“ਪਹਿਲੇ ਸਮਿਆਂ ਵਿੱਚ ਮਨੁੱਖ ਵਸਤਾਂ ਨੂੰ ਵਰਤਦਾ ਸੀ ਹੁਣ ਦੇ ਬਾਜ਼ਾਰੂ ਯੁੱਗ ਵਿੱਚ ਵਸਤਾਂ ਮਨੁੱਖ ਨੂੰ ...”
(8 ਮਾਰਚ 2023)
* ਪਹਿਲੇ ਸਮਿਆਂ ਵਿੱਚ ਮਨੁੱਖ ਵਸਤਾਂ ਨੂੰ ਵਰਤਦਾ ਸੀ ਹੁਣ ਦੇ ਬਾਜ਼ਾਰੂ ਯੁੱਗ ਵਿੱਚ ਵਸਤਾਂ ਮਨੁੱਖ ਨੂੰ ਵਰਤਣ ਲੱਗ ਪਈਆਂ ਹਨ।
* ਗਿਆਨ ਵਿਹੂਣਾ ਮਨੁੱਖ ਇਨਸਾਨ ਘੱਟ ਅਤੇ ਹੈਵਾਨ ਜ਼ਿਆਦਾ ਹੁੰਦਾ ਹੈ।
* ਹਰ ਥਾਂ ਤੋਂ ਵਡਿਆਈ ਤੇ ਪ੍ਰਸ਼ੰਸਾ ਦੀ ਝਾਕ ਰੱਖਣ ਵਾਲਾ ਫਜ਼ੂਲ ਦੀਆਂ ਪ੍ਰੇਸ਼ਾਨੀਆਂ ਸਹੇੜ ਲੈਂਦਾ ਹੈ।
* ਮੀਂਹ ਫਸਲਾਂ, ਦਰਖਤਾਂ, ਬਨਸਪਤੀ ਲਈ ਜ਼ਿੰਦਗੀ ਦਾ ਸੰਦੇਸ਼ ਹੁੰਦਾ ਹੈ ਜਦਕਿ ਔੜ ਉਹਨਾਂ ਦੀ ਮੌਤ ਦੀ ਸੂਚਕ।
* ਦਰਿਆਵਾਂ ਦੇ ਵਹਿਣ ਮੋੜੇ ਜਾ ਸਕਦੇ ਹਨ, ਆਦਤਾਂ ਬਦਲੀਆਂ ਜਾ ਸਕਦੀਆਂ ਹਨ ਅਤੇ ਵਹਿਮ ਦਾ ਇਲਾਜ ਸੰਭਵ ਹੈ।
* ਦੁਨੀਆਂ ਨੂੰ ਅੱਖ ਦੇ ਇਸ਼ਾਰੇ ਨਾਲ ਚਲਾਉਣ ਦੇ ਦਾਅਵੇ ਕਰਨ ਵਾਲਿਆਂ ਦੀਆਂ ਵੀ ਦੁਨੀਆਂ ਵਿੱਚ ਅਣਗਿਣਤ ਕਬਰਾਂ ਹਨ।
* ਪਹਿਲਾਂ ਜ਼ਿਆਦਾਤਰ ਵਸਤਾਂ ਪਿੰਡੋਂ ਸ਼ਹਿਰ ਵੱਲ ਜਾਂਦੀਆਂ ਸਨ, ਵਿਸ਼ਵੀਕਰਨ ਦੇ ਇਸ ਦੌਰ ਵਿੱਚ ਹੁਣ ਸ਼ਹਿਰੋਂ ਪਿੰਡ ਵੱਲ ਆਉਂਦੀਆਂ ਹਨ।
* ਗੁਲਾਮੀ ਦੇ ਯੁਗ ਵਿੱਚ ਮਨੁੱਖਾਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਸੀ ਅੱਜ ਦਾ ਵਿਕਸਤ ਹੋਇਆ ਮਨੁੱਖ ਵਿਕਣ ਲਈ ਆਪ ਤਿਆਰ ਹੈ।
* ਉਦਾਸ ਮੌਸਮਾਂ ਵਿੱਚ ਰੁੱਖਾਂ ਦਾ ਸਾਥ ਦੇਣ ਵਾਲੀਆਂ ਸ਼ਾਖਾਵਾਂ ਹੀ ਨਵੇਂ ਪੱਤ ਕੱਢਣ ਦੀ ਯੋਗਤਾ ਰੱਖਦੀਆਂ ਹਨ।
* ਜਿੰਨੀ ਜ਼ਿਆਦਾ ਪਿਆਸ ਹੁੰਦੀ ਹੈ, ਪਾਣੀ ਉੰਨਾ ਹੀ ਜ਼ਿਆਦਾ ਸਵਾਦ ਲੱਗਦਾ ਹੈ।
* ਦੁਖੀ ਧੀ ਦੀ ਸਭ ਤੋਂ ਵੱਡੀ ਢਾਰਸ ਉਹਦੇ ਮਾਂ-ਪਿਓ ਹੁੰਦੇ ਹਨ, ਜਿਹਨਾਂ ਦੇ ਮੋਢੇ ਸਿਰ ਰੱਖ ਕੇ ਉਹ ਮਨ ਹੌਲਾ ਕਰ ਲੈਂਦੀ ਹੈ।
* ਜਿਸ ਮੋਢੇ ’ਤੇ ਸਿਰ ਰੱਖ ਕੇ ਦਿਲਾਂ ਦੇ ਦਰਦ ਘੱਟ ਹੋ ਜਾਂਦੇ ਹਨ, ਉਸ ਮੋਢੇ ਦੀ ਸਲਾਮਤੀ ਦੀ ਕਾਮਨਾ ਕਰੋ।
* ਦੁੱਖ ਦਰਦ ਨੂੰ ਮਹਿਸੂਸ ਤਾਂ ਦਿਮਾਗ ਕਰਦਾ ਹੈ ਪਰ ਇਹਨੂੰ ਹਮੇਸ਼ਾ ਦਿਲ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ।
* ਅੱਖਾਂ ਸਾਡੇ ਦੁੱਖ-ਦਰਦ, ਖੁਸ਼ੀ ਗਮੀ ਅਤੇ ਉਦਾਸੀ ਦੀਆਂ ਸੂਚਕ ਹੁੰਦੀਆਂ ਹਨ।
* ਸੱਚ ਦੱਸਣਾ, ਤੁਸੀਂ ਚਾਹੁੰਦੇ ਹੋ ਨਾ ਕਿ ਸਮਾਜ ਇਸ ਤੋਂ ਵੀ ਚੰਗਾ ਬਣੇ? ਜੇ ਤੁਹਾਡਾ ਜਵਾਬ ਹਾਂ ਵਿੱਚ ਹੈ ਤਾਂ ਆਪਣੇ ਆਪ ਤੋਂ ਸ਼ੁਰੂ ਕਰੋ।
* ਇਸ ਤਰ੍ਹਾਂ ਜੀਵੋ ਕਿ ਮੌਤ ਤੋਂ ਬਾਅਦ ਵੀ ਲੰਮਾ ਸਮਾਂ ਲੋਕਾਂ ਵਿੱਚ ਜਿਉਂਦੇ ਰਹੋ।
* ਰੇਡੀਮੇਡ ਵਸਤਾਂ ਦੇ ਇਸ ਦੌਰ ਵਿੱਚ ਰਿਸ਼ਤੇ ਵੀ ਰੈਡੀਮੇਡ ਜਿਹੇ ਬਣ ਰਹੇ ਹਨ।
* ਯੁੱਗਾਂ ਤੋਂ ਧਰਤੀ ’ਤੇ ਵਿਚਰਦੇ ਰਹੇ ਮਨੁੱਖਾਂ ਦੇ ਨਿਰੰਤਰ ਤਜਰਬੇ ਨੂੰ ਹੀ ਗਿਆਨ ਕਿਹਾ ਜਾਂਦਾ ਹੈ।
* ਕੋਈ ਤੁਹਾਡੀ ਚਿੰਤਾ ਕਿਉਂ ਕਰੇ? ਜਦਕਿ ਹਰੇਕ ਕੋਲ ਪਹਿਲਾਂ ਹੀ ਆਪਣੀਆਂ-ਆਪਣੀਆਂ ਚਿੰਤਾਵਾਂ ਬਹੁਤ ਹਨ।
* ਕੁਝ ਦੇਸ਼ਾਂ, ਸਮਾਜਾਂ ਵਿੱਚ ਅਖੌਤੀ ਸਿਆਣੇ ਬਿਲਕੁਲ ਹੀ ਨਹੀਂ ਹਨ। ਹੁਣ ਇਹਦਾ ਮਤਲਬ ਇਹ ਨਾ ਕੱਢ ਲੈਣਾ ਕਿ ਉੱਥੇ ਸਭ ਕਮਲੇ ਹੀ ਵਸਦੇ ਹਨ।
* ਅਹੁਦੇ ਤੋਂ ਬਰਖ਼ਾਸਤ ਕਰ ਦਿੱਤੇ ਗਏ ਬੰਦੇ ਨੂੰ ਜਾਪਦਾ ਹੈ ਕਿ ਦੇਸ਼ ਦੀ ਕਾਨੂੰਨ ਵਿਵਸਥਾ ਵਿੱਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ।
* ਕਈ ਵਾਰ ਚੁੱਪ ਵੀ ਅਨੇਕਾਂ ਸਵਾਲਾਂ ਦਾ ਜਵਾਬ ਹੁੰਦੀ ਹੈ।
* ਮੌਸਮ ਅਤੇ ਪੌਣਪਾਣੀ ਦਾ ਵੀ ਮਨੁੱਖੀ ਸੁਭਾਅ ’ਤੇ ਗਹਿਰਾ ਪ੍ਰਭਾਵ ਪੈਂਦਾ ਹੈ।
* ਰੁੱਖਾਂ ਦੀ ਹਰਿਆਲੀ ਜ਼ਿੰਦਗੀ ਦਾ ਸੁਨੇਹਾ ਹੈ।
* ਚੰਗੀਆਂ ਯਾਦਾਂ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ।
* ਦਿਮਾਗੀ ਮਿਹਨਤ ਨਾ ਕਰਨ ਵਾਲੇ ਲੋਕ ਜ਼ਿੰਦਗੀ ਦੇ ਸੱਚ ਤੋਂ ਵਿਰਵੇ ਰਹਿ ਜਾਂਦੇ ਹਨ।
* ਅਰਦਾਸਾਂ ਕਰਨ ਵਾਲੇ ਹੱਥਾਂ ਦੀ ਅਸਲ ਹਕੀਕਤ ਇਹ ਹੈ ਕਿ ਇਹ ਹੱਥ ਸਾਨੂੰ ਰੱਬ ਨੇ ਇਸ ਲਈ ਦਿੱਤੇ ਸਨ ਕਿ ਇਹਨਾਂ ਨਾਲ ਅਸੀਂ ਜੋ ਕੁਝ ਕਰਨਾ ਚਾਹੁੰਦੇ ਹਾਂ, ਕਰ ਸਕੀਏ।
* ਕਿਸਮਤਵਾਦੀ ਫਲਸਫਾ ਮਨੁੱਖ ਨੂੰ ਉਸ ਦੇ ਟੀਚਿਆਂ ਤੋਂ ਭਟਕਾਉਣ ਦਾ ਰਾਹ ਹੈ।
* ਇਸ ਗੱਲ ਦਾ ਖਿਆਲ ਰੱਖ ਕੇ ਜੀਵੋ ਕਿ ਜਦੋਂ ਤੁਸੀਂ ਇਸ ਦੁਨੀਆਂ ਨੂੰ ਛੱਡ ਕੇ ਜਾਓ ਤਾਂ ਤੁਹਾਨੂੰ ਯਾਦ ਕਰਕੇ ਭਰ ਆਉਣ ਵਾਲੀਆਂ ਅੱਖਾਂ ਦੀ ਵੱਡੀ ਤਾਦਾਦ ਹੋਵੇ।
* ਕਈ ਵਾਰ ਕਿਸੇ ਦਾ ਦੁੱਖ ਇੰਨਾ ਵੱਡਾ ਹੁੰਦਾ ਹੈ ਕਿ ਦਿਲਾਸਾ ਦੇਣ ਵਾਲੇ ਨੂੰ ਆਪਣੇ ਸ਼ਬਦ ਬੌਣੇ ਲੱਗਣ ਲੱਗ ਜਾਂਦੇ ਹਨ।
* ਸੱਚ ਭਾਵੇਂ ਦੇਰ ਨਾਲ ਪ੍ਰਗਟ ਹੋਵੇ, ਹੁੰਦਾ ਜ਼ਰੂਰ ਹੈ।
* ਸਮਾਂ ਹਰ ਇਨਸਾਨ ਦੇ ਦਰ ’ਤੇ ਦਸਤਕ ਦਿੰਦਾ ਹੈ ਪਰ ਸਮੇਂ ਦੀ ਮਜਬੂਰੀ ਇਹ ਹੈ ਉਹ ਕਿਸੇ ਨੂੰ ਉਡੀਕ ਨਹੀਂ ਸਕਦਾ। ਉਸ ਦੀ ਮਜਬੂਰੀ ਨੂੰ ਸਮਝ ਜਾਣ ਵਾਲੇ ਜ਼ਿੰਦਗੀ ਵਿੱਚ ਬੁਲੰਦੀਆਂ ਹਾਸਲ ਕਰਦੇ ਹਨ।
* ਸਮਾਂ ਭਾਵੇਂ ਕੋਈ ਵਸਤੂ ਨਹੀਂ ਹੈ ਪਰ ਇਸਦੀ ਮਹੱਤਤਾ ਸਭ ਵਸਤੂਆਂ ਤੋਂ ਵੱਧ ਹੈ।
* ਸਿਰਫ ਨੀਂਦ ਤੋਂ ਹੀ ਜਾਗਣਾ, ਜਾਗਣਾ ਨਹੀਂ ਹੁੰਦਾ।
* ਉਦਾਸ ਅੱਖਾਂ ਸੁਪਨੇ ਨਹੀਂ ਦੇਖਦੀਆਂ।
* ਉਤਸ਼ਾਹ ਖੁਸ਼ਹਾਲ ਹੋਣ ਦਾ ਪਹਿਲਾ ਸਬਕ ਹੈ।
* ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਵਿੱਚ ਬਦਲਣ ਦਾ ਸਾਰਾ ਕਾਰੋਬਾਰ ਹੁਣ ਕੁਝ ਇਲੈਕਟ੍ਰਾਨਿਕ ਮੀਡੀਆ ਨੇ ਸੰਭਾਲ ਲਿਆ।
* ਡਾਕਟਰੀ ਵਿਗਿਆਨ ਨੇ ਮਨੁੱਖ ਦੀ ਔਸਤ ਉਮਰ ਤਾਂ ਵਧਾ ਦਿੱਤੀ ਹੈ ਪਰ ਤੰਦਰੁਸਤੀ ਲਗਾਤਾਰ ਘਟ ਰਹੀ ਹੈ।
* ਇਹ ਠੀਕ ਹੈ ਕਿ ਮਨੁੱਖ ਤਰੱਕੀ ਕਰ ਰਿਹਾ ਹੈ ਪਰ ਇਸਦਾ ਸਮੂਹਿਕ ਰੂਪ ਵਿੱਚ ਸਿਆਣਾ ਹੋਣਾ ਅਜੇ ਬਾਕੀ ਹੈ।
* ਪਹਿਲਾਂ ਮਨੁੱਖ ਨੂੰ ਰੋਟੀ ਦਾ ਫਿਕਰ ਹੁੰਦਾ ਹੈ, ਰੋਟੀ ਮਿਲਣ ਲੱਗੇ ਤਾਂ ਫਿਕਰ ਹੁੰਦਾ ਹੈ ਕਿ ਰੋਟੀ ਕਿਹੋ ਜਿਹੀ ਹੋਵੇ।
* ਸਾਨੂੰ ਬੀਜ ਉੱਥੇ ਬੀਜਣੇ ਚਾਹੀਦੇ ਹਨ ਜਿੱਥੇ ਉਹਨਾਂ ਦੇ ਉੱਗਣ ਦੀ ਸੰਭਾਵਨਾ ਹੋਵੇ।
* ਉੱਠੋ! ਤੁਰੋ! ਸਮਾਜ ਦੇ ਸਨਮੁਖ ਹੋਵੋ, ਮਨੁੱਖ ਐਸ਼ ਪ੍ਰਸਤੀ ਲਈ ਹੀ ਪੈਦਾ ਨਹੀਂ ਹੋਇਆ।
* ਧਰਤੀ ਇੱਕ ਅਜਿਹੀ ਮਾਂ ਹੈ ਜੋ ਆਪਣੇ ਉਸ ਪੁੱਤਰ ਹੱਥੋਂ ਬਰਬਾਦ ਹੋ ਰਹੀ ਹੈ ਜੋ ਸਭ ਤੋਂ ਵੱਧ ਸਿਆਣਾ ਹੋਣ ਦਾ ਦਾਅਵਾ ਕਰਦਾ ਹੈ।
* ਮਨੁੱਖ ਅਨੇਕਾਂ ਵਾਰ ਟੁੱਟਿਆ, ਡਿੱਗਿਆ, ਬੈਠਾ, ਖੜ੍ਹਾ ਹੋਇਆ ਤੇ ਤੁਰ ਪਿਆ।
* ਝੱਖੜ ਦਰਖ਼ਤਾਂ ਨੂੰ ਤੋੜ ਸਕਦੇ ਹਨ ਪਰ ਉਹਨਾਂ ਦੇ ਦੁਬਾਰਾ ਫੁੱਟਣ ਦੀ ਸਮਰੱਥਾ ਨੂੰ ਖਤਮ ਨਹੀਂ ਕਰ ਸਕਦੇ।
* ਜਿੱਥੇ ਜਾ ਕੇ ਮਨੁੱਖ ਦੀ ਸਮਝ ਨੇ ਉਸ ਦਾ ਸਾਥ ਛੱਡਿਆ, ਉਸ ਤੋਂ ਅਗਾਂਹ ਉਹ ਕਲਪਨਾ ਦੇ ਘੋੜੇ ’ਤੇ ਸਵਾਰ ਹੋ ਗਿਆ।
* ਜ਼ਿੰਦਗੀ ਦੀ ਕੈਨਵਸ ਨੂੰ ਵੱਧ ਤੋਂ ਵੱਧ ਕਲਾਤਮਿਕ ਬਣਾਉਣ ਲਈ ਦਿਲਕਸ਼ ਰੰਗਾਂ ਦੀ ਚੋਣ ਕਰੋ।
* ਜੇਕਰ ਤੁਸੀਂ ਧਰਤੀ, ਆਕਾਸ਼, ਤਾਰਿਆਂ, ਪਹਾੜਾਂ, ਰੁੱਖਾਂ, ਜੰਗਲਾਂ ਨੂੰ ਪਿਆਰ ਨਹੀਂ ਕਰਦੇ ਤਾਂ ਤੁਸੀਂ ਕਿਸੇ ਵਿਅਕਤੀ ਨੂੰ ਵੀ ਪਿਆਰ ਨਹੀਂ ਕਰ ਸਕਦੇ।
* ਬਿਮਾਰੀ ਦੌਰਾਨ ਸਾਨੂੰ ਤੰਦਰੁਸਤੀ ਦੀ ਅਹਿਮੀਅਤ ਦਾ ਪਤਾ ਚੱਲਦਾ ਹੈ।
* ਧਰਤੀ ’ਤੇ ਕਦੇ-ਕਦੇ ਕੁਝ ਮਹਾਨ ਲੋਕ ਜਨਮ ਲੈਂਦੇ ਹਨ ਜੋ ਬਾਬਰ ਨੂੰ ਜਾਬਰ ਕਹਿਣ ਦੀ ਜੁਰਅਤ ਕਰਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3838)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)