“ਅੱਜ ਦੇ ਦੌਰ ਵਿੱਚ ਮਨੁੱਖ ਕੋਲ ਬੇਸ਼ਕ ਸਾਧਨ ਵਧ ਗਏ ਹਨ, ਸਹੂਲਤਾਂ ਬਿਹਤਰ ਹੋ ਗਈਆਂ ਹਨ ...”
(24 ਦਸੰਬਰ 2025)
ਸਾਡੇ ਸਮਿਆਂ ਵਿੱਚ ਤਕਨੀਕੀ ਵਿਕਾਸ ਅਤੇ ਸੂਚਨਾਵਾਂ ਦਾ ਹੜ੍ਹ ਆ ਗਿਆ ਹੈ ਜਿਸਦਾ ਵੇਗ ਹਰ ਦਿਨ ਵਧ ਰਿਹਾ ਹੈ। ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਹੜ੍ਹ ਵਿੱਚ ਵਹਿੰਦੇ ਜਾ ਰਹੇ ਹਾਂ। ਸਾਡਾ ਦਿਮਾਗ ਹਰ ਪਲ ਕੁਝ ਸੈਕਿੰਡ ਨਵੀਂ ਚੀਜ਼ ਦੇਖਣ-ਜਾਣਨ ਦੀ ਲਤ ਦੇ ਸ਼ਿਕਾਰ ਬਣ ਰਿਹਾ ਹੈ। ਇਸ ਸਥਿਤੀ ਵਿੱਚ ਸਾਡਾ ਸੁਖ-ਚੈਨ, ਸਕੂਨ ਹਰ ਪਲ ਪ੍ਰਭਾਵਿਤ ਹੋ ਰਿਹਾ ਹੈ।
ਅਸੀਂ ਮੋਬਾਇਲ ਦੀ ਸਕਰੀਨ ਤੋਂ ਕੋਈ ਸੋਸ਼ਲ ਸਾਈਟ ਖੋਲ੍ਹਦੇ ਹਾਂ ਤਾਂ ਇੱਕ ਵਰ੍ਹਿਆਂ ਬੱਧੀ ਨਾ ਮੁੱਕਣ ਵਾਲਾ ਖਿਲਾਰਾ ਪਿਆ ਇਸ ਵਿੱਚ ਦੇਖ ਸਕਦੇ ਹਾਂ। ਜਦੋਂ ਅਸੀਂ ਘੰਟਿਆਂ ਬੱਧੀ ਹਿਪਨੋਟਾਈਜ਼ ਹੋਏ ਇਸ ਖਲਾਰੇ ਨੂੰ ਦੇਖਦੇ ਰਹਿੰਦੇ ਹਾਂ, ਇਹੋ ਖਿਲਾਰਾ ਸਾਡੇ ਦਿਮਾਗ ਵਿੱਚ ਖਿਲਰਨਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਇਹ ਭਰਮ ਹੁੰਦਾ ਹੈ ਕਿ ਅਸੀਂ ਵੱਧ ਤੋਂ ਵੱਧ ਚੀਜ਼ਾਂ ਨੂੰ ਸਮਝ ਅਤੇ ਯਾਦ ਕਰ ਰਹੇ ਹਾਂ ਜਦਕਿ ਹਕੀਕਤ ਇਹ ਹੈ ਸਾਡਾ ਮਨ ਭੁੱਲਣ, ਖੰਡਤਾ ਅਤੇ ਬੇਚੈਨੀ ਦਾ ਸ਼ਿਕਾਰ ਬਣ ਰਿਹਾ ਹੁੰਦਾ ਹੈ।
ਦੁਨੀਆਂ ਭਰ ਵਿੱਚ ਉਦਾਸੀ, ਪ੍ਰੇਸ਼ਾਨੀ, ਮਨ ਨੂੰ ਟੇਕ ਨਾ ਆਉਣੀ, ਨੀਂਦ ਨਾ ਆਉਣੀ, ਗੁੱਸਾ, ਬੇਚੈਨੀ ਅਤੇ ਤਲਖੀ ਆਦਿ ਮਾਨਸਿਕ ਵਿਕਾਰ ਬੜੀ ਤੇਜ਼ੀ ਨਾਲ ਵਧ ਰਹੇ ਹਨ। ਇਸਦੇ ਹੋਰ ਕਾਰਨ ਵੀ ਹੋਣਗੇ ਪਰ ਆਧੁਨਿਕ ਜੀਵਨ ਸ਼ੈਲੀ ਅਤੇ ਮਨੁੱਖ ਦੀ ਇਕੱਲਤਾ ਇਸਦਾ ਮੁੱਖ ਕਾਰਨ ਹਨ। ਸਾਂਝੇ ਪਰਿਵਾਰਾਂ ਦਾ ਸੰਕਲਪ ਲਗਭਗ ਟੁੱਟ ਗਿਆ ਹੈ। ਵਿਆਹ ਕਰਵਾ ਕੇ ਪਤੀ ਪਤਨੀ ਦਾ ਪਰਿਵਾਰ ਨਾਲੋਂ ਵੱਖਰੇ ਰਹਿਣ ਦਾ ਸੰਕਲਪ ਵੀ ਕੁਝ ਮੁਲਕਾਂ ਵਿੱਚ ਤੇਜ਼ੀ ਨਾਲ ਖਤਮ ਹੋਣ ਲੱਗ ਪਿਆ ਹੈ। ਇਸਦੀ ਥਾਂ ਲਿਵ ਇੰਨ ਰਿਲੇਸ਼ਨਸ਼ਿੱਪ ਨੇ ਲੈ ਲਈ ਹੈ। ਅਸੀਂ ਉਸ ਦੌਰ ਵਿੱਚ ਹਾਂ ਜਿੱਥੇ ਲੋਕਾਂ ਦੇ ਆਪਸੀ ਸਬੰਧ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਸੰਚਾਰ ਅਤੇ ਇੰਟਰਨੈੱਟ ਦੀ ਦੁਨੀਆਂ ਨੇ ਸਾਡੇ ਕੰਮਾਂ ਵਿੱਚ ਹੀ ਤੇਜ਼ੀ ਨਹੀਂ ਲਿਆਂਦੀ ਬਲਕਿ ਮਨੁੱਖ ਦੇ ਵਿਹਾਰ ਨੂੰ ਵੀ ਇਹਨੇ ਤੇਜ਼ ਕੀਤਾ ਹੈ। ਕਿਸੇ ਵੀ ਚੀਜ਼ ਤੋਂ ਛੇਤੀ ਅੱਕ ਜਾਣਾ ਤੇ ਕਿਸੇ ਹੋਰ ਚੀਜ਼ ਦੀ ਹੋੜ ਲਈ ਹਰ ਹਰਬਾ ਵਰਤਣ ਦੀ ਪ੍ਰਵਿਰਤੀ ਵਧ ਰਹੀ ਹੈ। ਸਹਿਜ, ਸਬਰ, ਸਕੂਨ ਦੀਆਂ ਵਾਦੀਆਂ ਤੋਂ ਅਸੀਂ ਦੂਰ ਨਿਕਲ ਆਏ ਹਾਂ ਅਤੇ ਵਸਤਾਂ ਲਈ ਭਟਕ ਰਹੇ ਹਾਂ। ਇਹੋ ਵਿਹਾਰ ਹੀ ਮਨੁੱਖ ਆਪਣੇ ਰਿਸ਼ਤਿਆਂ ਨਾਲ ਕਰਨ ਲੱਗਾ ਹੈ। ਭਵਿੱਖ ਵਿੱਚ ਏ ਆਈ ਦੇ ਦੌਰ ਵਿੱਚ ਮਨੁੱਖ ਦੀ ਭਟਕਣਾ ਅਜੇ ਹੋਰ ਵਧੇਗੀ।
ਏ ਆਈ ਗਰੋਕ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਅੱਜ ਦੇ ਦੌਰ ਵਿੱਚ ਮੋਬਾਇਲ ਮਨੁੱਖ ਦੇ ਜ਼ਿਹਨ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ? ਤਾਂ ਉਸਦਾ ਜਵਾਬ ਕੁਝ ਇਸ ਤਰ੍ਹਾਂ ਸੀ, ‘ਮੋਬਾਇਲ ਫੋਨ ਨੇ ਸਾਨੂੰ ਤੇਜ਼, ਭਾਵੁਕ, ਖੰਡਿਤ ਅਤੇ ਆਪਣੇ ਆਪ ਵਿੱਚ ਬੰਦ ਕਰ ਦਿੱਤਾ ਹੈ। ਲੋਕ ਹੁਣ ਲੰਬੇ ਲੇਖ ਕਿਤਾਬਾਂ ਪੜ੍ਹਨ ਦੀ ਬਜਾਏ ਛੋਟੀਆਂ ਛੋਟੀਆਂ ਰੀਲਾਂ, ਜੋ ਕੇਵਲ 15 ਤੋਂ 60 ਸਕਿੰਟ ਦੀਆਂ ਹੋਣ, ਵੇਖਣੀਆਂ ਜ਼ਿਆਦਾ ਪਸੰਦ ਕਰਨ ਲੱਗੇ ਹਨ। ਇੱਕ ਅਧਿਐਨ ਮੁਤਾਬਿਕ ਇਹ ਸਮਾਂ ਹਰ ਸਾਲ ਘਟ ਰਿਹਾ ਹੈ। 2025 ਵਿੱਚ ਇਹ ਸਮਾਂ 8 ਸੈਕਿੰਡ ਤੋਂ ਵੀ ਘੱਟ ਹੈ। ਜੋ ਵੀਡੀਓ ਜ਼ਿਆਦਾ ਗੁੱਸਾ, ਡਰ ਜਾਂ ਖੁਸ਼ੀ ਪੈਦਾ ਕਰਦੀ ਹੈ, ਉਹ ਵਾਇਰਲ ਹੁੰਦੀ ਹੈ। ਹਰ ਰੋਜ਼ ਆਪਣੀਆਂ ਫੋਟੋਆਂ, ਸਟੋਰੀਜ਼ ਪਾਉਣ ਨਾਲ ਲੋਕ ਇਸ ਮਨੋਭਰਮ ਦਾ ਸ਼ਿਕਾਰ ਬਣ ਰਹੇ ਹਨ ਕਿ ਜਿਵੇਂ ਉਹ ਹੀ ਦੁਨੀਆਂ ਦਾ ਕੇਂਦਰ ਹਨ। ਹਰ ਚੀਜ਼ ਦੀ ਜਾਣਕਾਰੀ ਸਾਨੂੰ ਇੰਟਰਨੈੱਟ ਸਾਈਟਾਂ ਤੋਂ ਮਿਲ ਜਾਂਦੀ ਹੈ, ਇਸ ਲਈ ਯਾਦ ਰੱਖਣ ਦੀ ਪ੍ਰਵਿਰਤੀ ਘੱਟ ਹੋ ਰਹੀ ਹੈ। ਜਨਰੇਸ਼ਨ ਅਲਫਾ, ਭਾਵ 2010 ਤੋਂ ਬਾਅਦ ਪੈਦਾ ਹੋਣ ਵਾਲੀ ਪੀੜ੍ਹੀ ਨੂੰ ਰੋਜ਼ਾਨਾ 7-8 ਘੰਟੇ ਜਾਂ ਇਸ ਤੋਂ ਵੀ ਵੱਧ ਸਮਾਂ ਸਕਰੀਨ ਨਾਲ ਜੁੜੇ ਰਹਿਣਾ ਪੈਂਦਾ ਹੈ। ਜਾਂ ਕਹਿ ਲਈਏ ਕਿ ਜੁੜੇ ਰਹਿਣ ਦੀ ਆਦਤ ਬਣ ਗਈ ਹੈ। ਇਸ ਨਾਲ ਬੱਚਿਆਂ ਨੂੰ ਉਨੀਂਦਰਾ, ਚਿੜਚਿੜਾਪਨ, ਡਿਪਰੈਸ਼ਨ ਅਤੇ ਵਿਵਹਾਰਕ ਸਮੱਸਿਆਵਾਂ ਵਧ ਰਹੀਆਂ ਹਨ। ਇਨ੍ਹਾਂ ਬੱਚਿਆਂ ਦਾ ਦਿਮਾਗ ਮਲਟੀਟਾਸਕਿੰਗ, ਵਿਜ਼ੂਅਲ ਥਿੰਕਿੰਗ (ਸ਼ਬਦਾਂ ਦੀ ਬਜਾਏ ਤਸਵੀਰਾਂ ਰਾਹੀਂ ਸੋਚਣਾ) ਅਤੇ ਹਾਈਪਰਲਿੰਕ (ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਥਾਂ ਛਾਲ ਮਾਰਨ ਦੀ ਪ੍ਰਵਿਰਤੀ) ਵਰਗੀ ਸੋਚ ਨਾਲ ਤਿਆਰ ਹੋ ਰਿਹਾ ਹੈ। ਮਾਨਵ ਸੱਭਿਅਤਾ ਦੇ ਇਤਿਹਾਸ ਵਿੱਚ ਇਹ ਇੱਕ ਵੱਖਰੀ ਤਰ੍ਹਾਂ ਦੀ ਮਾਨਸਿਕ ਤਬਦੀਲੀ ਹੈ। ਤਕਨੀਕੀ ਵਿਕਾਸ ਨੇ ਬੇਸ਼ਕ ਮਨੁੱਖ ਨੂੰ ਆਪਣੇ ਆਪ ਨਾਲੋਂ ਤੋੜ ਦਿੱਤਾ ਹੈ ਪਰ ਇਸਦੇ ਬਹੁਤ ਸਾਰੇ ਚੰਗੇ ਪ੍ਰਭਾਵ ਵੀ ਹਨ। ਵੇਖਣਾ ਅਤੇ ਸੋਚਣਾ ਅਸੀਂ ਹੈ ਕਿ ਅਸੀਂ ਇਸਦੀ ਵਰਤੋਂ ਕਿਵੇਂ ਕਰਨੀ ਹੈ।
ਇਸ ਸਮੇਂ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਏ ਆਈ ਦੀ ਚਰਚਾ ਹੈ। ਇਸ ਨੂੰ ਲੈ ਕੇ ਏ ਆਈ ਗੌਡਫਾਦਰ ਮੰਨੇ ਜਾਣ ਵਾਲੇ ਜੌਫਰੀ ਹਿਨਟਨ ਵਰਗੇ ਤਕਨੀਕੀ ਮਾਹਿਰ ਵੀ ਇਸ ਤੋਂ ਡਰੇ ਹੋਏ ਹਨ। ਖਦਸ਼ਾ ਇਹ ਹੈ ਕਿ ਜੇਕਰ ਏ ਆਈ ਗਲਤ ਹੱਥਾਂ ’ਤੇ ਚੜ੍ਹ ਗਈ, ਕੰਟਰੋਲ ਤੋਂ ਬਾਹਰ ਹੋ ਗਈ, ਜਿਵੇਂ ਕਿ ਇਸਦੀ ਸੰਭਾਵਨਾ ਹੈ ਤਾਂ ਇਸ ਨਾਲ ਪੂਰੀ ਮਨੁੱਖ ਜਾਤੀ ਖਤਮ ਹੋ ਸਕਦੀ ਹੈ। ਇਹ ਇੱਕ ਤਰ੍ਹਾਂ ਨਾਲ ਦੋਧਾਰੀ ਤਲਵਾਰ ਹੈ। ਇਸ ਨਾਲ ਬਹੁਤ ਕੁਝ ਠੀਕ ਵੀ ਕੀਤਾ ਜਾ ਸਕਦਾ ਹੈ ਅਤੇ ਤਬਾਹੀ ਵੀ ਹੋ ਸਕਦੀ ਹੈ। ਅਗਲੇ ਕੁਝ ਸਾਲਾਂ ਵਿੱਚ ਕੁਝ ਸੰਕਟ, ਜਿਵੇਂ ਨੌਕਰੀਆਂ ਦਾ ਹੋਰ ਘਟ ਜਾਣਾ, ਸਾਡੇ ਲਈ ਦੁਖਦਾਈ ਸਥਿਤੀ ਪੈਦਾ ਕਰ ਸਕਦਾ ਹੈ। ਇਸ ਨਾਲ ਨੌਜਵਾਨਾਂ ਵਿੱਚ ਹੋਰ ਗਹਿਰੀ ਨਿਰਾਸ਼ਤਾ ਫੈਲੇਗੀ। ਦੂਜੇ ਪਾਸੇ ਜੇਕਰ ਏ ਆਈ ਨੂੰ ਸਹੀ ਢੰਗ ਨਾਲ ਇਸਦੀ ਸੁਯੋਗ ਵਰਤੋਂ ਕਰਨ ਨਾਲ ਇਸ ਨਾਲ ਹਰ ਤਰ੍ਹਾਂ ਦੀਆਂ ਬਿਮਾਰੀਆਂ, ਗਰੀਬੀ ਅਤੇ ਜੰਗ ਯੁੱਧ ਖਤਮ ਹੋ ਸਕਦੇ ਹਨ।
ਮਨੁੱਖੀ ਸੱਭਿਅਤਾ ਦਾ ਇਤਿਹਾਸ ਦੁੱਖ ਨੂੰ ਸੁਖ ਅਤੇ ਅਨੰਦ ਵਿੱਚ ਬਦਲਣ ਦਾ ਇਤਿਹਾਸ ਹੈ। ਅੱਜ ਦੇ ਦੌਰ ਵਿੱਚ ਮਨੁੱਖ ਕੋਲ ਬੇਸ਼ਕ ਸਾਧਨ ਵਧ ਗਏ ਹਨ, ਸਹੂਲਤਾਂ ਬਿਹਤਰ ਹੋ ਗਈਆਂ ਹਨ ਪਰ ਮਨ ਦਾ ਸੁਖ ਚੈਨ ਹਰ ਦਿਨ ਗਵਾਚ ਰਿਹਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਸਾਡੀ ਸਿੱਖਿਆ, ਸੱਭਿਆਚਾਰ, ਅਖੌਤੀ ਧਰਮ ਅਤੇ ਰਾਜਨੀਤੀ, ਇਨ੍ਹਾਂ ਸਭ ਖੇਤਰਾਂ ਵਿੱਚ ਲਾਲਚਾਂ ਦਾ ਕੋਈ ਪਾਰਾਵਾਰ ਨਹੀਂ ਰਿਹਾ। ਇਨ੍ਹਾਂ ਦੀਆਂ ਤਰਜੀਹਾਂ ਮਨੁੱਖ ਦਾ ਬੌਧਿਕ ਅਤੇ ਮਾਨਸਿਕ ਪੱਧਰ ਨਹੀਂ ਰਿਹਾ ਬਲਕਿ ਇਹ ਧਰਮ ਅਸਥਾਨਾਂ ਵਿੱਚ ਹੁੰਦੀਆਂ ਅਰਦਾਸਾਂ ਬੇਨਤੀਆਂ ਵੀ ਹੁਣ ਵਸਤਾਂ ਦੀ ਹੋੜ ਲਈ ਹਨ। ਇਸਦਾ ਇੱਕ ਹੋਰ ਅਹਿਮ ਕਾਰਨ ਇਹ ਵੀ ਹੈ ਕਿ ਸੂਚਨਾਵਾਂ ਅਤੇ ਜਾਣਕਾਰੀਆਂ ਦਾ ਹੜ੍ਹ ਜਿਵੇਂ ਸਾਡੇ ਇਸ ਦੌਰ ਵਿੱਚ ਆਇਆ ਹੈ, ਮਾਨਵਜਾਤ ਦਾ ਬੌਧਿਕ ਪੱਧਰ ਇਸ ਲਈ ਤਿਆਰ ਕੀਤਾ ਜਾਣਾ ਚਾਹੀਦਾ ਸੀ, ਜੋ ਕਿ ਨਹੀਂ ਕੀਤਾ ਗਿਆ ਅਤੇ ਭਵਿੱਖ ਵਿੱਚ ਇਹ ਖਿਲਾਰਾ ਹੋਰ ਖਿਲਰਨਾ ਹੈ। ਜਿਸ ਤਰ੍ਹਾਂ ਦੇ ਅਸੀਂ ਤਕਨੀਕੀ ਯੁਗ ਵਿੱਚ ਪ੍ਰਵੇਸ਼ ਕਰਨ ਦੇ ਕੰਢੇ ’ਤੇ ਖੜ੍ਹੇ ਹਾਂ ਦਾ 99.9% ਸਾਨੂੰ ਕਿਆਸ ਤਕ ਵੀ ਨਹੀਂ। ਆਉਣ ਵਾਲੇ ਸਮੇਂ ਦੌਰਾਨ ਕਿੰਨਾ ਕੁਝ ਕਿੰਨੀ ਤੇਜ਼ੀ ਨਾਲ ਬਦਲਣਾ ਹੈ, ਇਸ ਲਈ ਅਸੀਂ ਮਾਨਸਿਕ ਪੱਧਰ ’ਤੇ ਕੀ ਤਿਆਰੀ ਕੀਤੀ ਹੈ? ਇਹ ਅਜਿਹੀ ਸਥਿਤੀ ਹੈ ਜਿਵੇਂ ਬਣਮਾਣਸ ਨੂੰ ਬਿਜਲੀ ਦੀਆਂ ਤਾਰਾਂ ਅਤੇ ਸਾਜ਼ੋ ਸਾਮਾਨ ਦੇ ਦੇਈਏ ਤੇ ਉਸ ਨੂੰ ਕਹੀਏ ਕਿ ਬਿਜਲੀ ਨੂੰ ਠੀਕ ਕਰਨ ਦਾ ਕੰਮ ਹੁਣ ਤੂੰ ਕਰੇਂਗਾ।
ਇਸ ਸਥਿਤੀ ਦਾ ਇੱਕ ਹੋਰ ਪੱਖ ਵੀ ਹੈ, ਉਹ ਇਹ ਕਿ ਏ ਆਈ ਵਰਗੇ ‘ਜਿੰਨ’ ਲਈ ਕੰਮ ਕਰਨ ਵਾਲੇ ਮਾਹਿਰ ਵੀ ਇਹ ਸਮਝ ਰਹੇ ਹਨ ਕਿ ਏ ਆਈ ਨਾਲ ਕੀ ਕੁਝ ਹੋਣਾ ਹੈ, ਇਸਦਾ ਸਹੀ ਸਹੀ ਅੰਦਾਜ਼ਾ ਅਸੀਂ ਵੀ ਅਜੇ ਨਹੀਂ ਲਾ ਸਕਦੇ। ਇਸਦੇ ਬਾਵਜੂਦ ਵੀ ਖਾਸ ਤੌਰ ’ਤੇ ਸਾਡੇ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ। ਆਧੁਨਿਕ ਦੌਰ ਵਿੱਚ ਮਨੁੱਖ ਨੇ ਕਿਵੇਂ ਵਿਚਰਨਾ ਹੈ, ਕਿਵੇਂ ਉਸਨੇ ਮਾਨਸਿਕ ਤੌਰ ’ਤੇ ਖੁਸ਼ਹਾਲ ਰਹਿਣਾ ਹੈ ਇਹ ਭਵਿੱਖ ਦਾ ਹੋਰ ਵੱਡਾ ਮਸਲਾ ਬਣਨ ਦੀ ਸੰਭਾਵਨਾ ਵਧ ਰਹੀ ਹੈ।
ਅੱਜ ਦੁਨੀਆਂ ਭਰ ਵਿੱਚ ਨਸ਼ਿਆਂ ਦੀ ਭਰਮਾਰ ਹੋ ਰਹੀ ਹੈ। ਮਾਨਸਿਕ ਵਿਕਾਰ ਵਧ ਰਹੇ ਹਨ। ਨਸ਼ੇ ਇੱਕ ਤਰ੍ਹਾਂ ਮਾਨਸਿਕ ਵਿਕਾਰਾਂ ਨੂੰ ਠੀਕ ਕਰਨ ਲਈ ਮਾਨਸਿਕ ਰੋਗੀ ਵੱਲੋਂ ਆਪਣੇ ਵੱਲੋਂ ਆਪ ਆਪਣਾ ਇਲਾਜ ਕਰਨ ਦੀ ਵਿਧੀ ਹੁੰਦੀ ਹੈ ਜੋ ਉਸ ਲਈ ਟੋਏ ਵਿੱਚੋਂ ਨਿਕਲ ਕੇ ਖੂਹ ਵਿੱਚ ਡਿਗਣ ਦਾ ਕਾਰਨ ਬਣਦੀ ਹੈ। ਵਿਕਸਿਤ ਮੁਲਕਾਂ ਵਿੱਚ ਬੱਚਿਆਂ ਨੂੰ ਸਕੂਲਾਂ ਕਾਲਜਾਂ ਵਿੱਚ ਇਹ ਤਾਂ ਸਿਖਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਠੀਕ ਢੰਗ ਨਾਲ ਨਸ਼ੇ ਦੀ ਵਰਤੋਂ ਕਿਵੇਂ ਕਰਨੀ ਹੈ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਭਵਿੱਖ ਦੀ ਦੁਨੀਆਂ, ਜੋ ਅੱਜ ਦੀ ਦੁਨੀਆਂ ਤੋਂ ਬਿਲਕੁਲ ਵੱਖਰੀ ਹੋਵੇਗੀ, ਇਸ ਵਿੱਚ ਤੁਸੀਂ ਕਿਵੇਂ ਵਿਚਰਨਾ ਹੈ। ਇਸ ਸਮੇਂ ਪੂਰੀ ਦੁਨੀਆਂ ਵਿੱਚ ਮਨੁੱਖ ਦੇ ਮਨ ’ਤੇ ਸਭ ਤੋਂ ਵੱਧ ਕੰਮ ਕਰਨ ਦੀ ਲੋੜ ਹੈ। ਮਨੁੱਖ ਮਾਨਸਿਕ ਤੌਰ ’ਤੇ ਤੰਦਰੁਸਤ ਕਿਵੇਂ ਰਹੇ, ਇਸ ਲਈ ਬਹੁਤ ਸਾਰੀਆਂ ਤਰਜੀਹਾਂ ਤੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਜੋ ਕਿ ਨਹੀਂ ਹੋ ਰਿਹਾ। ਇਸਦੇ ਬਾਵਜੂਦ ਵੀ ਸਾਨੂੰ ਜੀਵਨ ਵਿੱਚ ਖੁਸ਼ੀ ਦੇਣ ਵਾਲੀਆਂ ਚੰਗੀਆਂ ਤਰਜੀਹਾਂ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਜੀਵਨ ਵਿੱਚ ਕੁਝ ਕਲਾਤਮਿਕਤਾ ਹੋਵੇ, ਇਸ ਲਈ ਸਾਨੂੰ ਖੋਜ ਕਰਦੇ ਰਹਿਣਾ ਚਾਹੀਦਾ ਹੈ।
ਮਨੋਵਿਗਿਆਨ ਸਾਨੂੰ ਦੱਸਦਾ ਹੈ ਜੋ ਲੋਕ ਖੁਸ਼ੀ ਨੂੰ ਆਪਣੀ ਆਦਤ ਬਣਾ ਲੈਂਦੇ ਹਨ, ਉਹ ਹੀ ਵਧੇਰੇ ਖੁਸ਼ ਰਹਿੰਦੇ ਹਨ। ਇਸਦੇ ਉਲਟ ਜੋ ਲੋਕ ਆਪਣੇ ਮਨ ਨੂੰ ਹਰ ਵੇਲੇ ਦੁਖਦਾਈ ਮੋਡ ਵਿੱਚ ਰੱਖਦੇ ਹਨ, ਉਹ ਲਗਾਤਾਰ ਦੁਖੀ ਰਹਿੰਦੇ ਹਨ। ਇਸ ਲਈ ਮਨ ਦੇ ਭਾਵ ਨੂੰ ਬਦਲਣ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਚੀਜ਼ਾਂ-ਵਸਤਾਂ ਤੋਂ ਕੁਝ ਸਮਾਂ ਅਲੱਗ ਹੋ ਕੇ ਕੁਦਰਤ ਨਾਲ ਸੰਵਾਦ ਕਰੀਏ, ਕੁਦਰਤ ਨਾਲ ਇਕਮਿਕਤਾ ਪੈਦਾ ਕਰੀਏ। ਪਰਿਵਾਰ ਵਿੱਚ ਬਹਿ ਕੇ ਲੰਮਾ ਸਮਾਂ ਗੱਲਾਂਬਾਤਾਂ ਕਰੀਏ। ਮਨੋਵਿਗਿਆਨੀ ਆਖਦੇ ਹਨ ਹਰ ਦਿਨ ਸੌਣ ਤੋਂ ਪਹਿਲਾਂ ਉਹਨਾਂ ਚੰਗੀਆਂ ਸੁਖਦਾਈ ਤਿੰਨ ਗੱਲਾਂ, ਤਿੰਨ ਚੀਜ਼ਾਂ, ਤਿੰਨ ਸ਼ਬਦਾਂ ਨੂੰ ਵਾਰ ਵਾਰ ਯਾਦ ਕਰੋ ਜਾਂ ਲਿਖੋ ਜੋ ਉਸ ਦਿਨ ਤੁਹਾਡੇ ਨਾਲ ਵਾਪਰੀਆਂ ਹਨ। ਜਿਵੇਂ ਸੂਰਜ ਦਾ ਚੜ੍ਹਨਾ ਚੰਗਾ ਲੱਗਾ, ਕਿਸੇ ਨੇ ਧੰਨਵਾਦ ਕਿਹਾ, ਕੁਝ ਨਵਾਂ ਸਿੱਖਿਆ, ਕਿਸੇ ਨੇ ਮੁਸਕਰਾ ਕੇ ਗੱਲ ਕੀਤੀ, ਖਿੜੇ ਹੋਏ ਫੁੱਲ ਨੂੰ ਦੇਖਿਆ, ਭਾਵ ਕੁਝ ਵੀ ਜੋ ਤੁਹਾਨੂੰ ਚੰਗਾ ਲੱਗਾ ਹੋਵੇ, ਉਸ ਨੂੰ ਯਾਦ ਕਰੋ। ਇਸ ਨਾਲ ਮਨੁੱਖ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਨ ਦਾ ਆਦੀ ਹੋਣ ਲਗਦਾ ਹੈ ਅਤੇ ਮਨੁੱਖ ਦਾ ਆਤਮਵਿਸ਼ਵਾਸ਼ ਵਧਣ ਲਗਦਾ ਹੈ। ਹਰ ਦਿਨ ਕੁਝ ਮਿੰਟ ਮੈਡੀਟੇਸ਼ਨ (ਧਿਆਨ) ਕਰੋ ਇਸ ਨਾਲ ਸਾਡਾ ਸਰੀਰ ਤਣਾਅ ਤੋਂ ਮੁਕਤ ਹੋਣ ਲਗਦਾ ਹੈ, ਮਨ ਸ਼ਾਂਤ ਹੁੰਦਾ ਹੈ। ਕਿਸੇ ਦਾਰਸ਼ਨਿਕ ਨੇ ਕਿਹਾ ਹੈ ਕਿ ਜੇਕਰ ਮਨ ਠੀਕ ਹੋਵੇਗਾ ਤਾਂ ਸਭ ਕੁਝ ਠੀਕ ਹੀ ਹੋਵੇਗਾ। ਪਰ ਜਦੋਂ ਸਭ ਤੋਂ ਵੱਡਾ ਮਸਲਾ ਹੀ ਇਹ ਬਣ ਜਾਵੇ ਕਿ ਮਨ ਠੀਕ ਨਹੀਂ ਤਾਂ ਫਿਰ ਸਭ ਕੁਝ ਠੀਕ ਕਿਵੇਂ ਹੋਵੇਗਾ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































