“ਸਮਾਜ ਨੂੰ ਉਨ੍ਹਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੋ ਕਰਾਮਾਤੀ ਸ਼ਕਤੀਆਂ ਦਾ ਪ੍ਰਪੰਚ ਰਚ ਕੇ ...”
(16 ਫਰਵਰੀ 2023)
ਇੱਕ ਸਮਾਗਮ ਵਿੱਚ ਇੱਕ ਗਾਉਣ ਵਾਲਾ ਸਦੀਆਂ ਪਹਿਲਾਂ ਹੋਏ ਆਪਣੇ ਧਾਰਮਿਕ ਰਹਿਬਰ ਨੂੰ ਵਾਜਾਂ ਮਾਰ ਰਿਹਾ ਸੀ ਕਿ ਆ ਕੇ ਵੇਖ ਦੁਨੀਆ ਦਾ ਕੀ ਹਾਲ ਹੋ ਗਿਆ ਹੈ, ਤਕੜਾ ਮਾੜੇ ਨੂੰ ਲੁੱਟ ਕੇ ਖਾ ਰਿਹਾ ਹੈ। ਨਿਆਂ ਇਨਸਾਫ਼ ਦੂਰ ਦੀ ਕੌਡੀ ਹੋ ਗਏ ਹਨ, ਇੱਥੇ ਮਾਰ ਧਾੜ ਹੈ, ਲੁੱਟ ਖਸੁੱਟ ਹੈ, ਤੂੰ ਦੁਬਾਰਾ ਆ, ਤੇ ਆ ਕੇ ਇਸ ਦੁਨੀਆਂ ਨੂੰ ਦਰੁਸਤ ਕਰ।
ਇਸ ਰਚਨਾ ਮਗਰੋਂ ਇੱਕ ਸਿਆਣਾ ਬੁਲਾਰਾ ਬੋਲਿਆ ਤੇ ਉਸ ਨੇ ਆਖਿਆ, “ਸਾਡੇ ਰਹਿਬਰ ਜੋ ਸਦੀਆਂ ਪਹਿਲਾਂ ਹੋ ਗਏ ਹਨ, ਉਨ੍ਹਾਂ ਨੇ ਹੁਣ ਨਹੀਂ ਆਉਣਾ। ਉਨ੍ਹਾਂ ਨੇ ਇਸ ਦੁਨੀਆਂ ਨੂੰ ਚੰਗਾ ਬਣਾਉਣ ਲਈ ਜੋ ਯੋਗਦਾਨ ਦਿੱਤਾ, ਉਹ ਬਹੁਤ ਮਹਾਨ ਸੀ। ਉਹਨੂੰ ਵਿਸਾਰਿਆ ਨਹੀਂ ਜਾ ਸਕਦਾ। ਉਹ ਸਾਡੇ ਰਾਹ ਦਸੇਰੇ ਸਨ। ਉਨ੍ਹਾਂ ਦੇ ਸ਼ਬਦ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਦੇ ਹਨ ਪਰ ਸੱਚ ਇਹ ਹੈ ਕਿ ਉਨ੍ਹਾਂ ਨੇ ਹੁਣ ਨਹੀਂ ਆਉਣਾ। ਉਨ੍ਹਾਂ ਦੇ ਦੱਸੇ ਰਾਹ ’ਤੇ ਚੱਲ ਕੇ ਅਸੀਂ ਆਪ ਇਸ ਦੁਨੀਆਂ ਨੂੰ ਚੰਗਾ ਬਣਾਉਣ ਦਾ ਯਤਨ ਕਰੀਏ ਜਿਹਾ ਕਿ ਉਨ੍ਹਾਂ ਕਿਹਾ ਸੀ।”
ਜ਼ਮਾਨੇ ਦੇ ਹਰ ਦੌਰ ਵਿੱਚ ਸਮਾਜ ਦੀ ਬਹੁਗਿਣਤੀ ਨੂੰ ਕਿਸੇ ਨਾ ਕਿਸੇ ਕਰਾਮਾਤ ਦੀ ਉਡੀਕ ਹੁੰਦੀ ਹੈ। ਧਰਮ ਅਸਥਾਨਾਂ ’ਤੇ ਹਰ ਰੋਜ਼ ਪ੍ਰਾਰਥਨਾਵਾਂ, ਬੇਨਤੀਆਂ, ਅਰਜੋਈਆਂ, ਜੋਦੜੀਆਂ, ਅਰਦਾਸਾਂ ਹੁੰਦੀਆਂ ਹਨ। ਭੋਲੇ-ਭਾਲੇ ਲੋਕਾਂ ਨੂੰ ਕੁਝ ਚਲਾਕ ਲੋਕ ਆਪਣੇ ਧਰਮ ਨੂੰ ਦੂਜਿਆਂ ਦੇ ਮੁਕਾਬਲੇ ਵੱਧ ਕਰਾਮਾਤੀ ਦੱਸ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵੀ ਕਰਵਾਉਂਦੇ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਵੀ ਹੁੰਦਾ ਹੈ ਪਰ ਸਮਾਜ ਵਿੱਚ ਅਜਿਹੇ ਵਰਤਾਰੇ ਚਲਦੇ ਰਹਿੰਦੇ ਹਨ। ਹਰ ਧਰਮ ਵਿੱਚ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਧਰਮ ਵਿੱਚ ਵਿਸ਼ਵਾਸ ਬਹੁਤ ਜ਼ਰੂਰੀ ਹੈ। ਵਿਸ਼ਵਾਸ ਕਰਨ ਲਈ ਲੋਕ ਕਰਾਮਾਤ ਦੀ ਆਸ ਕਰਦੇ ਹਨ। ਬੇਸ਼ਕ ਕਿੰਨੇ ਵੀ ਵਿਗਿਆਨਕ ਢੰਗ ਨਾਲ ਸੋਚਣ ਵਾਲੇ ਧਾਰਮਿਕ ਲੋਕ ਹੋਣ ਉਨ੍ਹਾਂ ਵਿੱਚੋਂ ਬਹੁਗਿਣਤੀ ਦਾ ਕਰਾਮਾਤਾਂ ਵਿੱਚ ਪੱਕਾ ਵਿਸ਼ਵਾਸ ਹੁੰਦਾ ਹੈ।
ਇਸ ਸਮੇਂ ਕਰਾਮਾਤਾਂ ਦਾ ਬਾਜ਼ਾਰ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ। ਬਹੁਤ ਸਾਰੇ ਅਖੌਤੀ ਜੋਤਿਸ਼ੀ, ਸਾਧ ਸੰਤ ਅਤੇ ਆਪਣੇ ਆਪ ਨੂੰ ਧਰਮ ਦੇ ਆਗੂ ਅਖਵਾਉਣ ਵਾਲੇ ਕਰਾਮਾਤਾਂ ਦੇ ਨਾਂਅ ’ਤੇ ਲੋਕਾਂ ਨੂੰ ਵਰਗਲਾਉਂਦੇ ਹਨ। ਕਿਸੇ ਨਾ ਕਿਸੇ ਢੰਗ ਨਾਲ ਆਪਣੇ ਡੇਰਿਆਂ ’ਤੇ ਭੀੜਾਂ ਇਕੱਠੀਆਂ ਕਰਦੇ ਹਨ। ਇਨ੍ਹਾਂ ਇਕੱਠੀਆਂ ਹੋਈਆਂ ਭੀੜਾਂ ਤੋਂ ਮੋਟਾ ਪੈਸਾ ਵਸੂਲਿਆ ਜਾਂਦਾ ਹੈ ਜਿਸ ਨਾਲ ਇਨ੍ਹਾਂ ਦੀਆਂ ਜਾਇਦਾਦਾਂ ਦਿਨਾਂ ਵਿੱਚ ਅੰਬਰਵੇਲ ਵਾਂਗ ਵਧਦੀਆਂ ਹਨ। ਸਾਡੇ ਭਾਰਤੀ ਲੋਕਾਂ ਦੀ ਬਹੁਗਿਣਤੀ ਕਈ ਤਰ੍ਹਾਂ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦੀ ਸ਼ਿਕਾਰ ਹੈ। ਘਰਾਂ ਵਿੱਚ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ-ਪ੍ਰੇਸ਼ਾਨੀਆਂ ਹੁੰਦੀਆਂ ਹਨ। ਪਰਿਵਾਰਕ ਰਿਸ਼ਤਿਆਂ ਵਿੱਚ ਉਹ ਨਿੱਘ ਨਹੀਂ ਜੋ ਹੋਇਆ ਕਰਦਾ ਸੀ ਜਾਂ ਹੋਣਾ ਚਾਹੀਦਾ ਹੈ। ਬਾਜ਼ਾਰ ਨੇ ਸਾਨੂੰ ਸਿਖਾਇਆ ਹੈ ਕਿ ਸਬਰ ਸੰਤੋਖ ਵਾਲਾ ਜੀਵਨ ਕੋਈ ਜੀਵਨ ਨਹੀਂ ਹੁੰਦਾ। ਅਸੀਂ ਸਟੇਟਸ ਲਈ ਜਿਊਣ ਲੱਗ ਪਏ ਹਾਂ। ਟੀ.ਵੀ. ਅਤੇ ਇੰਟਰਨੈੱਟ ਦੀ ਦੁਨੀਆ ਨੇ ਸਾਡੇ ਤੋਂ ਸੁਖ ਚੈਨ, ਸ਼ਾਂਤੀ, ਸਹਿਜ ਤੇ ਸਬਰ ਖੋਹ ਲਿਆ ਹੈ। ਸਮਾਜ ਦੀ ਬਹੁਗਿਣਤੀ ਲਾਲਸਾਵਾਂ, ਖਾਹਿਸ਼ਾਂ ਦੇ ਵਿਸ਼ਾਲ ਮਾਰੂਥਲ ਵਿੱਚ ਭਟਕ ਰਹੀ ਹੈ। ਸਾਡੇ ਸਮਾਜ ਦੀ ਵੱਡੀ ਗਿਣਤੀ ਕਈ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੈ। ਉਦਾਸੀ, ਪ੍ਰੇਸ਼ਾਨੀ, ਕੁਝ ਚੰਗਾ ਨਾ ਲੱਗਣਾ, ਜੀਵਨ ਵਿੱਚੋਂ ਦਿਲਚਸਪੀ ਮੁੱਕ ਜਾਣਾ, ਮਨ ਕਾਹਲਾ ਪੈਣਾ, ਗੱਲ ਗੱਲ ’ਤੇ ਗੁੱਸਾ ਆਉਣਾ, ਜਾਂ ਰੋਣ ਆਉਣਾ, ਆਤਮ ਹੱਤਿਆ ਕਰਨ ਦੇ ਵਿਚਾਰ ਆਉਣੇ, ਖੁਸ਼ੀ ਨਾ ਆਉਣੀ, ਮਨ ਦਾ ਉਤਸ਼ਾਹ ਮੱਠਾ ਪੈ ਜਾਣਾ, ਮਨ ਨੂੰ ਚੈਨ-ਟਿਕਾਅ ਨਾ ਆਉਣਾ ਆਦਿ ਕਈ ਮਾਨਸਿਕ ਵਿਕਾਰ ਹਨ ਜਿਨ੍ਹਾਂ ਤੋਂ ਸਮਾਜ ਦੀ ਵੱਡੀ ਗਿਣਤੀ ਪੀੜਤ ਹੈ। ਹਿਸਟੇਰੀਆ, ਡਿਮੈਨਸ਼ੀਆ, ਸਕੀਜ਼ੋਫਰੇਨੀਆ, ਮਾਸ ਹਿਸਟੇਰੀਆ ਅਤੇ ਹੋਰ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਲੋਕ ਧਰਮਾਂ ਦੇ ਅਖੌਤੀ ਰੱਬ ਨੂੰ ਮਿਲੇ ਹੋਏ ਸਿਆਣਿਆਂ, ਸਾਧਾਂ ਅੱਗੇ ਡਿਗਦੇ ਡੰਡਾਉਤਾਂ ਕਰਦੇ ਚੀਕਾਂ ਕੂਕਾਂ ਮਾਰਦੇ ਭੂਤਾਂ ਪ੍ਰੇਤਾਂ ਦੇ ਮਕੜਜਾਲ ਵਿੱਚੋਂ ਨਿਕਲਣ ਲਈ ਵਾਲ ਖਿਲਾਰ ਕੇ ਖੇਡਦੇ ਹਨ। ਇਨ੍ਹਾਂ ਵਿੱਚ 90 ਫ਼ੀਸਦ ਔਰਤਾਂ ਹੁੰਦੀਆਂ ਹਨ। ਆਮ ਸਮਝ ਰੱਖਣ ਨੂੰ ਵਾਲੇ ਨੂੰ ਇਹ ਜ਼ਰੂਰ ਲਗਦਾ ਹੈ ਕਿ ਇਹ ਕਿਸੇ ਕਰਾਮਾਤੀ ਢੰਗ ਨਾਲ ਹੋ ਵਾਪਰ ਰਿਹਾ ਹੈ। ਜ਼ਰੂਰ ਹੀ ਇੱਥੇ ਕਿਸੇ ਸ਼ੈਤਾਨ ਦੀ ਆਤਮਾ ਨੇ ਆ ਕੇ ਇਨ੍ਹਾਂ ਮਾਨਸਿਕ ਰੋਗੀਆਂ ਦੇ ਵਿਹਾਰ ਨੂੰ ਬਦਲ ਦਿੱਤਾ ਹੈ ਤੇ ਕਿਸੇ ਪੈਗ਼ੰਬਰ ਦੀ ਪ੍ਰਾਰਥਨਾ ਕਰਨ ਵਾਲਾ, ਸਾਰਾ ਪ੍ਰਪੰਚ ਰਚ ਰਿਹਾ ਅਖੌਤੀ ਸਿਆਣਾ ਹੁਣ ਕਰਾਮਾਤੀ ਢੰਗ ਨਾਲ ਇਨ੍ਹਾਂ ਨੂੰ ਠੀਕ ਕਰ ਦੇਵੇਗਾ। ਪਰ ਅਜਿਹਾ ਕੁਝ ਨਹੀਂ ਹੁੰਦਾ। ਹਕੀਕਤ ਇਹ ਹੈ ਕਿ ਇਹ ਲੋਕ ਘਰਾਂ ਦੀਆਂ ਵੱਖ ਵੱਖ ਮੁਸ਼ਕਲਾਂ ਸਮੱਸਿਆਵਾਂ ਤੋਂ ਪੀੜਤ ਹੋਏ ਮਾਨਸਿਕ ਰੋਗੀ ਬਣ ਜਾਂਦੇ ਹਨ। ਕੁਝ ਲੋਕਾਂ ਵਿੱਚ ਜੈਨੇਟਕਲੀ ਮਾਨਸਿਕ ਵਿਕਾਰ ਹੁੰਦੇ ਹਨ। ਅਜਿਹੀਆਂ ਥਾਂਵਾਂ, ਜਿੱਥੇ ਭੂਤਾਂ ਕੱਢਣ ਦਾ ਪ੍ਰਪੰਚ ਰਚਿਆ ਗਿਆ ਹੁੰਦਾ ਹੈ, ਉੱਥੇ ਜਾ ਕੇ ਇਹ ਲੋਕ ਇੱਕ ਤਰ੍ਹਾਂ ਨਾਲ ਮਾਸ ਹਿਸਟੀਰੀਆ ਦੇ ਪ੍ਰਭਾਵ ਹੇਠ ਚਲੇ ਜਾਂਦੇ ਹਨ ਅਤੇ ਖੇਡਣ ਲੱਗ ਪੈਂਦੇ ਹਨ। ਖੇਡ ਆਉਣ ਨਾਲ ਮਨ ਹਲਕਾ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਨੂੰ ਬਹੁਤ ਵੱਡਾ ਦੁੱਖ ਹੋਵੇ ਤੇ ਉਹ ਰੋ-ਰੋ ਕੇ ਆਪਣਾ ਮਨ ਹਲਕਾ ਕਰ ਲਵੇ। ਇਸ ਤਰ੍ਹਾਂ ਵੱਡੀਆਂ ਭੀੜਾਂ ਵਿੱਚ ਜਦੋਂ ਕੁਝ ਲੋਕ ਵਾਲ ਖਿਲਾਰ ਕੇ ਖੇਡਦੇ ਹਨ ਤਾਂ ਇਕੱਠੀ ਹੋਈ ਭੀੜ ਹੋਰ ਸ਼ਰਧਾਵਾਨ ਹੋ ਜਾਂਦੀ ਹੈ। ਇਹ ਸਭ ਕੁਝ ਜਿਸ ਗ਼ੈਬੀ ਸ਼ਕਤੀਆਂ ਦਾ ਦਾਅਵਾ ਕਰਨ ਵਾਲੇ ਵਿਅਕਤੀ ਦੀ ਦੇਖ-ਰੇਖ ਹੋ ਰਿਹਾ ਹੁੰਦਾ ਹੈ, ਉਹ ਲੋਕਾਂ ਵਿੱਚ ਆਪਣੇ ਆਪ ਨੂੰ ਵੱਡੇ ਜੇਤੂ ਅੰਦਾਜ਼ ਵਿੱਚ ਪੇਸ਼ ਕਰਦਾ ਹੈ ਜਿਵੇਂ ਭੂਤਾਂ ਪ੍ਰੇਤਾਂ, ਕਾਲੀਆਂ ਤਾਕਤਾਂ ਉਸ ਦੀ ਮੁੱਠ ਵਿੱਚ ਹੋਣ ਤੇ ਕਿਸੇ ਰੱਬੀ ਸ਼ਕਤੀ ਨਾਲ ਉਹ ਪੀੜਤ ਲੋਕਾਂ ਦਾ ਕਰਾਮਾਤੀ ਢੰਗ ਨਾਲ ਭਲਾ ਕਰ ਰਿਹਾ ਹੋਵੇ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਸਮਝਦਿਆਂ ਇਸ ਵਿੱਚ ਕੁਝ ਵੀ ਕਰਾਮਾਤੀ ਨਹੀਂ ਹੁੰਦਾ, ਨਾ ਹੀ ਇਹ ਕੋਈ ਭੂਤਾਂ, ਬੁਰੀਆਂ ਆਤਮਾਵਾਂ ਜਾਂ ਕਿਸੇ ਸ਼ੈਤਾਨੀ ਤਾਕਤ ਕਰਕੇ ਹੋ ਰਿਹਾ ਹੁੰਦਾ ਹੈ। ਇੱਥੇ ਵਿਚਾਰਨਯੋਗ ਗੱਲ ਇਹ ਹੈ ਕਿ ਜੇਕਰ ਕਿਸੇ ਥਾਂ ਪਰਮਾਤਮਾ ਦੀ ਪ੍ਰਾਰਥਨਾ ਹੋ ਰਹੀ ਹੈ ਤਾਂ ਉੱਥੇ ਸ਼ੈਤਾਨ ਦੀ ਆਮਦ ਕਿਵੇਂ ਹੋ ਸਕਦੀ ਹੈ। ਫਿਰ ਅਸੀਂ ਕਹਾਂਗੇ ਕਿ ਪ੍ਰਮਾਤਮਾ ਦੀ ਹਸਤੀ ਤੋਂ ਸ਼ੈਤਾਨ ਦੀ ਹਸਤੀ ਤਾਕਤਵਰ ਹੋ ਗਈ, ਜੋ ਪ੍ਰਮਾਤਮਾ ਲਈ ਕੀਤੇ ਜਾ ਰਹੇ ਸਮਾਗਮ ਵਿੱਚ ਆ ਕੇ ਵਿਘਨ ਪਾ ਰਹੀ ਹੈ। ਕੁਝ ਸ਼ਾਤਰ ਲੋਕ ਯੋਜਨਾਬੱਧ ਢੰਗ ਨਾਲ ਅਜਿਹੇ ਪ੍ਰੋਗਰਾਮ ਬਣਾ ਕੇ ਪੇਸ਼ ਕਰਦੇ ਹਨ ਕਿ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਅਕਸਰ ਅਜਿਹੇ ਸਾਧ-ਬਾਬੇ ਕੁਝ ਸੈਲੇਬਿਰਟੀ ਹਸਤੀਆਂ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਬੁਲਾ ਕੇ ਆਪਣੇ ਵੱਡੇ ਧਰਮਾਤਮਾ ਹੋਣ ਦਾ ਪ੍ਰਚਾਰ ਕਰਨ ਦਾ ਪ੍ਰਪੰਚ ਰਚਦੇ ਹਨ। ਇਹ ਸਭ ਕੁਝ ਆਮ ਲੋਕਾਂ ਨੂੰ ਮੂਰਖ ਬਣਾ ਕੇ ਵੱਧ ਤੋਂ ਵੱਧ ਲੋਕਾਂ ਦੀ ਲੁੱਟ ਕਰਨ ਲਈ ਕੀਤਾ ਜਾਂਦਾ ਹੈ।
ਜਿਹੜੇ ਸਮਾਜਾਂ ਵਿੱਚ ਦੁੱਖਾਂ, ਮੁਸੀਬਤਾਂ, ਘਰੇਲੂ ਮਸਲਿਆਂ, ਕਲੇਸ਼ਾਂ ਅਤੇ ਬੇਕਾਰੀ ਦੀ ਭਰਮਾਰ ਹੋਵੇਗੀ ਉਸ ਸਮਾਜ ਵਿੱਚ ਉਪਰੋਕਤ ਕਿਸਮ ਦੇ ਵਿਕਾਰ ਜ਼ਿਆਦਾ ਹੋਣਗੇ। ਇਸ ਤਰ੍ਹਾਂ ਇਨ੍ਹਾਂ ਖਿੱਤਿਆਂ ਵਿੱਚ ਧਰਮ ਦੇ ਨਾਮ ’ਤੇ ਪਾਖੰਡ ਵੀ ਜ਼ਿਆਦਾ ਹੋਵੇਗਾ ਅਤੇ ਪਾਖੰਡ ਕਰਨ ਵਾਲੇ ਵੀ ਦੁੱਖਾਂ ਮੁਸੀਬਤਾਂ ਦੇ ਝੰਬੇ ਲੋਕਾਂ ਤੋਂ ਕਮਾਈਆਂ ਕਰ ਕੇ ਆਪਣੇ ਘਰ ਭਰਦੇ ਰਹਿਣਗੇ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਕਰਾਮਾਤਾਂ ਦੇ ਨਾਮ ’ਤੇ ਭੂਤਾਂ, ਪ੍ਰੇਤਾਂ ਨੂੰ ਕੱਢਣ ਦਾ ਢਕਵੰਜ ਕਰਨ ਵਾਲੇ ਮੁਸੀਬਤਾਂ ਭੋਗ ਰਹੇ ਲੋਕਾਂ ਤੋਂ ਕਮਾਈਆਂ ਕਰਦੇ ਹਨ। ਇਹ ਪਰਮਾਰਥ ਵਾਲਾ ਕੰਮ ਨਹੀਂ, ਇਹ ਨਿਹਾਇਤ ਘਟੀਆ ਪੱਧਰ ਦਾ ਕਾਰੋਬਾਰ ਹੈ ਜਿਸ ਵਿੱਚ ਸੰਤਾਪ ਭੋਗ ਰਹੇ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ।
ਸਾਨੂੰ ਸਮਝਣ ਦੀ ਇਹ ਲੋੜ ਹੈ ਕਿ ਹਰ ਤਰ੍ਹਾਂ ਦੇ ਵਰਤਾਰਿਆਂ ਦੇ ਵਾਪਰਨ ਪਿੱਛੇ ਬਾਰੀਕ ਕਾਰਨ ਹੁੰਦੇ ਹਨ ਜੋ ਸਾਨੂੰ ਸੌਖਿਆਂ ਕਈ ਵਾਰ ਸਮਝ ਨਹੀਂ ਆਉਂਦੇ। ਦੂਜਾ, ਸਾਡੇ ਅੰਦਰ ਸਦੀਆਂ ਤੋਂ ਬਣੀਆਂ ਅੰਧਵਿਸ਼ਵਾਸੀ ਧਾਰਨਾਵਾਂ ਵੀ ਇੱਕ ਵੱਡਾ ਕਾਰਨ ਹੁੰਦੀਆਂ ਹਨ। ਸਾਨੂੰ ਆਪਣੇ ਦੁੱਖਾਂ ਮੁਸੀਬਤਾਂ ਦੇ ਕਾਰਨਾਂ ਨੂੰ ਸਮਝ ਕੇ, ਇਨ੍ਹਾਂ ਨੂੰ ਦੂਰ ਕਰਕੇ ,ਜ਼ਿੰਦਗੀ ਵਿੱਚ ਅੱਗੇ ਵਧਣ ਦੀ ਜੁਗਤ ਸਿੱਖਣੀ ਚਾਹੀਦੀ ਹੈ। ਉਹ ਲੋਕ ਜੋ ਮਨੁੱਖ ਦੀਆਂ ਮੁਸੀਬਤਾਂ ਨੂੰ ਕਿਸੇ ਸ਼ੈਤਾਨੀ ਸ਼ਕਤੀ ਨਾਲ ਜੋੜਦੇ ਹਨ, ਤੋਂ ਕਰਾਮਾਤੀ ਢੰਗ ਨਾਲ ਦੁੱਖਾਂ ਦਾ ਨਿਵਾਰਨ ਕਰਾਉਣ ਦੀ ਬਜਾਏ ਸਾਨੂੰ ਆਪਣੀਆਂ ਮੁਸ਼ਕਲਾਂ ਦੇ ਮਨੋਵਿਗਿਆਨਕ ਕਾਰਨ ਖੋਜਣੇ ਚਾਹੀਦੇ ਹਨ। ਧਰਤੀ ’ਤੇ ਲੱਖਾਂ ਲੋਕ ਹਨ ਜੋ ਅੰਧਵਿਸ਼ਵਾਸਾਂ, ਕਰਾਮਾਤਾਂ, ਭੂਤਾਂ-ਪ੍ਰੇਤਾਂ, ਬੁਰੀਆਂ ਆਤਮਾਵਾਂ, ਕਿਸਮਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਤੇ ਸਾਡੇ ਨਾਲੋਂ ਕਿਤੇ ਬਿਹਤਰ ਜ਼ਿੰਦਗੀ ਜਿਉਂਦੇ ਹਨ। ਲੱਖਾਂ ਲੋਕ ਹਨ ਜੋ ਅਖੌਤੀ ਸਾਧਾਂ-ਸੰਤਾਂ, ਸੁਆਮੀਆਂ, ਜੋਤਸ਼ੀਆਂ, ਪੁਜਾਰੀਆਂ ਅੱਗੇ ਮੱਥੇ ਨਹੀਂ ਰਗੜਦੇ ਸਗੋਂ ਆਪਣੇ ਵਿਵੇਕ ਨਾਲ ਹਰ ਮੁਸ਼ਕਲ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਦੇ ਹਨ। ਇੱਧਰ ਅਸੀਂ ਹਾਂ ਕਿ ਅਸੀਂ ਜੇਕਰ ਬਾਹਰਲੇ ਮੁਲਕਾਂ ਵਿੱਚ ਜਾਣਾ ਹੈ ਤਾਂ ਵੀ ਅੰਧਵਿਸ਼ਵਾਸ ਦਾ ਆਸਰਾ ਲੈਂਦੇ ਹਾਂ। ਧਾਰਮਿਕ ਥਾਂਵਾਂ ’ਤੇ ਮੱਥੇ ਰਗੜ ਕੇ ਅਸੀਂ ਕਿਸੇ ਬਾਹਰਲੇ ਮੁਲਕ ਜਾਣ ਦਾ ਅਸ਼ੀਰਵਾਦ ਲੈਂਦੇ ਹਾਂ। ਅਸੀਂ ਕਦੇ ਇਹ ਅਰਦਾਸ ਬੇਨਤੀ ਨਹੀਂ ਕੀਤੀ ਕਿ ਹੇ ਰੱਬਾ ਇਸ ਮੁਲਕ ਵਿੱਚ ਵੀ ਵਿਕਸਤ ਮੁਲਕਾਂ ਜਿਹੇ ਚੰਗੇ ਹਾਲਾਤ ਪੈਦਾ ਕਰ ਦੇ ਤਾਂ ਕਿ ਸਾਨੂੰ ਬਾਹਰ ਹੋਰ ਮੁਲਕਾਂ ਦੀ ਖਾਕ ਨਾ ਛਾਨਣੀ ਪਵੇ। ਕੀ ਇਸਦਾ ਮਤਲਬ ਇਹ ਤਾਂ ਨਹੀਂ ਕਿ ਆਪਣੇ ਧੁਰ ਅੰਦਰੋਂ ਕਿਤੇ ਨਾ ਕਿਤੇ ਅਸੀਂ ਇਹ ਸਮਝ ਰਹੇ ਹੁੰਦੇ ਹਾਂ ਕਿ ਅਰਦਾਸ ਕਰਿਆਂ ਇਹ ਨਹੀਂ ਹੋ ਸਕਦਾ?
ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਸਦੀਆਂ ਪਹਿਲਾਂ ਹੋਏ ਸਾਡੇ ਰਹਿਨੁਮਾਵਾਂ ਨੇ ਹੁਣ ਮੁੜ ਕੇ ਕਦੇ ਨਹੀਂ ਆਉਣਾ। ਸਾਨੂੰ ਇਸ ਜੀਵਨ ਨੂੰ ਚੰਗਾ ਬਣਾਉਣ ਲਈ ਆਪ ਯਤਨ ਕਰਨੇ ਪੈਣੇ ਹਨ। ਇੱਕ ਵਿਅਕਤੀ ਜਾਂ ਪੂਰਾ ਸਮਾਜ ਜਦੋਂ ਜਦੋਂ ਵੀ ਆਪਣੀਆਂ ਸਮੱਸਿਆਵਾਂ ਨੂੰ ਕਿਸੇ ਕਰਾਮਾਤੀ ਵਰਤਾਰੇ ਨਾਲ ਜੋੜ ਦੇਵੇਗਾ, ਓਦੋਂ ਉਹ ਸਮੱਸਿਆਵਾਂ ਦੇ ਹੱਲ ਲੱਭਣ ਤੋਂ ਭਟਕ ਜਾਵੇਗਾ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰ ਜਾਵੇਗਾ। ਧਰਤੀ ਦੇ ਜਿਸ ਖਿੱਤੇ ਵਿੱਚ ਅੰਧਵਿਸ਼ਵਾਸ, ਪਖੰਡ ਅਤੇ ਡੇਰਾਵਾਦ ਜਕੜ ਵਧੇਰੇ ਹੋਵੇਗੀ, ਉਸ ਖਿੱਤੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਣ ਦੀ ਬਜਾਏ ਅੰਬਰਵੇਲ ਵਾਂਗ ਵਧਦੀਆਂ ਜਾਣਗੀਆਂ। ਅਸੀਂ ਇਸ ਸਮੇਂ ਉਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਜਿਸ ਦੌਰ ਵਿੱਚ ਮਜ਼੍ਹਬ ਦੇ ਨਾਮ ’ਤੇ ਪਖੰਡ ਕਰਨ ਵਾਲਿਆਂ ਵਲੋਂ ਅਤੇ ਰਾਜਨੀਤਕ ਲੋਕਾਂ ਵਲੋਂ ਮਨੁੱਖਤਾ ਦੇ ਦੁੱਖਾਂ ਨੂੰ ਵਕਤੀ ਤੌਰ ’ਤੇ ਦੂਰ ਕਰਨ ਦੀ ਨਿਰੰਤਰ ਡੁਗਡੁਗੀ ਵਜਾਈ ਜਾ ਰਹੀ ਹੈ। ਸਾਨੂੰ ਇਸ ਵਰਤਾਰੇ ਨੂੰ ਸਮਝਣ ਦੀ ਲੋੜ ਹੈ।
ਸਮਾਜ ਨੂੰ ਉਨ੍ਹਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੋ ਕਰਾਮਾਤੀ ਸ਼ਕਤੀਆਂ ਦਾ ਪ੍ਰਪੰਚ ਰਚ ਕੇ ਲੋਕਾਈ ਨੂੰ ਅੰਧਵਿਸ਼ਵਾਸਾਂ ਦੀ ਦਲਦਲ ਵਿੱਚ ਧੱਕ ਰਹੇ ਹਨ। ਅਜਿਹਾ ਕਰਕੇ ਇੱਕ ਤਰ੍ਹਾਂ ਨਾਲ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਸਾਡੀਆਂ ਮੁਸ਼ਕਲਾਂ, ਸਮੱਸਿਆਵਾਂ ਕਿਸੇ ਗੰਦੇ ਅਤਿ ਮਾੜੇ ਨਿਜ਼ਾਮ ਦੀ ਦੇਣ ਨਹੀਂ ਬਲਕਿ ਇਹ ਸਾਡੀ ਮਾੜੀ ਕਿਸਮਤ ਕਰਕੇ ਹਨ। ਅਜਿਹੀ ਮਨੋਬਿਰਤੀ ਸਮਾਜ ਨੂੰ ਰੂੜ੍ਹੀਵਾਦੀ ਧਾਰਨਾਵਾਂ ਦੇ ਰਾਹ ਤੋਰਦੀ ਹੈ। ਸਾਡੇ ਸਮਾਜ ਨੂੰ ਵਿਵੇਕਸ਼ੀਲ ਬਣਨ ਦੀ ਲੋੜ ਹੈ। ਅਸੀਂ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਆਪਣੀਆਂ ਸਮੱਸਿਆਵਾਂ ਤੋਂ ਨਿਜਾਤ ਪਾ ਸਕਦੇ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3799)
(ਸਰੋਕਾਰ ਨਾਲ ਸੰਪਰਕ ਲਈ: