GurcharanSNoorpur7ਸਾਡੀਆਂ ਸਰਕਾਰਾਂ ਅਵੇਸਲੀਆਂ ਹੀ ਨਹੀਂ ਹੋਈਆਂ ਸਗੋਂ ਵਿਕਾਸ ਦੀ ਉਹ ਡੁਗਡੁਗੀ ਵਜਾ ਰਹੀਆਂ ...
(19 ਫਰਵਰੀ 2026)


ਸਾਡੀਆਂ ਸਰਕਾਰਾਂ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਅਖੌਤੀ ਵਿਕਾਸ ਵਿੱਚੋਂ ਲੋਕ ਮਨਫੀ ਕਰ ਦਿੱਤੇ ਗਏ ਹਨ। ਕੁਦਰਤੀ ਵਸੀਲਿਆਂ ਨੂੰ ਤਬਾਹ ਕਰਕੇ ਜੀਵਨ ਦੀ ਕੀਮਤ ’ਤੇ ਕੀਤਾ ਗਿਆ ਹਰ ਤਰ੍ਹਾਂ ਦਾ ਵਿਕਾਸ
, ਵਿਨਾਸ਼ ਸਾਬਤ ਹੁੰਦਾ ਹੈ। ਇਸ ਸਮੇਂ ਆਦਮਜਾਤ ਨੇ ਅਖੌਤੀ ਵਿਕਾਸ ਦੀ ਕਹੀ ਨਾਲ ਆਪਣੀ ਕਬਰ ਪੁੱਟ ਲਈ ਹੈ। ਦੁਨੀਆ ਇੱਕ ਖਤਰਨਾਕ ਮੋੜ ’ਤੇ ਆ ਖੜ੍ਹੀ ਹੋਈ ਹੈ ਅਤੇ ਧਰਤੀ ਉੱਤੇ ਜੀਵਨ ਹਰ ਦਿਨ ਮਰ ਰਿਹਾ ਹੈ। ਅਸੀਂ ਵਿਕਾਸ ਕਰ ਰਹੇ ਹਾਂ ਪਰ ਸਾਡੀਆਂ ਜਿਊਣ ਹਾਲਤਾਂ ਨਿੱਘਰ ਰਹੀਆਂ ਹਨ। ਸਾਨੂੰ ਦੱਸਿਆ ਜਾ ਰਿਹਾ ਹੈ ‘ਵਿਕਾਸ’ ਲਈ ਇਹ ਬੜਾ ਜ਼ਰੂਰੀ ਹੈ ਕਿ ਜਲ, ਜੰਗਲ, ਪਹਾੜਾਂ ਦੀ ਤਬਾਹੀ ਹੋਣ ਦਿੱਤੀ ਜਾਵੇ। ਵਿਕਾਸ ਲਈ ਬੜਾ ਜ਼ਰੂਰੀ ਹੈ ਅਰਬਨ ਅਸਟੇਟਾਂ ਅਤੇ ਮੈਗਾ ਪ੍ਰਾਜੈਕਟਾਂ ਲਈ ਜ਼ਮੀਨਾਂ ਐਕਵਾਇਰ ਕੀਤੀਆਂ ਜਾਣ, ਵਿਸ਼ਾਲ ਚਾਰ-ਚਾਰ ਜਾਂ ਛੇ-ਛੇ ਮਾਰਗੀ ਸੜਕਾਂ ਦਾ ਨਿਰਮਾਣ ਕੀਤਾ ਜਾਵੇ। ਬੰਬਾਂ ਬਾਰੂਦਾਂ ਨਾਲ ਪਹਾੜਾਂ ਦੀ ਕੁਦਰਤੀ ਦਿੱਖ ਨੂੰ ਤਹਿਸ ਨਹਿਸ ਕਰਕੇ ਪੱਧਰਾ ਕੀਤਾ ਜਾਵੇ। ਅਖੌਤੀ ਵਿਕਾਸ ਦੇ ਬੇਕਿਰਕ ਭਰਮਜਾਲ ਵਿੱਚ ਹੁਣ ਜਲ, ਜੰਗਲ, ਜ਼ਮੀਨਾਂ, ਦਰਿਆਵਾਂ ਨੂੰ ਬਰਬਾਦ ਕਰਨ ਦੀਆਂ ਸਭ ਰੋਕਾਂ ਹਟਾਈਆਂ ਜਾ ਰਹੀਆਂ ਹਨ।

ਗੰਭੀਰ ਹੋ ਗਿਆ ਸੰਕਟ:

ਸਰਕਾਰਾਂ ਦਾ ਇਹ ਸੰਵਿਧਾਨਕ ਫਰਜ਼ ਹੈ ਕਿ ਉਹ ਲੋਕਾਂ ਲਈ ਸ਼ੁੱਧ ਹਵਾ ਅਤੇ ਪਾਣੀ ਪ੍ਰਤੀ ਸੁਚੇਤ ਰਹਿਣ, ਆਮ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕਰਨ। ਸਰਕਾਰਾਂ ਦਾ ਫਰਜ਼ ਇਹ ਵੀ ਹੈ ਕਿ ਲੋਕਾਂ ਕੋਲ ਉਹਨਾਂ ਦੇ ਰਿਜ਼ਕ ਦੇ ਵਸੀਲੇ ਬਣੇ ਰਹਿਣ, ਇਨ੍ਹਾਂ ਵਿੱਚ ਨਵੀਨਤਾ ਬੇਸ਼ਕ ਲਿਆਂਦੀ ਜਾਵੇ ਪਰ ਇਸਦੇ ਬਾਵਜੂਦ ਵੀ ਸਬੰਧਤ ਖਿੱਤੇ ਵਿੱਚ ਮਨੁੱਖਾਂ ਹੀ ਨਹੀਂ ਬਲਕਿ ਸਭ ਜੀਵ ਜਾਤੀਆਂ ਲਈ ਸੁਚੱਜੀਆਂ ਜਿਊਣ ਹਾਲਤਾਂ ਬਣੀਆਂ ਰਹਿਣ। ਬਦਕਿਸਮਤੀ ਦੀ ਗੱਲ ਇਹ ਹੈ ਕਿ ਲੋਕਤੰਤਰਿਕ ਢੰਗ ਨਾਲ ਚੁਣੀਆਂ ਸਰਕਾਰਾਂ ਜੀਵਨ ਨਾਲ ਜੁੜੇ ਮੁੱਦਿਆਂ ਉੱਤੇ ਲੋਕਾਂ ਦੇ ਜੀਵਨ ਨੂੰ ਤਰਜੀਹ ਦੇਣ ਦੀ ਬਜਾਏ ਅਖੌਤੀ ਵਿਕਾਸ ਲਈ ਵਧੇਰੇ ਤਰਲੋਮੱਛੀ ਹੋ ਰਹੀਆਂ ਹਨ। ਇਸ ਸਮੇਂ ਲੋਕਾਂ ਨੂੰ ਬੜੀ ਸ਼ਿੱਦਤ ਨਾਲ ਇਹ ਸਮਝਣ ਦੀ ਲੋੜ ਹੈ ਕਿ ਸਾਡੀਆਂ ਸਰਕਾਰਾਂ ਦਾ ਫਿਕਰ ਲੋਕਾਂ ਦੀਆਂ ਜਿਊਣ ਹਾਲਤਾਂ ਨਹੀਂ ਬਲਕਿ ਉਹ ਅਖੌਤੀ ਵਿਕਾਸ ਹੈ ਜਿਸ ’ਤੇ ਚਲਦਿਆਂ ਜੀਵਨ ਲਈ ਬਰਬਾਦੀਆਂ ਦੇ ਬਾਨਣੂੰ ਬੰਨ੍ਹੇ ਜਾ ਰਹੇ ਹਨ। ਇਸ ਅਖੌਤੀ ਵਿਕਾਸ ਦੇ ਰਾਹ ’ਤੇ ਚਲਦਿਆਂ ਧਰਤੀ ਦੇ ਵਾਯੂਮੰਡਲ ਵਿੱਚ ਗਰੀਨ ਹਾਊਸ ਗੈਸਾਂ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਕਾਰਬਨ ਡਾਈਆਕਸਾਈਡ ਅਤੇ ਮੀਥੇਨ ਗੈਸਾਂ ਦੀ ਹਵਾ ਵਿੱਚ ਮਾਤਰਾ ਵਧਣੀ ਸ਼ੁਰੂ ਹੋ ਗਈ ਹੈ। ਜੀਵਨ ਲਈ ਵੱਡੇ ਖਤਰੇ ਪੈਦਾ ਹੋ ਗਏ ਹਨ। ਧਰਤੀ ਦਾ ਵਾਯੂਮੰਡਲ, ਜੋ ਗਰਮ ਹੋਣ ਲੱਗਿਆ ਹੈ, ਇਸ ਲਈ ਫਿਕਰਮੰਦੀ ਜੋ ਕਿਸੇ ਪਾਸੇ ਦਿਸਣੀ ਚਾਹੀਦੀ ਹੈ, ਉਹ ਕਿਧਰੇ ਵੀ ਨਜ਼ਰ ਨਹੀਂ ਆਉਂਦੀ। ਜੇਕਰ ਭਵਿੱਖ ਵਿੱਚ ਇੱਕ ਅੱਧਾ ਪ੍ਰਤੀਸ਼ਤ ਤਾਪਮਾਨ ਹੋਰ ਵਧਦਾ ਹੈ ਤਾਂ ਅਜਿਹੀ ਸਥਿਤੀ ਪੈਦਾ ਹੋ ਜਾਵੇਗੀ ਕਿ ਜਿਸ ਨਾਲ ਕੋਸ਼ਿਸ਼ ਕਰਕੇ ਵੀ ਨਜਿੱਠਿਆ ਨਹੀਂ ਜਾ ਸਕੇਗਾ। ਜਲਵਾਯੂ ਪ੍ਰੀਵਰਤਨ ਅਜਿਹਾ ਇੱਕ ਗੰਭੀਰ ਮੁੱਦਾ ਹੈ ਜਿਸਨੇ ਮਨੁੱਖੀ ਸਿਹਤ ਵਾਤਾਵਰਣ ਅਤੇ ਅਰਥਚਾਰੇ ਉੱਤੇ ਇੰਨੇ ਮਾੜੇ ਪ੍ਰਭਾਵ ਪਾਉਣੇ ਹਨ ਕਿ ਜਿਨ੍ਹਾਂ ਦਾ ਮਨੁੱਖ ਜਾਤੀ ਨੇ ਹੁਣ ਤਕ ਕਿਆਸ ਵੀ ਨਹੀਂ ਕੀਤਾ।

ਕਿਸ ਵਿਕਾਸ ਲਈ ਯਤਨ?

ਇੱਕ ਉਦਾਹਣ ਨਾਲ ਅਸੀਂ ਸਮਝ ਸਕਦੇ ਹਾਂ ਕਿ ਲੋਕਾਂ ਨਾਲ ਕੀ ਹੋ ਰਿਹਾ ਹੈ। ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਡੇ ਕੋਲ 1974 ਦਾ ਐਕਟ ਹੈ। ਇਸ ਐਕਟ ਵਿੱਚ ਅਜਿਹੀਆਂ ਧਾਰਾਵਾਂ ਸਨ ਜਿਸ ਵਿੱਚ ਜੇਕਰ ਕੋਈ ਧਰਤੀ ਹੇਠਲੇ ਜਾਂ ਦਰਿਆਈ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ, ਉਸ ਲਈ ਜੇਲ੍ਹ ਜਾਣ ਤਕ ਦੀ ਸ਼ਜਾ ਸੀ। ਹੁਣ ਕਿਉਂਕਿ ਵਿਕਾਸ ਨੂੰ ਯਕੀਨੀ ਬਣਾਉਇਆ ਜਾਣਾ ਹੈ, ਲਈ ਇਸ ਐਕਟ ਦੀਆਂ ਕੁਝ ਧਾਰਾਵਾਂ ਨੂੰ ਬਦਲਕੇ ਜੇਲ੍ਹ ਜਾਣ ਦੀ ਬਜਾਏ ਇਸਦੀ ਥਾਂ ਦਸ ਹਜ਼ਾਰ ਤੋਂ ਕੁਝ ਲੱਖ ਜੁਰਮਾਨੇ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਕੀਤਾ ਜਾਣਾ ਬੜਾ ਜ਼ਰੂਰੀ ਸੀ। ਧਰਤੀ ਜਾਂ ਦਰਿਆਈ ਹੇਠਲੇ ਪਾਣੀ ਨੂੰ ਬਚਾਉਣ ਦੇ ਚੱਕਰ ਵਿੱਚ ਵਿਕਾਸ ਨੂੰ ਤਾਂ ਨਹੀਂ ਨਾ ਰੋਕਿਆ ਜਾਣਾ ਚਾਹੀਦਾ। ਜੇਕਰ ਧਰਤੀ ਹੇਠਲਾ ਪਾਣੀ ਬਰਬਾਦ ਹੋਵੇਗਾ, ਲੋਕ ਬਰਬਾਦ ਹੋਣਗੇ ਬਿਮਾਰੀਆਂ ਦਾ ਪ੍ਰਕੋਪ ਵਧੇਗਾ ਤਾਂ ਉਸ ਲਈ ਹਸਪਤਾਲਾਂ ਦਾ ਪ੍ਰਬੰਧ ਕਰ ਦਿੱਤਾ ਜਾਵੇ ਪਰ ਇਸ ਲਈ ਅਖੌਤੀ ਵਿਕਾਸ ਨੂੰ ਕਿਸੇ ਤਰ੍ਹਾਂ ਦੀ ਆਂਚ ਨਹੀਂ ਆਉਣੀ ਚਾਹੀਦੀ। ਜੇਕਰ ਗੰਦੇ ਨਾਲਿਆਂ, ਫੈਕਟਰੀਆਂ ਦੇ ਗੰਦ ਮੰਦ ਨਾਲ ਦਰਿਆ ਗੰਦੇ ਹੋ ਗਏ ਹਨ ਇਨ੍ਹਾਂ ਵਿੱਚ ਮੁਸ਼ਕ ਮਾਰਦਾ ਪਾਣੀ ਜਲ ਜੀਵਾਂ ਅਤੇ ਮਨੁੱਖਾਂ ਲਈ ਬਿਮਾਰੀਆਂ ਦਾ ਬਿਰਤਾਂਤ ਸਿਰਜ ਰਿਹਾ ਹੈ ਤਾਂ ਲੋਕਾਂ ਲਈ ਆਰ ਓ ਦਾ ਪ੍ਰਬੰਧ ਹੋ ਜਾਵੇਗਾ। ਉਸ ਲਈ ਕੰਪਨੀਆਂ ਆਪਣਾ ਬੋਤਲ ਬੰਦ ਪਾਣੀ ਲੋਕਾਂ ਨੂੰ ਵੇਚਣ ਲੱਗ ਜਾਣਗੀਆਂ, ਦਰਿਆਵਾਂ ਦੇ ਪਾਣੀਆਂ ਦੇ ਫਿਕਰ ਵਿੱਚ ਅਖੌਤੀ ਵਿਕਾਸ ਦਾ ਚੱਕਰ ਨਹੀਂ ਰੁਕਣਾ ਚਾਹੀਦਾ।

ਪੂਰੀ ਦੁਨੀਆਂ ਵਿੱਚ ਇਸ ਸਮੇਂ ਕਾਰਪੋਰੇਟ ਕੰਪਨੀਆਂ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਰਾਹ ਪੱਧਰੇ ਕੀਤੇ ਜਾ ਰਹੇ ਹਨ। ਦੁਨੀਆਂ ਦੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਕਾਰੋਬਾਰਾਂ ਦਾ ਫੈਲਾਅ ਕਰਨ ਲਈ ਜੰਗਲਾਂ ਦੀ ਕਟਾਈ ਹੋ ਰਹੀ ਹੈ। ਵਾਹੀਯੋਗ ਜ਼ਮੀਨਾਂ ਵਿੱਚ ਖੁੱਲ੍ਹੀਆਂ ਵਿਸ਼ਾਲ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਸੜਕਾਂ, ਸੁਰੰਗਾਂ ਬਣਾਈਆਂ ਜਾ ਰਹੀਆਂ ਹਨ। ਪਹਾੜੀ ਖੇਤਰਾਂ ਵਿੱਚ ਕੁਦਰਤੀ ਮਾਹੌਲ ਨੂੰ ਤਹਿਸ ਨਹਿਸ ਕਰਕੇ ਉਸਾਰੀਆਂ ਹੋ ਰਹੀਆਂ ਹਨ। ਬੜੀ ਤੇਜ਼ੀ ਨਾਲ ਗਰਮੀਆਂ ਵਿੱਚ ਵੀ ਠੰਢੀਆਂ ਰਹਿਣ ਵਾਲੀਆਂ ਥਾਂਵਾਂ ’ਤੇ ਕਾਰਪੋਰੇਟ ਕੰਪਨੀਆਂ ਆਪਣੇ ਕਾਰੋਬਾਰਾਂ ਨੂੰ ਵਿਸਥਾਰ ਦੇ ਰਹੀਆਂ ਹਨ। ਆਮ ਲੋਕਾਂ ਨੂੰ ਇਨ੍ਹਾਂ ਥਾਂਵਾਂ ਤੋਂ ਖਦੇੜਿਆ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਉਦਾਹਰਨਾਂ ਨਾਲ ਅਸੀਂ ਇਸ ਅਖੌਤੀ ਵਿਕਾਸ ਦੀ ਹਕੀਕਤ ਸਮਝ ਸਕਦੇ ਹਾਂ।

ਵਿਗਿਆਨੀਆਂ ਦੇ ਤੌਖਲੇ:

ਪਿਛਲੇ ਲੰਮੇ ਸਮੇਂ ਤੋਂ ਭੂ-ਵਿਗਿਆਨੀ ਸਾਨੂੰ ਵਾਤਾਵਰਣ ਦੀਆਂ ਤਬਦੀਲੀਆਂ ਪ੍ਰਤੀ ਸੁਚੇਤ ਕਰ ਰਹੇ ਹਨ। ਜਿੰਨਾ ਵੱਡਾ ਇਹ ਫਿਕਰ ਹੈ, ਉੰਨੀ ਵੱਡੀ ਇਸਦੀ ਚਰਚਾ ਕਿਸੇ ਪਾਸੇ ਨਹੀਂ ਹੋ ਰਹੀ। ਜਦੋਂ ਕਿਸੇ ਪਾਸੇ ਇਸਦੀ ਖੁੱਲ੍ਹ ਕੇ ਚਰਚਾ ਹੀ ਨਹੀਂ ਹੋ ਰਹੀ ਤਾਂ ਇਸਦੇ ਸੁਧਾਰ ਲਈ ਯਤਨ ਕਰਨੇ ਤਾਂ ਬਹੁਤ ਦੂਰ ਦੀ ਗੱਲ ਹੈ। ਵਾਤਾਵਰਣ ਵਿਗਿਆਨੀ ਪ੍ਰੋ. ਸੋਨੀਆ ਸੇਨੇਵੀਰਤਨੇ ਲਿਖਦੀ ਹੈ, “ਸਾਡੇ ਕੋਲ ਇੰਨੇ ਸਬੂਤ ਕਾਫੀ ਹਨ ਕਿ ਆਪਾਂ ਵਾਤਾਵਰਣ ਦੇ ਗੰਭੀਰ ਸੰਕਟ ਵਿੱਚ ਪਹੁੰਚ ਗਏ ਹਾਂ। ਨੀਤੀਘਾੜਿਆਂ ਕੋਲ ਇਸ ਸਬੰਧੀ ਹੁਣ ਉਚਿਤ ਜਾਣਕਾਰੀ ਹੈ।” ਇਸੇ ਤਰ੍ਹਾਂ ਵਾਤਾਵਰਣ ਵਿਗਿਆਨੀ ਜੋਏਰੀ ਰੋਗੇਲਜ਼ ਫਿਕਰਮੰਦੀ ਜ਼ਾਹਿਰ ਕਰਦਿਆਂ ਆਖਦਾ ਹੈ, “ਅਸੀਂ ਆਪਣੀ ਧਰਤੀ ਨੂੰ ਪਹਿਲਾਂ ਹੀ ਬਹੁਤ ਬਦਲ ਚੁੱਕੇ ਹਾਂ ਅਤੇ ਕੁਝ ਤਬਦੀਲੀਆਂ ਦੇ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਜ਼ਾਹਿਰ ਹੋਣਗੇ। ਹੁਣ ਸਵਾਲ ਇਹ ਉੱਠਦਾ ਹੈ ਕਿ ਭਵਿੱਖ ਵਿੱਚ ਹੋਰ ਕਿੰਨੀਆਂ ਤਬਦੀਲੀਆਂ ਤੋਂ ਅਸੀਂ ਆਪਣੇ ਗ੍ਰਹਿ ਨੂੰ ਬਚਾ ਸਕਦੇ ਹਾਂ।”

ਯੂ ਐੱਨ ਓ ਦੇ ਜਨਰਲ ਸਕੱਤਰ ਔਟੇਨੀਓ ਗੁਟਰੇਜ਼ ਨੇ (ਆਈਪੀਸੀਸੀ) ਇੰਟਰ-ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਦੀਆਂ ਇਸ ਸਬੰਧੀ ਆਈਆਂ ਰਿਪੋਰਟਾਂ ਪ੍ਰਤੀ ਫਿਕਰਮੰਦ ਹੁੰਦਿਆਂ ਕਿਹਾ, “ਖਤਰੇ ਦੀ ਘੰਟੀ ਬਹਿਰਾ ਕਰ ਦੇਣ ਵਾਲੀ ਹੈ। ਇਸ ਤੋਂ ਪਹਿਲਾਂ ਕਿ ਸਾਡੀ ਧਰਤੀ ਤਬਾਹ ਹੋ ਜਾਵੇ, ਸਾਨੂੰ ਕੋਲੇ ਅਤੇ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਈਧਨਾਂ ਦੀ ਵਰਤੋਂ ਖਤਮ ਕਰਨੀ ਹੋਵੇਗੀ।” ਧਰਤੀ ਦੇ ਵੱਖ ਵੱਖ ਖੇਤਰਾਂ ਵਿੱਚ ਲੱਗ ਰਹੀਆਂ ਭਿਆਨਕ ਅੱਗਾਂ, ਸੋਕੇ ਅਤੇ ਔੜ ਦਾ ਪ੍ਰਕੋਪ, ਹੜ੍ਹਾਂ ਦਾ ਸੰਤਾਪ, ਵਧਦੀ ਤਪਸ਼ ਨਾਲ ਬਰਫਾਂ ਦਾ ਖੁਰਨਾ, ਹਨੇਰੀਆਂ, ਝੱਖੜਾਂ ਆਦਿ ਨਾਲ ਸਾਡੇ ਵਾਤਾਵਰਣ ਵਿੱਚ ਇੱਕ ਅੱਥਰਾ ਵੇਗ ਪੈਦਾ ਕੀਤਾ ਹੈ। ਧਰਤੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤਾਪਮਾਨ ਖਤਰਨਾਕ ਹੱਦ ਤੋਂ ਪਾਰ ਹੋ ਗਿਆ ਹੈ। ਸੋਕੇ ਅਤੇ ਗਰਮੀ ਵਾਲੇ ਦਿਨਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਹੜ੍ਹਾਂ, ਭੁਚਾਲਾਂ, ਸੁਨਾਮੀਆਂ ਅਤੇ ਸੋਕੇ ਨਾਲ ਲੋਕਾਂ ਦੇ ਉਜਾੜੇ ਵਧ ਗਏ ਹਨ।

ਫਿਕਰਮੰਦ ਕੌਣ?

ਹੁਣ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਜੀਵਨ ਨਾਲ ਸਿੱਧੇ ਤੌਰ ’ਤੇ ਜੁੜਿਆ ਵਾਤਾਵਰਣ ਦਾ ਸੰਕਟ ਜਦੋਂ ਇੰਨਾ ਗੰਭੀਰ ਹੈ ਤਾਂ ਇਸ ਪ੍ਰਤੀ ਅਸੀਂ ਸੁਚੇਤ ਕਿਉਂ ਨਹੀਂ ਹਾਂ? ਫਿਕਰਮੰਦ ਕਿਉਂ ਨਹੀਂ ਹਾਂ? ਇੱਥੇ ਅਸੀਂ ਕਹਾਂਗੇ ਕਿ ਸਾਡੀਆਂ ਸਰਕਾਰਾਂ ਇਸ ਪ੍ਰਤੀ ਚਿੰਤਤ ਨਹੀਂ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਸੰਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਪਰ ਅਜਿਹਾ ਕਿਸੇ ਪਾਸੇ ਹੋ ਰਿਹਾ ਦਿਸਦਾ ਨਹੀਂ। ਦੂਜੇ ਪਾਸੇ ਇਸ ਗੰਭੀਰ ਸੰਕਟ ਲਈ ਸਾਡੇ ਚੁਣੇ ਲੋਕ-ਨੁਮਾਇੰਦੇ ਕਿੰਨੇ ਕੁ ਗੰਭੀਰ ਹਨ, ਇਹ ਅਸਾਨੀ ਨਾਲ ਦੇਖਿਆ ਸਮਝਿਆ ਜਾ ਸਕਦਾ ਹੈ। ਜਦੋਂ ਇਹ ਸੰਕਟ ਕਿਸੇ ਦੇਸ਼ ਦੀ ਅਗਵਾਈ ਕਰਨ ਵਾਲਿਆਂ ਦੇ ਜ਼ਿਹਨ ਦਾ ਹਿੱਸਾ ਨਹੀਂ ਬਣਦਾ ਤਾਂ ਆਮ ਲੋਕ ਇਸ ਲਈ ਕੀ ਕਰ ਸਕਣਗੇ? ਵਾਤਾਵਰਣ ਦਾ ਸੰਕਟ ਕੁਝ ਕੁ ਸਾਲਾਂ ਵਿੱਚ ਇੰਨਾ ਗੰਭੀਰ ਹੋਣ ਵਾਲਾ ਹੈ, ਜਿਸਦਾ ਅਸੀਂ ਕਿਆਸ ਵੀ ਨਹੀਂ ਕਰ ਸਕਦੇ। ਪਰ ਤਰਾਸਦੀ ਇਹ ਹੈ ਕਿ ਸਾਡੇ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਅਤੇ ਸਾਡੇ ਲੋਕ ਨੁਮਾਇੰਦੇ ਇਸ ਪ੍ਰਤੀ ਥੋੜ੍ਹੇ ਜਿਹੇ ਵੀ ਫਿਕਰਮੰਦ ਨਹੀਂ ਹਨ। ਤੁਸੀਂ ਜ਼ਰਾ ਖਿਆਲ ਕਰਨਾ ਭਿਆਨਕ ਰੁਖ਼ ਇਖਤਿਆਰ ਕਰ ਚੁੱਕੇ ਵਾਤਾਵਰਣ ਪ੍ਰਤੀ ਸਾਡੀਆਂ ਸਰਕਾਰਾਂ ਜਾਂ ਵਿਰੋਧੀ ਧਿਰਾਂ ਅਤੇ ਉਹਨਾਂ ਦੇ ਆਗੂ, ਕੌਣ ਇਸ ਪ੍ਰਤੀ ਚਿੰਤਤ ਹੈ? ਅਸੀਂ ਸੋਕੇ ਅਤੇ ਔੜਾਂ ਦਾ ਸੰਤਾਪ ਹੀ ਨਹੀਂ ਭੋਗ ਰਹੇ ਬਲਕਿ ਬੌਧਿਕ ਔੜ ਦੇ ਦੌਰ ਵਿੱਚੋਂ ਵੀ ਗੁਜ਼ਰ ਰਹੇ ਹਾਂ।

ਕੀ ਕੁਝ ਹੋ ਸਕਦਾ ਹੈ:

ਇਸ ਸਮੇਂ ਵਾਤਾਵਰਣ ਵਿਗਿਆਨੀਆਂ ਦਾ ਮੰਨਣਾ ਹੈ ਕਿ ਗਰੀਨ ਹਾਊਸ ਗੈਸਾਂ ਦੇ ਪ੍ਰਭਾਵ ਨਾਲ ਮੌਸਮੀ ਤਬਦੀਲੀਆਂ ਦਾ ਰੁਖ਼ ਇੰਨਾ ਭਿਆਨਕ ਹੋ ਗਿਆ ਹੈ ਕਿ ਅਸੀਂ ਜੀਵਨ ਨੂੰ ਬਚਾਉਣ ਲਈ ਜੋ ਕੁਝ ਵੀ ਕਰਾਂਗੇ, ਉਹ ਥੋੜ੍ਹਾ ਹੋਵੇਗਾ। ਇਸ ਸਥਿਤੀ ਨੂੰ ਇੰਝ ਸਮਝ ਸਕਦੇ ਹਾਂ ਜਿਵੇਂ ਅਸੀਂ ਕਿਸੇ ਥਾਂ ਦੀ ਤਪਸ਼ ਨੂੰ ਘੱਟ ਕਰਨ ਲਈ ਅਸੀਂ ਉੱਥੇ ਬਹੁਤ ਸਾਰੇ ਰੁੱਖ ਲਾਈਏ ਪਰ ਹਾਲਾਤ ਇਹ ਬਣ ਜਾਣ ਕਿ ਆਲੇ ਦੁਆਲੇ ਗਰਮੀ ਹੀ ਇੰਨੀ ਹੋਵੇ ਕਿ ਰੁਖ਼ ਗਰਮੀ ਅਤੇ ਸੋਕੇ ਨਾਲ ਹੀ ਮਰ ਜਾਣ। ਇਸ ਸਥਿਤੀ ਵਿੱਚ ਹੁਣ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ। ਇਸ ਸਮੇਂ ਲਾਏ ਜਾ ਰਹੇ ਬੂਟਿਆਂ, ਪੌਦਿਆਂ ਦੀ ਰੁੱਖ ਬਣਨ ਦੀ ਦਰ ਦੋ ਪ੍ਰਤੀਸ਼ਤ ਹੈ। ਇਸਦਾ ਭਾਵ ਇਹ ਹੈ ਕਿ ਜੇਕਰ ਕਿਤੇ ਕਿਸੇ ਥਾਂ ਸੌ ਰੁੱਖ ਲਾਇਆ ਜਾਂਦਾ ਹੈ ਤਾਂ ਇਸ ਵਿੱਚੋਂ ਦੋ ਦੇ ਰੁਖ ਬਣਨ ਦੀ ਸੰਭਾਵਨਾ ਹੈ, ਬਾਕੀ ਸੋਕੇ ਨਾਲ ਮਰ ਜਾਣਗੇ। ਜ਼ਰਾ ਅੰਦਾਜ਼ਾ ਕਰੋ ਅਸੀਂ ਕਿਸ ਦਿਸ਼ਾ ਵੱਲ ਵਧ ਰਹੇ ਹਾਂ।

ਵਾਤਾਵਰਣ ਦੇ ਸੰਕਟ ਪ੍ਰਤੀ ਅਸੀਂ ਸੁੱਤੇ ਪਏ ਹਾਂ। ਸਾਡੀਆਂ ਸਰਕਾਰਾਂ ਅਵੇਸਲੀਆਂ ਹੀ ਨਹੀਂ ਹੋਈਆਂ ਸਗੋਂ ਵਿਕਾਸ ਦੀ ਉਹ ਡੁਗਡੁਗੀ ਵਜਾ ਰਹੀਆਂ ਹਨ, ਜਿਸ ਨਾਲ ਇਹ ਸੰਕਟ ਹੋਰ ਤੇਜ਼ੀ ਨਾਲ ਵਧਣੇ ਹਨ। ਜਿੰਨੀ ਜਲਦੀ ਹੋ ਸਕੇ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਨੀਂਦ ਵਿੱਚੋਂ ਜਾਗਣਾ ਹੋਵੇਗਾ। ਬਾਹਰ ਸੜਕ ’ਤੇ ਨਿਕਲ ਕੇ ਕਹਿਣਾ ਪਵੇਗਾ ਕਿ ਬੰਦ ਕਰੋ ਇਹ ਜੀਵਨ ਨੂੰ ਤਬਾਹ ਕਰਨ ਵਾਲਾ ਅਖੌਤੀ ਵਿਕਾਸ, ਜੀਵਨ ਤਬਾਹ ਹੋ ਰਿਹਾ ਹੈ। ਸਾਨੂੰ ਸਰਕਾਰਾਂ ਨੂੰ ਪੁੱਛਣਾ ਪਵੇਗਾ ਕਿ ਤੁਸੀਂ ਆਖਰ ਧਰਤੀ ਦੇ ਜੀਵਨ ਨੂੰ ਬਚਾਉਣ ਲਈ ਕੀ ਕਰ ਰਹੇ ਹੋ? ਇਸ ਸਮੇਂ ਵਾਤਾਵਰਣ ਦਾ ਸੰਕਟ ਸਾਡੀ ਮੁੱਖ ਤਰਜੀਹ ਹੋਣਾ ਚਾਹੀਦਾ ਹੈ। ਇਸ ਲਈ ਪੂਰੀ ਦੁਨੀਆਂ ਵਿੱਚ ਇੱਕ ਵੱਡੀ ਮੁਹਿੰਮ ਛੇੜੀ ਜਾਣੀ ਚਾਹੀਦੀ ਹੈ। ਅਸੀਂ ਮੌਤ ਦੇ ਮੂੰਹ ਵਿੱਚ ਲੰਮੇ ਪੈ ਕੇ ਅਖੌਤੀ ਵਿਕਾਸ ਦੀਆਂ ਟਾਹਰਾਂ ਮਾਰ ਰਹੇ ਹਾਂ। ਸਾਨੂੰ ਇਸ ਲਈ ਵੱਡੇ ਪ੍ਰੋਗਰਾਮ ਬਣਾਉਣੇ ਪੈਣਗੇ, ਵੱਡੀਆਂ ਤਬਦੀਲੀਆਂ ਲਈ ਯਤਨਸ਼ੀਲ ਹੋਣਾ ਪਵੇਗਾ ਤਾਂ ਕਿ ਸਾਡੀ ਇਸ ਪਿਆਰੀ ਧਰਤੀ ’ਤੇ ਜੀਵਨ ਨੂੰ ਬਚਾਇਆ ਜਾ ਸਕੇ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author