“ਆਉ ਪ੍ਰਣ ਕਰੀਏ ਕਿ ਅੱਜ ਤੋਂ ਬਾਅਦ ਜਿਹੜੇ ਵੀ ਸੰਘਰਸ਼ ਜਾਂ ਅੰਦੋਲਨ ਕੀਤੇ ਜਾਣਗੇ, ਉਹ ਕਿਸੇ ...”
(1 ਮਈ 2025)
ਸ਼ਿਕਾਗੋ ਸ਼ਹਿਰ ਵਿੱਚ ਹੇਮਾਰਕੀਟ ਸਕੁਏਅਰ ਦੇ ਸਥਾਨ ਤੇ ਵਾਪਰੇ ਸਾਕੇ ਦੌਰਾਨ 4 ਮਈ 1886 ਨੂੰ ਆਪਣੀਆਂ ਹੱਕੀ ਮੰਗਾਂ ਲਈ ਮੁਜ਼ਾਹਰਾ ਕਰਦੇ ਹੋਏ ਮਜ਼ਦੂਰਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਹਰ ਸਾਲ 1 ਮਈ ਨੂੰ ‘ਮਜ਼ਦੂਰ ਦਿਵਸ’ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਹੈ। ਇਸ ਮਹਾਨ ਮਜ਼ਦੂਰ ਅੰਦੋਲਨ ਵਿੱਚ ਮਰਦ ਅਤੇ ਔਰਤਾਂ ਨੇ ਸਾਂਝੇ ਤੌਰ ’ਤੇ ਸ਼ਮੂਲੀਅਤ ਹੀ ਨਹੀਂ ਕੀਤੀ ਸਗੋਂ ਔਰਤਾਂ ਵੱਲੋਂ ਲੀਡਰਸ਼ਿੱਪ ਦੀ ਭੂਮਿਕਾ ਵੀ ਅਦਾ ਕੀਤੀ ਗਈ ਸੀ। ਇਹ ਉਹ ਸਮਾਂ ਸੀ ਜਦੋਂ ਔਰਤ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਸਮਝਿਆ ਜਾਂਦਾ ਸੀ। ਕੁਝ ਇੱਕ ਖਿੱਤਿਆਂ ਵਿੱਚ ਔਰਤ ਦਾ ਕੰਮ ਕਰਨਾ ਵੀ ਲਗਭਗ ਵਰਜਿਤ ਸੀ। ਜਿਵੇਂ, ਕੋਲੇ ਦੀਆਂ ਖਾਣਾ, ਲੰਬੇ ਸਮੇਂ ਦੀਆਂ ਹਵਾਈ ਉਡਾਣਾਂ ਆਦਿ। ਪ੍ਰੰਤੂ ਸ਼ਿਕਾਗੋ ਦੀ ਇੰਟਰਨੈਸ਼ਨਲ ਵਰਕਿੰਗ ਪੀਪਲਜ਼ ਐਸੋਸੀਏਸ਼ਨ ਨੇ ਮਰਦ ਔਰਤ ਨਾ-ਬਰਾਬਰੀ ਨੂੰ ਨਕਾਰਦੇ ਹੋਏ ਸਾਰੇ ਵਰਕਰਾਂ ਨੂੰ ਹਰ ਪੱਖ ਤੋਂ ਬਰਾਬਰ ਕਰਾਰ ਦਿੱਤਾ। ਐਸੋਸੀਏਸ਼ਨ ਨਾਲ ਸੰਬੰਧਿਤ ਔਰਤਾਂ ਇਸ ਬਰਾਬਰੀ ਦੀ ਉਮੀਦ ’ਤੇ ਪੂਰੀਆਂ ਉਤਰਦੀਆਂ ਸਨ। ਘਟਨਾ ਕ੍ਰਮ ਅਨੁਸਾਰ ਦੇਖਿਆ ਜਾਵੇ ਤਾਂ 25 ਅਪਰੈਲ ਤੋਂ 4 ਮਈ 1886 ਦੇ 10 ਦਿਨਾਂ ਦੌਰਾਨ ਸ਼ਹਿਰ ਦੇ ਸਧਾਰਨ ਵਰਕਰ, ਸੁਧਾਰਕ, ਸਮਾਜਵਾਦੀ ਅਤੇ ਅਰਾਜਕਤਾਵਾਦੀ, ਸਾਰੇ ਹੀ ਇਕੱਠੇ ਹੋ ਕੇ ਬਾਹਰ ਸੜਕਾਂ ਉੱਪਰ ਨਿਕਲ ਆਏ ਉਹਨਾਂ ਆਪਣੇ ਕੰਮ ਦੇ ਹਾਲਾਤ ਵਿੱਚ ਸੁਧਾਰ ਅਤੇ ਤਬਦੀਲੀਆਂ ਕਰਾਉਣ ਲਈ ਕਰੀਬ 19 ਮੀਟਿੰਗਾਂ ਕੀਤੀਆਂ। ਪਹਿਲੀ ਮਈ ਤੋਂ ਹੋਰ 35,000 ਵਰਕਰ ਉਹਨਾਂ ਵਿੱਚ ਸ਼ਾਮਲ ਹੋ ਗਏ। ਇਸੇ ਦੌਰਾਨ 3-4 ਮਈ ਨੂੰ 10 ਹਜ਼ਾਰ ਦੇ ਲਗਭਗ ਹੋਰ ਹੁਨਰਮੰਦ ਅਤੇ ਗੈਰ-ਹੁਨਰਮੰਦ ਵਰਕਰਾਂ ਦੇ ਸ਼ਾਮਲ ਹੋਣ ਨਾਲ ਕਾਫ਼ਲਾ ਵਧਦਾ ਗਿਆ। ਉਹਨਾਂ ਆਪਣੇ 8 ਘੰਟੇ ਪ੍ਰਤੀ ਦਿਨ ਦੇ ਕੰਮ ਦੀ ਮੰਗ ਨੂੰ ਉਭਾਰ ਕੇ ਰੱਖਿਆ ਕਿਉਂਕਿ ਇਹ ਵਰਕਰ ਪਹਿਲਾਂ 10 ਤੋਂ 12 ਘੰਟੇ ਪ੍ਰਤੀ ਦਿਨ ਕੰਮ ਕਰਦੇ ਆ ਰਹੇ ਸਨ। ਇਸ ਦੌਰਾਨ ਅੰਦੋਲਨਕਾਰੀਆਂ ਅਤੇ ਪੁਲਿਸ ਵਿਚਕਾਰ ਘੱਟੋ ਘੱਟ 12 ਵਾਰ ਝੜਪਾਂ ਵੀ ਹੋਈਆਂ, ਜਿਸ ਵਿੱਚ ਪੁਲਿਸ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ।
ਮੈਕ ਕੌਰਮਿਕ ਰੀਪਰ ਪਲਾਂਟ ਵਿੱਚ ਹੜਤਾਲ ਚੱਲ ਰਹੀ ਸੀ, ਜਿਸ ਵਿੱਚ 3 ਮਈ ਨੂੰ ਹਿੰਸਾ ਭੜਕ ਉੱਠੀ। ਪੁਲਿਸ ਦੀਆਂ ਗੋਲੀਆਂ ਨਾਲ ਦੋ-ਤਿੰਨ ਮਜ਼ਦੂਰ ਵੀ ਮਾਰੇ ਗਏ। ਇਸਦਾ ਬਦਲਾ ਲੈਣ ਲਈ ਹੀ ਹੇਮਾਰਕੀਟ ਸਟਰੀਟ ਤੇ ਮਜ਼ਦੂਰਾਂ ਦਾ ਇਕੱਠ ਕੀਤਾ ਗਿਆ ਤੇ ਵੱਡੀ ਪੱਧਰ ’ਤੇ ਹੜਤਾਲ ਦਾ ਸੱਦਾ ਦਿੱਤਾ ਗਿਆ। 4 ਮਈ ਨੂੰ ਸ਼ਾਂਤਮਈ ਢੰਗ ਨਾਲ ਹੜਤਾਲ ਚੱਲ ਰਹੀ ਸੀ ਅਤੇ ਤਕਰੀਰਾਂ ਹੋ ਰਹੀਆਂ ਸਨ। ਉੱਧਰ ਮੇਅਰ, ਸੀ.ਐੱਚ. ਹੈਰੀਸਨ ਨੇ ਪੁਲਿਸ ਕਰਮਚਾਰੀਆਂ ਨੂੰ ਮੀਟਿੰਗ ਵਿੱਚ ਕਿਸੇ ਪ੍ਰਕਾਰ ਦੀ ਗੜਬੜੀ ਆਦਿ ਨਾ ਕਰਨ ਦੀ ਹਦਾਇਤ ਵੀ ਦਿੱਤੀ ਹੋਈ ਸੀ। ਅਚਾਨਕ ਭੀੜ ਵਿੱਚੋਂ ਪੁਲਿਸ ਵੱਲ ਇੱਕ ਬੰਬ ਦੇ ਡਿਗਣ ਦੀ ਆਵਾਜ਼ ਆਈ। ਉੱਧਰੋਂ ਪੁਲਿਸ ਨੇ ਵੀ ਅੰਨ੍ਹੇ ਵਾਹ ਗੋਲੀਆਂ ਦੇ ਬੁਛਾੜ ਕਰ ਦਿੱਤੀ। ਲਗਭਗ 60 ਦੇ ਕਰੀਬ ਪੁਲਿਸ ਕਰਮਚਾਰੀ ਜ਼ਖਮੀ ਹੋਏ ਤੇ 8 ਦੀ ਮੌਤ ਹੋ ਗਈ। ਵਰਕਰਾਂ ਵਿੱਚੋਂ ਕਿੰਨੇ ਜ਼ਖਮੀ ਹੋਏ ਤੇ ਕਿੰਨੇ ਮਾਰੇ ਗਏ, ਉਹਨਾਂ ਦੀ ਗਿਣਤੀ ਬਾਰੇ ਕਿਸੇ ਵੀ ਅਖਬਾਰ ਆਦਿ ਵਿੱਚ ਰਿਪੋਰਟਿੰਗ ਨਹੀਂ ਹੋਈ। ਪਰ ਇਸ ਨਾਲ ਇੱਕ ਵੱਡੀ ਪੱਧਰ ’ਤੇ ਇਨਕਲਾਬੀ ਵਿਚਾਰਧਾਰਾ ਤੋਂ ਪ੍ਰਭਾਵਿਤ ਮਜ਼ਦੂਰ ਅੰਦੋਲਨ ਖੜ੍ਹੇ ਹੋਣ ਦਾ ਖਦਸ਼ਾ ਪੈਦਾ ਹੋ ਗਿਆ, ਜਿਸ ਨੇ ਬਾਅਦ ਵਿੱਚ ਜਲਦੀ ਹੀ ਇੱਕ ਵੱਡੇ ਅੰਦੋਲਨ ਦਾ ਰੂਪ ਧਾਰ ਲਿਆ। ਪੁਲਿਸ ਵੱਲੋਂ ਅਨੇਕਾਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ। ਪਰ ਬੰਬ ਕਿਸ ਨੇ ਸੁੱਟਿਆ ਸੀ, ਇਸਦਾ ਅੰਤ ਤਕ ਪਤਾ ਨਾ ਲੱਗ ਸਕਿਆ। ਭਾਸ਼ਣਾਂ ਅਤੇ ਲਿਖਤਾਂ ਦੇ ਅਧਾਰ ਉੱਪਰ ਹੀ 8 ਵਰਕਰਾਂ ਉੱਪਰ ਮੁਕੱਦਮਾ ਦਰਜ ਹੋ ਗਿਆ। ਇਨ੍ਹਾਂ ਵਿੱਚੋਂ ਸੱਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬਾਕੀ ਸਾਥੀਆਂ ਵੱਲੋਂ ਕੀਤੀ ਅਪੀਲ ’ਤੇ ਕੋਈ ਗੌਰ ਨਾ ਕੀਤਾ ਗਿਆ। ਇਨ੍ਹਾਂ ਵਿੱਚੋਂ ਚਾਰ ਵਰਕਰਾਂ ਨੂੰ ਕੁੱਕ ਕਾਉਂਟੀ ਦੀ ਜੇਲ੍ਹ ਵਿੱਚ 11 ਨਵੰਬਰ 1887 ਵਾਲੇ ਦਿਨ ਫਾਂਸੀ ਤੇ ਲਟਕਾ ਦਿੱਤਾ ਗਿਆ ਅਤੇ ਇੱਕ ਨੇ ਆਤਮ ਹੱਤਿਆ ਕਰ ਲਈ। ਬਾਕੀ ਤਿੰਨਾਂ ਵਿਰੁੱਧ ਕੋਈ ਠੋਸ ਸਬੂਤ ਨਾ ਹੋਣ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ।
ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਵੱਡੀ ਪੱਧਰ ’ਤੇ ਹੋਏ ਇਸ ਮਜ਼ਦੂਰ ਅੰਦੋਲਨ ਨੂੰ ਹੀ ਬਾਅਦ ਵਿੱਚ ‘ਮਈ ਦਿਵਸ’ ਜਾਂ ‘ਮਜ਼ਦੂਰ ਦਿਵਸ’ ਦਾ ਨਾਮ ਦਿੱਤਾ ਗਿਆ। ਇਹ ਅੰਦੋਲਨ ਮੁੱਖ ਰੂਪ ਵਿੱਚ ਕੰਮ ਦੇ ਘੰਟੇ ਘਟਾਉਣ ਨਾਲ ਸੰਬੰਧਿਤ ਸੀ। ਬਾਅਦ ਵਿੱਚ ਸੋਵੀਅਤ ਯੂਨੀਅਨ ਅਤੇ ਹੋਰ ਕਮਿਊਨਿਸਟ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲੇ ਦੇਸ਼ਾਂ ਨੇ ਵੀ ਇਸਦਾ ਸਮਰਥਨ ਕੀਤਾ। ਪ੍ਰੰਤੂ ਪਹਿਲੇ ਵਿਸ਼ਵ ਜੰਗ ਤੋਂ ਬਾਅਦ ਜਦੋਂ ਅਮਰੀਕਾ ਵਿੱਚ ਕੋਲਡ ਵਾਰ ਜਾਂ ਠੰਢੀ ਜੰਗ ਚੱਲ ਰਹੀ ਸੀ ਤਾਂ 1955 ਵਿੱਚ ਇਸ ਦਿਨ ਨੂੰ ਅਮਰੀਕਾ ਵਾਲਿਆਂ ਨੇ ‘ਲਾਇਲਟੀ ਡੇ’ ਜਾਂ ਵਫਾਦਾਰੀ ਦਿਵਸ ਦਾ ਨਾਮ ਦੇ ਦਿੱਤਾ।
ਇਸ ਮਜ਼ਦੂਰ ਦਿਵਸ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਰਹੀ ਹੈ। ਔਰਤ ਮਜ਼ਦੂਰਾਂ ਨੂੰ ਵੀ ਬਾਕੀ ਹੋਰ ਮਜ਼ਦੂਰਾਂ, ਵਰਕਰਾਂ ਵਾਂਗ ਹੀ ਆਪਣੇ ਹੱਕਾਂ ਪ੍ਰਤੀ ਪ੍ਰੇਰਿਤ ਕਰਨਾ, ਮਜ਼ਦੂਰ ਯੂਨੀਅਨ ਨਾਲ ਜੁੜਨਾ ਤੇ ਆਪਣੇ ਕੰਮਕਾਜ ਦੀਆਂ ਹਾਲਾਤ ਵਿੱਚ ਸੁਧਾਰ ਕਰਨ ਲਈ ਇਕੱਠੇ ਹੋ ਕੇ ਆਪਣੀ ਆਵਾਜ਼ ਉਠਾਉਣ ਲਈ ਉਨ੍ਹਾਂ ਨੂੰ ਜਾਗਰੂਕ ਕੀਤਾ। ਮੈਰੀ ਜੌਹਨ ਪਹਿਲੀ ਔਰਤ ਸੀ ਜਿਸਨੇ ਵਰਕਰਾਂ ਦੇ ਹੱਕਾਂ ਪ੍ਰਤੀ ਆਵਾਜ਼ ਉਠਾਈ। ਲੂਸੀ ਪਾਰਸਨ, ਅਲਾਈਸ ਪਾਲ ਅਤੇ ਹੈਰੀਅਟ ਸਟੈਂਨਟਨ ਆਦਿ ਵਰਗੀਆਂ ਔਰਤਾਂ ਨੇ ਇਸ ਅੰਦੋਲਨ ਦੌਰਾਨ ਆਪਣੇ ਮਰਦ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਲੂਸੀ ਪਾਰਸਨ ਪਹਿਲੀ ਔਰਤ ਸੀ ਜਿਸਨੇ ਮਈ ਦਿਵਸ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਇੰਟਰਨੈਸ਼ਨਲ ਲੇਡੀਜ਼ ਗਾਰਮੈਂਟ ਵਰਕਰ ਯੂਨੀਅਨ ਦੀ ਪ੍ਰਧਾਨ ਵੀ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉਦਯੋਗਾਂ ਵਿੱਚ ਰੋਜ਼ਾਨਾ ਕੰਮ ਦੇ 8 ਘੰਟਿਆਂ ਦੀ ਮੰਗ ਕੀਤੀ ਸੀ। ਲੂਸੀ ਪਾਰਸਨ ਅਤੇ ਲਿਜੀ ਹੋਲਮਸ ਅਜਿਹੀਆਂ ਔਰਤਾਂ ਸਨ ਜਿਨ੍ਹਾਂ ਨੇ ਨਾ ਕੇਵਲ ਆਪਣੇ ਹੱਕਾਂ ਪ੍ਰਤੀ ਹੋਰ ਔਰਤਾਂ ਨੂੰ ਸੁਚੇਤ ਕੀਤਾ ਸਗੋਂ ਉਹ ਇਨਕਲਾਬੀ ਸਾਹਿਤ ਵੀ ਲੁਕ ਛਿਪ ਕੇ ਵੰਡਦੀਆਂ ਰਹੀਆਂ ਸਨ। ਰੈਲੀਆਂ ਦੌਰਾਨ ਉਹ ਦੋਵੇਂ ਸਪਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਭਾਸ਼ਣ ਆਦਿ ਵੀ ਕਰਦੀਆਂ ਸਨ। ਆਪਣੀਆਂ ਦ੍ਰਿੜ੍ਹਤਾ ਅਤੇ ਦਲੇਰੀ ਭਰੀਆਂ ਤਕਰੀਰਾਂ ਸਦਕਾ ਉਹਨਾਂ ਨੂੰ ਪੁਲਿਸ ਅਤੇ ਹੁਕਮਰਾਨਾਂ ਵੱਲੋਂ ਜ਼ਿਆਦਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਉਹਨਾਂ ਨੂੰ ਕਈ ਵਾਰ ਡਰਾਇਆ ਧਮਕਾਇਆ ਵੀ ਗਿਆ। ਫਾਂਸੀ ’ਤੇ ਲਟਕਾਏ ਜਾਣ ਕਾਰਨ ਮਾਰੇ ਗਏ ਅਲਬਰਟ ਪਾਰਸਲ ਦੀ ਪਤਨੀ ਲੂਸੀ ਪਾਰਸਲ ਕੋਲ ਕਢਾਈ ਕੀਤਾ ਹੋਇਆ ਲਾਲ ਰੰਗ ਦਾ ਝੰਡਾ ਸੀ, ਜਿਹੜਾ ਰੋਸ ਪ੍ਰਦਰਸ਼ਨ ਦੌਰਾਨ ਉਹ ਹਮੇਸ਼ਾ ਆਪਣੇ ਕੋਲ ਹੀ ਰੱਖਦੀ ਸੀ। ਉਸ ਵਿੱਚ ਆਪਣੇ ਪਤੀ ਦੀ ਦੇਹ ਨੂੰ ਉਸਨੇ ਚੰਗੀ ਤਰ੍ਹਾਂ ਲਪੇਟ ਦਿੱਤਾ। ਭਾਵੇਂ ਮੇਅਰ ਨੇ ਅੰਤਿਮ ਯਾਤਰਾ ਦੌਰਾਨ ਕਿਸੇ ਵੀ ਲਾਲ ਰੰਗ ਜਾਂ ਲਾਲ ਰੰਗ ਦੇ ਝੰਡੇ ਦੀ ਵਰਤੋਂ ਕਰਨ ਤੋਂ ਗ਼ੁਰੇਜ਼ ਕਰਨ ਲਈ ਹੁਕਮ ਦਿੱਤੇ ਸਨ, ਪਰ ਉਹ ਦ੍ਰਿੜ੍ਹ ਸੀ ਕਿ ਇਹ ਲਾਲ ਰੰਗ ਦਾ ਝੰਡਾ ਤਾਂ ਉਸਦੇ ਪਤੀ ਦੀ ਕਬਰ ਤਕ ਨਿਸ਼ਚਿਤ ਤੌਰ ’ਤੇ ਜਾਵੇਗਾ ਹੀ। ਇਹ ਅੰਤਿਮ ਯਾਤਰਾ 1,25,000 ਦੇ ਕਰੀਬ ਮਜ਼ਦੂਰਾਂ ਨਾਲ ਸ਼ਾਂਤਮਈ ਢੰਗ ਨਾਲ ਸ਼ਿਕਾਗੋ ਦੀਆਂ ਗਲੀਆਂ ਵਿੱਚੋਂ ਨਿਕਲੀ। ਇਸ ਤੋਂ ਬਾਅਦ ਲੂਸੀ ਪਾਰਸਨ ਨੇ ਆਪਣੀਆਂ ਸਹਿਯੋਗੀ ਔਰਤ ਵਰਕਰਾਂ ਦੀ ਸਹਾਇਤਾ ਨਾਲ 1887 ਵਿੱਚ ਅਲਬਰਟ ਦੀ ਕਿਤਾਬ ਵੀ ਛਪਵਾਈ ਜਿਸਦੀਆਂ 300 ਕਾਪੀਆਂ ਵੰਡੀਆਂ ਗਈਆਂ। ਪਰ ਬਾਕੀਆਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ।
ਹੇਮਾਰਕੀਟ ਸਾਕੇ ਦੌਰਾਨ ਹੋਏ ਮਜ਼ਦੂਰਾਂ ਦੇ ਜਾਨੀ ਨੁਕਸਾਨ ਦੇ ਮੱਦੇ ਨਜ਼ਰ ਹੀ ਮਈ ਦਿਵਸ ਵਾਲੇ ਦਿਨ ਮਜ਼ਦੂਰ ਸਭਾਵਾਂ, ਜਲਸੇ, ਕਾਨਫਰੰਸਾਂ ਆਦਿ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਸ ਸਾਕੇ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਵਿੱਚ ਔਰਤਾਂ ਦੁਆਰਾ ਨਿਭਾਈ ਭੂਮਿਕਾ ਅਤੇ ਯੋਗਦਾਨ ਨੂੰ ਵੀ ਯਾਦ ਕਰਦਿਆਂ ਸਲਾਮ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਸਾਰੇ ਦੇ ਸਾਰੇ ਪਰਿਵਾਰ ਨੂੰ ਮਜ਼ਦੂਰ ਹਿਤਾਂ ਦੀ ਪ੍ਰਾਪਤੀ ਵਾਸਤੇ ਕੁਰਬਾਨ ਕਰ ਦਿੱਤਾ। ਉਨ੍ਹਾਂ ਵਿੱਚ ਕੁਝ ਆਪਣੇ ਨਾਲ ਹੋਏ ਸਮਾਜਿਕ ਅਨਿਆ ਵਿਰੁੱਧ ਬਾਅਦ ਵਿੱਚ ਵੀ ਲੜਦੀਆਂ ਰਹੀਆਂ ਹਨ। ਇਹ ਔਰਤਾਂ ਦੇ ਅਣਥੱਕ ਯਤਨਾਂ ਦਾ ਨਤੀਜਾ ਹੀ ਸੀ ਕਿ ਉਹ ਆਪਣੇ ਰੁਜ਼ਗਾਰ ਨਾਲ ਸੰਬੰਧਿਤ ਮੰਗਾਂ ਨੂੰ ਮਨਵਾਉਣ ਵਿੱਚ ਕਾਮਯਾਬ ਹੋਈਆਂ। ਜਿਵੇਂ ਕੰਮ ਦੇ ਪ੍ਰਤੀ ਦਿਨ ਨਿਸ਼ਚਿਤ ਅੱਠ ਘੰਟੇ, ਛੁੱਟੀਆਂ ਦੇ ਦਿਨ, ਕੰਮ ਕਰਨ ਲਈ ਸੁਰੱਖਿਆ ਸਮੱਗਰੀ ਪ੍ਰਦਾਨ ਕਰਨਾ, ਔਰਤਾਂ ਲਈ ਵੱਖਰੇ ਵਾਸ਼ਰੂਮ, ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਟ੍ਰਾਂਸਪੋਰਟ ਸੁਵਿਧਾ, ਸੁਰੱਖਿਅਤ ਕੰਮ ਕਾਜ ਦੇ ਹਾਲਾਤ, ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਅਤੇ ਉਜਰਤਾਂ ਅਤੇ ਕੰਮ ਬਦਲੇ ਹੋਣ ਵਾਲੀਆਂ ਮਰਦ-ਔਰਤਾਂ ਨੂੰ ਅਦਾਇਗੀਆਂ ਵਿਚਲੇ ਪਾੜੇ ਨੂੰ ਖਤਮ ਕਰਨਾ ਆਦਿ।
ਔਰਤਾਂ ਨੇ ਕੰਮ ਦੌਰਾਨ ਮਾਲਕਾਂ ਦੁਆਰਾ ਆਪਣੇ ਹੀ ਮਜ਼ਦੂਰਾਂ ਉੱਪਰ ਕੀਤੇ ਜਾਂਦੇ ਸ਼ੋਸ਼ਣ ਖਿਲਾਫ ਵੀ ਆਵਾਜ਼ ਉਠਾਈ। ਇਹ ਵੀ ਨਿਸ਼ਚਿਤ ਕੀਤਾ ਗਿਆ ਕਿ ਕਿਸੇ ਵੀ ਪ੍ਰਕਾਰ ਦਾ ਲਿੰਗ ਅਧਾਰਤ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਸੰਘਰਸ਼ ਕਰਨ ਦਾ ਰੁਝਾਨ ਬਾਅਦ ਵਿੱਚ ਵੀ ਚੱਲਦਾ ਆ ਰਿਹਾ ਹੈ। ਇਨ੍ਹਾਂ ਸੰਘਰਸ਼ਾਂ ਦਾ ਹੀ ਨਤੀਜਾ ਹੈ ਕਿ ਜਦੋਂ 1911 ਵਿੱਚ ਨਿਊਯਾਰਕ ਦੀ ਸ਼ਰਟਵੇਸਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਸੀ ਤੇ ਸੁਰੱਖਿਆ ਪ੍ਰਬੰਧਾਂ ਦੀ ਅਣਹੋਂਦ ਕਾਰਨ 150 ਦੇ ਕਰੀਬ ਔਰਤ ਮਜ਼ਦੂਰ ਝੁਲਸ ਗਈਆਂ ਸਨ, ਤਾਂ 1913 ਵਿੱਚ ਲੇਬਰ ਵਿਭਾਗ ਹੋਂਦ ਵਿੱਚ ਆਇਆ। ਇਸਦਾ ਮੁੱਖ ਕਾਰਜ ਅਮਰੀਕਾ ਦੀ ਸਰਕਾਰ ਨੂੰ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਉਣਾ ਸੀ। ਮਜ਼ਦੂਰ ਔਰਤਾਂ ਦੇ ਕਾਨੂੰਨੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਅਮਰੀਕਾ ਦੀ ਕਾਂਗਰਸ ਦੁਆਰਾ ਲੇਬਰ ਵਿਮੈੱਨ ਬਿਊਰੋ ਦੇ ਵਿਭਾਗ ਦੀ ਸਥਾਪਨਾ 1913 ਵਿੱਚ ਕੀਤੀ ਗਈ। 1920 ਵਿੱਚ ਸੰਵਿਧਾਨਿਕ ਸੋਧ ਕਰਨ ਉਪਰੰਤ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਉੱਥੋਂ ਦੀ ਸੁਪਰੀਮ ਕੋਰਟ ਨੇ ਔਰਤਾਂ ਨੂੰ ਮਜ਼ਦੂਰ ਯੂਨੀਅਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਅਤੇ ਵੱਖਰੀਆਂ ਯੂਨੀਅਨਾਂ ਬਣਾਉਣ ਦਾ ਅਧਿਕਾਰ ਵੀ ਦਿੱਤਾ।
ਮਜ਼ਦੂਰ ਦਿਵਸ ਤੋਂ ਸਬਕ ਲੈਂਦੇ ਹੋਏ ਅੱਜ ਸਾਰੀਆਂ ਜਾਗਰੂਕ ਜਥੇਬੰਦੀਆਂ, ਸੰਸਥਾਵਾਂ ਅਤੇ ਖਾਸ ਤੌਰ ’ਤੇ ਔਰਤ ਜਥੇਬੰਦੀਆਂ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਸਾਂਝੇ ਤੌਰ ’ਤੇ ਕਦਮ ਚੁੱਕੇ ਜਾਣ। ਆਉ ਪ੍ਰਣ ਕਰੀਏ ਕਿ ਅੱਜ ਤੋਂ ਬਾਅਦ ਜਿਹੜੇ ਵੀ ਸੰਘਰਸ਼ ਜਾਂ ਅੰਦੋਲਨ ਕੀਤੇ ਜਾਣਗੇ, ਉਹ ਕਿਸੇ ਖਾਸ ਹੁਕਮਰਾਨ ਪਾਰਟੀ ਦੇ ਇਸ਼ਾਰਿਆਂ ’ਤੇ ਨਹੀਂ ਹੋਣਗੇ ਅਤੇ ਨਾ ਹੀ ਫਿਰਕੂ ਫਸਾਦਾਂ ਨੂੰ ਭੜਕਾਉਣ ਲਈ। ਭਾਵੇਂ ਇਹ ਸੰਘਰਸ਼ ਅਧਿਆਪਕ ਜਥੇਬੰਦੀਆਂ ਕਰ ਰਹੀਆਂ ਹੋਣ ਤੇ ਭਾਵੇਂ ਡਾਕਟਰ, ਵਕੀਲ, ਕਿਸਾਨ ਜਥੇਬੰਦੀਆਂ ਜਾਂ ਕੋਈ ਹੋਰ। ਸਹੀ ਮੰਗਾਂ ਦੀ ਨਿਸ਼ਾਨਦੇਹੀ ਕਰਨ ਉਪਰੰਤ ਹੱਕਾਂ ਦੀ ਪ੍ਰਾਪਤੀ ਲਈ ਮਨਾਹੀ ਹੋਣ ਉਪਰੰਤ ਹੀ ਸੰਘਰਸ਼ ਦੇ ਰਾਹ ’ਤੇ ਤੁਰਿਆ ਜਾਵੇ। ਮਨੁੱਖਾਂ ਦੇ ਜਾਨੀ ਨੁਕਸਾਨ ਹੋਣ ਤੋਂ ਹਰ ਪ੍ਰਕਾਰ ਦਾ ਗੁਰੇਜ਼ ਕੀਤਾ ਜਾਵੇ। ਇਹੀ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)