“ਸ਼ਰਾਬ ਫੈਕਟਰੀਆਂ ਦੀ ਭਰਮਾਰ ਹੋ ਗਈ ਹੈ ... ਠੇਕਿਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ ...”
(ਜਨਵਰੀ 18, 2016)
ਪੰਜਾਬ ਦੀ ਜਰਖੇਜ਼ ਮਿੱਟੀ ਨੂੰ ਮਹਾਨ ਵਿਦਵਾਨ, ਗੁਰੂ, ਯੋਧੇ ਅਤੇ ਕੁਰਬਾਨੀਆਂ ਦੇ ਮੁਜੱਸਮੇਂ ਪੈਦਾ ਕਰਨ ਦਾ ਮਾਣ ਹਾਸਲ ਹੈ। ਪੰਜਾਬ ਦੇ ਜਾਏ ਕਿਰਤੀ ਕਮਾਊ ਪੁੱਤਰਾਂ ਵਜੋਂ ਜਾਣੇ ਜਾਂਦੇ ਰਹੇ ਹਨ। ਇੱਥੇ ਦੂਜਿਆਂ ਦੇ ਦੁੱਖਾਂ ਦਰਦਾਂ ਲਈ ਕੁਰਬਾਨੀਆਂ ਦੇਣ ਦੀ ਰਵਾਇਤ ਰਹੀ ਹੈ। ਪੰਜਾਬ ਦੀ ਧਰਤੀ ਦੀਆਂ ਜਾਈਆਂ ਲੱਧੀਆਂ, ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਜਾਨ ਦੀ ਬਾਜੀ ਲਾਉਣ ਵਾਲੇ ਦੁੱਲੇ ਜੰਮਦੀਆਂ ਰਹੀਆਂ ਹਨ।
ਪੰਜਾਬ ਦੇ ਲੋਕ ਕਦੇ ਦੂਜਿਆਂ ਦੀਆਂ ਧੀਆਂ ਭੈਣਾਂ ਦੇ ਰਾਖਿਆ ਵਜੋਂ ਜਾਣੇ ਜਾਂਦੇ ਸਨ ਪਰ ਅੱਜ ਹਾਲਾਤ ਇਹ ਹਨ ਕਿ ਇੱਥੋਂ ਦੀਆਂ ਧੀਆਂ ਭੈਣਾਂ ਆਪਣੀ ਹੀ ਧਰਤੀ ’ਤੇ ਮਹਿਫੂਜ ਨਹੀਂ ਹਨ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਪੰਜਾਬ ਦੀ ਧਰਤੀ ਦਿਨ ਦੀਵੀ ਅਜਿਹੀਆਂ ਘਿਨਾਉਣੀਆਂ ਵਾਰਦਾਤਾਂ ਦਾ ਇਲਾਕਾ ਬਣ ਜਾਵੇਗੀ, ਜਿਹਨਾਂ ਨੂੰ ਦੇਖ ਪੜ੍ਹ ਕੇ ਪੰਜਾਬ ਦੇ ਮਾਣ ਮੱਤੇ ਇਤਿਹਾਸ ਨੂੰ ਵੱਟਾ ਲੱਗੇਗਾ। ਪਿਛਲੇ ਕੁਝ ਅਰਸੇ ਤੋਂ ਪੰਜਾਬੀ ਸਮਾਜ ਕਈ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹੋਇਆ ਨਜ਼ਰ ਆਉਂਦਾ ਹੈ। ਬੇਰੁਜ਼ਗਾਰ ਫਿਰ ਰਹੀ ਜਵਾਨੀ ਨੂੰ ਆਹਰੇ ਨਹੀਂ ਲਾਇਆ ਜਾ ਸਕਿਆ, ਇਸ ਕਾਰਨ ਇੱਥੇ ਛੋਟੇ ਵੱਡੇ ਕਈ ਗੈਂਗ ਪੈਦਾ ਹੋ ਗਏ ਹਨ ਜੋ ਆਪਸ ਵਿੱਚ ਵੀ ਆਏ ਦਿਨ ਲੜਦੇ ਹਨ ਅਤੇ ਸਮਾਜ ਦੀ ਸ਼ਾਂਤੀ ਲਈ ਵੀ ਖਤਰਾ ਬਣਦੇ ਜਾ ਰਹੇ ਹਨ। ਲੁੱਟਾਂ-ਖੋਹਾਂ, ਧੱਕੇ ਸ਼ਾਹੀਆਂ ਅਤੇ ਛੋਟੇ ਮੋਟੇ ਝਗੜਿਆਂ ਤੋਂ ਹੁੰਦੇ ਕਤਲਾਂ ਦੀਆਂ ਖਬਰਾਂ ਆਮ ਹੋ ਗਈਆਂ ਹਨ। ਲੋਕ ਧਰਮਾਂ, ਜਾਤਾਂ ਅਤੇ ਡੇਰਿਆਂ ਦੇ ਨਾਮ ’ਤੇ ਲੜ ਰਹੇ ਹਨ। ਸੌੜੀ ਰਾਜਨੀਤੀ ਦੀ ਬਦੌਲਤ ਪੇਂਡੂ ਭਾਈਚਾਰਾ ਖੇਰੂੰ ਖੇਰੂੰ ਹੋ ਗਿਆ ਹੈ। ਆਪਣੀ ਹਉਮੈ ਨੂੰ ਵੱਧ ਤੋਂ ਵੱਧ ਪੱਠੇ ਪਾਉਣ ਦੀ ਮਨੋਬਿਰਤੀ ਵੱਧ ਰਹੀ ਹੈ। ਪੰਜਾਬ ਦੇ ਹਰ ਪਿੰਡ ਦੇ ਕੁਝ ਕੁ ਪਰਿਵਾਰ ਅਜਿਹੇ ਮਿਲ ਜਾਣਗੇ ਜੋ ਪਿਛਲੇ 10-15 ਸਾਲਾਂ ਵਿੱਚ ਜ਼ਮੀਨਾਂ ਤੋਂ ਵਾਂਝੇ ਹੋ ਗਏ ਹਨ ਅਤੇ ਰੋਟੀ ਦੇ ਜੁਗਾੜ ਲਈ ਇਹ ਲੋਕ ਸ਼ਹਿਰਾਂ ਵਿੱਚ ਮਜ਼ਦੂਰੀ ਜਾਂ ਹੋਰ ਛੋਟੇ ਮੋਟੇ ਧੰਦੇ ਕਰਨ ਲਈ ਮਜਬੂਰ ਹੋ ਗਏ ਹਨ। ਦੂਜੇ ਪਾਸੇ ਪੜ੍ਹੇ ਲਿਖੇ ਨੌਜੁਆਨ, ਜਿਹਨਾਂ ਦੀ ਬਹੁਗਿਣਤੀ ਬੀ ਐੱਡ, ਐੱਮ ਐੱਡ, ਐੱਮ ਐੱਸ ਸੀ ਅਤੇ ਐੱਮ ਟੈੱਕ ਵਰਗੀਆਂ ਡਿਗਰੀਆਂ ਲਈ ਸੜਕਾਂ ਤੇ ਰੁਲ ਰਹੇ ਹਨ। ਹਰ ਪਾਸੇ ਮੰਦੀ ਦਾ ਆਲਮ ਹੈ। ਹੜਤਾਲਾਂ ਰੋਸ ਮੁਜ਼ਾਹਰੇ ਅਤੇ ਭੁੱਖ ਹੜਤਾਲਾਂ ਵਰਗੇ ਵਰਤਾਰੇ ਵਧ ਰਹੇ ਹਨ। ਹਰ ਪਾਸੇ ਅਸ਼ਾਂਤੀ ਅਤੇ ਅਸੰਤੁਸ਼ਟੀ ਦਾ ਮਾਹੌਲ ਹੈ, ਪਰ ਸਰਕਾਰ ਸ਼ਾਂਤ ਹੈ। ਕੁਝ ਅਰਸੇ ਤੋਂ ਪੰਜਾਬ ਦੀ ਧਰਤੀ ’ਤੇ ਘਣੌਨੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਜਿਹਨਾਂ ਨਾਲ ਪੰਜਾਬ ਅਤੇ ਪੰਜਾਬੀਅਤ ਦੇ ਵਕਾਰ ਨੂੰ ਧੱਕਾ ਲੱਗਾ ਹੈ। ਮੋਗਾ ਬੱਸ ਕਾਂਡ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਪੰਜਾਬ ਦੀ ਧਰਤੀ, ਜਿਸ ਨੂੰ ਮਾਣ ਨਾਲ ਪੰਜ ਪਾਣੀਆਂ ਦੀ ਧਰਤੀ ਆਖਦੇ ਹਾਂ, ਦੀ ਹਵਾ, ਮਿੱਟੀ, ਪਾਣੀ ਬਰਬਾਦ ਹੋ ਗਏ ਹਨ। 50 ਪ੍ਰਤੀਸ਼ਤ ਲੋਕ ਦੂਸ਼ਿਤ ਪਾਣੀ ਪੀ ਰਹੇ ਹਨ। ਵੱਡੀ ਗਿਣਤੀ ਲੋਕ ਵੱਖ ਵੱਖ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮਾਨਸਿਕ ਤਣਾਅ ਕਰਕੇ ਮਾਨਸਿਕ ਰੋਗੀਆਂ ਦੀ ਗਿਣਤੀ ਬੜੀ ਤੇਜ਼ੀ ਨਾਲ ਵਧ ਰਹੀ ਹੈ। ਸਮਾਜਿਕ ਅਸੰਤੋਸ਼, ਅਨਿਆਂ, ਨਸ਼ਿਆਂ, ਬੇਕਾਰੀ ਅਤੇ ਅਨਿਆਂ ਤੋਂ ਪੈਦਾ ਹੋਈਆਂ ਸਮੱਸਿਆਵਾਂ ਦਾ ਸ਼ਿਕਾਰ ਹੋਏ ਲੋਕ ਵੱਖ ਵੱਖ ਤਰ੍ਹਾਂ ਦੇ ਮਨੋਵਿਕਾਰਾਂ ਦਾ ਸ਼ਿਕਾਰ ਬਣ ਰਹੇ ਹਨ। ਕੋਈ ਵੀ ਸਮਾਜ ਜਦੋਂ ਵੱਖ ਵੱਖ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਸਮਾਜ ਵਿੱਚ ਅੰਧਵਿਸ਼ਵਾਸਾਂ ਲਈ ਜ਼ਮੀਨ ਤਿਆਰ ਹੁੰਦੀ ਹੈ। ਸਮਾਜ ਦੀ ਸਦਮਾ ਜਨਕ ਸਥਿਤੀ ਉਹਨਾਂ ਲੋਕਾਂ ਦੇ ਬੜੀ ਅਨੁਕੂਲ ਬੈਠਦੀ ਹੈ ਜਿਹਨਾਂ ਨੇ ਇਸ ਤੋਂ ਮੋਟੀਆਂ ਕਮਾਈਆਂ ਕਰਨੀਆਂ ਹੁੰਦੀਆਂ ਹਨ। ਇਹੋ ਕਾਰਨ ਹੈ ਕਿ ਇੱਥੇ ਡੇਰਾਵਾਦ, ਮਜ਼ਾਰਵਾਦ ਅਤੇ ਹੋਰ ਅੰਧਵਿਸ਼ਵਾਸੀ ਰਹੁਰੀਤਾਂ ਬੜੀ ਤੇਜ਼ੀ ਨਾਲ ਫੈਲ ਰਹੀਆਂ ਹਨ। ਆਪਣੇ ਦੁੱਖਾਂ ਦਰਦਾਂ ਤੋਂ ਕਿਸੇ ਕਰਾਮਾਤੀ ਵਿਧੀ ਨਾਲ ਨਿਜਾਤ ਪਾਉਣ ਲਈ ਸੜਕਾਂ ਦੇ ਨਿੱਕਲੀਆਂ ਲੋਕਾਂ ਦੀਆਂ ਭੀੜਾਂ ਨੂੰ ਪੰਜਾਬ ਦੀ ਹਰ ਸੜਕ ’ਤੇ ਆਮ ਵੇਖਿਆ ਜਾ ਸਕਦਾ ਹੈ। ਲੋਕ ਅਜਿਹੇ ਕੰਮਾਂ ਵਿੱਚ ਕੀਮਤੀ ਸਮਾਂ ਅਤੇ ਪੈਸਾ ਬਰਬਾਦ ਕਰ ਰਹੇ ਹਨ। ਹਰ ਛੋਟੇ ਵੱਡੇ ਸ਼ਹਿਰ ਵਿੱਚ ਜੋਤਿਸ਼, ਨਗਾਂ ਮੁੰਦਰੀਆਂ ਅਤੇ ਕਾਲੇ ਇਲਮਾਂ ਨਾਲ ਮਨੁੱਖ ਦੇ ਸਿਤਾਰਿਆਂ ਦੀ ਮਿੰਟਾਂ ਸਕਿੰਟਾਂ ਵਿੱਚ ਦਿਸ਼ਾ ਬਦਲਣ ਵਾਲੇ ਵੱਡੇ ਵੱਡੇ ਹੋਰਡਿੰਗ ਬੋਰਡ ਸਾਡੇ ਸਮਾਜ ਦੇ ਬੌਧਿਕ ਪੱਖੋਂ ਕੰਗਾਲ ਅਤੇ ਵੱਖ ਵੱਖ ਕਈ ਸਮੱਸਿਆਵਾਂ ਵਿੱਚ ਫਸੇ ਹੋਣ ਦੇ ਗਵਾਹ ਹਨ। ਇਸ ਤੋਂ ਇਲਾਵਾ ਅਸ਼ਲੀਲ ਗੀਤ ਲਿਖਣ ਗਾਉਣ ਵਾਲਿਆਂ ਅਤੇ ਅਸ਼ਲੀਲ ਫਿਲਮਾਂ ਬਣਾਉਣ ਵਾਲੇ ਲਗਾਤਾਰ ਮੁਲਕ ਦੀ ਨੌਜੁਆਨੀ ਦਾ ਬੇੜਾ ਗਰਕ ਕਰਨ ਲਈ ਯਤਨਸ਼ੀਲ ਹਨ। ਪੰਜਾਬ ਦੀ ਕਿਸੇ ਵੀ ਬੱਸ ਤੇ ਚੜ੍ਹੋ, ਅਲਸ਼ੀਲ ਗਾਣਿਆਂ ਦੀਆਂ ਟੇਪਾਂ ਵੱਜ ਰਹੀਆਂ ਹਨ। ਹਰ ਵਰਗ ਦੇ ਲੋਕ ਚੁੱਪ ਚਾਪ ਸੁਣ ਰਹੇ ਹੁੰਦੇ ਹਨ, ਕਿਸੇ ਦੀ ਹਿੰਮਤ ਨਹੀਂ ਕਿ ਅਜਿਹਾ ਕੁਝ ਬੰਦ ਕਰਨ ਬਾਬਤ ਕੁਝ ਕਹਿਣ।
ਪੰਜਾਬ ਦੇ ਜ਼ਿਆਦਾਤਰ ਲੋਕ ਸਿੱਧੇ ਜਾਂ ਅਸਿੱਧੇ ਤੌਰ ’ਤੇ ਕਿਰਸਾਨੀ ਨਾਲ ਜੁੜੇ ਹੋਏ ਹਨ। ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਸਰਕਾਰਾਂ ਦਾ ਕਿਸਾਨਾਂ ਪ੍ਰਤੀ ਰਵੱਈਆ ਬੜਾ ਨਾਕਾਰਤਮਿਕ ਰਿਹਾ ਹੈ। ਕਣਕ, ਝੋਨੇ ਦੇ ਫਸਲੀ ਚੱਕਰ ਵਿੱਚੋ ਕੱਢਣ ਲਈ ਕੋਈ ਵੀ ਸਾਰਥਕ ਉਪਰਾਲੇ ਨਹੀਂ ਕੀਤੇ ਗਏ। ਕਿਸਾਨਾਂ ਦਾ ਭਵਿੱਖ ਲਗਾਤਾਰ ਬਲ ਰਿਹਾ ਹੈ ਅਤੇ ਸਾਡੇ ਨੇਤਾ ਲੰਮੇ ਸਮੇਂ ਤੋਂ ਇਸ ’ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਆ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਕਿਰਸਾਨੀ ਦੇ ਕਿੱਤੇ ਨੂੰ ਦੁਨੀਆਂ ਦੇ ਹਾਣ ਦਾ ਬਣਾਉਣ ਲਈ ਇਸ ਦਾ ਸਾਰਥਕ ਵਿਕਾਸ ਹੁੰਦਾ। ਖੇਤੀ ਵਿੱਚ ਆਈ ਖੜੋਤ ਨੂੰ ਤੋੜਨ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਅਨਾਜ ਅਤੇ ਹੋਰ ਫਸਲਾਂ ਤੋਂ ਬਣਦੇ ਪ੍ਰੋਡਕਟ ਬਣਾਉਣ ਲਈ ਅੱਗੇ ਵਧਿਆ ਜਾਂਦਾ ਪਰ ਹੋਇਆ ਇਸ ਤੋਂ ਉਲਟ। ਅਜਿਹਾ ਕੁਝ ਜੇ ਹੈ ਵੀ ਸੀ ਤਾਂ ਉਸ ਦਾ ਭੋਗ ਪਾ ਦਿੱਤਾ ਗਿਆ। ਖੰਡ ਮਿੱਲਾਂ ਦੀ ਮਿਸਾਲ ਇੱਥੇ ਸਾਡੇ ਸਾਹਮਣੇ ਹੈ ਕਿ ਕਿਵੇਂ ਇਹ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਕੇ ਰਹਿ ਗਈਆਂ ਅਤੇ ਪੰਜਾਬ ਵਿੱਚ ਇਹਨਾਂ ਦਾ ਭੱਠਾ ਹੀ ਬਹਿ ਗਿਆ। ਇਹਦੇ ਉਲਟ ਇੱਥੋਂ ਦੇ ਸਮਾਜ ਅਤੇ ਵਾਤਾਵਰਨ ਦੀ ਬਰਬਾਦੀ ਲਈ ਸ਼ਰਾਬ ਫੈਕਟਰੀਆਂ ਦੀ ਭਰਮਾਰ ਹੋ ਗਈ ਹੈ। ਠੇਕਿਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। ਉਹ ਸਰਕਾਰੀ ਮਹਿਕਮੇ, ਜਿਹਨਾਂ ਵਿੱਚ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਵੀ ਰੋਜ਼ਗਾਰ ਮਿਲ ਜਾਂਦਾ ਸੀ, ਹੁਣ ਆਪਣੇ ਆਖਰੀ ਸਾਹਾਂ ’ਤੇ ਹਨ।
ਨਹਿਰੀ ਵਿਭਾਗ, ਰੋਡਵੇਜ਼, ਸੜਕਾਂ, ਬਿਜਲੀ ਬੋਰਡ, ਜੰਗਲਾਤ ਵਿਭਾਗ ਅਦਿ ਮਹਿਕਮਿਆਂ ਵਿੱਚ ਸੱਤਰ ਅੱਸੀਵੇਂ ਦੇ ਦਹਾਕੇ ਵਿੱਚ ਤਾਂ ਭਰਤੀ ਹੋ ਸਕਦੀ ਸੀ ਪਰ ਅੱਜ ਨਹੀਂ। ਸਵਾਲ ਪੈਦਾ ਹੁੰਦਾ ਹੈ ਕਿ ਅੱਜ ਨਹਿਰਾਂ ਦਾ ਆਕਾਰ ਛੋਟਾ ਹੋ ਗਿਆ ਹੈ ਜਾਂ ਸੜਕਾਂ ਘਟ ਗਈਆਂ ਹਨ? ਕੀ ਜੰਗਲਾਤ ਮਹਿਕਮੇ ਲਈ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹੁਣ ਲੋੜ ਨਹੀਂ? ਸਮਝ ਨਹੀਂ ਆਉਂਦੀ ਕਿ ਅਸੀਂ ਵਿਕਾਸ ਵੱਲ ਵਧ ਰਹੇ ਜਾਂ ਵਿਨਾਸ਼ ਵੱਲ। ਦੋ ਦਹਾਕੇ ਪਹਿਲਾਂ ਵੱਖ ਵੱਖ ਮਹਿਕਮਿਆਂ ਵਿੱਚ ਲੋਕਾਂ ਦੀ ਭਰਤੀ ਕੀਤੀ ਜਾ ਸਕਦੀ ਸੀ ਪਰ ਅੱਜ ਕਿਉਂ ਨਹੀਂ? ਅੱਜ ਹਾਲਾਤ ਇੰਨੇ ਬਦਹਾਲ ਹੋ ਗਏ ਹਨ ਕਿ ਚਪੜਾਸੀ ਦੀ ਨੌਕਰੀ ਲਈ ਪੀ ਐੱਚ ਡੀ ਪਾਸ ਲੋਕ ਲਾਈਨ ਵਿੱਚ ਖੜ੍ਹੇ ਹਨ। ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਭਲਾ?
ਸਿਹਤ ਸਹੂਲਤਾਂ ਅਤੇ ਸਿੱਖਿਆ ਦਾ ਬੁਰਾ ਹਾਲ ਹੈ। ਆਏ ਦਿਨ ਸਰਕਾਰੀ ਡਾਕਟਰ ਅਤੇ ਅਧਿਆਪਕ ਤਨਖਾਹਾਂ ਨਾ ਮਿਲਣ ਕਾਰਨ ਹੜਤਾਲਾਂ ਕਰ ਰਹੇ ਹਨ। ਅਜਿਹੀਆਂ ਸਭ ਤਰ੍ਹਾਂ ਦੀਆਂ ਸਰਕਾਰੀ ਨਾਕਾਮੀਆਂ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸੂਬੇ ਦੇ ਕਈ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਵਿਚਾਰ ਹੋ ਰਿਹਾ ਹੈ। ਆਮ ਪੜ੍ਹੇ ਲਿਖੇ ਬੰਦੇ ਨੂੰ ਵੀ ਇਹ ਭਾਸਦਾ ਹੈ ਕਿ ਜਦੋਂ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਹੀ ਪੂਰੀ ਨਹੀਂ ਤਾਂ ਵਿਹਲੇ ਅਧਿਅਪਕਾਂ ਨੂੰ ਤਨਖਾਹਾਂ ਦੇਣ ਦਾ ਕੀ ਲਾਭ। ਪਰ ਅਜਿਹੇ ਵਰਤਾਰਿਆਂ ਦੀ ਜੇਕਰ ਘੋਖ ਪੜਤਾਲ ਕੀਤੀ ਜਾਵੇ ਤਾਂ ਪਤਾ ਚਲਦਾ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਵੱਖ ਵੱਖ ਸਰਕਾਰਾਂ ਵੱਲੋਂ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕੀਤੇ ਗਏ ਕਿ ਬਹੁਗਿਣਤੀ ਲੋਕ ਔਖੇ ਹੋ ਕੇ ਵੀ ਪ੍ਰਾਈਵੇਟ ਸਕੂਲਾਂ ਨੂੰ ਤਰਜੀਹ ਦੇਣ ਲੱਗ ਪਏ ਹਨ।
ਨੌਜੁਆਨ ਮੁੰਡੇ ਕੁੜੀਆਂ ਵਿਦੇਸ਼ਾਂ ਨੂੰ ਭੱਜ ਰਹੇ ਹਨ। ਉਹਨਾਂ ਦੀ ਪੜ੍ਹਾਈ ਅਤੇ ਹੁਨਰ ਦੀ ਇੱਥੇ ਕੋਈ ਕਦਰ ਨਹੀਂ ਹੈ। ਜੇਕਰ ਬਾਹਰਲੇ ਮੁਲਕਾਂ ਵਿੱਚ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਹੋ ਸਕਦੇ ਹਨ ਤਾਂ ਇੱਥੇ ਅਜਿਹਾ ਮਾਹੌਲ ਪੈਦਾ ਕਿਉਂ ਨਹੀਂ ਕੀਤਾ ਜਾ ਸਕਿਆ?
ਅੱਤਵਾਦ ਵੇਲੇ ਪੰਜਾਬ ਦੇ ਖਰਾਬ ਹਾਲਾਤ ਕਾਰਨ ਵੀ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਕਨੇਡਾ, ਅਮਰੀਕਾ ਅਤੇ ਇੰਗਲੈਡ ਵਰਗੇ ਮੁਲਕਾਂ ਵਿੱਚ ਜਾ ਕੇ ਵਸ ਗਏ। ਬੇਕਾਰੀ ਦੇ ਆਲਮ ਅਤੇ ਅਸ਼ਾਂਤ ਮਾਹੌਲ ਨੇ ਇੱਕ ਵਾਰ ਫਿਰ ਸਾਡੇ ਹੁਨਰ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਪਾਸਪੋਰਟ ਦਫਤਰਾਂ ਅੱਗੇ ਲੱਗੀਆਂ ਲਾਈਨਾਂ ਦੱਸਦੀਆਂ ਹਨ ਕਿ ਨੌਜੁਆਨ ਮੁੰਡੇ ਕੁੜੀਆਂ ਦੇ ਬਾਹਰ ਜਾਣ ਦੇ ਅਮਲ ਵਿੱਚ ਇੱਕ ਵਾਰ ਫਿਰ ਤੇਜੀ ਆ ਗਈ ਹੈ। ਬੜੇ ਦੁੱਖ ਦੀ ਗੱਲ ਹੈ ਕਿ ਉਹ ਧਰਤੀ, ਜਿਸ ਨੂੰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਆਖਦੇ ਹਾਂ, ਦਾ ਹਰ ਸੋਚਵਾਨ ਮਨੁੱਖ ਇਹ ਚਾਹੁੰਦਾ ਹੈ ਕਿ ਉਹਦੀ ਔਲਾਦ ਇੱਥੇ ਨਾ ਰਹੇ, ਕਿਵੇਂ ਨਾ ਕਿਵੇਂ ਬਾਹਰ ਕਿਸੇ ਹੋਰ ਦੇਸ਼ ਚਲੀ ਜਾਵੇ, ਜਿੱਥੇ ਉਸ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਇਸ ਰੁਝਾਨ ਦੀ ਵਿਆਖਿਆ ਇੱਥੋਂ ਤੱਕ ਹੀ ਸੀਮਤ ਨਹੀਂ ਹੋ ਜਾਂਦੀ ਸਗੋਂ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇਕਰ ਪੜ੍ਹੇ ਲਿਖੇ ਨੌਜੁਆਨ ਪੰਜਾਬ ਦੀ ਧਰਤੀ ਤੋਂ ਤੇਜ਼ੀ ਨਾਲ ਹਿਜਜਰਤ ਕਰਦੇ ਹਨ ਅਤੇ ਇੱਥੇ ਉਹਨਾਂ ਦੇ ਹੁਨਰ ਅਤੇ ਸੂਝ ਨੇ ਜੋ ਚੰਗਾ ਸਿਰਜਣਾ ਸੀ, ਉਹਦੀ ਸਿਰਜਣਾ ਹੁਣ ਉਹ ਬਾਹਰਲੇ ਕਿਸੇ ਮੁਲਕ ਵਿੱਚ ਕਰਨਗੇ। ਕਿਸੇ ਵੀ ਦੇਸ਼ ਲਈ ਆਪਣੇ ਨੌਜੁਆਨਾਂ ਦੇ ਹੁਨਰ ਨੂੰ ਨਾ ਪਹਿਚਾਨਣਾ ਅਤੇ ਨੌਜਵਾਨਾਂ ਨੂੰ ਆਹਰੇ ਨਾ ਲਾਉਣਾ ਇਹ ਸਾਬਤ ਕਰਦਾ ਹੈ, ਅਸੀਂ ਭਵਿੱਖੀ ਯੋਜਨਾਵਾਂ ਦਾ ਭੋਗ ਪਾ ਰਹੇ ਹਾਂ।
ਅੱਜ ਸੌੜੀ ਅਤੇ ਆਪਣੇ ਹਿਤਾਂ ਤੱਕ ਸੀਮਤ ਰਾਜਨੀਤੀ ਨੂੰ ਤਿਆਗ ਕੇ ਪੰਜਾਬ ਨੂੰ ਬਚਾਉਣ ਲਈ ਵੱਡੀਆਂ ਭਵਿੱਖਮੁੱਖੀ ਯੋਜਨਾਵਾਂ ਉਲੀਕਣ ਦੀ ਲੋੜ ਹੈ। ਵਾਤਾਵਰਣ ਦੀ ਬਦਹਾਲੀ, ਨਸ਼ਿਆਂ ਦੀ ਸਮੱਸਿਆ, ਬਿਮਾਰੀਆਂ-ਦੁਸ਼ਵਾਰੀਆਂ, ਕਿਸਾਨਾਂ ਦੀਆਂ ਆਤਮ ਹੱਤਿਆਵਾਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਨਪੜ੍ਹਤਾ, ਮਹਿੰਗੀ ਸਿੱਖਿਆ, ਗੁੰਡਾਗਰਦੀ ਅਤੇ ਮਾਰਧਾੜ ਵਰਗੀਆਂ ਅਲਾਮਤਾਂ ਤੋਂ ਅਵਾਮ ਨੂੰ ਨਿਜ਼ਾਤ ਦਿਵਾਉਣ ਲਈ ਤੁਰੰਤ ਕੁਝ ਸਖਤ ਅਤੇ ਲੋਕ ਪੱਖੀ ਫੈਸਲੇ ਲੈਣ ਦੀ ਲੋੜ ਹੈ। ਵੱਖ ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸ਼ਿਕਾਰ ਹੋ ਰਹੇ ਪੰਜਾਬੀ ਸਮਾਜ ਨੂੰ ਇਸ ਜਿੱਲ੍ਹਣ ਵਿੱਚੋਂ ਉਭਾਰਨ ਲਈ ਲੋਕਾਂ ਨਾਲ ਸਿੱਧਾ ਰਾਬਤਾ ਕਰਨ ਦੀ ਲੋੜ ਹੈ। ਲੋਕਾਂ ਨਾਲ ਰਾਬਤਾ ਕਰਕੇ ਹੀ ਲੋਕ ਪੱਖੀ ਠੋਸ ਫੈਸਲੇ ਲੈਣ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਸਾਰਥਕ ਹੱਲ ਲੱਭੇ ਜਾ ਸਕਦੇ ਹਨ। ਆਮ ਲੋਕਾਂ ਨੂੰ ਵੀ ਰਾਜਸੀ ਪਾਰਟੀਆਂ ਦੀਆਂ ਛੋਟੀਆਂ ਛੋਟੀਆਂ ਵਕਤੀ ਰਾਹਤਾਂ, ਖੈਰਾਤਾਂ ਅਤੇ ਲੋਕ ਲੁਭਾਊ ਨਾਹਰਿਆਂ/ਏਜੰਡਿਆਂ ਪਿੱਛੇ ਛੁਪੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ।
*****
(158)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)