“ਦੁਨੀਆਂ ਨੂੰ ਹਰ ਦੌਰ ਵਿੱਚ ਚੰਗੇ ਵਿਸ਼ਾ ਮਾਹਿਰਾਂ ਤੋਂ ਵੀ ਵੱਧ ਦਾਨਿਸ਼ਵਰ ਇਨਸਾਨਾਂ ਦੀ ਲੋੜ ਰਹੀ ਹੈ। ਤਕਨੀਕੀ ਵਿਕਾਸ ...”
(27 ਅਕਤੂਬਰ 2024)
ਜੀਵ ਵਿਗਿਆਨੀ ਦੱਸਦੇ ਹਨ ਮਨੁੱਖ ਨੇ ਝੁੰਡਾਂ ਵਿੱਚ ਰਹਿਣਾ ਜਾਨਵਰਾਂ ਤੋਂ ਸਿੱਖਿਆ। ਕੁਝ ਖੋਜੀਆਂ ਦਾ ਇਹ ਵੀ ਵਿਚਾਰ ਹੈ ਕੀੜੀਆਂ ਦੇ ਸਮਾਜਿਕ ਤਾਣੇਬਾਣੇ ਨੂੰ ਸਮਝ ਕੇ ਮਨੁੱਖ ਨੇ ਝੁੰਡਾਂ ਵਿੱਚ ਰਹਿਣਾ ਸਿੱਖਿਆ। ਇਸ ਵਿੱਚ ਕਿੰਨੀ ਸਚਾਈ ਹੈ ਇਹ ਕੋਈ ਨਹੀਂ ਜਾਣਦਾ ਪਰ ਇਹ ਸੱਚ ਜ਼ਰੂਰ ਹੈ ਕਿ ਇੱਕੀਵੀਂ ਸਦੀ ਦੇ ਮਨੁੱਖ ਵੀ ਅਜੇ ਤਕ ਸਮਾਜ ਵਿੱਚ ਠੀਕ ਤਰ੍ਹਾਂ ਰਹਿਣਾ ਨਹੀਂ ਆਇਆ। ਇਹ ਜਾਤਾਂ, ਨਸਲਾਂ, ਧਰਮਾਂ ਦੇ ਨਾਮ ’ਤੇ ਵੰਡਿਆ ਹੋਇਆ ਹੈ। ਦੁਨੀਆਂ ਭਰ ਵਿੱਚ ਫਿਰਕੂਵਾਦ, ਲੜਾਈਆਂ-ਝਗੜੇ, ਦੰਗੇ-ਫਸਾਦ ਅਤੇ ਕਤਲੋਗਾਰਤ ਦੀ ਜੜ੍ਹ ਸਮਾਜਿਕ ਵਖਰੇਵੇਂ ਹਨ। ਪਿਛਲੇ ਅਰਸੇ ਤੋਂ ਮਨੀਪੁਰ ਵਿੱਚ ਦੋ ਫਿਰਕਿਆਂ ਵਿੱਚ ਹੋਏ ਸ਼ਰਮਨਾਕ ਦੰਗੇ ਫਸਾਦ ਅਤੇ ਇਜ਼ਰਾਈਲ ਅਤੇ ਫਲਸਤੀਨ ਦੀਆਂ ਜੰਗ ਦੀਆਂ ਜੜ੍ਹਾਂ ਵੀ ਮੂਲ ਰੂਪ ਵਿੱਚ ਨਸਲੀ ਅਤੇ ਮਜ਼ਹਬੀ ਵਖਰੇਵੇਂ ਹੀ ਹਨ। ਇਹ ਸਭ ਕੁਝ ਦੱਸਦਾ ਹੈ ਕਿ ਅੱਜ ਦੇ ਇਸ ਵਿਕਸਿਤ ਦੌਰ ਵਿੱਚ ਵੀ ਮਨੁੱਖੀ ਮਨ ਵਿੱਚ ਪਈਆਂ ਰੂੜ੍ਹੀਵਾਦੀ ਸੰਪਰਦਾਈ ਗੰਢਾਂ ਅਜੇ ਖੁੱਲ੍ਹੀਆਂ ਨਹੀਂ।
ਮਨੁੱਖ ਭੀੜ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਵਧੇਰੇ ਸਰੱਖਿਅਤ ਮਹਿਸੂਸ ਕਰਦਾ ਹੈ। ਭੀੜ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਬਚਣ ਦਾ ਉਪਾਅ ਹੈ। ਭੀੜ ਵਿੱਚ ਸ਼ਾਮਲ ਹੋ ਕੇ ਬੰਦਾ ਕਈ ਵਾਰ ਉਹ ਕੁਝ ਕਰ ਜਾਂਦਾ ਹੈ, ਜਿਸਦਾ ਇਕੱਲਿਆਂ ਰਹਿ ਕੇ ਉਸ ਨੇ ਕਦੇ ਕਿਆਸ ਵੀ ਨਹੀਂ ਕੀਤਾ ਹੁੰਦਾ। ਮਨੋਵਿਗਿਆਨ ਅਨੁਸਾਰ ਦੰਗੇ ਫਸਾਦ, ਸਮੂਹਕ ਕਤਲੇਆਮ, ਭੰਨ ਤੋੜ ਕਰਨ ਜਿਹੀਆਂ ਪ੍ਰਵਿਰਤੀਆਂ ਕੁਝ ਮਨੁੱਖਾਂ ਦੇ ਅੰਦਰ ਦੱਬਵੇਂ ਰੂਪ ਵਿੱਚ ਪਈਆਂ ਰਹਿੰਦੀਆਂ ਹਨ। ਇਕੱਲਿਆਂ ਮਨੁੱਖ ਇਹਨਾਂ ਪਰਵਿਰਤੀਆਂ ਨੂੰ ਅਮਲ ਵਿੱਚ ਲਿਆਉਣ ਤੋਂ ਡਰਦਾ ਹੈ ਅਤੇ ਭੀੜ ਦਾ ਹਿੱਸਾ ਬਣ ਕੇ ਉਹ ਅਜਿਹੀਆਂ ਘਟਨਾਵਾਂ ਨੂੰ ਸਰਅੰਜ਼ਾਮ ਦੇਣ ਲਈ ਰਤੀ ਭਰ ਵੀ ਨਹੀਂ ਝਿਜਕਦਾ ਕਿਉਂਕਿ ਉਹ ਸਮਝਦਾ ਹੈ ਜਦੋਂ ਤਕ ਭੀੜ ਉਸ ਦੇ ਨਾਲ ਹੈ, ਉਹ ਕੁਝ ਵੀ ਕਰ ਲਵੇ, ਕੋਈ ਪੁੱਛਣ ਵਾਲਾ ਨਹੀਂ। ਭੀੜ ਆਪਣੇ ਆਪ ਨੂੰ ਸਰੱਖਿਅਤ ਸਮਝਦੀ ਹੈ। ਮਨੁੱਖੀ ਇਤਿਹਾਸ ’ਤੇ ਨਿਗਾਹ ਮਾਰਿਆਂ ਪਤਾ ਚਲਦਾ ਹੈ ਕਿ ਜਦੋਂ ਵੀ ਕਦੇ ਕਿਸੇ ਖਿੱਤੇ ਵਿੱਚ ਮਨੁੱਖ ਉੱਤੇ ਮਨੁੱਖ ਵੱਲੋਂ ਕਹਿਰ ਢਾਹਿਆ ਗਿਆ, ਵੱਡੀਆਂ ਭੀੜਾਂ ਦੁਆਰਾ ਹੀ ਢਾਹਿਆ ਗਿਆ। ਕਿਉਂਕਿ ਮਨੁੱਖ ਜਾਣਦਾ ਹੈ ਕਿ ਭੀੜਾਂ ਨੂੰ ਸਜ਼ਾਵਾਂ ਦੇਣੀਆਂ ਮੁਸ਼ਕਿਲ ਹੁੰਦੀਆਂ ਹਨ।
ਕਿਸੇ ਸੰਪਰਦਾ ਜਾਂ ਧਰਮ ਨੂੰ ਮੰਨਣ ਵਾਲਾ ਹਰ ਵਿਅਕਤੀ ਸਮਝਦਾ ਹੈ ਕਿ ਉਹ ਪਰਮ ਤੱਤ ਦੀ ਭਾਲ ਵਿੱਚ ਤੁਰਿਆ ਹੋਇਆ ਹੈ ਤੇ ਬਹੁਤ ਜਲਦੀ ਉਹ ਪਰਮ ਤੱਤ (ਸੱਚ) ਤਕ ਪਹੁੰਚ ਜਾਏਗਾ। ਪਰ ਹਕੀਕਤ ਇਹ ਹੈ ਕਿ ਭੀੜ ਦਾ ਹਿੱਸਾ ਬਣ ਕੇ ਮਨੁੱਖ ਨੂੰ ਗਿਆਨ ਹਾਸਲ ਨਹੀਂ ਹੋ ਸਕਦਾ ਸਗੋਂ ਸਚਾਈ ਇਸ ਤੋਂ ਕੋਹਾਂ ਦੂਰ ਹੁੰਦੀ ਹੈ। ਧਰਮ, ਮਜ਼ਹਬ ਦੇ ਨਾਮ ’ਤੇ ਇਕੱਠੀਆਂ ਹੋਈਆਂ ਭੀੜਾਂ ਨਾਲ ਦੂਜਿਆਂ ’ਤੇ ਪ੍ਰਭਾਵ ਤਾਂ ਬਣਾਇਆ ਜਾ ਸਕਦਾ ਹੈ, ਦੂਜੇ ਫਿਰਕਿਆਂ ਨੂੰ ਡਰਾਇਆ ਧਮਕਾਇਆ ਤਾਂ ਜਾ ਸਕਦਾ ਹੈ ਪਰ ਸੱਚ ਅਤੇ ਗਿਆਨ ਦਾ ਅੰਸ਼ ਭੀੜ ਵਿੱਚ ਕਦੇ ਵੀ ਪੈਦਾ ਨਹੀਂ ਹੁੰਦਾ। ਭੀੜਾਂ ਸਿਰ ਰਹਿਤ ਹੁੰਦੀਆਂ ਹਨ।
ਦੁਨੀਆਂ ਵਿੱਚ ਵੱਡੀਆਂ ਤਬਦੀਲੀਆਂ ਉਹਨਾਂ ਲੋਕਾਂ ਨੇ ਕੀਤੀਆਂ ਜੋ ਕਿਸੇ ਵੀ ਸੰਪਰਦਾ ਦੇ ਸ਼ਰਧਾਲੂ ਜਾਂ ਭੀੜ ਦਾ ਹਿੱਸਾ ਨਹੀਂ ਸਨ। ਗੀਲੇਲੀਓ, ਜਿਉਨਾਰਦੋ ਬੁਰੋਨੋ, ਚਾਰਲਸ ਡਾਰਵਿਨ, ਸਿਗਮੰਡ ਫਰਾਇਡ, ਕਾਰਲ ਮਾਰਕਸ, ਲੂਈਸ ਪਾਸਚਰ, ਥਾਮਸ ਐਡੀਸਨ, ਮਾਰਕੋਨੀ, ਬੈਂਜਾਮਿਨ ਫਰੈਂਕਲਿਨ ਅਤੇ ਆਈਨਸਟਾਈਨ ਵਰਗੇ ਰੌਸ਼ਨ ਦਿਮਾਗ ਵੀ ਜੇਕਰ ਕਿਸੇ ਧਰਮ ਦੇ ਸ਼ਰਧਾਲੂ ਹੁੰਦੇ ਤਾਂ ਇਹ ਦੁਨੀਆਂ ਹੋਰ ਤਰ੍ਹਾਂ ਦੀ ਹੋਣੀ ਸੀ। ਕਿਸੇ ਸਾਧ ਸੰਤ ਤੋਂ ਭਵਜਲੋਂ ਪਾਰ ਲੰਘਣ ਦੀ ਜੁਗਤ ਸਿੱਖ ਰਹੀ ਭੀੜ ਵਿੱਚੋਂ ਇਹ ਆਸ ਨਾ ਰੱਖਿਓ ਕਿ ਉਹਨਾਂ ਵਿੱਚੋਂ ਕੋਈ ਵੱਡਾ ਵਿਦਵਾਨ, ਸਾਇੰਸਦਾਨ, ਦਾਨਿਸ਼ਵਰ ਜਾਂ ਫਿਲਾਸਫਰ ਪੈਦਾ ਹੋਵੇਗਾ। ਭੀੜ ਦੀ ਮਨੋਬਿਰਤੀ ਅੰਧਵਿਸ਼ਵਾਸੀ ਹੁੰਦੀ ਹੈ ਅਤੇ ਅੰਧਵਿਸ਼ਵਾਸ ਸਾਰਥਿਕ ਤਬਦੀਲੀ ਲਈ ਸਭ ਤੋਂ ਵੱਡਾ ਰੋੜਾ ਸਾਬਤ ਹੁੰਦਾ ਹੁੰਦਾ ਹੈ।
ਚਾਹੇ ਕੋਈ ਵੀ ਮਸਹਬ, ਸੰਪਰਦਾ ਜਾਂ ਰਾਜਨੀਤਕ ਜਮਾਤ ਹੋਵੇ, ਸਾਨੂੰ ਕਦੇ ਵੀ ਉਸ ਦੇ ਪੂਜਕ ਅਤੇ ਸ਼ਰਧਾਲੂ ਨਹੀਂ ਬਣਨਾ ਚਾਹੀਦਾ, ਸਾਨੂੰ ਹਮੇਸ਼ਾ ਵਿਵੇਕਸ਼ੀਲ ਬਣਨਾ ਚਾਹੀਦਾ ਹੈ। ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਭਾਵੇਂ ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ ਪਰ ਮੋਬਾਇਲ, ਇੰਟਰਨੈੱਟ ’ਤੇ ਵੀ ਰਾਜਨੀਤਕ ਅਤੇ ਧਾਰਮਿਕ ਸ਼ਰਧਾਲੂਆਂ ਦੀਆਂ ਸਿਰ ਰਹਿਤ ਭੀੜਾਂ ਦੇ ਵੱਡੇ ਗਰੁੱਪ ਬਣ ਗਏ ਹਨ। ਨੈੱਟਵਰਕ ਨੂੰ ਕੰਟਰੋਲ ਕਰਨ ਅਤੇ ਆਪਣੀ ਗੱਲ ਨੂੰ ਅੱਗੇ ਰੱਖਣ ਵਾਲੇ ਆਈ ਟੀ ਸੈਂਟਰ ਸਥਾਪਤ ਹੋ ਰਹੇ ਹਨ। ਇਹ ਇੱਕ ਤਰ੍ਹਾਂ ਨਾਲ ਭਵਿੱਖ ਦੇ ਨੈੱਟਵਰਕ ਗੈਂਗ ਬਣ ਰਹੇ ਹਨ ਜੋ ਕਿ ਸਾਡੀ ਨਵੀਂ ਪੀੜ੍ਹੀ ਦੇ ਵਿਵੇਕ ਲਈ ਬਹੁਤ ਨਿਰਾਸ਼ਜਨਕ ਹੈ। ਜਿੱਥੇ ਧਾਰਮਿਕ ਸ਼ਰਧਾਲੂਆਂ ਦੀ ਭੀੜ ਹੈ, ਉੱਥੇ ਰਾਜਨੀਤਕ ਸ਼ਰਧਾਲੂ ਉਹਨਾਂ ਤੋਂ ਚਾਰ ਕਦਮ ਅਗਾਂਹ ਹਨ। ਸੋਸ਼ਲ ਸਾਇਟਾਂ ’ਤੇ ਵੱਖ ਵੱਖ ਧਰਮਾਂ, ਮਜ਼ਹਬਾਂ ਦੇ ਗਰੁੱਪ ਨਵੀਂ ਪੀੜ੍ਹੀ ਵਿੱਚ ਫਿਰਕੂ ਜ਼ਹਿਰਾਂ ਦੇ ਬੀਜ ਬੀਜ ਰਹੇ ਹਨ। ਸੋਸ਼ਲ ਮੀਡੀਆ ਦੀ ਗਰੁੱਪਬਾਜ਼ੀ ਮਨੁੱਖਾਂ ਵਿੱਚ ਨਵੀਂ ਕਿਸਮ ਦੇ ਵਖਰੇਵੇਂ ਪੈਦਾ ਕਰ ਰਹੀ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਭਵਿੱਖ ਵਿੱਚ ਇਹ ਸਭ ਕੁਝ ਹੋਰ ਵਧਣ ਜਾ ਰਿਹਾ ਹੈ।
ਇਸ ਦੁਨੀਆਂ ਨੂੰ ਜੇਕਰ ਕਦੇ ਬਦਲਿਆ ਹੈ ਤਾਂ ਕੁਝ ਵਿਚਾਰਸ਼ੀਲ ਲੋਕਾਂ ਨੇ ਬਦਲਿਆ ਹੈ, ਭੀੜ ਨੇ ਨਹੀਂ। ਜੋ ਕਦੇ ਵੀ ਭੀੜ ਦਾ ਹਿੱਸਾ ਨਹੀਂ ਬਣਦੇ ਉਹ ਨਵੀਂਆਂ ਖੋਜਾਂ ਖੋਜਦੇ ਹਨ, ਨਵੀਂਆਂ ਪੈੜਾਂ ਪਾਉਂਦੇ ਹਨ। ਜਿੱਥੇ ਸਮਾਜ ਵਿੱਚ ਵੱਖ ਫਿਰਕਿਆਂ ਵਿੱਚ ਆਪਸੀ ਟਕਰਾਅ ਅਕਸਰ ਪੈਦਾ ਹੁੰਦੇ ਰਹਿੰਦੇ ਹਨ, ਉੱਥੇ ਇਹ ਤੀਜੀ ਕਿਸਮ ਦੇ ਤਰਕਸ਼ੀਲ, ਵਿਚਾਰਸ਼ੀਲ, ਚਿੰਤਕ ਲੋਕ ਆਮ ਲੋਕਾਂ ਅਜਿਹੀਆਂ ਪ੍ਰਸਥਿਤੀਆਂ ਦੇ ਗੰਭੀਰ ਸਿੱਟਿਆਂ ਤੋਂ ਸੁਚੇਤ ਕਰਦੇ ਰਹਿੰਦੇ ਹਨ। ਇਹ ਸਮੇਂ ਦੇ ਹਰ ਦੌਰ ਵਿੱਚ ਭੀੜਾਂ ਤੋਂ ਵੱਖਰੇ ਹੀ ਰਹੇ। ਉਹਨਾਂ ਨੂੰ ਭਾਵੇਂ ਉਹਨਾਂ ਦੇ ਸਮੇਂ ਵਿੱਚ ਕਾਫਰ, ਨਾਸਤਿਕ ਆਖਿਆ ਗਿਆ ਪਰ ਉਹਨਾਂ ਨੇ ਭੀੜ ਤੋਂ ਵੱਖ ਹੋ ਕੇ ਆਪਣੇ ਨਵੇਕਲੇ ਅੰਦਾਜ਼ ਵਿੱਚ ਹਮੇਸ਼ਾ ਲੋਕ ਹਿਤਾਂ ਦੀ ਗੱਲ ਕੀਤੀ। ਉਹਨਾਂ ਨੇ ਰੱਬ, ਧਰਮ, ਮਸਹਬ ’ਤੇ ਵੀ ਕਿੰਤੂ ਕਰਨ ਤੋਂ ਸੰਕੋਚ ਨਹੀਂ ਕੀਤਾ, ਇਹਦੀ ਭਾਵੇਂ ਉਹਨਾਂ ਨੂੰ ਕਿੰਨੀ ਵੀ ਵੱਡੀ ਕੀਮਤ ਕਿਉਂ ਨਾ ਤਾਰਨੀ ਪਈ। ਸਮਾਜ ਵਿੱਚ ਜਦੋਂ ਵੀ ਕਦੇ ਅੱਜ ਵਰਗੇ ਹਾਲਾਤ ਪੈਦਾ ਹੋਏ, ਬੁੱਲੇ ਸ਼ਾਹ ਜਿਹੇ ਫੱਕਰ ਦੇ ਮਨ ਵਿੱਚ ਖਿਆਲ ਆਇਆ ਹੋਏਗਾ:
ਧਰਮਸਾਲ ਧੜਵਈ ਰਹਿੰਦੇ, ਠਾਕਰ ਦੁਆਰੇ ਠੱਗ।
ਵਿੱਚ ਮਸੀਤਾਂ ਰਹਿਣ ਕਸੱਤੀਏ, ਆਸ਼ਕ ਰਹਿਣ ਅਲੱਗ।
ਅੱਜ ਜਿਵੇਂ ਸਾਡੇ ਸਮਾਜ ਵਿੱਚ ਫਿਰਕਾਪ੍ਰਸਤੀ ਦਾ ਬੋਲਬਾਲਾ ਵਧ ਰਿਹਾ ਹੈ, ਧਰਮਾਂ, ਮਜ਼ਹਬਾਂ, ਸੰਪਰਦਾਵਾਂ ਉੱਤੇ ਉਹ ਲੋਕ ਕਾਬਜ਼ ਹੋ ਰਹੇ ਹਨ, ਜਿਹੜੇ ਸਮਾਜਿਕ ਕਦਰਾਂ ਕੀਮਤਾਂ ਤੋਂ ਆਪ ਸੱਖਣੇ ਹਨ। ਇਸ ਸਮੇਂ ਉਹਨਾਂ ਦੀ ਹਾਲਤ ਇਹ ਹੈ, ਸਮਾਜ ਵਿੱਚ ਜੋ ਕੁਝ ਮਰਜ਼ੀ ਹੋਈ ਜਾਵੇ, ਉਹ ਆਪਣੇ ਡੇਰਿਆਂ ਵਿੱਚ ਵਿਹਲੇ ਬੈਠੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਐਸ਼ਮਈ ਜ਼ਿੰਦਗੀ ਬਤੀਤ ਕਰ ਰਹੇ ਹਨ। ਇਹ ਆਪਣੇ ਸੇਵਕਾਂ ਚੇਲਿਆਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਨ ਦੀ ਬਜਾਏ, ਉਹਨਾਂ ਤੋਂ ਅਲੱਗ ਕਰ ਰਹੇ ਹਨ। ਲੱਖਾਂ ਲੋਕਾਂ ਦੇ ਰੋਲ ਮਾਡਲ ਬਣੇ ਇਹ ਲੋਕ ਸਮਾਜ ਵਿੱਚ ਪਸਰੀਆਂ ਕੁਰੀਤੀਆਂ ਪ੍ਰਤੀ ਜੋ ਲੋਕਾਂ ਵਿੱਚ ਰੋਹ ਪੈਦਾ ਹੋਣਾ ਹੁੰਦਾ ਹੈ, ਉਹਨੂੰ ਸ਼ਾਂਤ ਕਰਨ ਦਾ ਕੰਮ ਕਰਦੇ ਹਨ। ਸਮਾਜਿਕ ਤਬਦੀਲੀ ਲਈ ਰੁਕਾਵਟ ਬਣਦੇ ਹਨ। ਸਮਾਜ ਨੂੰ ਹਰ ਦੌਰ ਵਿੱਚ ਜਾਗਦੇ ਰੱਖੇ ਜਾਣ ਲਈ ਬੁਲੰਦ ਸੋਚ ਅਤੇ ਬੁਲੰਦ ਆਵਾਜ਼ ਦੀ ਲੋੜ ਹੁੰਦੀ ਹੈ, ਜੋ ਸੱਚ ਨੂੰ ਸੱਚ, ਝੂਠ ਨੂੰ ਝੂਠ ਅਤੇ ਬਾਬਰ ਨੂੰ ਜਾਬਰ ਕਹਿਣ ਦੀ ਜੁਰਅਤ ਕਰ ਸਕੇ।
ਅੱਜ ਭੀੜ ਦਾ ਹਿੱਸਾ ਬਣੇ ਲੋਕ ਆਪਣੇ ਆਪ ਨੂੰ ਬੁੱਲੇ ਸ਼ਾਹ ਅਤੇ ਗੁਰੂ ਨਾਨਕ ਦੇ ਵਾਰਸ ਤਾਂ ਮੰਨਦੇ ਹਨ ਪਰ ਉਹਨਾਂ ਦੀ ਕਹੀ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਹਨ। ਮਨੁੱਖ ਦੀ ਫਿਤਰਤ ਹਮੇਸ਼ਾ ਇਹ ਰਹੀ ਹੈ ਉਹ ਜਿਸ ਕਿਸੇ ਵੀ ਵਿਚਾਰਧਾਰਾ ਨੂੰ ਮੰਨਣਾ ਚਾਹੁੰਦਾ ਹੈ, ਉਸ ਨੂੰ ਰੱਬੀ ਮੰਨ ਕੇ ਪੂਜਣ ਲੱਗ ਜਾਂਦਾ ਹੈ, ਮੱਥੇ ਟੇਕਣ ਲੱਗ ਜਾਂਦਾ ਹੈ ਅਤੇ ਸਮਝਦਾ ਹੈ ਕਿ ਅਜਿਹਾ ਕਰ ਕੇ ਉਸ ਦੇ ਛੋਟੇ ਮੋਟੇ ਸਵਾਰਥਾਂ ਦੀ ਪੂਰਤੀ ਹੁੰਦੀ ਰਹੇਗੀ। ਪਰ ਅਸੀਂ ਮਹਾਨ ਲੋਕਾਂ ਦੀ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਹਾਂ। ਸਮੇਂ ਦੇ ਹਰ ਦੌਰ ਵਿੱਚ ਸਮਾਜ ਨੂੰ ਪੂਜਕ ਸ਼ਰਧਾਲੂਆਂ ਦੀ ਨਹੀਂ ਬਲਕਿ ਵਿਵੇਕਸ਼ੀਲ ਮਨੁੱਖਾਂ ਦੀ ਲੋੜ ਹੁੰਦੀ ਹੈ। ਪੂਜਕ ਅਤੇ ਸ਼ਰਧਾਲੂ ਚਾਹੇ ਰਾਜਨੀਤਕ ਹੋਵੇ, ਚਾਹੇ ਧਾਰਮਿਕ, ਇਹ ਸਾਰਥਕ ਤਬਦੀਲੀ ਲਈ ਹਮੇਸ਼ਾ ਖਤਰਨਾਕ ਸਾਬਤ ਹੁੰਦਾ ਹੈ। ਆਪਣੇ ਸਮੇਂ ਦੌਰਾਨ ਬਹੁਤ ਪਹਿਲਾਂ ਜਦੋਂ ਸਪੀਕਰਾਂ ਦੇ ਸ਼ੋਰ-ਗੁੱਲ ਦਾ ਅਜੇ ਨਾਮ ਨਿਸ਼ਾਨ ਵੀ ਨਹੀਂ ਹੁੰਦਾ ਸੀ, ਕਬੀਰ ਸਾਹਿਬ ਨੇ ਇੱਕ ਸਲੋਕ ਵਿੱਚ ਮੁੱਲਾਂ ਨੂੰ ਪੱਛਿਆ:
ਕਬੀਰ ਮੁਲਾਂ ਮਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ।।
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ।।
ਕਿ ਜਿਸ ਖੁਦਾ ਨੂੰ ਰੋਜ਼ ਉੱਚੀ ਉੱਚੀ, ਵਾਰ ਵਾਰ ਆਵਾਜਾਂ ਮਾਰਦਾ ਹੈਂ, ਪਕਾਰਦਾ ਹੈ, ਉਹ ਕੋਈ ਬੋਲਾ ਹੈ? ਅਸੀਂ ਬਾਣੀ ਵਿੱਚ ਅੱਜ ਵੀ ਵਾਰ ਵਾਰ ਇਹ ਸਲੋਕ ਪੜ੍ਹਦੇ ਸੁਣਦੇ ਹਾਂ ਪਰ ਉੱਚੀ ਸਪੀਕਰ ਲਾ ਕੇ ਦਿਨ ਰਾਤ ਰੱਬ ਨੂੰ ਆਵਾਜ਼ ਦੇਣ ਲੱਗੇ ਹੋਏ ਹਾਂ। ਕਈ ਸਾਧ ਬਾਬੇ ਤਾਂ ਲਗਾਤਾਰ ਪਾਠਾਂ ਦੀਆਂ ਲੜੀਆਂ ਹੀ ਰੱਖ ਲੈਂਦੇ ਹਨ, ਜੋ ਮਹੀਨਿਆਂ ਬੱਧੀ ਚਲਦੀਆਂ ਰਹਿੰਦੀਆਂ ਹਨ। ਉਹ ਰੱਬ ਕਿਹੋ ਜਿਹਾ ਰੱਬ ਹੋਵੇਗਾ, ਜੋ ਬੰਦੇ ਦੇ ਵਾਰ ਵਾਰ ਰੱਬ ਰੱਬ ਕਰਨ ਨਾਲ ਖੁਸ਼ੀ ਵਿੱਚ ਝੂਮਣ ਲੱਗ ਪੈਂਦਾ ਹੈ? ਮਨੁੱਖ ਦੀ ਸੋਚ ਨੂੰ ਬੰਨ੍ਹ ਕੇ ਰੱਖਣ ਲਈ ਇਹ ਸਭ ਤਰ੍ਹਾਂ ਦੀਆਂ ਘਾੜਤਾਂ ਸ਼ਾਤਰ ਲੋਕਾਂ ਨੇ ਹੀ ਘੜੀਆਂ ਹਨ।
ਰਾਜਨੀਤਕ ਅਤੇ ਸਮਾਜਿਕ ਨਿਘਾਰ ਤੋਂ ਸਮਾਜ ਨੂੰ ਉਭਾਰਨ ਲਈ ਸ਼ਰਧਾ ਨਹੀਂ ਬਲਕਿ ਵਿਵੇਕ ਦੀ ਲੋੜ ਹੈ। ਵਿਵੇਕਸ਼ੀਲ ਮਨੁੱਖ ਹੀ ਸਮਾਜ ਨੂੰ ਹੋਰ ਸੋਹਣਾ ਬਣਾਉਣ ਦਾ ਯਤਨ ਕਰਦਾ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਮਨੁੱਖ ਨੂੰ ਜੋ ਸਿੱਖਿਆ ਦਿੱਤੀ ਜਾ ਰਹੀ ਹੈ, ਇਹ ਸਿੱਖਿਆ ਵੱਖ ਵੱਖ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਕਾਮੇ ਤਾਂ ਪੈਦਾ ਕਰਦੀ ਹੈ ਪਰ ਮਨੁੱਖ ਨੂੰ ਵਿਵੇਕਸ਼ੀਲ ਨਹੀਂ ਬਣਾਉਂਦੀ। ਦੁਨੀਆਂ ਨੂੰ ਹਰ ਦੌਰ ਵਿੱਚ ਚੰਗੇ ਵਿਸ਼ਾ ਮਾਹਿਰਾਂ ਤੋਂ ਵੀ ਵੱਧ ਦਾਨਿਸ਼ਵਰ ਇਨਸਾਨਾਂ ਦੀ ਲੋੜ ਰਹੀ ਹੈ। ਤਕਨੀਕੀ ਵਿਕਾਸ ਦੇ ਇਸ ਦੌਰ ਵਿੱਚ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਨੁੱਖ ਹਰ ਦਿਨ ਬਦਲ ਰਿਹਾ ਹੈ। ਇਹ ਤਬਦੀਲੀ ਮਨੁੱਖੀ ਮਨ ’ਤੇ ਕੀ ਪ੍ਰਵਾਵ ਪਾਵੇਗੀ, ਇਸਦਾ ਸਹੀ ਸਹੀ ਅੰਦਾਜ਼ਾ ਫਿਲਹਾਲ ਕਿਸੇ ਨੂੰ ਨਹੀਂ ਹੈ। ਵਿਗਿਆਨਕ ਵਿਕਾਸ ਦੇ ਇਸ ਦੌਰ ਵਿੱਚ ਇਹ ਬੜਾ ਜ਼ਰੂਰੀ ਹੈ ਕਿ ਸਾਡੀ ਸੋਚ ਵੀ ਵਿਗਿਆਨਕ ਹੋਵੇ, ਤਾਂ ਹੀ ਅਸੀਂ ਅੱਜ ਦੇ ਦੌਰ ਦੇ ਤੇਜ਼ੀ ਨਾਲ ਬਦਲ ਰਹੇ ਵਰਤਾਰਿਆਂ ਨੂੰ ਸਮਝ ਸਕਦੇ ਹਾਂ। ਅਸੀਂ ਇੱਕ ਤਰ੍ਹਾਂ ਤਕਨੀਕੀ ਵਿਕਾਸ ਦੇ ਹੜ੍ਹ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਇਸ ਦੌਰ ਨੂੰ ਸਮਝਣ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਅੰਧਵਿਸ਼ਵਾਸੀ ਮਨੋਬਿਰਤੀ ਦਾ ਤਿਆਗ ਕਰਕੇ ਸੁਚੇਤ ਮਨੁੱਖ ਬਣੀਏ।
ਸਾਨੂੰ ਚਾਹੀਦਾ ਹੈ ਕਿ ਅਸੀਂ ਮਨੁੱਖ ਦੇ ਵਿਵੇਕ ’ਤੇ ਜ਼ੋਰ ਦੇਈਏ। ਸਮਾਜ ਨੂੰ ਚੰਗਾ ਬਣਾਉਣ ਲਈ ਉੱਪਰੋਂ ਕਿਸੇ ਗੈਬੀ ਤਾਕਤ ਨੇ ਕਦੇ ਨਹੀਂ ਆਉਣਾ। ਸਮਾਜ ਨੂੰ ਮਾੜਾ ਬਣਾਉਣ ਲਈ ਮਨੁੱਖ ਹੀ ਜ਼ਿੰਮੇਵਾਰ ਹੁੰਦੇ ਹਨ ਅਤੇ ਮਨੁੱਖ ਕੋਲ ਹੀ ਇਸ ਨੂੰ ਚੰਗਾ ਬਣਾਉਣ ਦੀ ਸਮਰੱਥਾ ਹੈ। ਸੋ ਆਓ, ਸਮਾਜ ਵਿੱਚ ਫੈਲੀ ਹਰ ਤਰ੍ਹਾਂ ਦੀ ਹਨੇਰਗਰਦੀ ਖਿਲਾਫ ਵਿਵੇਕਸ਼ੀਲ ਬਣਕੇ ਆਪਣੇ ਹਿੱਸੇ ਦਾ ਚਾਨਣ ਕਰਨ ਲਈ ਯਤਨਸ਼ੀਲ ਹੋਈਏ।
* * * * *
(ਬਹੁਤ ਫਰਕ ਹੁੰਦਾ ਹੈ,
ਇੱਕ ਕੁੱਤੇ ਅਤੇ ਕੁਤੀੜ ਵਿੱਚ,
ਇੱਕ ਬੰਦੇ ਅਤੇ ਭੀੜ ਵਿੱਚ।
ਕੁਤੀੜ ਤੋਂ ਬਚੋ, ਭੀੜ ਤੋਂ ਬਚੋ। ... ਸਰੋਕਾਰ)
* * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5396)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.