“ਜਿਸ ਢੰਗ ਨਾਲ ਵੱਖ ਵੱਖ ਧਰਮ ਗੁਰੂਆਂ ਨੂੰ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਲਈ ਜਮੀਨਾਂ, ਪਲਾਟ ਦਿੱਤੇ ਜਾ ਰਹੇ ਹਨ, ਇਸ ਨਾਲ ...”
(ਜੂਨ 23, 2016)
ਅਸੀਂ ਅੱਜ ਦੇ ਯੁੱਗ ਨੂੰ ਕੰਪਿਊਟਰ ਦਾ ਯੁੱਗ ਜਾਂ ਸਾਇੰਸ ਦਾ ਯੁੱਗ ਕਹੀਏ, ਪਰ ਹਕੀਕਤ ਇਹ ਹੈ ਕਿ ਅੱਜ ਵੀ ਦੁਨੀਆਂ ਦੀ ਬਹੁਗਿਣਤੀ ਅੰਧਵਿਸ਼ਵਾਸ ਦੀ ਦਲਦਲ ਵਿੱਚ ਬੜੀ ਬੁਰੀ ਤਰ੍ਹਾਂ ਫਸੀ ਹੋਈ ਹੈ। ਬਹੁਗਿਣਤੀ ਲੋਕ ਅੱਜ ਵੀ ਇਹ ਸਮਝਦੇ ਹਨ ਕਿ ਉਹਨਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ, ਕਿਸੇ ਸਾਧ, ਸੰਤ, ਬਾਬੇ ਦੀ ਕਰਾਮਾਤ ਨਾਲ ਹੱਲ ਹੋ ਸਕਦੀਆਂ ਹਨ। ਵੱਖ ਵੱਖ ਮੁਸੀਬਤਾਂ ਵਿੱਚ ਘਿਰੇ ਲੋਕਾਂ ਦਾ ਅਟੁੱਟ ਵਿਸ਼ਵਾਸ ਹੈ ਕਿ ਯੱਗ, ਹਵਨ, ਪਾਠ ਪੂਜਾ ਅਤੇ ਤੀਰਥ ਯਾਤਰਾਵਾਂ ਨਾਲ ਘਰਾਂ ਦੇ ਧੋਣੇ ਧੋਤੇ ਜਾ ਸਕਦੇ ਹਨ। ਲੋਕਾਂ ਦੀ ਇਸ ਅੰਧਵਿਸ਼ਵਾਸੀ ਮਨੋਬਿਰਤੀ ਨੇ ਅੱਜ ਕੁਝ ਲੋਕਾਂ ਨੂੰ ਵੱਡੇ ਕਾਰੋਬਾਰ ਦਿੱਤੇ ਹਨ। ਅਵਾਮ ਦੀ ਇਸ ਮਨੋਬਿਰਤੀ ਨੇ ਮਾਮੂਲੀ ਕਾਰੋਬਾਰ ਕਰਦੇ ਬਾਪੂ ਆਸਾਰਾਮ ਅਤੇ ਸੰਤ ਰਾਮਪਾਲ ਵਰਗੇ ਲੋਕਾਂ ਨੂੰ ਆਪਣੇ ਕਾਰੋਬਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦੇ ਮੌਕੇ ਪ੍ਰਦਾਨ ਕੀਤੇ। ਵੈਸੇ ਤਾਂ ਧਰਮ ਅਤੇ ਰਾਜਨੀਤੀ ਸਦੀਆਂ ਤੋਂ ਇੱਕ ਦੂਜੇ ਦੇ ਪੂਰਕ ਰਹੇ ਹਨ ਪਰ ਪਿਛਲੇ ਕੁਝ ਅਰਸੇ ਤੋਂ ਸਾਧਾਂ ਸੰਤਾਂ ਦੇ ਡੇਰਿਆਂ ਉੱਤੇ ਜੁੜੀਆਂ ਭੀੜਾਂ ਨੂੰ ਵੋਟਾਂ ਦੇ ਰੂਪ ਵਿੱਚ ਵੀ ਵੇਖਿਆ ਜਾਣ ਲੱਗਿਆ ਹੈ। ਅੰਨ੍ਹੀ ਸ਼ਰਧਾ ਤਹਿਤ ਇਕੱਤਰ ਹੁੰਦੀਆਂ ਭੀੜਾਂ ਦਾ ਵੋਟਾਂ ਦੇ ਰੂਪ ਵਿੱਚ ਸੌਦਾ ਕਰਨਾ ਹੁਣ ਆਮ ਗੱਲ ਹੋ ਗਈ ਹੈ।
ਸਾਡੇ ਮੁਲਕ ਵਿੱਚ ਲੋਕਾਂ ਦੀ ਸ਼ਰਧਾ ਤੋਂ ਕੀਤਾ ਜਾਣ ਵਾਲਾ ਕਾਰੋਬਾਰ ਬੜੀ ਤੇਜ਼ੀ ਨਾਲ ਫਲ ਫੁੱਲ ਰਿਹਾ ਹੈ। ਬਹੁਤ ਸਾਰੇ ਉਹ ਲੋਕ ਜੋ ਹਕੀਕਤ ਵਿੱਚ ਵਪਾਰੀ ਕਿਸਮ ਦੇ ਲੋਕ ਹਨ, ਨੇ ਭਗਵੇਂ ਚੋਲਿਆਂ ਦੀ ਆੜ ਵਿੱਚ ਸਾਧ ਸੰਤ ਬਣਕੇ ਲੋਕ ਮਾਨਸਿਕਤਾ ਤੋਂ ਮੋਟੀਆਂ ਕਮਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਧ ਸੰਤ ਦੇਸ਼ ਵਿੱਚ ਅਨੇਕਾਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮਾਲਕ ਬਣ ਰਹੇ ਹਨ।
ਹੁਣ ਗੱਲ ਇਸ ਤੋਂ ਵੀ ਅਗਾਂਹ ਚਲੀ ਗਈ ਹੈ। ਵੱਖ ਵੱਖ ਧਾਰਮਿਕ ਅਖਵਾਉਣ ਵਾਲੀਆਂ ਸੰਸਥਾਵਾਂ ਨੇ ਆਪਣੀਆਂ ਆਪਣੀਆਂ ਕੰਪਨੀਆਂ ਦੇ ਪ੍ਰੋਡਕਟ ਤਿਆਰ ਕਰਕੇ ਬਜਾਰ ਵਿੱਚ ਉਤਾਰ ਦਿੱਤੇ ਹਨ। ਇਹ ਬਜਾਰ ਘਿਓ, ਚੌਲ, ਤੇਲ, ਸਾਬਣ ਆਦਿ ਘਰੇਲੂ ਵਰਤੋਂ ਦੀਆਂ ਵਸਤਾਂ ਤੱਕ ਹੀ ਸੀਮਤ ਨਹੀਂ ਬਲਕਿ ਬਲਕਿ ਔਰਤਾਂ ਦੀ ਖੂਬਸੂਰਤੀ ਲਈ ਵਰਤੀਆਂ ਜਾਂਦੀਆਂ ਕਰੀਮਾਂ, ਪਾਊਡਰ, ਸ਼ੈਂਪੂ ਅਤੇ ਸੁੰਦਰਤਾ ਦੇ ਹੋਰ ਨੁਸਖੇ ਵੀ ਇਹਨਾਂ ਵਿੱਚ ਸ਼ਾਮਿਲ ਹਨ। ਸਾਡੇ ਮੁਲਕ ਦੇ ਧਾਰਮਿਕ ਰਹਿਨੁਮਾਵਾਂ ਨੇ ਹੁਣ ਸ਼ਾਇਦ ਬਜਾਰ ਦੀ ਤਾਕਤ ਨੂੰ ਸਮਝ ਲਿਆ ਹੈ ਅਤੇ ਹਰ ਤਰ੍ਹਾਂ ਨਾਲ ਆਪਣੇ ਕਾਰੋਬਾਰ ਨੂੰ ਵਿਸਥਾਰ ਦੇਣ ਦੀਆਂ ਕੋਸ਼ਿਸ਼ਾਂ ਵਿੱਚ ਹਨ। ਆਪਣੀਆਂ ਕੰਪਨੀਆਂ ਦੇ ਬਣਾਏ ਮਾਲ ਦੀ ਵਿਕਰੀ ਵਧਾਉਣ ਲਈ ਹਰ ਰੋਜ ਲੱਖਾਂ ਰੁਪਏ ਵੱਖ ਵੱਖ ਪ੍ਰੋਡਕਟਾਂ ਦੀਆਂ ਮਸ਼ਹੂਰੀਆਂ ਤੇ ਖਰਚੇ ਜਾ ਰਹੇ ਹਨ।
ਪਿਛਲੇ ਦਿਨੀਂ ਸ਼੍ਰੀ ਸ਼੍ਰੀ ਰਵੀਸ਼ੰਕਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਜਮਨਾ ਕੰਢੇ ਕੀਤਾ ਪ੍ਰੋਗਰਾਮ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਹ ਪ੍ਰੋਗਰਾਮ, ਜਿਸ ਲਈ ਪ੍ਰਦੂਸ਼ਣ ਵਿਭਾਗ ਨੇ ਕਈ ਰੋਕਾਂ ਵੀ ਖੜ੍ਹੀਆਂ ਕੀਤੀਆਂ ਅਤੇ ਜੁਰਮਾਨਾ ਕਰਨ ਦਾ ਫੁਰਮਾਨ ਵੀ ਸੁਣਾਇਆ ਸੀ ਪਰ ਕਿਸੇ ਦੀ ਪ੍ਰਵਾਹ ਕੀਤੇ ਬਗੈਰ ਪ੍ਰੋਗਰਾਮ ਸਿਰੇ ਚੜ੍ਹਿਆ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕਈ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ। ਅੱਜ ਸੂਚਨਾ ਅਤੇ ਤਕਨੀਕ ਦਾ ਯੁੱਗ ਹੈ ਅਸੀਂ ਆਪਣੇ ਵਿਚਾਰਾਂ ਨਾਲ ਕੁਝ ਲੋਕਾਂ ਨੂੰ ਜੇਕਰ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ ਤਾਂ ਇਸ ਲਈ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਕੇ ਅਸੀਂ ਘੱਟ ਪੈਸਿਆਂ ਨਾਲ ਲੱਖਾਂ ਲੋਕਾਂ ਤੱਕ ਪਹੁੰਚ ਕਰ ਸਕਦੇ ਹਾਂ। ਪਰ ਅਜਿਹੇ ਪ੍ਰੋਗਰਾਮ ਜਿਹਨਾਂ ਕਰਕੇ ਵਾਤਾਵਰਨ ਦੀ ਬਰਬਾਦੀ ਹੋਵੇ, ਲੱਖਾਂ ਲੋਕਾਂ ਦੀ ਉਰਜਾ ਅਤੇ ਧਨ ਦੀ ਬਰਬਾਦੀ ਹੋਵੇ, ਕਰਕੇ ਅਸੀਂ ਲੋਕ ਕਿਹੜਾ ਲੋਕ ਭਲਾਈ ਦਾ ਕੰਮ ਕਰ ਰਹੇ ਹਾਂ? ਅਜਿਹੇ ਸਮੇਂ ਜਦੋਂ ਇੱਕੋ ਜਗਾਹ ਲੱਖਾਂ ਲੋਕ ਇਕੱਠੇ ਹੁੰਦੇ ਹਨ, ਨਾਲ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।
ਅਜੋਕੀਆਂ ਧਾਰਮਿਕ ਸੰਸਥਾਵਾਂ ਜੋ ਆਮ ਮਨੁੱਖ ਦੀ ਭਲਾਈ ਦੀ ਗੱਲ ਕਰਨ ਦਾ ਦਾਹਵਾ ਕਰਦੀਆਂ ਹਨ, ਦੁਆਰਾ ਆਮ ਮਨੁੱਖ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਰੱਬ ਕੁਦਰਤ ਦੇ ਜ਼ੱਰੇ ਜ਼ੱਰੇ ਵਿੱਚ ਹੈ। ਪਰ ਜਦੋਂ ਵੱਡੇ ਵੱਡੇ ਅਡੰਬਰ ਰਚਾ ਕੇ ਆਲੇ ਦੁਆਲੇ ਨੂੰ ਪਲੀਤ ਕੀਤਾ ਜਾਂਦਾ ਹੈ, ਉਦੋਂ ਕੁਦਰਤ ਦਾ ਪਿਆਰ ਕਿਉਂ ਵਿਸਰ ਜਾਂਦਾ ਹੈ? ਪਹਾੜਾਂ ਦੇ ਕੁਦਰਤੀ ਨਜ਼ਾਰਿਆਂ ਨੂੰ ਖਤਮ ਕਰਕੇ ਵੱਡੇ ਵੱਡੇ ਧਾਮ ਉਸਾਰੇ ਜਾ ਰਹੇ ਹਨ। ਨਦੀਆਂ ਦਰਿਆਵਾਂ ਦੇ ਕੰਢਿਆਂ ’ਤੇ ਆਸ਼ਰਮ ਬਣ ਰਹੇ ਹਨ। ਸਦੀਆਂ ਤੋਂ ਮਨੁੱਖ ਨੂੰ ਧਰਮ ਕਰਮ ਦੀ ਸਿੱਖਿਆ ਨਾਲ ਸਾਦਾ ਰਹਿਣ, ਸਾਦਾ ਖਾਣ ਅਤੇ ਕੁਦਰਤ ਨਾਲ ਜੁੜ ਕੇ ਜੀਵਨ ਜਿਉਣ ਦੀ ਗੱਲ ਹੁੰਦੀ ਆਈ ਹੈ। ਸਦੀਆਂ ਤੋਂ ਧਰਮ ਕਰਮ ਦੀ ਸਿੱਖਿਆ ਦੇਣ ਵਾਲਿਆਂ ਨੇ ਮਨੁੱਖ ਜੀਵਨ ਨੂੰ ਖੂਹ ਦੀਆਂ ਟਿੰਡਾਂ ਦੀ ਨਿਆਈ ਦੱਸਿਆ, ‘ਸਾਢੇ ਤਿੰਨ ਹੱਥ ਧਰਤੀ ਤੇਰੀ’ ਦੱਸ ਕੇ ਉਸ ਦੀ ਅਸਲੀਅਤ ਤੋਂ ਜਾਣੂ ਕਰਾਇਆ। ਇਹਨਾਂ ਸਭ ਗੱਲਾਂ ਦਾ ਮਤਲਬ ਇਹ ਸੀ ਮਨੁੱਖ ਧਰਤੀ ’ਤੇ ਰਹਿੰਦਿਆਂ ਵੱਡੇ ਵੱਡੇ ਗਲਬੇ ਨਾ ਮਾਰੇ। ਕੁਦਰਤ ਦੇ ਪਸਾਰੇ ਵਿੱਚ ਉਹ ਇਨਸਾਨ ਬਣਕੇ ਰਹੇ ਅਤੇ ਇੱਥੇ ਰਹਿੰਦਿਆਂ ਉਹ ਹੋਰ ਮਨੁੱਖਾਂ ਦੇ ਨਾਲ ਨਾਲ ਦੂਜੇ ਜੀਵ ਜੰਤੂਆਂ ਦਾ ਖਿਆਲ ਰੱਖੇ।
ਧਰਮ ਗ੍ਰੰਥਾਂ, ਸ਼ਾਸਤਰਾਂ ਦਾ ਸਾਰ ਅੰਸ਼ ਇਸ ਗੱਲ ’ਤੇ ਹੈ ਕਿ ਮਨੁੱਖ ਦਾ ਦੂਜਿਆਂ ਪ੍ਰਤੀ ਵਿਹਾਰ ਕਿਹੋ ਜਿਹਾ ਹੋਵੇ। ਅਤੇ ਇਹ ਗੱਲ ਕਿਸੇ ਵੀ ਗ੍ਰੰਥ ਵਿੱਚ ਕਿਤੇ ਵੀ ਪ੍ਰਚਾਰੀ ਨਹੀਂ ਗਈ ਕਿ ਮਨੁੱਖ ਵੱਡੇ ਵੱਡੇ ਕਾਰੋਬਾਰ ਸਥਾਪਤ ਕਰਕੇ ਆਪਣੀ ਕਮਾਈ ਅਤੇ ਪੈਸਿਆਂ ਨੂੰ ਹੀ ਆਪਣਾ ਜੀਵਨ ਸਮਰਪਤ ਕਰ ਦੇਵੇ। ਅੱਜ ਦੇਸ਼ ਵਿੱਚ ਵੱਡੇ ਵੱਡੇ ਧਾਰਮਿਕ ਰਹਿਬਰਾਂ ਦਾ ਜੋ ਵਿਹਾਰ ਵੇਖ ਰਹੇ ਹਾਂ ਉਸ ਵਿੱਚ ਉਹ ਆਪਣੇ ਸੇਵਕਾਂ ਨੂੰ ਸਿੱਖਿਆ ਤਾਂ ਸਾਦਾ ਰਹਿਣ ਦੀ ਦਿੰਦੇ ਹਨ ਪਰ ਉਹਨਾਂ ਦੇ ਵਿਹਾਰ ਵਿੱਚ ਵੀ ਆਈ ਪੀ ਕਲਚਰ ਆ ਗਿਆ ਹੈ। ਅਜਿਹਾ ਸ਼ਾਇਦ ਇਹ ਲਈ ਹੈ ਕਿ ਸੰਗਤਾਂ ਦੀ ਸ਼ਰਧਾ ਵਿੱਚ ਕੋਈ ਤਬਦੀਲੀ ਨਹੀਂ ਆਈ ਪਰ ਸਾਧਾਂ ਬਾਬਿਆਂ ਦਾ ਰਹਿਣ ਸਹਿਣ ਉੱਕਾ ਹੀ ਤਬਦੀਲ ਹੋ ਗਿਆ ਹੈ। ਉਹ ਵੱਡੇ ਵਪਾਰੀ ਅਤੇ ਕਾਰੋਬਾਰੀ ਬਣ ਗਏ ਹਨ। ਧਰਮ ਕਰਮ ਦੀਆਂ ਸਰਗਰਮੀਆਂ ਲਈ ਵੱਡੀ ਪੱਧਰ ’ਤੇ ਜਮੀਨਾਂ ਲੈ ਕੇ ਡੇਰੇ ਮੱਠ ਬਣਾਏ ਜਾ ਰਹੇ ਹਨ। ਸਰਕਾਰਾਂ ਸਾਧ ਬਾਬਿਆਂ ਨੂੰ ਸਸਤੀਆਂ ਜਮੀਨਾਂ ਅਲਾਟ ਕਰਨ ਲਈ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣ ਲੱਗੀਆਂ ਹਨ। ਸਾਧ ਸੰਤ ਆਪਣੀਆਂ ਕੰਪਨੀਆਂ ਦੀ ਸਥਾਪਤੀ ਲਈ ਅਤੇ ਆਪਣੇ ਪ੍ਰੋਡਕਟ ਵੇਚਣ ਲਈ ਮੀਡੀਆ ਦਾ ਸਹਾਰਾ ਲੈ ਰਹੇ ਹਨ। ਬੜੀ ਅਜੀਬ ਸਥਿਤੀ ਹੈ, ਜਿਹੜੀਆਂ ਧਿਰਾਂ ਨੇ ਮਨੁੱਖ ਨੂੰ ਮੋਹ ਮਾਇਆ ਅਤੇ ਬਜ਼ਾਰੂ ਤਾਕਤਾਂ ਦੇ ਤਿਲਸਮੀ ਸੰਸਾਰ ਤੋਂ ਬਾਹਰ ਕੱਢਣਾ ਸੀ, ਮਨੁੱਖ ਨੂੰ ਇਸ ਸਭ ਕੁਝ ਤੋਂ ਸੁਚੇਤ ਕਰਨਾ ਸੀ, ਉਹ ਧਿਰਾਂ ਹੁਣ ਮਨੁੱਖ ਨੂੰ ਬਜ਼ਾਰ ਦੇ ਰਾਹ ਤੋਰਨ ਲਈ ਬੇਤਾਬ ਹਨ। ਉਹ ਧਿਰਾਂ ਜੋ ਮੋਹ ਮਾਇਆ ਤੋਂ ਮਨੁੱਖ ਨੂੰ ਨਿਰਲੇਪ ਰਹਿਣ ਦੀ ਗੱਲ ਕਰਦੀਆਂ ਆਈਆਂ ਹਨ, ਜਦੋਂ ਉਹਨਾਂ ਵਿੱਚ ਇੱਕ ਦੂਜੇ ਨਾਲੋਂ ਵੱਧ ਕੇ ਮਾਇਆ ਦੇ ਢੇਰਾਂ ਨੂੰ ਉਚਿਆਉਣ ਦੀ ਹੋੜ ਲੱਗ ਗਈ ਹੈ ਤਾਂ ਉਨ੍ਹਾਂ ਲੋਕਾਂ, ਜਿਹਨਾਂ ਦੇ ਸਿਰ ਸ਼ਰਧਾ ਵੱਸ ਇਹਨਾਂ ਰਹਿਨੁਮਾਵਾਂ ਅੱਗੇ ਝੁਕੇ ਰਹਿੰਦੇ ਹਨ, ਵਿੱਚ ਕਿਸ ਤਰ੍ਹਾਂ ਦੀਆਂ ਮਾਨਸਿਕ ਪ੍ਰਵਿਰਤੀਆਂ ਪੈਦਾ ਹੋਣਗੀਆਂ?
ਕਾਰਪੋਰੇਟ ਕੰਪਨੀਆਂ ਹੋਣ ਜਾਂ ਕੋਈ ਧਾਰਮਿਕ ਰਹਿਨੁਮਾ ਹੋਣ, ਸਭ ਨੂੰ ਕਾਰੋਬਾਰ ਕਰਨ ਲਈ ਪ੍ਰਸ਼ਾਸਨ ਦੇ ਨਾਲ ਨਾਲ ਸੱਤਾਧਾਰੀ ਧਿਰ ਦੀ ਲੋੜ ਰਹਿੰਦੀ ਹੈ। ਇਸ ਗੱਠਜੋੜ ਨੂੰ ਅੱਜ ਸਪਸ਼ਟ ਵੇਖਿਆ ਜਾ ਸਕਦਾ ਹੈ। ਵੈਸੇ ਤਾਂ ਦਹਾਕਿਆਂ ਤੋਂ ਧਰਿੰਦਰ ਬ੍ਰਹਮਚਾਰੀ, ਚੰਦਰਾ ਸੁਆਮੀ ਅਤੇ ਸਤਿਆ ਸਾਈਂ ਬਾਬੇ ਵਰਗਿਆਂ ਦੀਆਂ ਸੱਤਾਧਾਰੀਆਂ ਨਾਲ ਭਿਆਲੀਆਂ ਰਹੀਆਂ ਹਨ ਪਰ ਅੱਜ ਜਿਸ ਢੰਗ ਨਾਲ ਵੱਖ ਵੱਖ ਧਰਮ ਗੁਰੂਆਂ ਨੂੰ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਲਈ ਜਮੀਨਾਂ, ਪਲਾਟ ਦਿੱਤੇ ਜਾ ਰਹੇ ਹਨ, ਇਸ ਨਾਲ ਉਸ ਵਰਤਾਰੇ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾਇਆ ਹੈ, ਜੋ ਹੁਣ ਤੱਕ ਮਨੁੱਖ ਦੀ ਸੋਚ ਵਿਚਾਰ ਕਰਨ ਦੀ ਸ਼ਕਤੀ ਨੂੰ ਖੁੰਢਾ ਕਰਦਾ ਆਇਆ ਹੈ ਅਤੇ ਇਹ ਇੱਕ ਬੇਹੱਦ ਖਤਰਨਾਕ ਵਰਤਾਰਾ ਹੈ।
ਹੁਣ ਮਨੁੱਖ ਦੀ ਸ਼ਰਧਾ ਤੋਂ ਵੱਧ ਤੋਂ ਵੱਧ ਕਮਾਈ ਕਰਨ ਦੇ ਨਾਲ ਨਾਲ ਜਦੋਂ ਜਦੋਂ ਲੋੜ ਪਵੇ ਉਸ ਨੂੰ ਵੋਟ ਦੇ ਰੂਪ ਵਿੱਚ ਵਰਤੇ ਜਾਣਾ ਆਮ ਗੱਲ ਹੋ ਗਈ ਹੈ। ਇਹ ਇਖਲਾਕੀ ਤੌਰ ’ਤੇ ਇੱਕ ਅਤਿ ਮਾੜਾ ਰੁਝਾਨ ਹੈ ਜੋ ਸਾਡੇ ਦੇਸ਼ ਵਿੱਚ ਬੜੀ ਤੇਜੀ ਨਾਲ ਪੈਦਾ ਹੋ ਰਿਹਾ ਹੈ। ਹੁਣ ਗੱਲ ਸ਼ਾਇਦ ਇਸ ਤੋਂ ਵੀ ਅਗਾਂਹ ਜਾ ਰਹੀ ਹੈ ਧਰਮ ਗੁਰੂਆਂ ਦੇ ਕਾਰੋਬਾਰਾਂ ਦੀ ਰਾਖੀ ਕਰਨ ਅਤੇ ਉਹਨਾਂ ਦੇ ਪ੍ਰੋਗਰਾਮਾਂ ਦੀ ਵਿਵਸਥਾ ਲਈ ਪੁਲਿਸ ਅਤੇ ਇੱਥੋਂ ਤੱਕ ਕਿ ਫੌਜ ਨੂੰ ਵਰਤੇ ਜਾਣ ਦਾ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ। ਅਸੀਂ ਵੱਖ ਵੱਖ ਧਰਮਾਂ, ਜਾਤਾਂ ਅਤੇ ਅਨੇਕਾਂ ਤਰ੍ਹਾਂ ਦੀਆਂ ਸੰਪਰਦਾਵਾਂ ਵਾਲੇ ਦੇਸ਼ ਵਿੱਚ ਰਹਿ ਰਹੇ ਹਾਂ। ਇੱਥੇ ਇੱਕ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਸਾਧ, ਸੰਤ ਅਤੇ ਸੁਆਮੀ ਹਨ ਜਿਹਨਾਂ ਨੇ ਆਪਣੀ ਆਪਣੀ ਸਮਰੱਥਾ ਅਨੁਸਾਰ ਆਪਣੇ ਆਪਣੇ ਝੰਡਿਆਂ ਹੇਠ ਵੱਧ ਤੋਂ ਵੱਧ ਸੰਗਤ ਇਕੱਠੀ ਕੀਤੀ ਹੋਈ ਹੈ। ਇਹ ਵੀ ਚਿੱਟੇ ਦਿਨ ਵਾਂਗ ਸਾਫ ਹੈ ਕਿ ਇਹਨਾਂ ਵਿੱਚੋਂ ਕੁਝ ਅਜਿਹੇ ਵੀ ਸਾਧ ਸੰਤ ਹਨ ਜਿਹਨਾਂ ਦੀ ਆਪਸੀ ਮੁਕਾਬਲੇਬਾਜ਼ੀ ਵੀ ਚਲਦੀ ਹੈ। ਜਿਵੇਂ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦੇ ਮੈਗਾ ਪ੍ਰੋਗਰਾਮ ਲਈ ਜਮਨਾ ਦਰਿਆ ’ਤੇ ਫੌਜ ਵੱਲੋਂ ਪੁਲ ਬਣਾ ਕੇ ਦਿੱਤਾ ਗਿਆ, ਜੇ ਕੱਲ੍ਹ ਨੂੰ ਕੋਈ ਹੋਰ ਸਾਧ ਸੰਤ ਇਸ ਤਰ੍ਹਾਂ ਦੇ ਸਮਾਗਮ ਕਰਦਾ ਹੈ ਤਾਂ ਕੀ ਉਸ ਦੀ ਮੰਗ ’ਤੇ ਵੀ ਭਾਰਤੀ ਫੌਜ ਦੀਆਂ ਸੇਵਾਵਾਂ ਪੇਸ਼ ਕੀਤੀਆਂ ਜਾਣਗੀਆਂ?
ਅੱਜ ਆਮ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਣੇ ਆਪ ਨੂੰ ਵੱਡੇ ਵੱਡੇ ਧਰਮਾਤਮਾ ਸਾਬਤ ਕਰਨ ਵਾਲੇ ਸਾਧ ਬਾਬੇ ਲੋਕਾਂ ਦੀ ਅੰਨ੍ਹੀ ਸ਼ਰਧਾ ਤੋਂ ਵੱਡੇ ਕਾਰੋਬਾਰ ਕਰ ਰਹੇ ਹਨ। ਉਹਨਾਂ ਦੀ ਸੰਗਤ ਬਣਨ ਲਈ ਸ਼ਰਧਾਲੂ ਨੂੰ ਮੋਟੀਆਂ ਰਕਮਾਂ ਖਰਚ ਕਰਨੀਆਂ ਪੈਂਦੀਆਂ ਹਨ। ਇੱਥੋਂ ਤੱਕ ਕਿ ਬਹੁਤ ਮਹਿੰਗੇ ਮੁੱਲ ਅਸ਼ੀਰਵਾਦ ਤੱਕ ਵੀ ਵੇਚੇ ਜਾਂਦੇ ਹਨ। ਖਾਸ ਪ੍ਰੋਗਰਾਮਾਂ ਵਿੱਚ ਬੈਠਣ ਲਈ ਸੀਟ ਬੁੱਕ ਕਰਵਾਉਣ ਦੀ ਫੀਸ ਹਜ਼ਾਰਾਂ ਤੋਂ ਲੱਖਾਂ ਵਿੱਚ ਹੈ। ਵੀ ਆਈ ਪੀਜ਼ ਅਸ਼ੀਰਵਾਦ ਵੀ ਬਜ਼ਾਰ ਵਿੱਚ ਉਪਲਭਦ ਹਨ। ਰੱਬ ਦੇ ਦਰ ਤੇ ਸੌਖਿਆਂ ਪ੍ਰਵੇਸ਼ ਕਰਨ ਲਈ ਮਾਲਾਵਾਂ, ਲਾਕਟ, ਜਾਪ ਕਰਨ ਲਈ ਬੈਠਣ ਵਾਲੀਆਂ ਚਟਾਈਆਂ ਅਤੇ ਹੋਰ ਬਹੁਤ ਕੁਝ ਅਜਿਹਾ ਆਮ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਅਜਿਹਾ ਕਰਕੇ ਉਹ ਆਪਣੇ ਘਰੇਲੂ ਕਾਰੋਬਾਰਾਂ ਨੂੰ ਵਿਸਥਾਰ ਦੇ ਸਕਦੇ ਹਨ, ਘਰ ਦੇ ਦੁੱਖਾਂ ਦਲਿੱਦਰਾਂ ਤੋਂ ਨਿਜਾਤ ਪਾ ਸਕਦੇ ਹਨ।ਲੜਾਈ ਝਗੜਿਆਂ ਤੋਂ ਬਚਾ ਅਤੇ ਤੰਦਰੁਸਤੀ ਹਾਸਲ ਕਰ ਸਕਦੇ ਹਨ। ਧਰਮ ਕਰਮ ਨਾਲ ਜੁੜੇ ਮੈਗਾ ਪ੍ਰੋਗਰਾਮਾਂ ਵਿੱਚ ਹਜ਼ਾਰਾਂ ਕਲਾਕਾਰਾਂ ਦੀ ਪੇਸ਼ਕਾਰੀ, ਸਾਧਾਂ ਸੰਤਾਂ ਅਤੇ ਸਾਧਵੀਆਂ ਦਾ ਫਿਲਮੀ ਅੰਦਾਜ਼ ਵਿੱਚ ਫਿਲਮੀ ਗਾਣਿਆਂ ਤੇ ਨੱਚਣਾ ਥਿਰਕਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਰੱਬੀ ਰਹਿਮਤ ਅਤੇ ਗਲੈਮਰ ਦੀ ਦੁਨੀਆਂ ਨੂੰ ਬਹੁਤ ਜਲਦੀ ਰਲ਼ਗਡ ਕਰ ਦਿੱਤਾ ਜਾਵੇਗਾ। ਬਹੁਤ ਜਲਦੀ ਇਸ ਵਿੱਚ ਹੋਰ ਨਵੀਆਂ ਪ੍ਰਾਪਤੀਆਂ ਕੀਤੀਆਂ ਜਾਣਗੀਆਂ।
ਮਨੁੱਖ ਇਸ ਧਰਤੀ ਤੇ ਕੁਝ ਸਮਾਂ ਰਹਿਣ ਲਈ ਆਇਆ ਹੈ। ਇਸਦਾ ਇੱਥੇ ਹੋਣਾ ਸਦੀਵੀ ਨਹੀਂ। ਅੱਜ ਇਹ ਵਿਚਾਰਨ ਵਾਲੀ ਗੱਲ ਹੈ ਕਿ ਇਸ ਸਮਾਜ ਨੂੰ ਕਿਸ ਤਰ੍ਹਾਂ ਦਾ ਸਮਾਜ ਬਣਾਇਆ ਜਾ ਰਿਹਾ ਹੈ? ਸਾਡਾ ਆਪਣੀ ਧਰਤੀ ਨਾਲ ਕਿਹੋ ਜਿਹਾ ਵਿਹਾਰ ਹੈ? ਸਾਡੇ ਕੁਦਰਤੀ ਸੋਮੇਂ ਬੜੀ ਤੇਜ਼ੀ ਨਾਲ ਪਲੀਤ ਹੋ ਰਹੇ ਹਨ।
ਪਦਾਰਥਾਂ ਦੀ ਹੋੜ ਅਤੇ ਆਪਣੇ ਵਡੱਪਣ ਲਈ ਵੱਡੇ ਵੱਡੇ ਪਾਪੜ ਵੇਲਣੇ, ਇਹ ਸਭ ਕੁਝ ਸਾਨੂੰ ਕਿਸ ਪਾਸੇ ਲੈ ਜਾਵੇਗਾ? ਅਸੀਂ ਸਭ ਨੇ ਇਸ ਜਮੀਨ ’ਤੇ ਰਹਿੰਦਿਆਂ ਸੱਤਾ ਤਾਕਤ, ਕਾਰੋਬਾਰ, ਪਰਿਵਾਰ, ਸ਼ਾਨੋਸ਼ੋਕਤ ਆਦਿ ਲਈ ਹੀ ਨਹੀਂ ਜਿਉਣਾ ਹੁੰਦਾ, ਅਸੀਂ ਇਸ ਸਮਾਜ ਲਈ ਵੀ ਜਿਉਣਾ ਹੁੰਦਾ ਹੈ ਅਤੇ ਇਸ ਤੋਂ ਵੀ ਅਗਾਂਹ ਅਸੀਂ ਮਿੱਟੀ, ਪਾਣੀ ਅਤੇ ਹਵਾ ਲਈ ਵੀ ਜਿਉਣਾ ਹੁੰਦਾ ਹੈ। ਸਾਧਾਂ ਸੰਤਾਂ ਵੱਲੋਂ ਵੱਡੇ ਸਾਮਰਾਜ ਅਤੇ ਕਾਰੋਬਾਰਾਂ ਦੀ ਸਥਾਪਤੀ ਕਰਨੀ ਇਸ ਗੱਲ ਵੱਲ ਇਸ਼ਾਰਾ ਹੈ ਕਿ ਸਬਰ ਸੰਤੋਖ ਅਤੇ ਸਾਦਾ ਰਹਿਣ ਸਹਿਣ ਅਤੇ ਖਾਣ ਪੀਣ ਜਿਹੀਆਂ ਗੱਲਾਂ ਹੁਣ ਅਜੋਕੇ ਧਰਮ ਕਰਮ ਦੇ ਖੇਤਰ ਵਿੱਚੋਂ ਮਨਫੀ ਕਰ ਦਿੱਤੀਆਂ ਗਈਆਂ ਹਨ। ਅੱਜ ਆਮ ਲੋਕਾਂ ਨੂੰ ਅਜਿਹੇ ਵਰਤਾਰਿਆਂ ਨੂੰ ਸਮਝਣ ਦੀ ਲੋੜ ਹੈ। ਉਹਨਾਂ ਸਭ ਧਿਰਾਂ ਦੀ ਕਾਰਜ ਵਿਧੀ ਨੂੰ ਸਮਝਣ ਦੀ ਲੋੜ ਹੈ ਜੋ ਅੱਜ ਲੋਕ ਮਾਨਸਿਕਤਾ ਨੂੰ ਅੰਧਵਿਸ਼ਵਾਸਾਂ ਦੀ ਦਲਦਲ ਵੱਲ ਧਕੇਲ ਕੇ ਇਸ ਤੋਂ ਕਮਾਈਆਂ ਕਰਨ ਵਿੱਚ ਜੁਟੀਆਂ ਹੋਈਆਂ ਹਨ। ਅੱਜ ਸਮਾਜ ਦਾ ਭਲਾ ਚਾਹੁਣ ਵਾਲੇ ਬੁੱਧੀਜੀਵੀਆਂ, ਤਰਕਸ਼ੀਲਾਂ, ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਨੂੰ ਅਜੋਕੇ ਅੰਧਵਿਸ਼ਵਾਸ ਦੇ ਬਜ਼ਾਰ ਤੋਂ ਸੁਚੇਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ।
*****
(328)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)