“ਔਰਤ ਦਾ ਸਿੱਖਿਅਤ ਅਤੇ ਸਵੈ ਨਿਰਭਰ ਹੋਣਾ ਮਹੱਤਵਪੂਰਨ ਨੁਕਤਾ ਹੈ, ਜਿਹੜਾ ਕਿਸੇ ਵੀ ਕੌਮ ਲਈ ...”
(3 ਨਵੰਬਰ 2024)
ਕਨੇਡਾ ਆਰਥਿਕ ਤੌਰ ’ਤੇ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਕੁਦਰਤੀ ਵਾਤਾਵਰਣ ਦੇ ਨਾਲ ਨਾਲ ਇੱਥੋਂ ਦਾ ਸਮਾਜਿਕ ਵਾਤਾਵਰਣ ਵੀ ਸੁਖਾਵਾਂ ਅਤੇ ਰਹਿਣ ਯੋਗ ਹੈ। ਕਿਸੇ ਦੇਸ਼ ਦੇ ਆਰਥਿਕ ਜਾਂ ਸਮਾਜਿਕ ਵਿਕਾਸ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਦੇਖਿਆ ਜਾਂਦਾ ਹੈ ਕਿ ਉਸ ਦੇਸ਼ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਲਈ ਕਿੰਨਾ ਕੁ ਸਤਿਕਾਰ ਅਤੇ ਪਿਆਰ ਹੈ। ਔਰਤਾਂ, ਧੀਆਂ ਭੈਣਾਂ ਪ੍ਰਤੀ ਕੀ ਨਜ਼ਰੀਆ ਹੈ, ਉਨ੍ਹਾਂ ਦਾ ਦਰਜਾ ਕੀ ਹੈ? ਵਰਲਡ ਇਕਨਾਮਿਕ ਫੋਰਮ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀ ਗਲੋਬਲ ਜੈਂਡਰ ਗੈਪ ਰਿਪੋਰਟ, 2024, ਦੇ ਅਨੁਸਾਰ ਦੁਨੀਆਂ ਦੇ 146 ਦੇਸ਼ਾਂ ਵਿੱਚੋਂ, ਜਿਨ੍ਹਾਂ ਦਾ ਇਸ ਪੱਖੋਂ ਅਧਿਐਨ ਕੀਤਾ ਗਿਆ ਹੈ, ਕਨੇਡਾ 36ਵੇਂ ਸਥਾਨ ’ਤੇ ਹੈ। ਭਾਰਤ ਨੂੰ 129ਵਾਂ ਸਥਾਨ ਪ੍ਰਾਪਤ ਹੋਇਆ ਹੈ। ਉਹ ਕਿਹੜੇ ਪੱਖ ਹਨ, ਜਿਨ੍ਹਾਂ ਕਰਕੇ ਕਨੇਡਾ ਦੀ ਸਥਿਤੀ ਭਾਰਤ ਦੇ ਮੁਕਾਬਲੇ ਇੰਨੀ ਵਧੀਆ ਹੈ? ਕਨੇਡਾ ਦੀ ਧਰਤੀ ’ਤੇ ਔਰਤ ਆਪਣੇ ਆਪ ਨੂੰ ਵਧੇਰੇ ਸੁਰੱਖਿਅਤ ਅਤੇ ਆਰਥਿਕ ਤੌਰ ’ਤੇ ਸ਼ਕਤੀਸ਼ਾਲੀ ਕਿਉਂ ਮਹਿਸੂਸ ਕਰਦੀ ਹੈ? ਇਸ ਬਾਰੇ ਅੰਕੜਿਆਂ ਦੀ ਸਹਾਇਤਾ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ।
ਜਦੋਂ ਔਰਤ ਨੂੰ ਆਪਣੀ ਕਾਬਲੀਅਤ ਅਤੇ ਕੰਮ ਕਰਨ ਦੀ ਸਮਰੱਥਾ ਦਾ ਗਿਆਨ ਹੋਣ ਲਗਦਾ ਹੈ, ਉਹ ਆਪਣੇ ਅਤੇ ਆਸ ਪਾਸ ਦੇ ਫੈਸਲੇ ਲੈਣ ਦੇ ਅਧਿਕਾਰ ਦੀ ਵਰਤੋਂ ਕਰਨ ਲਗਦੀ ਹੈ। ਕੁਦਰਤੀ ਅਤੇ ਹੋਰ ਸਾਧਨਾਂ ਪ੍ਰਤੀ ਉਸਦੀ ਪਹੁੰਚ ਹੁੰਦੀ ਹੈ, ਅਰਥ ਵਿਵਸਥਾ ਵਿੱਚ ਉਪਲਬਧ ਰੁਜ਼ਗਾਰ ਦੇ ਮੌਕਿਆਂ ਦੀ ਵਰਤੋਂ ਕਰਦੀ ਹੋਈ ਆਪਣੀ ਸੂਝਬੂਝ ਅਤੇ ਸਿਆਣਪ ਨਾਲ ਸਮਾਜ ਨੂੰ ਸੇਧ ਦੇਣ ਦੇ ਸਮਰੱਥ ਹੁੰਦੀ ਹੈ ਤਾਂ ਉਸ ਸਥਿਤੀ ਵਿੱਚ ਔਰਤ ਦੀ ਸ਼ਖ਼ਸੀਅਤ ਦਾ ਸਸ਼ਕਤੀਕਰਨ ਹੁੰਦਾ ਹੈ। ਇਸਦੇ ਨਾਲ ਹੀ ਜਦੋਂ ਆਰਥਿਕ ਸਾਧਨਾਂ ਦੇ ਨਾਲ ਨਾਲ ਮੌਜੂਦਾ ਭੌਤਿਕ ਅਤੇ ਕੁਦਰਤੀ ਸਾਧਨਾਂ ਉੱਪਰ ਆਪਣੇ ਮਰਦ ਸਾਥੀਆਂ ਦੀ ਤਰਜ਼ ’ਤੇ ਬਰਾਬਰ ਦੀ ਪਹੁੰਚ ਅਤੇ ਕਬਜ਼ਾ ਹੁੰਦਾ ਹੈ ਤਾਂ ਔਰਤ ਦਾ ਆਰਥਿਕ ਸਸ਼ਕਤੀਕਰਨ ਵੀ ਹੁੰਦਾ ਹੈ। ਇਹ ਇੱਕ ਬਹੁਪੱਖੀ ਅਤੇ ਬਹੁਪਰਤੀ ਸਮਾਜਿਕ ਪ੍ਰਕਿਰਿਆ ਹੈ ਜਿਸ ਵਿੱਚੋਂ ਹਰ ਵਿਕਾਸਸ਼ੀਲ ਸਮਾਜ ਜਾਂ ਦੇਸ਼ ਲੰਘਣ ਲਈ ਯਤਨਸ਼ੀਲ ਹੈ। ਆਰਥਿਕ ਤੌਰ ’ਤੇ ਆਤਮਨਿਰਭਰ ਔਰਤ ਆਪਣੇ ਫ਼ੈਸਲੇ ਆਪ ਲੈਣ ਦੇ ਸਮਰੱਥ ਹੁੰਦੀ ਹੈ। ਉਹ ਰਾਜਨੀਤਿਕ ਫ਼ੈਸਲਿਆਂ ਵਿੱਚ ਹਿੱਸੇਦਾਰ ਹੁੰਦੀ ਹੈ। ਸਿੱਖਿਆ ਪ੍ਰਾਪਤੀ ਅਤੇ ਹੋਰ ਉਪਲਬਧ ਸਿਹਤ ਸਹੂਲਤਾਂ ਦਾ ਲਾਭ ਉਠਾਉਂਦੇ ਹੋਏ ਨਾ ਉਹ ਕੇਵਲ ਆਪਣੇ ਪਰਿਵਾਰ ਨੂੰ ਹੀ ਖੁਸ਼ਹਾਲ ਬਣਾਉਂਦੀ ਹੈ, ਸਗੋਂ ਸਮੁੱਚੇ ਦੇਸ਼ ਦੇ ਵਿਕਾਸ ਵਿੱਚ ਵੀ ਚੋਖਾ ਯੋਗਦਾਨ ਪਾਉਂਦੀ ਹੈ। ਪਰ ਅਜੋਕੇ ਮਰਦ ਪ੍ਰਧਾਨ ਸਮਾਜ ਵਿੱਚ ਆਲਮੀ ਪੱਧਰ ’ਤੇ ਮਰਦ ਔਰਤ ਨਾ ਬਰਾਬਰੀ, ਔਰਤਾਂ ਪ੍ਰਤੀ ਪੱਖਪਾਤੀ ਰਵੱਈਆ ਕਿਸੇ ਨਾ ਕਿਸੇ ਰੂਪ ਵਿੱਚ ਦਿਖਾਈ ਦਿੰਦਾ ਹੈ।
ਔਰਤਾਂ ਦੀ ਰੁਜ਼ਗਾਰ ਵਿੱਚ ਸ਼ਮੂਲੀਅਤ, ਕੁੱਲ ਅੰਦਾਜ਼ਨ ਆਮਦਨ ਜਾਂ ਕਮਾਈ, ਇੱਕੋ ਜਿਹੇ ਕੰਮ ਬਦਲੇ ਅਦਾਇਗੀ ਵਖਰੇਵਾਂ, ਕੰਪਨੀਆਂ ਦੇ ਮੈਨੇਜਰ, ਸੀਨੀਅਰ ਮੈਨੇਜਰ ਜਾਂ ਹੋਰ ਉੱਚ ਅਹੁਦਿਆਂ ਦੀ ਪ੍ਰਾਪਤੀ ਅਤੇ ਪ੍ਰੋਫੈਸ਼ਨਲ ਤੇ ਤਕਨੀਕੀ ਵਰਕਰਾਂ ਦੀ ਗਿਣਤੀ ਵਿੱਚ ਹਿੱਸੇਦਾਰੀ ਆਦਿ ਕੁਝ ਨੁਕਤੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਔਰਤਾਂ ਦੇ ਆਰਥਿਕ ਪੱਖੋਂ ਸਸ਼ਕਤੀਕਰਨ ਹੋਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਅਨੁਸਾਰ 2022 ਵਿੱਚ ਵਿਸ਼ਵ ਪੱਧਰ ’ਤੇ 90.6% ਮਰਦਾਂ ਦੇ ਮੁਕਾਬਲੇ 61.4% ਔਰਤਾਂ ਕੰਮਕਾਜੀ ਸਨ। ਕਨੇਡਾ ਦੇ ਲੇਬਰ ਫੋਰਸ ਸਰਵੇ, 2021 ਦੇ ਅਨੁਸਾਰ ਰੁਜ਼ਗਾਰ ਵਿੱਚ ਔਰਤਾਂ ਦੀ ਸ਼ਮੂਲੀਅਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 2001 ਵਿੱਚ ਕੁੱਲ ਔਰਤਾਂ ਦਾ ਲਗਭਗ 80% ਸੀ ਜਿਹੜਾ 2011 ਵਿੱਚ ਵਧ ਕੇ 82%ਅਤੇ 2021 ਵਿੱਚ 84%ਦੇ ਕਰੀਬ ਹੋ ਗਿਆ ਹੈ। ਰੁਜ਼ਗਾਰ ਵਿੱਚ ਔਰਤਾਂ ਦੀ ਸ਼ਮੂਲੀਅਤ ਦੇ ਵਧਣ ਦਾ ਮੁੱਖ ਕਾਰਨ ਹੈ ਔਰਤਾਂ ਦਾ ਸਿੱਖਿਅਤ ਹੋਣਾ। ਇਸ ਤੋਂ ਇਲਾਵਾ ਰੁਜ਼ਗਾਰ ਮੰਡੀ ਪ੍ਰਬੰਧ ਵਿੱਚ ਤਬਦੀਲੀਆਂ, ਘਰਾਂ ਵਿੱਚ ਕੰਮਕਾਰ ਕਰਨ ਵਾਸਤੇ ਆਧੁਨਿਕ ਮਸ਼ੀਨਾਂ ਦਾ ਪ੍ਰਯੋਗ ਅਤੇ ਸਰਕਾਰੀ ਸਹੂਲਤਾਂ ਆਦਿ ਨੇ ਵੀ ਔਰਤਾਂ ਨੂੰ ਰੁਜ਼ਗਾਰ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਹੈ।
ਸਾਖਰਤਾ ਦਰ ਦੇ ਲਿਹਾਜ਼ ਨਾਲ ਕਨੇਡਾ ਨੰਬਰ ਇੱਕ ’ਤੇ ਹੈ। ਇੰਨਾ ਹੀ ਨਹੀਂ, ਕਈ ਵਿਸ਼ਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਮਰਦਾਂ ਦੇ ਮੁਕਾਬਲੇ ਬਿਹਤਰ ਹੈ। ਜਿਵੇਂ ਸਿਹਤ ਅਤੇ ਸੰਬੰਧਿਤ ਖ਼ੇਤਰ, ਸਿੱਖਿਆ, ਸਮਾਜ ਵਿਗਿਆਨ, ਹਿਉਮੈਨਿਟੀ, ਬਾਇਓਲੋਜੀ ਆਦਿ। ਭਾਵੇਂ ਔਰਤਾਂ ਸਾਇੰਸ, ਤਕਨੀਕ, ਇੰਜਨੀਅਰਿੰਗ ਅਤੇ ਮੈਥਸ (STEM) ਦੇ ਵਿਸ਼ਿਆਂ ਨੂੰ ਮਰਦਾਂ ਦੇ ਮੁਕਾਬਲੇ ਘਟ ਤਰਜੀਹ ਦਿੰਦੀਆਂ ਹਨ ਫਿਰ ਵੀ ਟਰਸ਼ਰੀ ਅਤੇ ਕਿੱਤਾ ਮੁਖੀ ਸਿੱਖਿਆ ਵੱਲ ਰੁਝਾਨ ਵਧ ਰਿਹਾ ਹੈ। ਆਧੁਨਿਕ ਤਕਨੀਕੀ ਯੁਗ ਵਿੱਚ ਸੇਵਾਵਾਂ ਦੇ ਖੇਤਰ ਵਿੱਚ ਰੁਜ਼ਗਾਰ ਦੇ ਵਧੇਰੇ ਮੌਕੇ ਹਨ। ਸਿੱਖਿਆ ਪ੍ਰਾਪਤੀ ਦੇ ਆਧਾਰ ’ਤੇ ਹੀ 36-37% ਔਰਤਾਂ ਮੱਧ ਅਤੇ ਸੀਨੀਅਰ ਮੈਨੇਜਰ ਦੇ ਅਹੁਦਿਆਂ ਤਕ ਪਹੁੰਚ ਰਹੀਆਂ ਹਨ। ਕਨੇਡਾ ਵਿੱਚ ਉਚੇਰੀ ਸਿੱਖਿਆ ਪ੍ਰਾਪਤੀ ਵਿੱਚ ਵੀ ਨਾ ਬਰਾਬਰੀ ਵਾਲਾ ਪਾੜਾ ਤੇਜ਼ੀ ਨਾਲ ਘਟ ਰਿਹਾ ਹੈ। ਯੂਨੀਵਰਸਿਟੀ ਪੱਧਰ ਦੀ ਡਿਗਰੀ ਪ੍ਰਾਪਤ ਔਰਤਾਂ ਦੀ ਤਕਨੀਕੀ ਅਤੇ ਵਿੱਦਿਅਕ ਖੇਤਰ ਦੇ ਕੰਮ ਵਿੱਚ ਸ਼ਮੂਲੀਅਤ ਵਧੇਰੇ ਹੋਣ ਕਾਰਨ ਨਾ-ਬਰਾਬਰੀ ਦਾ ਪਾੜਾ ਕੇਵਲ 6% ਹੈ। ਇਸ ਪ੍ਰਕਾਰ ਸਿੱਖਿਆ ਪ੍ਰਾਪਤੀ ਅਤੇ ਰੁਜ਼ਗਾਰ ਵਿੱਚ ਸ਼ਮੂਲੀਅਤ ਦਾ ਸਿੱਧਾ ਸੰਬੰਧ ਹੈ।
ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ ਕੰਮ ਦੀ ਪੱਧਤੀ/ਤਰੀਕੇ ਅਤੇ ਤਰਤੀਬ ਵਿੱਚ ਤਬਦੀਲੀ ਆਈ ਹੈ। ਘਰੋਂ ਕੰਮ ਕਰਨਾ, ਮਰਜ਼ੀ ਦੀ ਸ਼ਿਫਟ, ਜਾਂ ਦਫਤਰ ਦੀ ਬਰਾਂਚ ਆਦਿ ਬਾਰੇ ਆਪਣੀ ਸਹੂਲਤ ਅਨੁਸਾਰ ਕੰਮ ਕੀਤਾ ਜਾ ਸਕਦਾ ਹੈ। ਇਸ ਲਈ ਮਰਦਾਂ ਦੇ ਮੁਕਾਬਲੇ ਔਰਤਾਂ ਪਾਰਟ ਟਾਈਮ ਕੰਮ ਨੂੰ ਤਰਜੀਹ ਦੇਣ ਲੱਗੀਆਂ ਹਨ, ਜਿਹੜੀਆਂ 15-54 ਸਾਲ ਦੇ ਉਮਰ ਸਮੂਹ ਦੀਆਂ ਹਨ। ਇਹਨਾਂ ਔਰਤਾਂ ਦੀ ਸਹੂਲਤ ਵਾਸਤੇ ਸਰਕਾਰ ਵੱਲੋਂ ਖਾਸ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਨੂੰ ਫੈਮਿਲੀ ਫਰੈਂਡਲੀ ਪਾਲਿਸੀਆਂ ਕਿਹਾ ਜਾਂਦਾ ਹੈ। ਜ਼ਰੂਰਤਮੰਦ ਮਾਵਾਂ ਨੂੰ ਬੱਚਿਆਂ ਦੀ ਸਾਂਭ ਸੰਭਾਲ ਲਈ ਪ੍ਰਤੀ ਬੱਚਾ ਭੱਤਾ ਦੇਣ ਦਾ ਪ੍ਰਬੰਧ ਵੀ ਹੈ। ਇਹਨਾਂ ਸਹੂਲਤਾਂ ਕਾਰਨ ਹੀ ਔਰਤਾਂ ਦੀ ਰੁਜ਼ਗਾਰ ਵਿੱਚ ਸ਼ਮੂਲੀਅਤ ਵਧ ਰਹੀ ਹੈ। ਦੱਖਣ ਪੂਰਬੀ ਦੇਸ਼ਾਂ, ਖਾਸ ਤੌਰ ’ਤੇ ਭਾਰਤ ਤੋਂ ਪਰਵਾਸ ਕਰਨ ਵਾਲੇ ਬੱਚਿਆਂ ਦੀ ਪਹਿਲੀ ਤਰਜੀਹ ਕਨੇਡਾ ਹੀ ਹੈ। ਲੋੜੀਂਦੀ ਸਿਖਲਾਈ, ਟਰੇਨਿੰਗ ਅਤੇ ਸਿੱਖਿਆ ਪ੍ਰਾਪਤੀ ਦੌਰਾਨ/ਉਪਰੰਤ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਵੀ ਮਿਲ ਜਾਂਦੀ ਹੈ। ਇਹ ਇਸ ਗੱਲ ਉੱਪਰ ਵੀ ਨਿਰਭਰ ਕਰਦਾ ਹੈ ਕਿ ਉਹ ਕਨੇਡਾ ਦੀ ਧਰਤੀ ’ਤੇ ਕਿੰਨੀ ਦੇਰ ਤੋਂ ਹਨ। ਕਨੇਡਾ ਦੇ ਵਸਨੀਕ ਬਣ ਚੁੱਕੇ ਪ੍ਰਵਾਸੀਆਂ/ਔਰਤਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਲਈ ਕੋਈ ਅੜਚਨ ਨਹੀਂ ਹੈ। ਕਨੇਡਾ ਦੇ ਸਟੈਟਿਸਟਿਕਸ ਲੇਬਰ ਫੋਰਸ ਸਰਵੇ 2023, ਮੁਤਾਬਕ 10 ਸਾਲ ਜਾਂ ਇਸ ਤੋਂ ਵਧੇਰੇ ਸਮੇਂ ਤੋਂ ਉੱਥੇ ਰਹਿ ਰਹੀਆਂ ਔਰਤਾਂ ਦੀ ਰੁਜ਼ਗਾਰ ਵਿੱਚ ਸ਼ਮੂਲੀਅਤ 83-84% ਦੇ ਲਗਭਗ ਹੈ। 80% ਉਹ ਔਰਤਾਂ ਹਨ, ਜਿਨ੍ਹਾਂ ਨੂੰ ਕਨੇਡਾ ਵਿੱਚ ਰਹਿੰਦੇ ਹੋਏ 5 ਤੋਂ 10 ਸਾਲ ਹੋ ਗਏ ਹਨ।
ਦੁਨੀਆਂ ਦੇ ਬਾਕੀ ਦੇਸ਼ਾਂ ਵਾਂਗ ਕਨੇਡਾ ਵਿੱਚ ਵੀ ਮਰਦ, ਔਰਤ ਦੀ ਕਮਾਈ ਜਾਂ ਆਮਦਨ ਵਿੱਚ ਅੰਤਰ ਹੈ। ਇਸਦਾ ਮੁੱਖ ਕਾਰਨ ਹੈ ਕਿ ਔਰਤਾਂ ਆਮ ਤੌਰ ’ਤੇ ਉਸ ਕੰਮ ਜਾਂ ਰੁਜ਼ਗਾਰ ਨੂੰ ਤਰਜੀਹ ਦਿੰਦੀਆਂ ਹਨ, ਜਿਸ ਵਿਚਲੀਆਂ ਡਿਊਟੀਆਂ ਨੂੰ ਨਿਭਾਉਂਦੇ ਵਕਤ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਨੂੰ ਬਹੁਤਾ ਸਮਝੌਤਾ ਨਾ ਕਰਨਾ ਪਵੇ। ਔਰਤਾਂ ਦੇ ਕੰਮ ਕਰਨ ਵਿੱਚ ਮੁੱਖ ਚੁਣੌਤੀ ਵੀ ਇਹੀ ਹੈ ਕਿ ਉਸ ਨੂੰ ਘਰੇਲੂ, ਪਰਿਵਾਰਕ ਅਤੇ ਬਾਹਰ ਦੀ ਜ਼ਿੰਦਗੀ ਵਿੱਚ ਸੰਤੁਲਨ ਬਣਾਈ ਰੱਖਣਾ ਹੁੰਦਾ ਹੈ। ਪਾਰਟ ਟਾਈਮ ਕੰਮ ਦੀ ਚੋਣ ਇਸੇ ਮਜਬੂਰੀ ਵੱਸ ਹੈ। ਦੂਜਾ ਵੱਡਾ ਕਾਰਨ ਹੈ, ਕਿੱਤਾ ਅਤੇ ਖਿੱਤਾ। ਭਵਨ-ਨਿਰਮਾਣ ਅਤੇ ਉਦਯੋਗ ਵਿੱਚ 14 ਮਰਦਾਂ ਦੇ ਮੁਕਾਬਲੇ ਕੇਵਲ ਔਰਤਾਂ ਹਨ, ਜਿੱਥੇ ਪ੍ਰਤੀ ਘੰਟਾ ਉਜਰਤ 33-34 ਡਾਲਰ ਹੈ। ਦੂਜੇ ਪਾਸੇ ਸਿਹਤ ਸੇਵਾਵਾਂ, ਮੁੱਖ ਡੈਸਕ ’ਤੇ ਬੈਠਣਾ ਜਾਂ ਰਿਸੈਪਸ਼ਨਿਸਟ ਦਾ ਕੰਮ ਅਤੇ ਹੋਰ ਸਮਾਜਿਕ ਸੇਵਾਵਾਂ (ਬਜ਼ੁਰਗਾਂ ਦੀ ਦੇਖਭਾਲ, ਸਾਫ ਸਫਾਈ ਦਾ ਕੰਮ ਆਦਿ) ਇਨ੍ਹਾਂ ਕਿੱਤਿਆਂ ਵਿੱਚ 14 ਔਰਤਾਂ ਦੇ ਮੁਕਾਬਲੇ ਕੇਵਲ 2 ਮਰਦ ਸਨ। ਇੱਥੇ ਪ੍ਰਤੀ ਘੰਟਾ ਉਜਰਤ 24-25 ਡਾਲਰ ਹੈ। ਅਰਥਾਤ ਵਧੇਰੇ ਆਮਦਨ ਜਾਂ ਕਮਾਈ ਵਾਲੇ ਕਿੱਤਿਆਂ ਵਿੱਚ ਮਰਦਾਂ ਦਾ ਅਨੁਪਾਤ ਵਧੇਰੇ ਹੈ। ਇੱਕ ਹੀ ਸਥਾਨ ’ਤੇ ਬਰਾਬਰ ਦਾ ਕੰਮ ਕਰਨ ’ਤੇ ਵੀ ਉਜਰਤ ਵਖਰੇਵਾਂ ਪਾਇਆ ਜਾਂਦਾ ਹੈ। ਕਿਉਂਕਿ ਆਮ ਤੌਰ ’ਤੇ ਇੰਟਰਵਿਊ ਵੇਲੇ ਔਰਤਾਂ ਨੂੰ ਆਫਰ ਕੀਤੀ ਜਾਣ ਵਾਲੀ ਅਦਾਇਗੀ ਬਾਰੇ ਉਨ੍ਹਾਂ ਵੱਲੋਂ ਬਹਿਸਬਾਜ਼ੀ ਆਦਿ ਨਹੀਂ ਕੀਤੀ ਜਾਂਦੀ। ਨਿੱਜੀਕਰਨ ਅਤੇ ਕਾਰਪੋਰੇਟਾਈਜੇਸ਼ਨ ਦਾ ਪ੍ਰਭਾਵ ਹਰ ਇੱਕ ਥਾਂ ’ਤੇ ਦਿਖਾਈ ਦਿੰਦਾ ਹੈ। ਇਹੀ ਕਾਰਨ ਹੈ ਕਿ ਔਰਤਾਂ ਹੁਣ ਆਪਣੇ ਨਿੱਜੀ ਕੰਮ ਵੀ ਸ਼ੁਰੂ ਕਰ ਰਹੀਆਂ ਹਨ। ਉਹ ਉੱਦਮੀ ਬਣ ਰਹੀਆਂ ਹਨ ਅਤੇ ਲੇਬਰ ਰੱਖ ਕੇ ਕੰਮ ਕਰਵਾ ਰਹੀਆਂ ਹਨ। ਇਸ ਨੂੰ ਸਵੈ ਰੁਜ਼ਗਾਰ ਕਿਹਾ ਜਾਂਦਾ ਹੈ। ਕਨੇਡਾ ਵਿੱਚ ਇਸ ਵੇਲੇ ਲਗਭਗ 18% ਤੋਂ ਵਧੇਰੇ ਔਰਤਾਂ ਸਵੈ ਰੁਜ਼ਗਾਰ ਵਿੱਚ ਹਨ। ਔਰਤ ਉੱਦਮੀ ਵਧੇਰੇ ਕਰਕੇ ਛੋਟੇ ਅਤੇ ਮੱਧ ਦਰਜੇ ਦੇ ਕਾਰੋਬਾਰ ਵਿੱਚ ਹਨ।
ਔਰਤ ਦਾ ਰੁਜ਼ਗਾਰ ਵਿੱਚ ਹੋਣਾ ਨਾ ਕੇਵਲ ਆਪਣੇ ਨਿੱਜੀ ਪਰਿਵਾਰ ਲਈ ਸਗੋਂ ਸਮੁੱਚੇ ਸਮਾਜ ਅਤੇ ਦੇਸ਼ ਲਈ ਵੀ ਲਾਹੇਵੰਦ ਹੈ। ਆਮ ਤੌਰ ’ਤੇ ਔਰਤ ਆਪਣੀ ਕਮਾਈ ਦਾ ਬਹੁਤਾ ਹਿੱਸਾ ਬੱਚਿਆਂ ਦੀ ਦੇਖਭਾਲ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਉੱਪਰ ਖਰਚ ਕਰਦੀ ਹੈ। ਇੱਕ ਪੜ੍ਹੀ ਲਿਖੀ ਅਤੇ ਕੰਮ ਕਾਜੀ ਔਰਤ ਦਾ ਕੰਮ ਪ੍ਰਤੀ ਰਵੱਈਆ ਸਕਾਰਾਤਮਕ ਹੁੰਦਾ ਹੈ। ਉਸ ਦੀ ਕੰਮ ਕਰਨ ਦੀ ਸ਼ਕਤੀ, ਕਾਰਜ ਕੁਸ਼ਲਤਾ ਅਤੇ ਉਤਪਾਦਕਤਾ ਵਧੇਰੇ ਹੁੰਦੀ ਹੈ, ਜਿਸਦਾ ਸਮੁੱਚੇ ਦੇਸ਼ ਅਤੇ ਕੌਮ ਨੂੰ ਲਾਭ ਹੁੰਦਾ ਹੈ। ਔਰਤ ਦੀ ਪਰਿਵਾਰ, ਸਮਾਜ ਅਤੇ ਸਮੁੱਚੀ ਕੌਮ ਦੀ ਦੇਣ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕਨੇਡਾ ਦੀ ਫੈਡਰਲ ਗਵਰਮੈਂਟ ਨੇ 2021 ਦੀਆਂ ਚੋਣਾਂ ਤੋਂ ਬਾਅਦ ਔਰਤ ਨੂੰ ਸੰਬੋਧਿਤ ਕੁਝ ਠੋਸ ਕਦਮ ਚੁੱਕੇ ਸਨ। ਸਭ ਤੋਂ ਪਹਿਲਾਂ ਹੈ ਔਰਤ ਭਲਾਈ ਨਾਲ ਸੰਬੰਧਿਤ ਹਰ ਪ੍ਰਕਾਰ ਦੀ ਵਿਸਤ੍ਰਿਤ ਜਾਣਕਾਰੀ ਇਕੱਠੀ ਕਰਨਾ, ਪ੍ਰਸੂਤੀ ਛੁੱਟੀ ਵਿੱਚ ਹੋਰ ਸੁਵਿਧਾਵਾਂ ਦਾ ਸ਼ਾਮਲ ਕਰਨਾ ਅਤੇ ਉਨ੍ਹਾਂ ਗੈਰ ਸਰਕਾਰੀ ਸੰਸਥਾਵਾਂ/ਏਜੰਸੀਆਂ ਨੂੰ ਵਿੱਤੀ ਸਹਾਇਤਾ ਮੁਹਈਆ ਕਰਵਾਉਣਾ ਜਿਹੜੀਆਂ ਜੈਂਡਰ, ਵਿਭਿੰਨਤਾ, ਬਰਾਬਰੀ ਅਤੇ ਸ਼ਮੂਲੀਅਤ ਦੇ ਕਾਰਜ ਲਈ ਯਤਨਸ਼ੀਲ ਹਨ। ਸਰਕਾਰ ਵੱਲੋਂ ਜੈਂਡਰ ਬਜਟਿੰਗ ਐਕਟ ਬਣਾਇਆ ਗਿਆ ਹੈ, ਜਿਹੜਾ ਬੱਜਟ ਨੂੰ ਔਰਤ ਦੇ ਨਜ਼ਰੀਏ ਤੋਂ ਵਾਚਦਿਆਂ, ਔਰਤ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਵਾਉਣ ਵਿੱਚ ਸਹਾਈ ਹੋਵੇਗਾ।
ਔਰਤ ਦਾ ਸਿੱਖਿਅਤ ਅਤੇ ਸਵੈ ਨਿਰਭਰ ਹੋਣਾ ਮਹੱਤਵਪੂਰਨ ਨੁਕਤਾ ਹੈ, ਜਿਹੜਾ ਕਿਸੇ ਵੀ ਕੌਮ ਲਈ ਵੱਡਾ ਮਨੁੱਖੀ ਸਰਮਾਇਆ ਹੈ। ਪਰ ਮਰਦ ਔਰਤ ਵਿਚਾਲੇ ਨਾ ਬਰਾਬਰੀ ਦਾ ਪਾੜਾ ਅਜੇ ਵੀ ਆਲਮੀ ਪੱਧਰ ’ਤੇ ਮੌਜੂਦ ਹੈ। ਕਨੇਡਾ ਸਮੇਤ ਹੋਰ ਵਿਕਸਿਤ ਮੁਲਕ ਇਸ ਪਾੜੇ ਨੂੰ ਘਟਾਉਣ ਦੇ ਯਤਨਾਂ ਵਿੱਚ ਕਾਮਯਾਬ ਹੋ ਰਹੇ ਹਨ। ਇਹਨਾਂ ਦੇਸ਼ਾਂ ਦੇ ਸਫਲ ਤਜਰਬਿਆਂ ਤੋਂ ਸਾਨੂੰ ਸਿੱਖਣ ਦੀ ਜ਼ਰੂਰਤ ਹੈ। ਪਰ ਆਧੁਨਿਕਤਾ ਦੀ ਆੜ ਵਿੱਚ ਗਲਤ ਪਾਸੇ ਜਾ ਰਹੇ ਕੁਝ ਰੁਝਾਨਾਂ ਪ੍ਰਤੀ ਸੁਚੇਤ ਵੀ ਹੋਣਾ ਪਏਗਾ। ਪੱਛਮੀ ਦੇਸ਼ਾਂ ਦੀ ਨਵੀਂ ਪੀੜ੍ਹੀ ਦੇ ਸਮਾਜਿਕ ਵਰਤਾਰੇ, ‘ ਮੈਨੂੰ ਕੋਈ ਪਰਵਾਹ ਨਹੀਂ’ ਅਤੇ ‘ਮੈਂ ਆਪਣੇ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਣੀ ਹੈ’ ਆਦਿ ਦੇ ਪਰਿਵਾਰਕ ਰਿਸ਼ਤਿਆਂ ਦੀ ਸੰਜੀਦਗੀ ਉੱਪਰ ਉਲਟੇ ਪ੍ਰਭਾਵ ਵੀ ਪੈ ਰਹੇ ਹਨ। ਆਰਥਿਕ ਤੌਰ ’ਤੇ ਮਜ਼ਬੂਤ ਹੋ ਰਹੀਆਂ ਕੁਝ ਕੁੜੀਆਂ ਵੱਲੋਂ ਇਸ ਤਾਕਤ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ। ਉਹ ਭੁੱਲ ਜਾਂਦੀਆਂ ਹਨ ਕਿ ਮਰਦ-ਔਰਤ, ਵਿਅਕਤੀ ਤੌਰ ’ਤੇ ਬਰਾਬਰ ਤਾਂ ਹੋ ਸਕਦੇ ਹਨ, ਸਮਾਨ ਨਹੀਂ। ਜਾਗਰੂਕ ਅਤੇ ਚੇਤੰਨ ਜਥੇਬੰਦੀਆਂ ਨੂੰ ਇਹ ਸਪਸ਼ਟ ਆਵਾਜ਼ ਵਿੱਚ ਕਹਿਣਾ ਚਾਹੀਦਾ ਹੈ ਕਿ ਮਰਦ ਔਰਤ ਇੱਕ ਦੂਜੇ ਦੇ ਪੂਰਕ ਹਨ, ਵਿਰੋਧੀ ਧਿਰ ਜਾਂ ਪ੍ਰਤੀ-ਦਵੰਦੀ ਨਹੀਂ। ਆਪਣੀਆਂ ਸਕਾਰਾਮਾਤਮਕ ਰਿਵਾਇਤਾਂ ਨੂੰ ਬਰਕਰਾਰ ਰੱਖਦੇ ਹੋਏ ਅਗਾਂਹ ਵਧਣਾ ਜਾਰੀ ਰਹਿਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5413)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)