“ਸੋਚ ਵਿਚਾਰ ਦਾ ਵਿਕਾਸ ਅਤੇ ਆਪਣੇ ਇਤਿਹਾਸ, ਵਿਰਸੇ ਦੇ ਮਹਾਨ ਲੋਕਾਂ ਦੀਆਂ ਨਿੱਗਰ ਕਦਰਾਂ ਕੀਮਤਾਂ ...”
(9 ਫਰਵਰੀ 2023)
ਆਦਿ ਕਾਲ ਤੋਂ ਅੱਜ ਤਕ ਦੀ ਸੱਭਿਅਤਾ ਤਕ ਮਨੁੱਖ ਨੇ ਆਪਣੀ ਵਰਤੋਂ ਲਈ ਹਜ਼ਾਰਾਂ ਵਸਤਾਂ ਬਣਾਈਆਂ ਪਰ ਉਸ ਦੀ ਹੁਣ ਤਕ ਦੀ ਸਭ ਤੋਂ ਉੱਤਮ ਕਿਰਤ ਕਿਤਾਬ ਹੈ।
ਕਈ ਸਦੀਆਂ ਦੇ ਯਤਨਾਂ ਮਗਰੋਂ ਮਨੁੱਖ ਅੱਖਰ ਬਣਤਰ ਤਕ ਪਹੁੰਚਿਆ। ਅੱਖਰਾਂ ਤੋਂ ਸ਼ਬਦ ਬਣੇ, ਸ਼ਬਦਾਂ ਤੋਂ ਵਾਕ ਤੇ ਵਾਕਾਂ ਤੋਂ ਪੋਥੀਆਂ ਤੇ ਗ੍ਰੰਥ ਬਣੇ। ਸ਼ਬਦ ਬਹੁਤ ਵੱਡੀ ਤਾਕਤ ਹੁੰਦੇ ਹਨ। ਸਾਡੇ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਗੁਰੂ-ਸ਼ਬਦ ਆਖ ਨੇ ਸਾਨੂੰ ਇਹਨਾਂ ਦੀ ਮਹਾਨਤਾ ਦਾ ਅਹਿਸਾਸ ਕਰਾਇਆ। ਕਿਹਾ ਜਾਂਦਾ ਹੈ ਕਿ ਪੱਥਰ ਖੁਰ ਜਾਂਦੇ ਹਨ ਪਰ ਸ਼ਬਦ ਨਹੀਂ।
ਰਿਗਵੇਦ ਨੂੰ ਦੁਨੀਆਂ ਦਾ ਸਭ ਤੋਂ ਪਹਿਲਾ ਗ੍ਰੰਥ ਮੰਨਿਆ ਜਾਂਦਾ ਹੈ। ਇਹ ਗ੍ਰੰਥ 3500 ਤੋਂ 4000 ਸਾਲ ਪੁਰਾਣਾ ਹੈ। ਰਿਗਵੇਦ ਦੀ ਰਚਨਾ ਪੰਜਾਬ ਵਿੱਚ ਹੋਈ। ਪੰਜਾਬੀਆਂ ਨੂੰ ਇਹ ਮਾਣ ਹੈ ਜਦੋਂ ਪੂਰੀ ਦੁਨੀਆਂ ਦੇ ਲੋਕ ਜੰਗਲਾਂ ਪਹਾੜਾਂ ਜਾਨਵਰਾਂ ਵਰਗਾ ਜੀਵਨ ਬਤੀਤ ਕਰ ਰਹੇ ਸਨ ਤਾਂ ਉਸ ਸਮੇਂ ਇੱਥੋਂ ਦੇ ਲੋਕਾਂ ਦੀ ਸ਼ਬਦ ਨਾਲ ਸਾਂਝ ਬਣ ਚੁੱਕੀ ਸੀ। ਪਹਿਲਾਂ ਮਨੁੱਖ ਨੇ ਪੱਥਰਾਂ ਉੱਤੇ ਲਿਖਣਾ ਸ਼ੁਰੂ ਕੀਤਾ, ਮਗਰੋਂ ਪੱਤਿਆਂ ਤੇ ਉਸ ਤੋਂ ਮਗਰੋਂ ਜਦੋਂ ਉਸ ਨੂੰ ਕੱਪੜਾ ਬੁਨਣ ਦੀ ਜਾਂਚ ਆਈ ਤਾਂ ਉਹ ਕੱਪੜੇ ਉੱਤੇ ਲਿਖਣ ਲੱਗਾ। ਕਈ ਸਦੀਆਂ ਮਗਰੋਂ ਉਸ ਨੇ ਕਾਗਜ਼ ਦੀ ਖੋਜ ਕੀਤੀ ਤੇ ਕਿਤਾਬਾਂ ਹੋਂਦ ਵਿੱਚ ਆਈਆਂ।
ਸ਼ਬਦ ਦੀ ਸ਼ਕਤੀ ਕੀ ਹੈ? ਇਸ ਬਾਰੇ ਇੱਕ ਕਥਾ ਹੈ ਕਿ ਇੱਕ ਵਾਰ ਇੱਕ ਰਾਜਾ ਇੱਕ ਵਿਦਵਾਨ ਤੋਂ ਬੜਾ ਪ੍ਰਭਾਵਤ ਸੀ। ਉਸ ਨੇ ਉਹ ਵਿਦਵਾਨ ਨੂੰ ਕਿਹਾ ਕਿ ਮੈਂਨੂੰ ਕੁਝ ਕੋਈ ਅਜਿਹਾ ਮੰਤਰ ਦਿਓ ਜੋ ਹਰ ਸੰਕਟ ਵਿੱਚ ਕੰਮ ਆ ਸਕੇ। ਵਿਦਵਾਨ ਨੇ ਰਾਜੇ ਨੂੰ ਕਿਹਾ ਕਿ ਉਹ ਦੋ ਮਹੀਨੇ ਬਾਅਦ ਮੇਰੇ ਕੋਲ ਆਵੇ। ਜਦੋਂ ਰਾਜਾ ਦੁਬਾਰਾ ਗਿਆ ਤਾਂ ਵਿਦਵਾਨ ਨੇ ਉਹਨੂੰ ਇੱਕ ਅੰਗੂਠੀ ਦਿੰਦਿਆਂ ਰਾਜੇ ਨੂੰ ਕਿਹਾ ਇਹਦੇ ਨਗ ਦੇ ਹੇਠ ਇੱਕ ਕਾਗਜ਼ ਦੇ ਛੋਟੇ ਟੁਕੜੇ ’ਤੇ ਕੁਝ ਸ਼ਬਦ ਲਿਖੇ ਹਨ। ਇਹ ਸੰਕਟ ਸਮੇਂ ਤੁਹਾਡੀ ਅਗਵਾਈ ਕਰਨਗੇ। ਪਰ ਯਾਦ ਰੱਖਣਾ ਮੁੰਦਰੀ ਦੇ ਇਸ ਨਗ ਨੂੰ ਉਦੋਂ ਹੀ ਉਖਾੜਨਾ ਤੇ ਪੜ੍ਹਨਾ, ਜਦੋਂ ਸਭ ਹੀਲੇ ਸਮਾਪਤ ਹੋ ਜਾਣ, ਪਹਿਲਾਂ ਨਹੀਂ।
ਸਮਾਂ ਬੀਤਿਆ। ਕਈ ਸੰਕਟ ਤੇ ਸਮੱਸਿਆਵਾਂ ਆਈਆਂ ਤੇ ਚਲੀਆਂ ਗਈਆਂ ਪਰ ਰਾਜੇ ਨੇ ਮੁੰਦਰੀ ਦਾ ਨਗ ਉਖਾੜ ਕੇ ਨਾ ਵੇਖਿਆ। ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਗੁਆਂਢੀ ਰਾਜੇ ਨੇ ਉਸ ਦੇ ਰਾਜ ਦੇ ਹਮਲਾ ਕਰ ਦਿੱਤਾ। ਘਮਸਾਣ ਦਾ ਯੁੱਧ ਹੋਇਆ। ਰਾਜੇ ਦੀ ਫੌਜ ਗੁਆਂਢੀ ਰਾਜੇ ਦੀ ਫੌਜ ਅੱਗੇ ਹਾਰ ਗਈ। ਹਾਰ ਨੂੰ ਦੇਖਦਿਆਂ ਰਾਜਾ ਜੰਗ ਆਪਣੀ ਜਾਨ ਬਚਾਉਣ ਲਈ ਘੋੜੇ ’ਤੇ ਯੁੱਧ ਦੇ ਮੈਦਾਨ ਵਿੱਚ ਭੱਜ ਨਿਕਲਿਆ ਪਰ ਦੁਸ਼ਮਣ ਦੀ ਫੌਜ ਨੂੰ ਪਤਾ ਲੱਗ ਗਿਆ। ਦੁਸ਼ਮਣ ਫੌਜ ਦੀ ਟੁਕੜੀ ਰਾਜੇ ਦਾ ਪਿੱਛਾ ਕਰਨ ਲੱਗੀ। ਪਹਾੜੀ ਇਲਾਕੇ ਵਿੱਚ ਰਾਜਾ ਦੁਸ਼ਮਣ ਦੀ ਫੌਜ ਤੋਂ ਬਚਦਾ ਬਚਾਉਂਦਾ ਇੱਕ ਪਹਾੜੀ ਰਸਤੇ ਦਾ ਮੋੜ ਮੁੜ ਗਿਆ। ਮੋੜ ਮੁੜਦਿਆਂ ਕੁਝ ਫਾਸਲੇ ’ਤੇ ਰਸਤਾ ਮੁੱਕ ਗਿਆ। ਅੱਗੇ ਡੂੰਘੀ ਖਾਈ ਸੀ। ਰਾਜੇ ਦਾ ਘੋੜਾ ਖਾਈ ਵਿੱਚ ਡਿਗਦਾ ਡਿੱਗਦਾ ਮਸਾਂ ਬਚਿਆ। ਦੁਸ਼ਮਣ ਫੌਜ ਪਿੱਛੇ ਆ ਰਹੀ ਸੀ। ਰਾਜੇ ਨੂੰ ਇਸ ਸਮੇਂ ਮੁੰਦਰੀ ਦਾ ਖਿਆਲ ਆਇਆ। ਉਸ ਨੇ ਛੁਰੀ ਦੀ ਨੋਕ ਨਾਲ ਮੁੰਦਰੀ ਦਾ ਨਗ ਉਖਾੜਿਆ। ਕਾਗਜ਼ ਕੱਢਿਆ, ਪੜ੍ਹਿਆ, ਉੱਪਰ ਲਿਖਿਆ ਸੀ “ਇਹ ਵਕਤ ਵੀ ਬੀਤ ਜਾਵੇਗਾ।” ਇਹਨਾਂ ਸ਼ਬਦਾਂ ਨਾਲ ਰਾਜੇ ਅੰਦਰ ਵਿਲੱਖਣ ਊਰਜਾ ਦਾ ਸੰਚਾਰ ਹੋਇਆ। ਰਾਜੇ ਨੇ ਮੁੰਦਰੀ ਨੂੰ ਬੰਦ ਕਰਕੇ ਆਪਣੇ ਚੋਲੇ ਦੇ ਖੀਸੇ ਵਿੱਚ ਸੰਭਾਲ ਲਿਆ।
ਦੁਸ਼ਮਣ ਦੀ ਫੌਜ ਮੋੜ ਮੁੜਨ ਦੀ ਬਜਾਏ ਅੱਗੇ ਲੰਘ ਗਈ। ਰਾਜੇ ਦੀ ਜਾਨ ਬਚ ਗਈ। ਕਈ ਮਹੀਨਿਆਂ ਦੀ ਮਿਹਨਤ ਮਗਰੋਂ ਉਸ ਨੇ ਲੁਕਵੀ ਥਾਂ ’ਤੇ ਆਪਣੀ ਫੌਜ ਨੂੰ ਸੰਗਠਨ ਕਰਨਾ ਸ਼ੁਰੂ ਕੀਤਾ। ਮਿੱਤਰ ਰਾਜਿਆਂ ਦੀ ਮਦਦ ਲਈ ਵੱਡੀ ਫੌਜ ਬਣਾ ਕੇ ਦੁਸ਼ਮਣ ਰਾਜੇ ਨੂੰ ਮੈਦਾਨ ਏ ਜੰਗ ਵਿੱਚ ਲਲਕਾਰਿਆ ਤੇ ਯੁੱਧ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਆਪਣਾ ਰਾਜ ਭਾਗ ਮੁੜ ਆਪ ਸੰਭਾਲ਼ ਲਿਆ। ਰਾਜਾ ਹੁਣ ਵੀ ਉਹਨਾਂ ਸ਼ਬਦਾਂ ‘ਇਹ ਸਮਾਂ ਵੀ ਬੀਤ ਜਾਵੇਗਾ’ ਨੂੰ ਕਦੇ ਕਦੇ ਪੜ੍ਹਦਾ। ਸ਼ਬਦ ਉਹਨੂੰ ਅਹਿਸਾਸ ਕਰਾਉਂਦੇ – ਚੰਗਾ, ਮਾੜਾ, ਦੋਹਾਂ ਤਰ੍ਹਾਂ ਦਾ ਸਮਾਂ ਸਦਾ ਨਹੀਂ ਰਹਿਣਾ ਹੁੰਦਾ।
ਜਫਰਨਾਮੇ ਦੇ ਸ਼ਬਦਾਂ ਦੀ ਸ਼ਕਤੀ ਸੀ ਕਿ ਔਰੰਗਜੇਬ ਨੂੰ ਉਹਦੇ ਜ਼ੁਲਮ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀ ਸ਼ਿੱਦਤ ਨਾਲ ਅਹਿਸਾਸ ਕਰਾਇਆ ਕਿ ਉਹ ਅੰਦਰੋਂ ਟੁੱਟ ਗਿਆ।
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ਬਦਾਂ ਨਾਲ ਤੁਸੀਂ ਸਾਰਾ ਸੰਸਾਰ ਜਿੱਤ ਸਕਦੇ ਹੋ ਪਰ ਤਲਵਾਰ ਨਾਲ ਨਹੀਂ। ਸ਼ਬਦ ਦੀ ਅਹਿਮੀਅਤ ਨੂੰ ਸਮਝ ਜਾਣ ਵਾਲੇ ਲੋਕ ਸਾਰੀ ਉਮਰ ਕਿਤਾਬਾਂ ਨਾਲ ਲਗਾਵ ਰੱਖਦੇ ਹਨ ਅਤੇ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡੀ ਸ਼ਖਸੀਅਤ ਵਿੱਚ ਬੁਲੰਦੀ ਆਉਣ ਲਗਦੀ ਹੈ। ਅਸੀਂ ਆਖ ਸਕਦੇ ਹਾਂ ਕਿ ਕਿਤਾਬਾਂ ਵਿੱਚ ਪੁਰਸ਼ ਨੂੰ ਮਹਾਂਪੁਰਸ਼ ਬਣਾਉਣ ਦੀ ਤਾਕਤ ਛੁਪੀ ਹੁੰਦੀ ਹੈ।
ਕਿਤਾਬਾਂ ਦੀ ਮਹਾਨਤਾ ਬਾਰੇ ਲਿਖਦਿਆਂ ਇੱਕ ਵਿਦਵਾਨ ਜੇਮਜ਼ ਰੱਸਲ ਲਿਖਦਾ ਹੈ: ਕਿਤਾਬਾਂ ਤਾਂ ਸ਼ਹਿਦ ਦੀਆਂ ਮੱਖੀਆਂ ਵਾਂਗ ਹੁੰਦੀਆਂ ਹਨ ਜੋ ਫੁੱਲਾਂ ਦੇ ਬੂਰ ਨੂੰ ਇੱਕ ਦਿਮਾਗ ਤੋਂ ਦੂਜੇ ਤਕ ਲੈ ਕੇ ਜਾਂਦੀਆਂ ਹਨ।
ਕਿਤਾਬਾਂ ਸਾਨੂੰ ਬੀਤੇ ਲੰਘ ਗਏ ਸਮਿਆਂ ਦੇ ਦਰਸ਼ਨ ਕਰਵਾਉਂਦੀਆਂ ਹਨ। ਸਦੀਆਂ ਪਹਿਲਾਂ ਹੋਏ ਲੋਕਾਂ ਨਾਲ ਮਿਲਵਾਉਂਦੀਆਂ ਹਨ। ਦੁਨੀਆਂ ਵਿੱਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਦੇ ਦ੍ਰਿਸ਼ ਸਾਡੀਆਂ ਅੱਖਾਂ ਅੱਗੇ ਪੇਸ਼ ਕਰਦੀਆਂ ਹਨ। ਅਰਬ ਦੀ ਇੱਕ ਬੜੀ ਦਿਲਚਸਪ ਕਹਾਵਤ ਹੈ, “ਕਿਤਾਬ ਜੇਬ ਵਿੱਚ ਰੱਖੇ ਬਾਗ ਵਾਂਗ ਹੁੰਦੀ ਹੈ।”
ਕਿਤਾਬਾਂ ਅਨੇਕ ਤਰ੍ਹਾਂ ਦੀਆਂ ਹੁੰਦੀਆਂ ਹਨ ਪਰ ਮੋਟੇ ਤੌਰ ’ਤੇ ਕਿਤਾਬਾਂ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਉਹ ਕਿਤਾਬਾਂ ਜੋ ਅਸੀਂ ਆਪ ਵੀ ਨਹੀਂ ਪੜ੍ਹਦੇ ਤੇ ਮੁਫਤ ਵਿੱਚ ਕਿਸੇ ਹੋਰ ਨੂੰ ਫੜਾ ਦਿੰਦੇ ਹਾਂ। ਦੂਜੀਆਂ ਉਹ ਜੋ ਅਸੀਂ ਆਪ ਪੜ੍ਹਦੇ ਹਾਂ ਤੇ ਦੋਸਤਾਂ ਨੂੰ ਇਹਨਾਂ ਨੂੰ ਤੋਂ ਇਹ ਕਹਿ ਕੇ ਰੋਕ ਦਿੰਦੇ ਹਾਂ ਕਿ ਐਵੈ ਸਮਾਂ ਬਰਬਾਦ ਕਰਨ ਹੈ, ਬੱਸ ਇਸ ਲਈ ਨਾ ਪੜ੍ਹੋ। ਤੀਜੀਆਂ ਉਹ ਜੋ ਅਸੀਂ ਬੜੀ ਦਿਲਚਸਪੀ ਨਾਲ ਪੜ੍ਹਦੇ ਹਾਂ ਅਤੇ ਹੋਰ ਦੋਸਤਾਂ ਮਿੱਤਰਾਂ ਨੂੰ ਪੜ੍ਹਨ ਦੀ ਸਲਾਹ ਦਿੰਦੇ ਹਾਂ। ਚੌਥੀ ਕਿਸਮ ਦੀਆਂ ਉਹ ਕਿਤਾਬਾਂ ਹੁੰਦੀਆਂ ਹਨ ਜਿਹਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪੜ੍ਹਦਿਆਂ ਪੜ੍ਹਦਿਆਂ ਡਰ ਲੱਗਦਾ ਹੈ ਕਿ ਕਿਤੇ ਇਹ ਕਿਤਾਬ ਜਲਦੀ ਖਤਮ ਨਾ ਹੋ ਜਾਵੇ। ਇਹ ਚੌਥੀ ਕਿਸਮ ਦੀਆਂ ਕਿਤਾਬਾਂ ਉਹ ਹੁੰਦੀਆਂ ਹਨ ਜੋ ਅਸੀਂ ਕਿਸੇ ਨੂੰ ਨਹੀਂ ਦਿੰਦੇ। ਜੇਕਰ ਕੋਈ ਮੰਗ ਕੇ ਲੈ ਵੀ ਜਾਵੇ ਤਾਂ ਦੁਬਾਰਾ ਆਪਣੀ ਲਾਇਬਰੇਰੀ ਵਿੱਚ ਖਰੀਦ ਕੇ ਰੱਖਣ ਤਕ ਸਾਨੂੰ ਚੈਨ ਨਹੀਂ ਆਉਂਦਾ।
ਸਾਨੂੰ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਕਿਉਂਕਿ ਕਿਤਾਬਾਂ ਪੁਰਸ਼ ਨੂੰ ਮਹਾਂਪੁਰਸ਼ ਬਣਾਉਣ ਦੀ ਯੋਗਤਾ ਰੱਖਦੀਆਂ ਹਨ।
ਪੰਜਾਬ ਦੀ ਧਰਤੀ ਉਹਨਾਂ ਮਹਾਨ ਮਹਾਂਪੁਰਸ਼ਾਂ ਦੀ ਧਰਤੀ ਹੈ ਜਿਹਨਾਂ ਨੇ ਆਪਣੀ ਬੌਧਿਕਤਾ ਨਾਲ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ। ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ, ਸਾਡੇ ਦਸ ਗੁਰੂ ਸਹਿਬਾਨ ਇਸ ਧਰਤੀ ’ਤੇ ਵਿਚਰੇ ਅਤੇ ਆਪਣੀ ਵਿਚਾਰਧਾਰਾ ਰਾਹੀਂ ਸਮਾਜ ਨੂੰ ਬੜੀ ਵੱਡੀ ਦੇਣ ਦਿੱਤੀ। ਜੋ ਕਿਹਾ, ਉਹ ਸਿਰਫ ਕਿਹਾ ਹੀ ਨਹੀਂ ਬਲਕਿ ਕਰ ਕੇ ਵਿਖਾਇਆ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਅਤੇ ਆਪ ਵੀ ਸ਼ਬਦ ਗੁਰੂ ਅੱਗੇ ਨਤਮਸਤਕ ਹੋਏ।
ਭਗਤ ਪੂਰਨ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਕਰਕੇ ਦੇਸ਼ ਵਿੱਚ ਹੀ ਨਹੀਂ, ਪੂਰੀ ਦੁਨੀਆਂ ਵਿੱਚ ਆਪਣੀ ਮਿਸਾਲ ਕਾਇਮ ਕੀਤੀ। ਭਗਤ ਜੀ ਕਿਤਾਬਾਂ ਪੜ੍ਹਨ ਨੂੰ ਆਪਣਾ ਨੇਮ ਸਮਝਦੇ ਸਨ। ਸ਼ਬਦਾਂ ਦੀ ਤਾਕਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਪਹਿਚਾਣਦੇ ਸਨ। ਉਹ ਆਪ ਵੀ ਇੱਕ ਚੰਗੇ ਲੇਖਕ ਸਨ।
ਇੰਗਲੈਂਡ, ਫਰਾਂਸ ਵਰਗੇ ਮੁਲਕਾਂ ਵਿੱਚ ਕਿਤਾਬਾਂ ਪੜ੍ਹਨ ਦਾ ਰਿਵਾਜ ਪਹਿਲਾਂ ਵੀ ਸਾਡੇ ਤੋਂ ਵੱਧ ਸੀ ਅਤੇ ਅੱਜ ਵੀ ਹੈ। ਕਈ ਮੁਲਕਾਂ ਵਿੱਚ ਜੇਕਰ ਬੱਸ ਵਿੱਚ ਪੰਜਾਹ ਯਾਤਰੀ ਸਫਰ ਕਰ ਰਹੇ ਹੁੰਦੇ ਸਨ ਤਾਂ ਇਹਨਾਂ ਵਿੱਚੋਂ ਚਾਲੀ ਕੋਈ ਨਾ ਕੋਈ ਕਿਤਾਬ ਜਾਂ ਮੈਗਜ਼ੀਨ ਪੜ੍ਹ ਰਿਹਾ ਹੁੰਦਾ ਸੀ। ਕਿਤਾਬਾਂ ਕਿਸੇ ਵੀ ਸਮਾਜ ਨੂੰ ਚੰਗਾ ਬਣਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦੀਆਂ ਹਨ। ਅੱਜ ਜੇਕਰ ਸਾਡੀ ਨੌਜਵਾਨ ਪੀੜ੍ਹੀ ਦੂਜੇ ਮੁਲਕਾਂ ਵਿੱਚ ਆਪਣਾ ਭਵਿੱਖ ਤਲਾਸ਼ ਰਹੀ ਹੈ ਤਾਂ ਇਸ ਵਿੱਚ ਕਿਤੇ ਨਾ ਕਿਤੇ ਕਿਤਾਬਾਂ ਦਾ ਵੀ ਬਹੁਤ ਵੱਡਾ ਰੋਲ ਹੈ।
ਅਸੀਂ ਹੁਣ ਉਸ ਦੌਰ ਵਿੱਚ ਪ੍ਰਵੇਸ਼ ਕਰ ਗਏ ਹਾਂ ਜਿੱਥੇ ਪੜ੍ਹੇ ਲਿਖੇ ਲੋਕ ਵੀ ਪੜ੍ਹਨ ਦੀ ਬਜਾਏ ਵੇਖਣ ਦੇ ਆਦੀ ਹੋਣ ਲੱਗ ਪਏ ਹਨ। ਹੁਣ ਅਸੀਂ ਖਬਰਾਂ ਪੜ੍ਹਦੇ ਘੱਟ ਤੇ ਸੁਣਦੇ, ਵੇਖਦੇ ਜ਼ਿਆਦਾ ਹਾਂ। ਪੜ੍ਹਨ ਦਾ ਰੁਝਾਨ ਘਟ ਰਿਹਾ ਹੈ। ਇੰਟਨੈੱਟ ਉੱਤੇ ਈ ਬੁੱਕ ਦਾ ਰਿਵਾਜ ਵਧ ਰਿਹਾ ਹੈ। ਅਸੀਂ ਕਿਤਾਬਾਂ ਤੋਂ ਕੁਝ ਦੂਰ ਹੋ ਗਏ ਹਾਂ। ਇਸ ਸਭ ਕੁਝ ਦੇ ਬਾਵਜੂਦ ਵੀ ਕਿਤਾਬਾਂ ਦੀ ਸਾਰਥਿਕਤਾ ਬਣੀ ਰਹੇਗੀ। ਉਸ ਦਾ ਕਾਰਨ ਇਹ ਹੈ ਕਿ ਇੰਟਰਨੈੱਟ ’ਤੇ ਕਿਤਾਬ ਪੜ੍ਹਦਿਆਂ ਕਾਲ, ਮੈਸੈਜ, ਕੋਈ ਐਡ ਸਾਡੀ ਇਕਾਗਰਤਾ ਨੂੰ ਵਾਰ ਵਾਰ ਭੰਗ ਕਰਦੇ ਰਹਿੰਦੇ ਹਨ। ਸਕਰੀਨ ਦੀ ਰੌਸ਼ਨੀ ਵੀ ਸਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਅੱਖਾਂ ਥੱਕਣ ਲੱਗਦੀਆਂ ਹਨ। ਇਸ ਲਈ ਕਿਤਾਬ ਪੜ੍ਹਨ ਲਈ ਜੋ ਇਕਾਗਰਤਾ ਚਾਹੀਦੀ ਹੈ, ਉਹ ਇੰਟਰਨੈੱਟ ’ਤੇ ਨਹੀਂ ਬਣ ਸਕਦੀ।
ਕਿਤਾਬਾਂ ਪੜ੍ਹਨ ਲਈ ਚਾਹੀਦਾ ਹੈ ਕਿ ਅਸੀਂ ਕਿਤਾਬ ਪੜ੍ਹਨ ਲਈ ਘਰ ਵਿੱਚ ਲਾਇਬਰੇਰੀ ਬਣਾਉਣ ਦੇ ਨਾਲ ਨਾਲ ਆਪਣੇ ਪੜ੍ਹਨ ਲਈ ਸਮਾਂ ਅਤੇ ਇੱਕ ਥਾਂ ਨਿਰਧਾਰਤ ਕਰੀਏ। ਹਰ ਰੋਜ਼ ਕਿਸੇ ਕਿਤਾਬ ਦੇ ਦਸ ਬਾਰਾਂ ਪੰਨੇ ਪੜ੍ਹਨ ਨਾਲ ਅਸੀਂ ਆਪਣੇ ਅੰਦਰ ਹੁੰਦੀ ਤਬਦੀਲੀ ਨੂੰ ਮਹਿਸੂਸ ਕਰ ਸਕਦੇ ਹਾਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪੜ੍ਹਨ ਲਈ ਅੱਧਾ ਘੰਟਾ ਜਾਂ ਇੱਕ ਘੰਟਾ ਰਾਖਵਾਂ ਰੱਖੀਏ। ਪੂਰਾ ਦਿਨ ਮੋਬਾਇਲ ਦੀ ਸਕਰੀਨ ’ਤੇ ਉਂਗਲਾਂ ਮਾਰ ਮਾਰ ਕੇ ਅਸੀਂ ਬਹੁਤ ਸਾਰਾ ਸਮਾਂ ਬਰਬਾਦ ਕਰ ਦਿੰਦੇ ਹਾਂ। ਬਹੁਤ ਸਾਰਾ ਡਾਟੇ ਦੇ ਰੂਪ ਵਿੱਚ ਫਜ਼ੂਲ ਕਚਰਾ ਅਸੀਂ ਆਪਣੇ ਦਿਮਾਗਾਂ ਵਿੱਚ ਭਰ ਰਹੇ ਹਾਂ। ਇਹ ਸਾਨੂੰ ਬੌਧਿਕ ਪੱਖ ਤੋਂ ਬੌਣਾ ਬਣਾ ਰਿਹਾ ਹੈ। ਚਾਹੀਦਾ ਇਹ ਹੈ ਕਿ ਅਸੀਂ ਆਪਣੇ ਸੋਚਣ ਦੇ ਢੰਗ ਨੂੰ ਵਿਗਿਆਨਕ ਬਣਾਉਣ ਲਈ ਚੰਗੀਆਂ ਕਿਤਾਬਾਂ ਪੜ੍ਹੀਏ।
ਇੱਕ ਵਾਰ ਮੈਨੂੰ ਕੇਰਲਾ ਜਾਣ ਦਾ ਮੌਕਾ ਮਿਲਿਆ। ਅਸੀਂ ਉੱਥੇ ਕਿਤਾਬਾਂ ਦੀ ਫੜ੍ਹੀਆਂ ਲੱਗੀਆਂ ਵੇਖੀਆਂ। ਇੱਕ ਬੱਸ ਵਿੱਚ ਸਫਰ ਕਰਦਿਆਂ ਇੱਕ 55-60 ਸਾਲ ਦੀ ਔਰਤ ਕਿਤਾਬਾਂ ਵੇਚਣ ਲਈ ਬੱਸ ’ਤੇ ਚੜ੍ਹ ਗਈ। ਉਹਦੇ ਕੋਲ ਨਗਾਂ ਰਾਸ਼ੀਆਂ ਵਾਲੀਆਂ ਕਿਤਾਬਾਂ, ਜੰਤਰੀਆਂ ਨਹੀਂ ਸਨ ਬਲਕਿ ਵਿਸ਼ਵ ਦੇ ਪ੍ਰਸਿੱਧ ਲੇਖਕਾਂ ਦੀਆਂ ਜਗਤ ਪ੍ਰਸਿੱਧ ਕਿਤਾਬਾਂ ਸਨ। ਉੱਥੇ ਅਸੀਂ ਕਰਿਆਨੇ ਅਤੇ ਮੁਨਿਆਰੀ ਵਾਲੀਆਂ ਦੁਕਾਨਾਂ ਦੇ ਬਾਹਰ ਭੁਜੀਏ ਦੇ ਪੈਕਟਾਂ ਵਾਂਗ ਕਿਤਾਬਾਂ, ਮੈਗਜ਼ੀਨ ਲਟਕਦੇ ਵੇਖੇ।
ਇੱਧਰ ਸਾਡੇ ਪੰਜਾਬੀ ਸਮਾਜ ਵਿੱਚ ਪੜ੍ਹਨ ਦੀ ਰੁਚੀ ਘਟ ਰਹੀ ਹੈ। ਟੀ ਵੀ ਚੈਨਲਾਂ ’ਤੇ ਅੰਧਵਿਸ਼ਵਾਸੀ ਪ੍ਰੋਗਰਾਮਾਂ ਦਾ ਪ੍ਰਸਾਰਣ, ਮੋਬਾਇਲ, ਇੰਟਰਨੈੱਟ ਅਤੇ ਮਸ਼ੀਨੀ ਕਲਚਰ ਦਾ ਵਿਕਾਸ ਵਰਗੇ ਇਸਦੇ ਕਈ ਕਾਰਨ ਹਨ। ਬਹੁ ਗਿਣਤੀ ਪੰਜਾਬੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਅਖਬਾਰ ਤਕ ਨਹੀਂ ਪੜ੍ਹਦੇ, ਕਿਤਾਬਾਂ ਪੜ੍ਹਨੀਆਂ ਦੂਰ ਦੀ ਗੱਲ ਹੈ। ਸਾਡੇ ਲੋਕ ਮੋਬਾਇਲ ’ਤੇ ਟਿਊਨਾਂ ਲਗਵਾ ਕੇ ਜਾਂ ਫਜ਼ੂਲ ਹੀ ਕਿਸੇ ਨਾਲ ਗੱਲਾਂ ਕਰਕੇ ਦਸ ਪੰਦਰਾਂ ਰੁਪਏ ਬਰਬਾਦ ਕਰ ਦੇਣਗੇ ਪਰ 2-3 ਰੁਪਏ ਦਾ ਅਖਬਾਰ ਖਰੀਦਣਾ ਫਜ਼ੂਲ ਖਰਚੀ ਸਮਝਦੇ ਹਨ। ਧਨਾਢ ਲੋਕ ਘਰ ਬਣਾਉਂਦਿਆਂ ਵੇਖਾ ਵੇਖੀ ਘਰਾਂ ਵਿੱਚ ਪੂਜਾ ਰੂਮ ਤਾਂ ਬਣਾ ਲੈਣਗੇ ਪਰ ਕਿਤਾਬਾਂ ਲਈ ਘਰਾਂ ਵਿੱਚ ਕੋਈ ਥਾਂ ਨਹੀਂ ਹੁੰਦੀ। ਲੋਕ ਦਿਖਾਵਾ ਕਰਨ, ਫੋਕੀਆਂ ਰਸਮਾਂ, ਵਿਆਹਾਂ ਸ਼ਾਦੀਆਂ ਤੇ ਬੇਤਹਾਸ਼ਾ ਕਰਜ਼ਾ ਚੁੱਕ ਚੁੱਕ ਕੇ ਪੈਸਾ ਲਾਉਣ, ਉੱਚੇ ਮਹਿੰਗੇ ਘਰ ਉਸਾਰਨ ਅਤੇ ਮਹਿੰਗੀਆਂ ਗੱਡੀਆਂ ਖਰੀਦਣ ਵਿੱਚ ਇੱਕ ਦੂਜੇ ਤੋਂ ਵਧ ਕੇ ਔਖੇ ਹੋ ਕੇ ਵੀ ਪੈਸਾ ਲਾਉਣ ਲਈ ਤਿਆਰ ਰਹਿੰਦੇ ਹਨ। ਅਜਿਹੇ ਹੋਰ ਵੀ ਕਈ ਕੰਮ ਕਰਨ ਵਿੱਚ ਅਸੀਂ ਹਿੰਦੁਸਤਾਨ ਵਿੱਚੋਂ ਪਹਿਲੇ ਨੰਬਰ ’ਤੇ ਹਾਂ। ਪਰ ਬਹੁਗਿਣਤੀ ਲੋਕਾਂ ਦਾ ਕਿਤਾਬਾਂ ਦਾ ਬੱਜਟ ਜੀਰੋ ਹੁੰਦਾ ਹੈ।
ਅਖੌਤੀ ਬਾਬਿਆਂ, ਡੇਰਿਆਂ, ਜੋਤਸ਼ੀਆਂ, ਵਸਤੂ ਸ਼ਾਸਤਰੀਆਂ ਦਾ ਕਾਰੋਬਾਰ ਵੀ ਪੰਜਾਬ ਵਿੱਚ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਚਮਕ ਰਿਹਾ ਹੈ। ਸਗੋਂ ਦੂਜਿਆਂ ਸੂਬਿਆਂ, ਖਾਸ ਕਰਕੇ ਬੰਗਾਲ ਤੋਂ ਅਖੌਤੀ ਕਾਲੇ ਇਲਮ ਦੇ ਮਾਹਰ ਇੱਥੇ ਆ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਭਾਵ ਪੰਜਾਬੀ ਲੋਕ ਆਪਣੀ ਲੁੱਟ ਕਰਵਾ ਕੇ ਉਹਨਾਂ ਨੂੰ ਮਾਲਾਮਾਲ ਕਰ ਰਹੇ ਹਨ। ਸਾਡੇ ਕੋਲ ਹਰ ਤਰ੍ਹਾਂ ਦੀਆਂ ਵਸਤਾਂ ਹਰ ਦਿਨ ਵਧ ਰਹੀਆਂ ਹਨ ਪਰ ਬੌਧਿਕਤਾ ਪੱਖੋਂ ਅਸੀਂ ਕੰਗਾਲ ਹੋ ਰਹੇ ਹਾਂ। ਜਿੱਥੇ ਕਿਤਾਬਾਂ ਦਾ ਨਿਰਾਦਰ ਹੋਵੇਗਾ, ਉੱਥੇ ਮਨੁੱਖਤਾ ਦਾ ਵੀ ਨਿਰਾਦਰ ਹੋਵੇਗਾ।
ਬੇਸ਼ਕ ਕਿਤਾਬਾਂ ਘੱਟ ਪੜ੍ਹੀਆਂ ਜਾ ਰਹੀਆਂ ਹਨ ਪਰ ਇਸਦੇ ਬਾਵਜੂਦ ਵੀ ਕਿਤਾਬਾਂ ਪਹਿਲਾਂ ਨਾਲੋਂ ਕਿਤੇ ਵੱਧ ਗਿਣਤੀ ਵਿੱਚ ਛਪ ਰਹੀਆਂ ਹਨ। ਕਿਤਾਬਾਂ ਦਾ ਘੜਮੱਸ ਹੈ, ਭੀੜ ਹੈ। ਕਿਤਾਬਾਂ ਪੜ੍ਹਨ ਦੀ ਚੇਸ਼ਠਾ ਕਰਨ ਵਾਲੇ ਕੁਝ ਕੁ ਲੋਕਾਂ ਨੂੰ ਕਿਤਾਬਾਂ ਦੀ ਚੋਣ ਕਰਨ ਵਿੱਚ ਬੜੀ ਮੁਸ਼ਕਿਲ ਆਉਂਦੀ ਹੈ। ਹਰ ਹਫਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਤਾਬਾਂ ਦਾ ਛਪਣਾ ਦੱਸਦਾ ਹੈ ਕਿ ਜ਼ਿਆਦਾਤਰ ਕਿਤਾਬਾਂ ਆਪਣੀ ਹਊਮੈਂ ਨੂੰ ਪੱਠੇ ਪਾਉਣ ਲਈ ਹੀ ਛਪਵਾਈਆਂ ਜਾਂਦੀਆਂ ਹਨ। ਇਸ ਮਗਰੋਂ ਇਹਨਾਂ ਨੂੰ ਰੀਲੀਜ਼ ਕਰਾਉਣ ਅਤੇ ਇਹਨਾਂ ਉੱਤੇ ਗੋਸ਼ਟੀਆਂ ਕਰਨ ਦੀਆਂ ਖਬਰਾਂ ਲਗਵਾ ਕੇ ਮਨ ਨੂੰ ਠੰਢਕ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਮਾਗਮਾਂ ਮਗਰੋਂ ਇਹਨਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡ ਦਿੱਤਾ ਜਾਂਦਾ ਹੈ। ਬਹੁਤ ਸਾਰੀਆਂ ਕਿਤਾਬਾਂ ਅਜਿਹੀਆਂ ਹਨ ਜੋ ਨਵੇਂ ਪਾਠਕਾਂ ਨੂੰ ਹੋਰ ਕਿਤਾਬਾਂ ਪੜ੍ਹਨ ਤੋਂ ਰੋਕ ਦਿੰਦੀਆਂ ਹਨ। ਇੱਥੇ ਪਾਠਕ ਨੂੰ ਚਾਹੀਦਾ ਹੈ ਕਿ ਉਹ ਨਿਰਾਸ਼ ਨਾ ਹੋਵੇ, ਚੰਗੀਆਂ ਕਿਤਾਬਾਂ ਨੂੰ ਲੱਭਣ ਅਤੇ ਪੜ੍ਹਨ ਲਈ ਯਤਨਸ਼ੀਲ ਰਹੇ। ਸਾਹਿਤ ਸਭਾਵਾਂ ਅਤੇ ਪੁਸਤਕ ਮੇਲਿਆਂ ਵਿੱਚ ਜਾਵੇ। ਹੌਲੀ ਹੌਲੀ ਬਹੁਮੁੱਲੀਆਂ ਕਿਤਾਬਾਂ ਨਾਲ ਉਹਦੀ ਵਾਕਫੀ ਬਣ ਜਾਵੇਗੀ।
ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਉਸ ਵਿੱਚ ਬਿਵੇਕ ਦਾਨ ਮੰਗਦੇ ਹਾਂ, ਜਿਸਦਾ ਭਾਵ ਹੈ ਸਾਡੀ ਸੋਚ ਵਿਚਾਰ ਕਰਨ ਦੀ ਸ਼ਕਤੀ ਵਧੇ। ਪਰ ਇਸ ਲਈ ਅਸੀਂ ਆਪ ਬਹੁਤ ਘੱਟ ਜ਼ਹਿਮਤ ਕਰਦੇ ਹਾਂ। ਚੰਗੀਆਂ ਅਖਬਾਰਾਂ, ਚੰਗੀਆਂ ਕਿਤਾਬਾਂ ਇਸ ਵਿੱਚ ਸਾਡੀਆਂ ਸਭ ਤੋਂ ਵੱਧ ਸਹਾਈ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਚੰਗੀ ਸੋਚ ਰੱਖਣ ਵਾਲੇ ਚੰਗੇ ਸਾਹਿਤਕਾਰਾਂ, ਲੇਖਕਾਂ, ਵਿਦਵਾਨਾਂ, ਚਿੰਤਕਾਂ ਦੇ ਸਕੂਲਾਂ, ਕਾਲਜਾਂ ਵਿੱਚ ਸੈਮੀਨਾਰ ਕਰਵਾਉਣੇ ਚਾਹੀਦੇ ਹਨ। ਸੋਚ ਵਿਚਾਰ ਦਾ ਵਿਕਾਸ ਅਤੇ ਆਪਣੇ ਇਤਿਹਾਸ, ਵਿਰਸੇ ਦੇ ਮਹਾਨ ਲੋਕਾਂ ਦੀਆਂ ਨਿੱਗਰ ਕਦਰਾਂ ਕੀਮਤਾਂ ਗ੍ਰਹਿਣ ਕਰਕੇ ਅਸੀਂ ਬੌਧਿਕ ਪੱਖ ਤੋਂ ਅੱਗੇ ਵਧ ਸਕਦੇ ਹਾਂ।
ਚੀਨ ਦੇ ਲੋਕ ਆਖਦੇ ਹਨ ਕਿ ‘ਕਿਤਾਬ ਅੰਦਰ ਸੋਨੇ ਦਾ ਘਰ ਪਿਆ ਹੁੰਦਾ ਹੈ।’ ਇਸੇ ਤਰ੍ਹਾਂ ਆਈਸਲੈਂਡ ਦੀ ਕਹਾਵਤ ਹੈ, ‘ਕਿਤਾਬ ਵਿਹੂਣੇ ਹੋਣ ਨਾਲੋਂ ਜੁੱਤੀ ਵਿਹੂਣੇ ਹੋਣਾ ਬਿਹਤਰ ਹੈ।’ ਕਿਤਾਬਾਂ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖਾਂ ਨੂੰ ਹਮੇਸ਼ਾ ਲਈ ਦੂਰ ਕਰਨ ਦੀ ਸਮਰੱਥਾ ਰੱਖਦੀਆਂ ਹਨ। ਹੰਗਰੀ ਦੇ ਲੋਕ ਆਖਦੇ ਹਨ, ਕਿਤਾਬ ਖਾਮੋਸ਼ ਗੁਰੂ ਹੁੰਦੀ ਹੈ।
ਉਹ ਲੋਕ ਵਿਚਾਰੇ ਕਿੰਨੇ ਬਦਕਿਸਮਤ ਸਨ ਜੋ ਕਿਤਾਬਾਂ ਪੜ੍ਹਨ ਤੋਂ ਵਿਰਵੇ ਹੀ ਇਸ ਦੁਨੀਆਂ ਤੋਂ ਚਲੇ ਜਾਣਗੇ। ਆਓ ਕਿਤਾਬਾਂ ਨਾਲ ਸਾਂਝ ਪਾਈਏ ਘਰਾਂ ਅਤੇ ਦਿਲਾਂ ਵਿੱਚ ਕਿਤਾਬਾਂ ਨੂੰ ਥਾਂ ਦੇਈਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3787)
(ਸਰੋਕਾਰ ਨਾਲ ਸੰਪਰਕ ਲਈ: