“ਹਰੇ ਇਨਕਲਾਬ ਮਗਰੋਂ ਪੈਦਾ ਹੋਏ ਖੇਤੀਬਾੜੀ ਅਤੇ ਵਾਤਾਵਰਣ ਸੰਕਟ ਨੇ ਪੰਜਾਬ ਲਈ ਨਿੱਤ ਨਵੀਂਆਂ ...”
(12 ਦਸੰਬਰ 2024)
ਕਦੇ ਬੜੇ ਫਖ਼ਰ ਨਾਲ ਕਿਹਾ ਜਾਂਦਾ ਸੀ, ‘ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ’ ਉਹ ਪੰਜਾਬ ਅੱਜ ਕਈ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਹੈ। ਉਂਝ ਤਾਂ ਇਸ ਧਰਤੀ ’ਤੇ ਸਦੀਆਂ ਤੋਂ ਉਥਲ ਪੁਥਲ ਚਲਦੀ ਆਈ ਹੈ ਪਰ ਅੱਜ ਦਾ ਦੌਰ ਪੰਜਾਬੀ ਸਮਾਜ ਲਈ ਵੱਖਰੀ ਤਰ੍ਹਾਂ ਦੀਆਂ ਸਮੱਸਿਆਵਾਂ, ਮੁਸ਼ਕਲਾਂ ਤੇ ਸੰਕਟ ਲੈ ਕੇ ਆਇਆ ਹੈ। ਅਜਿਹੇ ਸੰਕਟ ਜਿਹਨਾਂ ਦੇ ਹੱਲ ਲਈ ਆਸ ਦੀ ਕਿਰਨ ਫਿਲਹਾਲ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੀ। ਅਸੀਂ ਉਸ ਦੌਰ ਵਿੱਚੋਂ ਲੰਘ ਰਹੇ ਹਾਂ ਜਿੱਥੇ ਸਮਾਜ ਦੀ ਬਹੁਗਿਣਤੀ ਅਜੇ ਵੀ ਰਾਜਸੀ ਪਾਰਟੀਆਂ ਅਤੇ ਰਾਜਸੀ ਆਗੂ ਬਦਲਣ ਦੇ ਅਮਲ ਵਿੱਚੋਂ ਇਸਦਾ ਹੱਲ ਤਲਾਸ਼ ਰਹੀ ਹੈ। ਪੰਜਾਬ ਦੇ ਸੰਕਟਾਂ ਲਈ ਮੌਜੂਦਾ ਦੌਰ ਦੇ ਰਵਾਇਤੀ ਰਾਜਸੀ ਤਾਣੇ ਬਾਣੇ ਤੋਂ ਹੋਰ ਉੱਪਰ ਉੱਠ ਕੇ ਸੋਚ ਵਿਚਾਰ ਕਰਕੇ ਇੱਕ ਬਹੁਤ ਵੱਡੇ ਪ੍ਰੋਗਰਾਮ ਦੀ ਲੋੜ ਹੈ।
ਕਿਸਾਨ ਅੰਦੋਲਨ ਮਗਰੋਂ ਪੰਜਾਬੀ ਸਮਾਜ ਨੇ ਆਪਣੀਆਂ ਮੁਸ਼ਕਲਾਂ, ਸਮੱਸਿਆਵਾਂ ਨੂੰ ਕੁਝ ਹੱਦ ਤਕ ਸਮਝਿਆ ਹੈ। ਲੋਕਾਂ ਵਿੱਚ ਰਾਜਸੀ ਸੂਝ ਵੀ ਆਈ ਹੈ। ਪਿਛਲੇ ਅਰਸੇ ਦੌਰਾਨ ਪੰਜਾਬ ਵਿੱਚ ਵੱਡੇ ਰਾਜਸੀ ਬਦਲ ਵੀ ਹੋਏ ਪਰ ‘ਮਰਜ਼ ਬੜ੍ਹਤਾ ਗਿਆ ਜਿਉਂ ਜਿਉਂ ਦਵਾ ਕੀ’ ਅਨੁਸਾਰ ਹਾਲਤ ਹਰ ਦਿਨ ਬਦ ਤੋਂ ਬਦਤਰ ਹੋ ਰਹੀ ਹੈ। ਇਸ ਸਮੇਂ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਬੀ ਜੇ ਪੀ ਕੋਲ ਕੋਈ ਪੰਜਾਬ ਲਈ ਅਜਿਹਾ ਪ੍ਰੋਗਰਾਮ ਨਹੀਂ ਜੋ ਇਸ ਨੂੰ ਮੌਜੂਦਾ ਦੌਰ ਦੇ ਸੰਕਟਾਂ ਤੋਂ ਨਿਜਾਤ ਦਵਾ ਸਕੇ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਰਾਜਸੀ ਗਲਿਆਰਿਆਂ ਵਿੱਚ ਜੇਕਰ ਕਿਸੇ ਗੱਲ ਦਾ ਚਿੰਤਨ ਮੰਥਨ ਹੋ ਰਿਹਾ ਹੈ ਤਾਂ ਕੇਵਲ ਇਸ ਲਈ ਹੈ ਕਿ ਕਿਹੜੀ ਚੋਣ ਕਿਵੇਂ ਜਿੱਤਣੀ ਹੈ। ਸੱਤਾ ਹਾਸਲ ਕਿਵੇਂ ਕਰਨੀ ਹੈ ਅਤੇ ਇਸ ਨੂੰ ਕਾਇਮ ਕਿਵੇਂ ਰੱਖਣਾ ਹੈ, ਇਸ ਲਈ ਸਿਰਤੋੜ ਯਤਨ ਹੋ ਰਹੇ ਹਨ। ਲੋਕਾਂ ਦੇ ਦੁੱਖ, ਤਖਲੀਫਾਂ, ਮੁਸ਼ਕਲਾਂ, ਸਮੱਸਿਆਵਾਂ ਲਈ ਚਿੰਤਨ-ਮੰਥਨ ਕਰਨ ਦੀ ਬਜਾਏ ਲੋਕਾਂ ਨੂੰ ਵਰਗਲਾਉਣ ਲਈ ਡੰਗ-ਤਰੀਕੇ ਲੱਭੇ ਜਾ ਰਹੇ ਹਨ। ਇਹ ਇੱਕ ਬੇਹੱਦ ਅਫਸੋਸਨਾਕ ਰਾਜਸੀ ਖੜੋਤ ਦੀ ਸਥਿਤੀ ਹੈ। ਫਿਲਹਾਲ ਸਾਨੂੰ ਕੋਈ ਵੀ ਅਜਿਹਾ ਨੇਤਾ ਕਿਸੇ ਪਾਰਟੀ ਵਿੱਚ ਨਜ਼ਰ ਨਹੀਂ ਆਉਂਦਾ ਜੋ ਰਾਜਨੀਤਕ ਦੂਸ਼ਣਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੀਆਂ ਸਮੱਸਿਆਵਾਂ ਉਪ੍ਰਤੀ ਗੰਭੀਰ ਹੋ ਕੇ ਇਹਨਾਂ ਤੋਂ ਨਿਜਾਤ ਦਿਵਾਉਣ ਲਈ ਯਤਨਸ਼ੀਲ ਹੋਵੇ। ਹੁਣ ਸਾਨੂੰ ਇਹ ਸਮਝਣ ਦੀ ਲੋੜ ਆਣ ਬਣੀ ਹੈ ਕਿ ਮੌਜੂਦਾ ਦੌਰ ਦੇ ਰਾਜਸੀ ਪਾਰਟੀਆਂ ਦੇ ਅਦਲ ਬਦਲ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ। ਹੁਣ ਇਸ ਤੋਂ ਅਗਾਂਹ ਤੁਰਨ ਦੀ ਲੋੜ ਹੈ। ਪੰਜਾਬ ਨੂੰ ਇਸ ਸਮੇਂ ਉਸਾਰੂ ਅਤੇ ਯੋਗ ਅਗਵਾਈ ਦੀ ਲੋੜ ਹੈ। ਉਹ ਅਗਵਾਈ, ਜਿਸ ਵਿੱਚ ਸਾਡੇ ਸਮਿਆਂ ਦੇ ਦੁੱਖਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਦਾ ਰਾਹ ਹੋਵੇ। ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਮਾਨਵਵਾਦੀ ਸਮਝ ਹੋਵੇ।
ਗੁਰੂਆਂ ਪੀਰਾਂ ਦੀ ਇਸ ਧਰਤੀ ’ਤੇ ਨਸ਼ਿਆਂ ਦਾ ਬਹੁਤ ਵੱਡੀ ਸਮੱਸਿਆ ਬਣ ਜਾਣਾ, ਸਾਡੇ ਸਮੇਂ ਦਾ ਇੱਕ ਵੱਡਾ ਮਹਾਂਦੁਖਾਂਤ ਹੈ। ਇਸ ਸਮੱਸਿਆ ਲਈ ਜੋ ਯਤਨ ਹੋਣੇ ਚਾਹੀਦੇ ਹਨ, ਉਹ ਕਿਸੇ ਪਾਸੇ ਹੁੰਦੇ ਨਜ਼ਰ ਨਹੀਂ ਆ ਰਹੇ। ਇਹ ਯਤਨ ਰਾਜਸੀ ਖੇਤਰ ਵਿੱਚ ਵੀ ਹੋਣੇ ਚਾਹੀਦੇ ਸਨ ਅਤੇ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਵੀ ਇਹਨਾਂ ਲਈ ਸਾਰਥਕ ਯਤਨਾਂ ਦੀ ਲੋੜ ਹੈ। ਇਸ ਸਮੇਂ ਪੰਜਾਬ ਦੀ ਧਰਤੀ ਦੀਆਂ ਲੱਖਾਂ ਮਾਵਾਂ, ਭੈਣਾਂ, ਧੀਆਂ, ਜਿਹਨਾਂ ਦੇ ਪੁੱਤ, ਭਰਾ ਤੇ ਸਿਹਰਿਆਂ ਵਾਲੇ ਇਸ ਨਸ਼ੇ ਦੀ ਭੱਠੀ ਦਾ ਬਾਲਣ ਬਣ ਗਏ ਅਤੇ ਬਣ ਰਹੇ ਹਨ, ਉਹ ਵੱਡੇ ਸੰਤਾਪ ਭੋਗ ਰਹੀਆਂ ਹਨ। ਪੰਜਾਬ ਦੇ ਕੁਝ ਪਿੰਡ ਜਾਂ ਕੁਝ ਖੇਤਰ ਅਜਿਹੇ ਹਨ, ਜਿੱਥੇ ਘਰਾਂ ਦੇ ਘਰ ਨਸ਼ੇ ਦੀ ਅੱਗ ਨਾਲ ਤਬਾਹ ਹੋ ਗਏ ਹਨ। ਨੌਜਵਾਨ ਪੀੜ੍ਹੀ ਆਪਣੇ ਦੌਰ ਦੇ ਨਾਇਕਾਂ ਤੋਂ ਸੇਧ ਲੈ ਕੇ ਚਲਦੀ ਹੈ ਪਰ ਇਸ ਸਮੇਂ ਉਸਾਰੂ ਸੇਧ ਦੇਣ ਵਾਲੇ ਰੋਲ ਮਾਡਲ ਗਾਇਬ ਹਨ। ਇਹ ਕਿਹੋ ਜਿਹੀ ਵਿਡੰਬਨਾ ਹੈ ਕਿ ਪੰਜਾਬ ਜਦੋਂ ਵੱਖ ਵੱਖ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਪੰਜਾਬ ਦੀ ਜਵਾਨੀ ਨੂੰ ਹੰਕਾਰ ਦੇ ਗੀਤ ਸੁਣਾਏ ਵਿਖਾਏ ਜਾ ਰਹੇ ਹਨ। ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਉਹ ਗੀਤ ਜਿਹਨਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਜਾਂ ਹੰਕਾਰ ਵਿਖਾਇਆ ਜਾਂਦਾ ਹੈ, ਉਹ ਪਹਿਲੀ ਪਸੰਦ ਬਣਦੇ ਹਨ ਅਤੇ ਇਸ ਨੂੰ ਮੁੱਖ ਰੱਖ ਕੇ ਅੱਜ ਧੜੱਲੇ ਨਾਲ ਗੀਤ ਲਿਖੇ ਤੇ ਗਾਏ ਜਾ ਰਹੇ ਹਨ। ਰੂਸ ਦਾ ਮਹਾਨ ਰਾਜਨੀਤਕ ਆਗੂ ਲੈਨਿਨ ਆਖਦਾ ਹੈ, ‘ਤੁਸੀਂ ਮੈਂਨੂੰ ਦੱਸੋ ਕਿ ਤੁਹਾਡੀ ਨੌਜਵਾਨ ਪੀੜ੍ਹੀ ਦੇ ਬੁੱਲ੍ਹਾਂ ’ਤੇ ਕਿਹੋ ਜਿਹੇ ਗੀਤ ਹਨ, ਮੈਂ ਤੁਹਾਨੂੰ ਦੱਸਾਂਗਾ ਕਿ ਉਹਨਾਂ ਦਾ ਭਵਿੱਖ ਕੀ ਹੋਵੇਗਾ।’ ਜਿੱਥੇ ਅੱਜ ਬੇਕਾਰ ਫਿਰਦੀ ਜਵਾਨੀ ਨੂੰ ਆਹਰੇ ਲਾਏ ਜਾਣ ਲਈ ਰੋਜ਼ਗਾਰ ਦੀਆਂ ਨਵੀਂਆਂ ਸੰਭਾਵਨਾਵਾਂ ’ਤੇ ਕੰਮ ਕਰਨ ਦੀ ਲੋੜ ਹੈ, ਉੱਥੇ ਇਹਨਾਂ ਲਈ ਉਸਾਰੂ ਸੇਧ ਦੇਣ ਵੀ ਵੱਡੀ ਲੋੜ ਹੈ। ਬੇਕਾਰੀ, ਨਸ਼ੇ ਅਤੇ ਲੱਚਰ ਕਿਸਮ ਦੀ ਗਾਇਕੀ ਦੇ ਪ੍ਰਭਾਵ ਕਰਕੇ ਸਾਡੇ ਨੌਜਵਾਨ ਜਿੱਥੇ ਹੁਣ ਤਕ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਸਨ ਅਤੇ ਨਸ਼ੇ ਦੀ ਸਮੱਸਿਆ ਸਾਡੇ ਗਲੋਂ ਲਹਿਣ ਦਾ ਨਾਮ ਨਹੀਂ ਲੈ ਰਹੀ, ਉੱਥੇ ਹੁਣ ਹਾਲਾਤ ਇਹ ਹਨ ਕਿ ਗੈਂਗਸਟਰਵਾਦ ਸਾਡੇ ਸਮਿਆਂ ਦੀ ਇੱਕ ਵੱਡੀ ਨਵੀਂ ਸਮੱਸਿਆ ਬਣਨ ਲੱਗ ਪਿਆ ਹੈ। ਮੌਜੂਦਾ ਦੌਰ ਦੀਆਂ ਅਤੇ ਨਵੀਂਆਂ ਪੈਦਾ ਹੋ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਸਾਡੇ ਕੋਲ ਕਿਹੋ ਜਿਹੀ ਰਾਜਸੀ ਪਹੁੰਚ ਹੈ, ਇਸਦਾ ਅੰਦਾਜ਼ਾ ਅਸੀਂ ਸਹਿਜੇ ਹੀ ਲਾ ਸਕਦੇ ਹਾਂ। ਇੱਥੇ ਵਿਚਾਰਨਯੋਗ ਗੱਲ ਇਹ ਵੀ ਹੈ ਲੋਕਾਂ ਦੀ ਧਾਰਮਿਕ ਪੱਖੋਂ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਵੀ ਸਮਾਜ ਪ੍ਰਤੀ ਆਪਣਾ ਬਣਦਾ ਰੋਲ ਅਦਾ ਕਰਨ ਤੋਂ ਅਸਮਰੱਥ ਰਹੀਆਂ ਹਨ। ਨਸ਼ੇ ਅਤੇ ਹੈਂਕੜਬਾਜ਼ੀ ਵਾਲੇ ਗੀਤਾਂ ’ਤੇ ਨੱਚਦੀ ਸਾਡੀ ਜਵਾਨੀ ਨੂੰ ਇਹ ਦੱਸੇ ਜਾਣ ਦੀ ਵੀ ਵੱਡੀ ਲੋੜ ਹੈ ਕਿ ਸਾਡਾ ਇਹ ਹੰਕਾਰ, ਸਾਡੀ ਇਹ ਈਗੋ, ਹੈਂਕੜ, ਆਖਿਰ ਕਿਸ ਲਈ ਹੈ? ਸਾਡੀ ਇਸ ਧਰਤੀ ’ਤੇ ਸਾਡੇ ਮਹਾਨ ਗੁਰੂਆਂ ਨੇ ਸਾਨੂੰ ਇਹ ਵੀ ਤਾਗੀਦ ਕੀਤੀ- ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ।। ਗੁਰੂ ਸਾਹਿਬ ਨੇ ਇਹ ਵੀ ਫਰਮਾਇਆ- ਨਾਨਕ ਨੀਵਾਂ ਜੋ ਚਲੈ, ਲਾਗੇ ਨਾ ਤਾਤੀ ਵਾਓ।। ਪਰ ਮੌਜੂਦਾ ਦੌਰ ਦੇ ਪੰਜਾਬੀ ਸਮਾਜ ਦੀਆਂ ਪੀੜਾਂ ਨੂੰ ਸਮਝ ਕੇ ਜਿਹਨਾਂ ਸੰਸਥਾਵਾਂ ਨੇ ਇਸ ਵਿਚਾਰਧਾਰਾ ਨੂੰ ਲੋਕਾਂ ਵਿੱਚ ਲੈ ਕੇ ਜਾਣਾ ਸੀ, ਦੇਸ਼ ਦੀ ਜਵਾਨੀ ਦੀ ਸੋਚ ਦਾ ਹਿੱਸਾ ਬਣਾਉਣਾ ਸੀ, ਉਹ ਵੀ ਆਪਣੇ ਬਣਦੇ ਫਰਜ਼ਾਂ ਤੋਂ ਕਿਨਾਰਾ ਕਰੀ ਬੈਠੀਆਂ ਹਨ।
ਹਰੇ ਇਨਕਲਾਬ ਮਗਰੋਂ ਪੈਦਾ ਹੋਏ ਖੇਤੀਬਾੜੀ ਅਤੇ ਵਾਤਾਵਰਣ ਸੰਕਟ ਨੇ ਪੰਜਾਬ ਲਈ ਨਿੱਤ ਨਵੀਂਆਂ ਮੁਸ਼ਕਲਾਂ, ਸਮੱਸਿਆਵਾਂ ਪੈਦਾ ਕੀਤੀਆਂ ਹਨ। ਇਸ ਤੋਂ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ। ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਜਿਸ ਢੰਗ ਦੀਆਂ ਪਹਿਲ ਕਦਮੀਆਂ ਦੀ ਸ਼ੁਰੂਆਤ ਅੱਜ ਤੋਂ ਵੀਹ ਸਾਲ ਪਹਿਲਾਂ ਕੀਤੇ ਜਾਣ ਦੀ ਲੋੜ ਸੀ, ਉਹ ਅੱਜ ਵੀ ਨਹੀਂ ਹੋ ਰਹੀਆਂ। ਵਾਤਾਵਰਣ ਅਤੇ ਪਾਣੀ ਦੇ ਸੰਕਟ ਲਈ ਜਿਸ ਪ੍ਰੋਗਰਾਮ ਦੀ ਸ਼ੁਰੂਆਤ 2020 ਦੇ ਆਸਪਾਸ ਹੋਣੀ ਚਾਹੀਦੀ ਸੀ, ਉਹ ਅੱਜ ਵੀ ਨਹੀਂ ਹੋ ਰਿਹਾ। ਪਤਾ ਨਹੀਂ ਅਸੀਂ ਕਿਉਂ ਨਹੀਂ ਸਮਝ ਰਹੇ ਕਿ ਅਸੀਂ ਸੱਭਿਅਤਾ ਦੇ ਇੱਕ ਵੱਡੇ ਸੰਕਟ ਦੇ ਮੁਹਾਣ ’ਤੇ ਖੜ੍ਹੇ ਹਾਂ ਪਰ ਸਾਡੀ ਸੋਚਾਂ ਵਿੱਚੋਂ ਇਹਨਾਂ ਦਾ ਚਿੰਤਨ ਮੰਥਨ ਗਾਇਬ ਹੈ? ਖੇਤੀਬਾੜੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਡੇ ਕੋਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹਨ, ਜੋ ਹੋਰ ਫਸਲਾਂ ’ਤੇ ਐੱਮ ਐੱਸ ਪੀ ਕੇਂਦਰ ਤੋਂ ਲੈਣ ਲਈ ਸਿਰਤੋੜ ਯਤਨ ਕਰ ਰਹੀਆਂ ਹਨ, ਜੋ ਸਾਡੇ ਲਈ ਇੱਕ ਆਸ ਦੀ ਕਿਰਨ ਹੈ ਪਰ ਇਸ ਸਮੇਂ ਲੋੜ ਇਹ ਹੈ ਕਿ ਇਹਨਾਂ ਜਥੇਬੰਦੀਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇੱਥੇ ਫਸਲਾਂ ਦੇ ਮੋਨੋ ਕਲਚਰ ਨੇ ਪੰਜਾਬ ਲਈ ਵਾਤਾਵਰਣਿਕ ਸੰਕਟ ਹੀ ਪੈਦਾ ਨਹੀਂ ਕੀਤੇ, ਇਸਦਾ ਇੱਕ ਹੋਰ ਵੱਡਾ ਨੁਕਸਾਨ, ਜਿਸਦੀ ਕਿਸੇ ਪਾਸੇ ਚਰਚਾ ਨਹੀਂ, ਉਹ ਇਹ ਕਿ ਇਸ ਨੇ ਪੰਜਾਬੀ ਸਮਾਜ ਨੂੰ ਕਿਰਤ ਕਰਨ ਤੋਂ ਤੋੜ ਦਿੱਤਾ। ਕਿਸੇ ਵੀ ਸਮਾਜ ਨੂੰ ਚੰਗਾ ਬਣਾਉਣ ਲਈ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਸਮਾਜ ਦੇ ਬਹੁਗਿਣਤੀ ਲੋਕ ਕਿਰਤ ਨਾਲ ਜੁੜੇ ਰਹਿਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਭ ਕੁਝ ਠੀਕ ਹੋਣ ਦੇ ਬਾਵਜੂਦ ਵੀ ਸਮਾਜ ਵੱਖ ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਸਰਕਾਰਾਂ ਤੋਂ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਜਾਤ ਪਾਉਣ ਲਈ ਹੋਰ ਫਸਲਾਂ ’ਤੇ ਐੱਮ ਐੱਸ ਪੀ ਦੀ ਮੰਗ ਕੀਤੀ ਜਾ ਰਹੀ ਹੈ, ਇੱਥੇ ਅੱਜ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਲੋਕ ਜੋ ਇਸ ਫਸਲੀ ਚੱਕਰ ਦੇ ਆਦੀ ਹੋ ਗਏ ਹਨ, ਇਸ ਤੋਂ ਬਾਹਰ ਨਿਕਲਣ ਲਈ ਰਾਜ਼ੀ ਵੀ ਹੋਣਗੇ? ਹਾਲਾਤ ਤਾਂ ਇਹ ਵੀ ਹਨ ਕਿ ਪੰਜਾਬ ਦੇ ਪਿੰਡਾਂ ਵਿੱਚ ਹੁਣ ਪਸ਼ੂਆਂ ਨੂੰ ਰੱਖਣ ਪਾਲਣ ਦਾ ਕੰਮ ਵੀ ਸਮਾਪਤੀ ਵੱਲ ਜਾ ਰਿਹਾ ਹੈ। ਜੇਕਰ ਕੋਈ ਪਸ਼ੂ ਰੱਖਦਾ ਹੈ ਤਾਂ ਉਹਨਾਂ ਲਈ ਚਾਰਾ ਵੱਢਣਾ, ਕੁਤਰਨਾ ਤੇ ਪਾਉਣਾ, ਇਸ ਤੋਂ ਨਿਜਾਤ ਪਾਉਣ ਵੱਲ ਅਸੀਂ ਤੁਰ ਪਏ ਹਾਂ।
ਪਿਛਲੇ ਕੁਝ ਅਰਸੇ ਤੋਂ ਪੰਜਾਬ ਵਿੱਚੋਂ ਇੱਕ ਹੋਰ ਪੰਜਾਬ ਨਿਕਲ ਕੇ ਬਾਹਰਲੇ ਮੁਲਕਾਂ ਵਿੱਚ ਜਾ ਵਸਿਆ ਹੈ। ਸਾਡੇ ਪੜ੍ਹੇ ਲਿਖੇ ਹੁਨਰਮੰਦ ਬੱਚੇ ਹੋਰ ਧਰਤੀਆਂ ’ਤੇ ਆਪਣਾ ਸੁਨਹਿਰਾ ਭਵਿੱਖ ਤਲਾਸ਼ ਰਹੇ ਹਨ। ਇਸ ਪ੍ਰਵਾਸ ਨਾਲ ਜਿੱਥੇ ਇੱਥੋਂ ਦੀ ਮਨੁੱਖੀ ਸ਼ਕਤੀ ਬਾਹਰ ਗਈ, ਉੱਥੇ ਅਰਬਾਂ ਰੁਪਏ ਦਾ ਸਰਮਾਇਆ ਵੀ ਇੱਥੋਂ ਬਾਹਰ ਚਲਾ ਗਿਆ। ਸਾਡੇ ਕੁਝ ਬੱਚੇ ਤਾਂ ਮਜਬੂਰੀ ਵੱਸ ਬਾਹਰਲੇ ਮੁਲਕਾਂ ਦਾ ਰੁਖ਼ ਕਰ ਰਹੇ ਹਨ ਪਰ ਕੁਝ ਸਾਧਨ-ਸੰਪਨ ਅਮੀਰ ਪਰਿਵਾਰਾਂ ਦੇ ਬੱਚਿਆਂ ਨੇ ਇਸ ਨੂੰ ਆਪਣਾ ਸਟੇਟਸ ਸਿੰਬਲ ਵੀ ਬਣਾ ਲਿਆ ਹੈ। ਇਹ ਵੀ ਸਾਡੇ ਸਮਾਜ ਦੀ ਅਜੀਬੋ ਗਰੀਬ ਸਥਿਤੀ ਹੈ ਕਿ ਅਸੀਂ ਇੱਥੇ ਤਾਂ ਕੰਮ ਕਰਨ ਲਈ ਤਿਆਰ ਨਹੀਂ, ਕਿਰਤ ਨਾਲ ਜੁੜਨ ਅਤੇ ਹੋਰ ਲੋਕਾਂ ਨੂੰ ਜੋੜਨ ਲਈ ਰਾਜ਼ੀ ਨਹੀਂ ਪਰ ਹੋਰ ਮੁਲਕਾਂ ਵਿੱਚ ਜਾ ਕੇ ਬਰਫਾਂ ਦੇ ਨਰਕ ਵਿੱਚ ਵੀ ਔਖੇ ਤੋਂ ਔਖੇ ਕੰਮ ਕਰਨ ਲਈ ਤਿਆਰ ਹਾਂ। ਸਾਡੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਇਹ ਬਣ ਗਈ ਹੈ ਕਿ ਕੰਮ ਹੁਣ ਬਾਹਰ ਜਾ ਕੇ ਹੀ ਕਰਾਂਗੇ। ਇਸ ਪ੍ਰਵਾਸ ਨੂੰ ਘੱਟ ਕਰਨ, ਨੌਜਵਾਨਾਂ ਲਈ ਕੁਝ ਚੰਗੀਆਂ ਵੱਡੀਆਂ ਸੰਸਾਰ ਪੱਧਰ ਦੀਆਂ ਆਈ ਟੀ ਸੰਸਥਾਵਾਂ ਖੋਲ੍ਹਣ, ਉਹਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਜਿਹੜੀਆਂ ਸਰਕਾਰੀ ਪਹਿਲ ਕਦਮੀਆਂ ਹੋਣੀਆਂ ਚਾਹੀਦੀਆਂ ਹਨ, ਉਹ ਕਿੱਥੇ ਹਨ?
ਨਸ਼ੇ, ਖੇਤੀਬਾੜੀ ਵਿੱਚ ਖੜੋਤ, ਵਾਤਾਵਰਣ ਅਤੇ ਪ੍ਰਵਾਸ ਦੇ ਸੰਕਟ ਦੇ ਇਸ ਦੌਰ ਵਿੱਚ ਸਾਡਾ ਪੰਜਾਬੀ ਸਮਾਜ ਹਰ ਦਿਨ ਰਸਾਤਲ ਵੱਲ ਜਾ ਰਿਹਾ ਹੈ। ਪੰਜਾਬੀ ਸਮਾਜ ਇਸ ਸਮੇਂ ਵੱਡੇ ਪੱਧਰ ਤੇ ਲੋਕ ਮਾਨਸਿਕ ਰੋਗਾਂ, ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਸੰਕਟ ਭਵਿੱਖ ਵਿੱਚ ਹੋਰ ਵਧਣੇ ਹਨ। ਪੰਜਾਬ ਇਸ ਸਮੇਂ ਇੱਕ ਵੱਡੀ ਉਸਾਰੂ ਯੋਗ ਅਗਵਾਈ ਤੋਂ ਵਿਰਵਾ ਹੈ। ਬੇਸ਼ਕ ਸਾਡੇ ਸੰਕਟ ਹਰ ਦਿਨ ਵਧ ਰਹੇ ਹਨ ਪਰ ਜੇਕਰ ਅਜੇ ਵੀ ਪੰਜਾਬ ਦੀਆਂ ਸਾਰੀਆਂ ਧਿਰਾਂ, ਸੰਸਥਾਵਾਂ ਆਪਣੇ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣ, ਸਮੱਸਿਆਵਾਂ ਦੇ ਮੌਜੂਦਾ ਦੌਰ ਦੇ ਫਰਜ਼ੀ ਹੱਲ ਤੋਂ ਉੱਪਰ ਉੱਠ ਕੇ ਪੰਜਾਬ ਲਈ ਲਕੀਰ ਤੋਂ ਹਟ ਕੇ ਵੱਡੇ ਉਪਰਾਲੇ ਕਰਨ ਤਾਂ ਅੱਜ ਵੀ ਪੰਜਾਬ ਦਾ ਬਹੁਤ ਕੁਝ ਬਚਾਇਆ ਜਾ ਸਕਦਾ ਹੈ। ਪੰਜਾਬ ਨੂੰ ਅੱਜ ਖਾਨਾਪੂਰਤੀ ਕਰਨ ਅਤੇ ਸਮੱਸਿਆਵਾਂ ਦੇ ਫਰਜ਼ੀ ਹੱਲ ਕਰਨ ਦਾ ਰਾਹ ਤਿਆਗਣਾ ਹੋਵੇਗਾ ਅਤੇ ਪੰਜਾਬ ਦੀ ਕਿਸਾਨੀ, ਜਵਾਨੀ, ਪਾਣੀ ਅਤੇ ਕਿਰਤੀ ਜਮਾਤ ਨੂੰ ਬਚਾਉਣ ਲਈ ਵੱਡੇ ਪ੍ਰੋਗਰਾਮ ਬਣਾਉਣੇ ਅਤੇ ਉਪਰਾਲੇ ਕਰਨੇ ਹੋਣਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5524)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)