂ ਕਰ ਸਕਦੇ ਕਿ ਕਿਸੇ ਪਿੰਡ ਦੇ ਖੇਤਾਂ ਨੂੰ ਅੱਗ ਲਾਉਣ ਦੀ ਲੋੜ ਹੀ ਨਾ ਪਵੇ? ਕੀ ਅਸੀਂ ਆਪਣੇ ਧਰਮ ਅਸਥਾਨਾਂ ਵਿੱਚ ਖੜ੍ਹ ਕੇ ਇਹ ਅਰਦਾਸ ਨਹੀਂ ਕਰ ਸਕਦੇ ਪਿੰਡ ਵਿੱਚ ਪਟਾਕੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ? ਅਸੀਂ ਹੋਰ ਮਸਲਿਆਂ ’ਤੇ ਇਕੱਠੇ ਹੋ ਜਾਂਦੇ ਹਾਂ ਪਰ ਜਿੱਥੇ ਸਾਡੀ ਜ਼ਿੰਦਗੀ ਨਾਲ ਸਿੱਧੇ ਤੌਰ ਤੇ ਜੁੜਿਆ ਜਿਊਣ ਮਰਨ ਦਾ ਮਸਲਾ ਹੋਵੇ, ਉੱਥੇ ਅਸੀਂ ਟਾਲ਼ਾ ਕਿਉਂ ਵੱਟ ਲੈਂਦੇ ਹਾਂ?
ਅਸੀਂ ਕਦੇ ਵੀ ਸਰਕਾਰ ਤੋਂ ਇਹ ਮੰਗ ਨਹੀਂ ਕੀਤੀ ਸੀ ਕਿ ਸਾਡੀਆਂ ਔਰਤਾਂ ਬੱਸਾਂ ਵਿੱਚ ਸਫਰ ਕਰਨ ਤੋਂ ਔਖੀਆਂ ਹਨ ਉਹਨਾਂ ਨੂੰ ਮੁਫਤ ਸਫਰ ਕਰਨ ਲਈ ਪਾਸ ਦਿੱਤੇ ਜਾਣ। ਅਸੀਂ ਕਦੇ ਵੀ ਇਹ ਮੰਗ ਨਹੀਂ ਕੀਤੀ ਸੀ ਕਿ ਸਾਨੂੰ ਧਾਰਮਿਕ ਅਸਥਾਨਾਂ ਦੇ ਮੁਫਤ ਦਰਸ਼ਨ ਕਰਾਏ ਜਾਣ, ਇਸ ਤੋਂ ਅਸੀਂ ਔਖੇ ਹਾਂ, ਸਾਡੀ ਇਹ ਔਖ ਦੂਰ ਕੀਤੀ ਜਾਵੇ। ਇਹੋ ਜਿਹੀਆਂ ਕਈ ਹੋਰ ਵੀ ਸਾਡੀਆਂ ਲੋੜਾਂ ਹਨ, ਜੋ ਅਸੀਂ ਮੰਗੀਆਂ ਨਹੀਂ ਸਨ ਪਰ ਸਰਕਾਰ ਨੇ ਸਾਨੂੰ ਦਿੱਤੀਆਂ। ਅਸੀਂ ਸਰਕਾਰਾਂ ਤੋਂ ਪੁੱਛਦੇ ਹਾਂ ਕਿ ਜਿੱਥੇ ਸਾਡੇ ਜੀਵਨ ਨਾਲ ਜੁੜੇ ਮਸਲੇ ਹੁੰਦੇ ਹਨ, ਉੱਥੇ ਸਰਕਾਰੀ ਮਸ਼ੀਨਰੀ ਕਿੱਥੇ ਗਾਇਬ ਹੋ ਜਾਂਦੀ ਹੈ? ਸਰਕਾਰੀ ਰੈਲੀਆਂ ਜਲਸਿਆਂ ਵਿੱਚ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਪਰ ਜੀਵਨ ਨਾਲ ਜੁੜੇ ਮਸਲਿਆਂ ’ਤੇ ਸਰਕਾਰੀ ਫੰਡਾਂ ਦੇ ਪੀਪੇ ਖਾਲੀ ਕਿਉਂ ਖੜਕਣ ਲੱਗ ਪੈਂਦੇ ਹਨ। ਕੀ ਹਰ ਪਿੰਡ ਵਿੱਚ ਪਰਾਲੀ ਇਕੱਠੀ ਕਰਨ, ਸੰਭਾਲਣ ਵਾਲੇ ਸੰਦ ਸਰਕਾਰ ਮੁਹਈਆ ਨਹੀਂ ਕਰਵਾ ਸਕਦੀ? ਕਿਉਂ ਨਾ ਕੁਝ ਹੋਰ ਫਸਲਾਂ ਦੇ ਚੰਗੇ ਭਾਅ ਕਿਸਾਨਾਂ ਨੂੰ ਦਿੱਤੇ ਜਾਣ ਤੇ ਉਹ ਝੋਨੇ ਤੋਂ ਛੁਟਕਾਰਾ ਹੀ ਪਾ ਲੈਣ?
ਸਭ ਧਿਰਾਂ ਨੂੰ ਹੀ ਅੱਜ ਸੋਚਣ ਦੀ ਲੋੜ ਹੈ। ਜਦੋਂ-ਜਦੋਂ ਵੀ ਮਨੁੱਖ ਕੁਦਰਤ ਦੇ ਕੰਮਾਂ ਵਿੱਚ ਹੱਦੋਂ ਵੱਧ ਦਖਲ ਅੰਦਾਜ਼ੀ ਕਰਦਾ ਹੈ, ਉਹਦਾ ਨਤੀਜਾ ਭਿਆਨਕ ਹੁੰਦਾ ਹੈ। ਅਸੀਂ ਆਪਣੇ ਗੁਰੂ ਬਾਬੇ ਦੇ ਬੋਲੇ ਗਏ ਸ਼ਬਦਾਂ ਨੂੰ ਕੇਵਲ ਮੱਥੇ ਹੀ ਨਾ ਟੇਕੀਏ, ਇਹਨਾਂ ਨੂੰ ਮੱਥਿਆਂ ਵਿੱਚ ਪਾਈਏ ਵੀ। ਚੰਗਾ ਹੋਵੇਗਾ ਕਿ ਅਸੀਂ ਪੰਜਾਬ ਨੂੰ ਛੇ ਰੁੱਤਾਂ ਦਾ ਖਿੱਤਾ ਹੀ ਰਹਿਣ ਦੇਈਏ ਤੇ ਸੱਤਵੀਂ ‘ਧੀਮੀ ਮੌਤ ਦੀ ਰੁੱਤ’ ਤੋਂ ਨਿਜਾਤ ਪਾਉਣ ਲਈ ਯਤਨ ਕਰੀਏ। ਆਪਣੇ ਆਪ ਤੋਂ ਲੈ ਕੇ ਬਿਮਾਰੀਆਂ ਦੁਸ਼ਵਾਰੀਆਂ ਤੋਂ ਪੀੜਤ ਲੋਕਾਂ ਅਤੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ ਸਾਹ ਲੈਣ ਲਈ ਕੋਈ ਨਾ ਕੋਈ ਹੀਲਾ ਕਰੀਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5460)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)