“ਸਮਾਰਟ ਫੋਨ ਜੇਕਰ ਤੁਹਾਡਾ ਹੈ ਤਾਂ ਇਸਦਾ ਕੰਟਰੋਲ ਵੀ ਤੁਹਾਡੇ ਹੱਥ ਹੈ। ਸੋਸ਼ਲ ਮੀਡੀਆ ਦੀ ਦਲਦਲ ...”
(28 ਅਗਸਤ 2024)
ਆਧੁਨਿਕ ਤਕਨੀਕੀ ਯੁਗ ਡਿਜਿਟਲ ਟੈਕਨੌਲੋਜੀ ਅਤੇ ਆਰਟੀਫੀਸ਼ਅਲ ਬੁੱਧੀ ਦਾ ਯੁਗ ਹੈ। ਸਮਾਰਟ ਫੋਨ ਦੇ ਜ਼ਰੀਏ ਹਰ ਉਮਰ ਅਤੇ ਵਰਗ ਦਾ ਵਿਅਕਤੀ ਸੋਸ਼ਲ ਮੀਡੀਆ ਉੱਪਰ ਕਾਰਜਸ਼ੀਲ ਹੈ। ਸੋਸ਼ਲ ਮੀਡੀਆ ਦੀਆਂ ਅਨੇਕਾਂ ਹੀ ਐਪਸ ਅਤੇ ਸਾਈਟਾਂ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਦੁਨੀਆ ਭਰ ਦੀ ਜਾਣਕਾਰੀ ਇੱਕ ਬਟਨ ਦੇ ਦਬਾਉਣ ਨਾਲ ਪ੍ਰਾਪਤ ਕਰ ਸਕਦੇ ਹਾਂ। ਆਪਣੇ ਦੋਸਤਾਂ ਮਿੱਤਰਾਂ, ਸਹਿਯੋਗੀਆਂ, ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੀ ਨਹੀਂ ਕਰ ਸਕਦੇ, ਸਗੋਂ ਚਾਹੀਏ ਤਾਂ ਸ਼ਕਲ ਸੂਰਤ ਵੀ ਦੇਖ ਸਕਦੇ ਹਾਂ। ਜ਼ਰੂਰੀ ਸੁਨੇਹਾ ਜਾਂ ਸੂਚਨਾ ਭੇਜ ਸਕਦੇ ਹਾਂ। ਕਈ ਟੂਲਜ਼/ਸੰਦ ਇਹੋ ਜਿਹੇ ਵੀ ਹਨ ਜਿਹੜੇ ਤੁਹਾਡੇ ਦਿਮਾਗ, ਸਿਹਤ ਅਤੇ ਸਮੂਹ ਸਰੀਰਕ ਕਾਰਜ ਪ੍ਰਣਾਲੀ ਨੂੰ ਨਿਯੰਤਰਿਤ ਕਰਦੇ ਹਨ। ਸਮਾਰਟ ਫੋਨ ਇੰਨਾ ਕੁ ਸਮਾਰਟ ਹੈ ਕਿ ਕੁਝ ਦੇਰ ਵਰਤੋਂ ਕਰਨ ਤੋਂ ਬਾਅਦ ਉਸ ਕੋਲ ਤੁਹਾਡੇ ਬਾਰੇ ਲਗਭਗ ਸਾਰੀ ਜਾਣਕਾਰੀ ਇਕੱਠੀ ਹੋ ਜਾਂਦੀ ਹੈ। ਤੁਹਾਡੀ ਪਸੰਦ ਕੀ ਹੈ, ਤੁਹਾਨੂੰ ਕਿਹੜੀ ਬਿਮਾਰੀ ਹੈ, ਕਿਸ ਪ੍ਰਕਾਰ ਦਾ ਦਵਾ-ਦਾਰੂ ਤੁਹਾਡੇ ਲਈ ਸਹੀ ਹੈ, ਤੁਸੀਂ ਪਿਛਲੇ ਖਾਸ ਸਮੇਂ ’ਤੇ ਕਿੱਥੇ ਗਏ ਸੀ, ਤੁਹਾਡੀਆਂ ਖਿੱਚੀਆਂ ਫੋਟੋਆਂ ਤੋਂ ਉਹ ਦੱਸ ਦੇਵੇਗਾ ਅਤੇ ਤੁਹਾਨੂੰ ਫੋਟੋ ਵੀ ਦਿਖਾ ਦੇਵੇਗਾ। ਇੱਥੋਂ ਤਕ ਕਿ ਸਮਾਰਟਫੋਨ ਨਾਲ ਤੁਸੀਂ ਬੈਠੇ ਬੈਠੇ ਅਲੈਕਸਾ/ਸੀਰੀ/ਗੂਗਲ ਆਦਿ ਨੂੰ ਹੁਕਮ ਦੇ ਸਕਦੇ ਹੋ ਕਿ ਕਮਰੇ ਦੀ ਲਾਈਟ ਬੰਦ ਕਰ ਦੇਵੇ ਜਾਂ ਜਗਾ ਦੇਵੇ। ਤੁਹਾਡੀ ਗੈਰ ਮੌਜੂਦਗੀ ਦੌਰਾਨ ਘਰ ਵਿੱਚ ਦਾਖ਼ਲ ਹੋਣ ਵਾਲੇ ਕਿਸੇ ਵੀ ਓਪਰੇ ਵਿਅਕਤੀ ਦਾ ਧਿਆਨ ਆਦਿ ਰੱਖੇ। ਸਮਾਰਟ ਫੋਨ ਰੋਬੌਟ ਦੀ ਸਹਾਇਤਾ ਨਾਲ ਲਗਭਗ ਹਰ ਇੱਕ ਪ੍ਰਕਾਰ ਦੇ ਕੰਮ ਕਰ ਸਕਦਾ ਹੈ। ਇੰਜ ਅਸੀਂ ਕਹਿ ਸਕਦੇ ਹਾਂ ਕਿ ਆਰਟੀਫੀਸ਼ੀਲ ਬੁੱਧੀ ਦੀ ਵਰਤੋਂ ਨਾਲ ਜ਼ਿੰਦਗੀ ਸੁਖਾਲੀ ਹੋ ਗਈ ਹੈ। ਪਰ ਇਹ ਸਾਰਾ ਕੁਝ ਇੰਨਾ ਸਰਲ ਨਹੀਂ ਹੈ। ਅੱਜ ਕੱਲ੍ਹ ਜਿਸ ਕੋਲ ਸਮਾਰਟ ਫੋਨ ਨਹੀਂ, ਉਸ ਨੂੰ ਦੋਸਤਾਂ ਮਿੱਤਰਾਂ ਦੇ ਇਕੱਠ ਵਿੱਚ ਇੱਕ ਅਨਪੜ੍ਹ ਵਾਂਗ ਵੇਖਿਆ ਜਾਂਦਾ ਹੈ। ਇਸ ਲਈ ਦੇਖਾ ਦੇਖੀ ਲਗਭਗ ਹਰ ਕੋਈ ਵਟਸਐਪ, ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਅਤੇ ਈਮੇਲ ਆਦਿ, ਜ਼ਿਆਦਾ ਪ੍ਰਚਲਿਤ ਐਪਸ ਦੀ ਵਰਤੋਂ ਕਰ ਰਿਹਾ ਹੈ, ਜਿਸ ਵਿੱਚ ਉਸ ਨੂੰ ਹਰ ਪ੍ਰਕਾਰ ਦੇ ਫਾਇਦੇ ਨਜ਼ਰ ਆਉਂਦੇ ਹਨ ਅਤੇ ਉਹ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਸਿਆਣਾ ਤੇ ਜਾਣਕਾਰ ਵਿਅਕਤੀ ਮਹਿਸੂਸ ਕਰਦਾ ਹੈ।
ਸੋਸ਼ਲ ਮੀਡੀਆ ਉੱਪਰ ਕਾਰਜਸ਼ੀਲ ਰਹਿਣਾ ਅਤੇ ਸੋਸ਼ਲ ਹੋਣ ਵਿੱਚ ਅੰਤਰ ਹੈ। ਇਹ ਸਹੀ ਹੈ ਕਿ ਸੋਸ਼ਲ ਮੀਡੀਆ ਦੇ ਅਣਗਿਣਤ ਲਾਭ ਹਨ, ਇਸਦੀ ਵਰਤੋਂ ਨੇ ਜੀਵਨ ਸ਼ੈਲੀ ਵਿੱਚ ਇੱਕ ਪ੍ਰਕਾਰ ਦੀ ਕ੍ਰਾਂਤੀ ਲਿਆ ਦਿੱਤੀ ਹੈ। ਪਰ ਕਿਸੇ ਵੀ ਵਸਤੂ ਦਾ ਇੱਕ ਸੀਮਾ ਤੋਂ ਵਧੇਰੇ ਪ੍ਰਯੋਗ ਹਮੇਸ਼ਾ ਹੀ ਖਤਰਨਾਕ ਅਤੇ ਨੁਕਸਾਨਦੇਹ ਹੁੰਦਾ ਹੈ। ਕੁਝ ਇਸੇ ਪ੍ਰਕਾਰ ਦੀ ਸਥਿਤੀ ਹੈ ਸੋਸ਼ਲ ਮੀਡੀਆ ਅਤੇ ਇਸਦੀ ਜ਼ਰੂਰਤ ਤੋਂ ਵਧੇਰੇ ਵਰਤੋਂ ਦੀ। ਵਾਧੂ ਸਕਰੀਨ ਸਮਾਂ, ਫਜ਼ੂਲ ਅਤੇ ਅਣ-ਉਤਪਾਦਕ ਕੰਮਾਂ ਵਿੱਚ ਰੁੱਝੇ ਰਹਿਣ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ। ਇਸਦੀ ਲਗਾਤਾਰ ਵਰਤੋਂ ਕਰਨ ਵਾਲੇ ਕਈ ਪ੍ਰਕਾਰ ਦੀਆਂ ਮਾਨਸਿਕ, ਮਨੋਵਿਗਿਆਨਿਕ ਅਤੇ ਭਾਵਨਾਤਮਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਹ ਚੌਗਿਰਦੇ ਦੇ ਨਾਲ ਜੁੜੇ ਮਹਿਸੂਸ ਕਰਦੇ ਹੋਏ ਵੀ ਇਕੱਲਤਾ ਦੀ ਜ਼ਿੰਦਗੀ ਜਿਉਂ ਰਹੇ ਹਨ। ਹੌਲੀ ਹੌਲੀ ਉਹ ਡਿਪਰੈਸ਼ਨ, ਚਿੰਤਾ, ਡਰ ਵਰਗੀਆਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗਦੇ ਹਨ। ਨੀਂਦ ਦਾ ਅਨਿਯਮਤ ਹੋਣਾ ਵੀ ਇਸੇ ਦਾ ਨਤੀਜਾ ਹੈ। ਉਨ੍ਹਾਂ ਵਿੱਚ ਹੀਣ ਭਾਵਨਾ ਤੇ ਨਕਾਰਾਤਮਕ ਸੋਚ ਭਾਰੂ ਹੋਣ ਲਗਦੀ ਹੈ ਅਤੇ ਵਿਅਕਤੀ ਬਾਹਰ ਵਿਚਰਨ ਦੀ ਥਾਂ ਅੰਤਰਮੁਖੀ ਹੋਣ ਲਗਦਾ ਹੈ। ਆਧੁਨਿਕਤਾ ਨੂੰ ਅਪਣਾਉਣਾ, ਵਰਤਣਾ, ਸਮੇਂ ਦੇ ਨਾਲ ਚੱਲਣ ਵਾਂਗ ਹੈ। ਪਰ ਇੱਕ ਸੀਮਾ ਤੋਂ ਵਧੇਰੇ ਵਰਤੋਂ ਨੁਕਸਾਨ ਕਰਦੀ ਹੈ।
ਸੋਸ਼ਲ ਮੀਡੀਆ ਦੀ ਜ਼ਰੂਰਤ ਤੋਂ ਵਧੇਰੇ ਵਰਤੋਂ ਦਾ ਬੱਚਿਆਂ ਅਤੇ ਖਾਸ ਤੌਰ ’ਤੇ ਵਿਦਿਆਰਥੀਆਂ ਉੱਪਰ ਸਭ ਤੋਂ ਮਾੜਾ ਅਸਰ ਪੈ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਅਸੈੱਸਮੈਂਟ ਪ੍ਰੋਗਰਾਮ (PISA) ਦੁਆਰਾ ਵਿਸ਼ਾਲ ਪੱਧਰ ’ਤੇ ਕੀਤੀ ਖੋਜ ਵੀ ਦੱਸਦੀ ਹੈ ਕਿ ਸੂਚਨਾ ਅਤੇ ਸੰਚਾਰ ਤਕਨੀਕ ਦੀ ਵਧੇਰੇ ਵਰਤੋਂ ਵਿਦਿਆਰਥੀ ਦੀ ਕਾਰਗੁਜ਼ਾਰੀ >ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਵਿਦਿਆਰਥੀ ਇਕਾਗਰ ਚਿੱਤ ਹੋ ਕੇ ਪੜ੍ਹਾਈ ਨਹੀਂ ਕਰ ਸਕਦਾ। ਹਾਲ ਹੀ ਵਿੱਚ ਯੂਨੈਸਕੋ (UNESCO) ਨੇ 14 ਦੇਸ਼ਾਂ ਦੇ ਵਿਦਿਆਰਥੀਆਂ ਦਾ ਇੱਕ ਵੱਡਾ ਸੈਂਪਲ ਲੈ ਕੇ ਅਧਿਐਨ ਕੀਤਾ। ਇਹ ਰਿਪੋਰਟ ਵੀ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਵਿਦਿਆਰਥੀਆਂ ਦੁਆਰਾ ਮੋਬਾਇਲ ਦੀ ਵਧੇਰੇ ਵਰਤੋਂ ਦਾ ਵਿੱਦਿਅਕ ਪ੍ਰਾਪਤੀ ਦੇ ਪੱਧਰ ਦੇ ਨਿਘਾਰ ਨਾਲ ਸਿੱਧਾ ਅਤੇ ਸਪਸ਼ਟ ਸੰਬੰਧ ਹੈ। ਅਤੇ ਇਹ ਹਰ ਪ੍ਰਕਾਰ ਦੇ, ਪ੍ਰਾਈਮਰੀ, ਮਿਡਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਤਕ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਦਾ ਹੈ। ਬੱਚੇ ਇਸਦੀ ਲਗਾਤਾਰ ਅਤੇ ਨਿਰੰਤਰ ਵਰਤੋਂ ਕਰਨ ਦੇ ਆਦੀ ਹੋ ਰਹੇ ਹਨ ਕਿਉਂਕਿ ਕਲਾਸ ਵਿੱਚ ਜਦੋਂ ਕਿਤਾਬ ਦੀ ਜਗ੍ਹਾ ਸਕਰੀਨ ਅਤੇ ਪੈੱਨ-ਪੈਨਸਲ ਦੀ ਜਗ੍ਹਾ ਕੀ-ਬੋਰਡ ਆ ਜਾਂਦਾ ਹੈ ਤਾਂ ਇਹ ਤਕਨੀਕੀ ਸਰੋਤ ਪੜ੍ਹਾਈ ਵਿੱਚ ਮਦਦਗਾਰ ਹੋਣ ਦੀ ਥਾਂ ਵਿਦਿਆਰਥੀ ਦੀ ਮਾਨਸਿਕਤਾ ਉੱਪਰ ਹਾਵੀ ਹੋਣ ਲੱਗਦੇ ਹਨ। ਵਿਦਿਆਰਥੀ ਦਾ ਸਮਾਂ ਅਧਿਆਪਕ ਦੇ ਦੱਸੇ ਸਰੋਤ/ ਸਾਈਟ ਦੀ ਥਾਂ ਹੋਰ ਸਮੱਗਰੀ ਦੇਖਣ, ਫਰੋਲਣ ਵਿੱਚ ਨਸ਼ਟ ਹੋਣ ਲਗਦਾ ਹੈ। ਬੱਚੇ ਦਾ ਸਕਰੀਨ ਸਮਾਂ ਵਧਣ ਲਗਦਾ ਹੈ। ਸਕਰੀਨ ਦੀ ਨੀਲੀ ਰੌਸ਼ਨੀ ਦਾ ਨਜ਼ਰ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ।
ਕੋਵਿਡ-19 ਦੌਰਾਨ ਮਜਬੂਰੀ ਵੱਸ ਸੋਸ਼ਲ ਦੂਰੀ ਰੱਖਣ ਦੇ ਮਨਸ਼ੇ ਨੂੰ ਪੂਰਾ ਕਰਨ ਲਈ ਸਭ ਵਿੱਦਿਅਕ ਅਦਾਰੇ, ਦਫਤਰ, ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਆਦਿ ਬੰਦ ਕਰ ਦਿੱਤੇ ਗਏ ਸਨ। ਦਫਤਰਾਂ ਦਾ ਕੰਮ ਘਰੇ ਬੈਠੇ ਹੀ ਹੋਣ ਲੱਗ ਗਿਆ ਸੀ। ਕੁਝ ਦੇਰ ਬਾਅਦ ਪੜ੍ਹਾਈ ਦਾ ਕਾਰਜ ਜਾਰੀ ਰੱਖਣ ਵਾਸਤੇ ਵਿੱਦਿਅਕ ਅਦਾਰਿਆਂ ਵਿੱਚ ਆਨਲਾਈਨ ਕਲਾਸਾਂ ਦਾ ਸੰਕਲਪ ਮਾਰਕੀਟ ਵਿੱਚ ਆਇਆ। ਰਵਾਇਤ ਦੇ ਉਲਟ ਜਾਂਦੇ ਹੋਏ ਵਿਦਿਆਰਥੀਆਂ ਦੇ ਹੱਥ ਮਜਬੂਰਨ ਸਮਾਰਟ ਫੋਨ ਫੜਾਏ ਗਏ। ਉਹ ਉਸ ਵੇਲੇ ਦੀ ਮਜਬੂਰੀ ਕਹਿ ਲਓ। ਪਰ ਨਿੱਜੀ ਕੰਪਨੀਆਂ ਨੂੰ ਇਹ ਘਰੇ ਬੈਠ ਕੇ ਕੰਮ ਕਰਵਾਉਣਾ ਅਤੇ ਆਪਸੀ ਸੰਪਰਕ ਦੇ ਉਲਟ ਸੋਸ਼ਲ ਦੂਰੀ ਬਣਾਈ ਰੱਖਣ ਦਾ ਸਿਧਾਂਤ ਰਾਸ ਆ ਗਿਆ ਜਿਹੜਾ ਹੁਣ ਤਕ ਵੀ ਬਹੁਤੀਆਂ ਕੰਪਨੀਆਂ ਵਿੱਚ ਜਾਰੀ ਹੈ। ਵਿਦਿਆਰਥੀਆਂ ਉੱਪਰ ਸਮਾਰਟ ਫੋਨ ਦੀ ਵਧੇਰੇ ਵਰਤੋਂ ਦੇ ਪੈ ਰਹੇ ਨਕਾਰਾਤਮਿਕ ਪ੍ਰਭਾਵ ਸੰਬੰਧੀ ਯੂਨੈਸਕੋ ਦੀ ਰਿਪੋਰਟ ਆਉਣ ਉਪਰੰਤ ਵੀ ਕੇਵਲ 25% ਸਕੂਲਾਂ ਨੇ ਇਸਦੀ ਵਰਤੋਂ ਨੂੰ ਸਕੂਲਾਂ ਵਿੱਚ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।
ਜਦੋਂ ਆਮ ਨਾਗਰਿਕ ਵਟਸਐਪ, ਫੇਸਬੁੱਕ ਜਾਂ ਹੋਰ ਸਾਈਟਾਂ ਉੱਪਰ ਰੁੱਝੇ ਰਹਿੰਦੇ ਹਨ ਤਾਂ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਹੋਰ ਅਨੇਕਾਂ ਬਿਮਾਰੀਆਂ ਆਣ ਘੇਰਦੀਆਂ ਹਨ ਕਿਉਂਕਿ ਇਹਨਾਂ ਸਾਈਟਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਆਪਣੇ ਮੁਫਾਦਾਂ ਦੀ ਪੂਰਤੀ ਵਾਸਤੇ ਇਹੋ ਜਿਹੀ ਸਮੱਗਰੀ ਅਤੇ ਮਸ਼ਹੂਰੀਆਂ ਆਦਿ ਪੇਸ਼ ਕਰਦੀਆਂ ਹਨ ਕਿ ਇਸ ਨੂੰ ਵਰਤਦੇ ਹੋਏ ਸਮੇਂ ਦਾ ਧਿਆਨ ਹੀ ਨਹੀਂ ਰਹਿੰਦਾ। ਬਹੁਤੀ ਵਾਰ ਭਟਕਣ ਅਤੇ ਉਤੇਜਨਾ ਭਰਪੂਰ ਇਸ਼ਤਿਹਾਰਬਾਜ਼ੀ ਵੀ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਉੱਪਰ ਜੋ ਕੁਝ ਪੇਸ਼ ਹੋ ਰਿਹਾ ਹੈ, ਜ਼ਰੂਰੀ ਨਹੀਂ ਕਿ ਉਹ ਸਹੀ ਹੋਵੇ। ਪ੍ਰਿੰਟ ਮੀਡੀਆ ਵਿੱਚ ਆਮ ਤੌਰ ’ਤੇ ਕੋਈ ਖਬਰ/ਘਟਨਾ ਨੂੰ ਪਰਖ ਕੇ ਅਤੇ ਉਸਦੀ ਅਸਲੀਅਤ ਬਾਰੇ ਯਕੀਨ ਹੋਣ ਉਪਰੰਤ ਹੀ ਛਾਪਿਆ ਜਾਂਦਾ ਹੈ। ਪ੍ਰੰਤੂ ਬੋਲਣ ਅਤੇ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ, ਕਿਸ ਕਿਸਮ ਦੀ ਯੂਟਿਊਬ ਬਣਾਉਣੀ ਹੈ, ਉਸ ਵਿੱਚ ਕੀ ਵਿਚਾਰ ਪੇਸ਼ ਕਰਨੇ ਹਨ, ਉਹ ਕਿੱਥੋਂ ਤਕ ਸਹੀ ਹਨ, ਇਹਨਾਂ ਵਿਚਾਰਾਂ ਦੀ ਜਾਂਚ ਪੜਤਾਲ ਵੀ ਹੋਈ ਹੈ ਕਿ ਨਹੀਂ, ਇਸ ਸਾਰੇ ਕੁਝ ਬਾਰੇ ਕੋਈ ਪ੍ਰਸ਼ਨ ਨਹੀਂ ਕਰ ਸਕਦਾ। ਪੜ੍ਹਨ ਤੇ ਸੁਣਨ ਵਾਲਾ ਅਫਵਾਹਾਂ ਉੱਪਰ ਵੀ ਵਿਸ਼ਵਾਸ ਕਰ ਬੈਠਦਾ ਹੈ। ਧਾਰਮਿਕ ਕੱਟੜਵਾਦ ਅਤੇ ਭਾਈਚਾਰਕ ਨਫਰਤਾਂ ਫੈਲਾਉਣ ਦਾ ਕੰਮ ਸੋਸ਼ਲ ਮੀਡੀਆ ਬਹੁਤ ਹੀ ਸੁਚੱਜੇ ਅਤੇ ਯੋਜਨਾਬੱਧ ਤਰੀਕੇ ਨਾਲ ਕਰ ਰਿਹਾ ਹੈ। ਸੰਬੰਧਿਤ ਸਰਕਾਰਾਂ ਆਪਣੇ ਨਿੱਜੀ ਹਿਤਾਂ ਦੀ ਸੁਰੱਖਿਆ ਵਾਸਤੇ ਕੌਮ ਦੇ ਹਿਤਾਂ ਨੂੰ ਦਾਅ ’ਤੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਮੌਜੂਦਾ ਕੰਪਨੀਆਂ ਅਤੇ ਸਿਆਸੀ ਪਾਰਟੀਆਂ ਵੀ ਇਸ ਪ੍ਰਕਾਰ ਦੀ ਸਮੱਗਰੀ ਨੂੰ ਉਤਸ਼ਾਹਿਤ ਕਰਦੀਆਂ ਹਨ ਤਾਂ ਕਿ ਜਨਤਾ ਦਾ ਧਿਆਨ ਅਸਲੀ ਮੁੱਦਿਆਂ ਵੱਲ ਨਾ ਜਾ ਸਕੇ। ਸੋਸ਼ਲ ਮੀਡੀਆ ਦੀ ਵਰਤੋਂ ਦਾ ਇਹ ਸਭ ਤੋਂ ਵੱਡਾ ਨੁਕਸਾਨ ਹੈ।
ਸੋਸ਼ਲ ਮੀਡੀਆ ਦੀ ਵਰਤੋਂ ਦੌਰਾਨ ਵਿਅਕਤੀਗਤ ਨਿੱਜਤਾ ਵੀ ਸੁਰੱਖਿਅਤ ਨਹੀਂ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਜਾਂ ਸੁਨੇਹਾ ਭੇਜਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੁਨੇਹੇ ਅਤੇ ਸਾਰੀ ਜਾਣਕਾਰੀ ਸੰਬੰਧਿਤ ਕੰਪਨੀਆਂ ਦੇ ਸਰਵਰ ਰਾਹੀਂ ਇੱਕ ਜਗ੍ਹਾ ਇਕੱਠੀ ਹੋ ਰਹੀ ਹੈ। ਭਾਵੇਂ ਕਿਹਾ ਜਾਂਦਾ ਹੈ ਕਿ ਐਂਡ-ਟੂ-ਐਂਡ ਇਨਕਰਿਪਸ਼ਨ ਦੀ ਸੁਵਿਧਾ ਨਾਲ ਜਾਣਕਾਰੀ ਅਤੇ ਸੁਨੇਹਾ ਭੇਜਣ ਅਤੇ ਪ੍ਰਾਪਤ ਕਰਨ ਵਿਚਾਲੇ ਹੀ ਰਹਿੰਦਾ ਹੈ। ਪਰ ਇਹ ਭੁਲੇਖਾ ਹੀ ਹੈ। ਇਸ ਪਿੱਛੇ ਕੰਮ ਕਰ ਰਿਹਾ ਸਰਵਰ ਸਾਰਾ ਕੁਝ ਮੌਨੀਟਰ ਕਰ ਰਿਹਾ ਹੁੰਦਾ ਹੈ। ਕੰਪਨੀ ਵਾਲੇ ਜਿਸ ਕਿਸੇ ਦੀ ਵੀ ਜਾਣਕਾਰੀ ਚਾਹੁਣ, ਉਸ ਦੇ ਸਮਾਰਟ ਫੋਨ ਦੁਆਰਾ ਵਰਤੋਂ ਕੀਤੇ ਸੋਸ਼ਲ ਮੀਡੀਆ ਨੂੰ ਖੰਘਾਲ ਕੇ ਕੱਢ ਸਕਦੇ ਹਨ। ਖੁਫੀਆ ਏਜੰਸੀਆਂ ਅਤੇ ਪੁਲਿਸ ਵਿਭਾਗ ਵਾਲੇ ਸਮਾਜ ਵਿਰੋਧੀ ਕਾਰਵਾਈਆਂ ਅਤੇ ਹੋਈਆਂ ਹਿੰਸਕ ਵਾਰਦਾਤਾਂ ਦੇ ਬਾਰੇ ਜਾਣਕਾਰੀ ਇੱਥੋਂ ਹੀ ਪ੍ਰਾਪਤ ਕਰਦੇ ਹਨ। ਅਸੀਂ ਇਸ ਭਰਮ ਵਿੱਚ ਪਏ ਰਹਿੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਆਪਣੇ ਆਲੇ ਦੁਆਲੇ, ਚਾਰ ਚੁਫੇਰੇ ਦੋਸਤਾਂ ਮਿੱਤਰਾਂ ਸਨੇਹੀਆਂ ਪਰਿਵਾਰਿਕ ਮੈਂਬਰਾਂ, ਸਾਰਿਆਂ ਦੇ ਸੰਪਰਕ ਵਿੱਚ ਹਾਂ। ਪਰ ਇਹ ਵੀ ਸਾਡਾ ਵਹਿਮ ਹੀ ਹੈ। ਨਿੱਜੀ ਤੌਰ ’ਤੇ ਜਾ ਕੇ ਮਿਲਣ ਅਤੇ ਆਨਲਾਈਨ ਗੱਲਬਾਤ ਕਰਨ ਵਿੱਚ ਬਹੁਤ ਅੰਤਰ ਹੈ। ਜਿਵੇਂ ਜਾਣਕਾਰੀ ਹੋਣ ਅਤੇ ਗਿਆਨ ਪ੍ਰਾਪਤੀ ਵਿੱਚ ਅੰਤਰ ਹੈ। ਅਸੀਂ ਸੋਸ਼ਲ ਮੀਡੀਆ ਜ਼ਰੀਏ ਇਨਫੌਰਮੇਸ਼ਨ ਤਾਂ ਇਕੱਠੀ ਕਰ ਰਹੇ ਹਾਂ ਪਰ ਗਿਆਨ ਨਹੀਂ। ਦੂਜਾ, ਇੰਝ ਕਰਕੇ ਅਸੀਂ ਬਾਹਰ ਵਿਚਰਨ ਦੀ ਥਾਂ ਅੰਤਰਮੁਖੀ ਹੋ ਰਹੇ ਹਾਂ, ਜਿਸਦਾ ਸਾਡੇ ਉੱਪਰ ਦੂਰਗਾਮੀ ਪ੍ਰਭਾਵ ਪੈਂਦਾ ਹੈ। ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੇ ਇਕੱਲਤਾ ਦਾ ਅਹਿਸਾਸ ਹੁੰਦਾ ਹੈ। ਦੂਜਿਆਂ ਦੀਆਂ ਹੱਸਦਿਆਂ ਖੇਡਦਿਆਂ, ਮੌਜ-ਮਸਤੀ ਕਰਦਿਆਂ ਦੀਆਂ ਤਸਵੀਰਾਂ ਵੇਖ ਕੇ ਆਪਣੇ ਆਪ ਵਿੱਚ ਹੀਣ ਭਾਵਨਾ ਦਾ ਸ਼ਿਕਾਰ ਹੋਣ ਲੱਗਦੇ ਹਾਂ, ਤੇ ਅੰਤ ਸਿੱਧੇ ਸੰਪਰਕ ਨਾਲੋਂ ਟੁੱਟ ਜਾਂਦੇ ਹਾਂ। ਇਵੇਂ ਸੋਸ਼ਲ ਮੀਡੀਆ ਸਮਾਜ ਨੂੰ ਸਮਾਜੀਕਰਨ (Socialisation) ਦੇ ਵਿਰੁੱਧ ਕੋਈ ਅਣਕਿਆਸੀ ਦਲਦਲ ਵਿੱਚ ਧਕੇਲ ਰਿਹਾ ਹੈ। ਇਸ ਵਿੱਚ ਸਰਕਾਰਾਂ ਤੇ ਸੰਬੰਧਿਤ ਕੰਪਨੀਆਂ ਦੋਵੇਂ ਜ਼ਿੰਮੇਵਾਰ ਹਨ। ਗ਼ਲਤ, ਬੇਲੋੜੀਂਦੀਆਂ ਅਤੇ ਨਿਯੰਤਰਣ ਰਹਿਤ ਪੋਸਟਾਂ, ਭਾਵੇਂ ਉਹ ਯੂਟਿਊਬ ’ਤੇ ਹੋਣ, ਕਿਸੇ ਭਾਸ਼ਣ ਜਾਂ ਇੰਟਰਵਿਊ ਦੇ ਰੂਪ ਵਿੱਚ ਹੋਣ ਜਾਂ ਸੁਨੇਹੇ ਦੇ ਰੂਪ ਵਿੱਚ, ਜਦੋਂ ਤਕ ਉਹ ਜਾਂਚ ਪੜਤਾਲ ਅਤੇ ਪੂਰਨ ਤਫਸ਼ੀਲ ਰਹਿਤ ਹੋਣਗੀਆਂ, ਉਹਨਾਂ ਦਾ ਅੰਜਾਮ ਮਾੜਾ ਹੀ ਹੋਵੇਗਾ।
ਨਿਯੰਤਰਣ ਅਤੇ ਕੰਟਰੋਲ ਰਹਿਤ ਇੰਟਰਨੈੱਟ ਅਤੇ ਹੋਰ ਸਾਈਟਾਂ ਦੀ ਮੌਜੂਦਗੀ ਜਮਹੂਰੀਅਤ ਅਤੇ ਮੁਢਲੇ ਅਧਿਕਾਰਾਂ ਲਈ ਵੀ ਖਤਰਾ ਹੈ। ਜਦੋਂ ਇਸ ਨਾਲ ਸਾਡੀ ਨਿੱਜੀ ਜ਼ਿੰਦਗੀ ਅਤੇ ਨਿੱਜਤਾ ਉੱਪਰ ਹਮਲਾ ਹੁੰਦਾ ਹੈ ਜਾਂ ਅਫਵਾਹਾਂ ਦੁਆਰਾ ਇੱਕ ਦੂਜੇ ਭਾਈਚਾਰੇ ਵਿੱਚ ਨਫਰਤ ਫੈਲਾਈ ਜਾਂਦੀ ਹੈ। ਪਰ ਸਮਾਜ ਕਿੱਧਰ ਨੂੰ ਜਾ ਰਿਹਾ ਹੈ, ਨੌਜਵਾਨ ਜਾਂ ਵਿਦਿਆਰਥੀ ਕਿਸ ਸੋਚ ਦੇ ਧਾਰਨੀ ਹੋ ਰਹੇ ਹਨ, ਇਸ ਬਾਰੇ ਕਿਸੇ ਨੂੰ ਫ਼ਿਕਰ ਨਹੀਂ। ਬਜ਼ੁਰਗਾਂ ਦੇ ਹੱਥ ਵਿੱਚ ਸਮਾਰਟ ਫੋਨ ਰੂਪੀ ਛਣਕਣਾ ਫੜਾ ਕੇ ਉਹਨਾਂ ਨੂੰ ਕਹਿਣਾ ਕਿ ਉਮਰ ਦੇ ਇਸ ਪੜਾਅ ਤੇ ਤੁਸੀਂ ਕੇਵਲ ਆਪਣੇ ਨਿੱਜ ਵੱਲ ਧਿਆਨ ਦਿਓ, ਆਸੇ ਪਾਸੇ ਧੀਆਂ ਪੁੱਤਰਾਂ ਜਾਂ ਸੁਸਾਇਟੀ ਬਾਰੇ ਫਿਕਰ ਕਰਨ ਦੀ ਜ਼ਰੂਰਤ ਨਹੀਂ, ਧਿਆਨ ਲਾਓ, ਪੂਜਾ ਪਾਠ ਕਰੋ ਆਦਿ। ਅਤੇ ਇਹ ਸਾਰੇ ਕੁਝ ਦਾ ਭਾਵ ਹੈ ਤੁਸੀਂ ਸਮਾਜ ਨਾਲੋਂ ਟੁੱਟ ਕੇ ਕੇਵਲ ਨਿੱਜਤਾ ਬਾਰੇ ਫਿਕਰ ਕਰੋ ਅਤੇ ਸਵਾਰਥੀ ਹੋ ਜਾਓ। ਸਮਾਜ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਸੋਚਣ, ਸਮਝਣ ਜਾਂ ਸਿੱਖਣ ਦੀ ਜ਼ਰੂਰਤ ਨਹੀਂ। ਇਵੇਂ ਕੰਪਨੀਆਂ ਵੀ ਖੁਸ਼ ਤੇ ਸਰਕਾਰਾਂ ਵੀ। ਕੰਪਨੀਆਂ ਤੁਹਾਡੀ ਨਿੱਜਤਾ (Privacy) ਤੇ ਨਿੱਜਵਾਦ (Individualism) ਦੀ ਸੁਰੱਖਿਆ ਦੀ ਆੜ ਵਿੱਚ ਆਪਣੇ ਮੁਫਾਦਾਂ ਨੂੰ ਪੂਰਿਆਂ ਕਰਨ ਵਿੱਚ ਦਿਲਚਸਪੀ ਰੱਖਦੀਆਂ ਹਨ। ਪ੍ਰੰਤੂ ਅਸਲ ਵਿੱਚ ਐਪਸ ਰਾਹੀਂ ਤੁਹਾਡੀ ਨਿੱਜਤਾ ’ਤੇ ਹਮਲਾ ਹੋ ਰਿਹਾ ਹੈ, ਜੋ ਤੁਹਾਨੂੰ ਨਿੱਜਵਾਦ ਵੱਲ ਲਿਜਾ ਰਿਹਾ ਹੈ। ਹੁਣ ਜੇਕਰ ਵਟਸਐਪ ਇੱਕ ਪੇਡ ਸਾਈਟ ਬਣਾ ਦਿੰਦੇ ਹਾਂ ਤਾਂ ਕੋਈ ਵੀ ਗੁੱਡ ਮੌਰਨਿੰਗ ਜਾਂ ਗੁੱਡ ਨਾਈਟ ਦੇ ਰੋਜ਼ਾਨਾ ਸੁਨੇਹੇ ਨਹੀਂ ਪਾਏਗਾ। ਸਗੋਂ ਆਪਣੇ ਕੰਮ ਵੱਲ ਧਿਆਨ ਦੇਵੇਗਾ। ਪਰ ਹੁਣ ਤਾਂ ਸੌਣ ਵੇਲੇ ਵੀ ਸਮਾਰਟਫੋਨ ਸਿਰਹਾਣੇ ਰੱਖਦੇ ਹਾਂ ਕਿ ਕਿਸ ਵੇਲੇ ਕਿਸੇ ਦਾ ਵਟਸਐਪ ’ਤੇ ਸੁਨੇਹਾ ਆ ਜਾਵੇ, ਦੇਖਣਾ ਜ਼ਰੂਰੀ ਬਣ ਗਿਆ ਹੈ। ਨੀਂਦ ਦਾ ਅਨਿਯਮਤ ਹੋਣਾ ਇਸੇ ਭੈੜੀ ਵਾਦੀ ਦਾ ਨਤੀਜਾ ਹੈ।
ਇਸ ਵਿੱਚ ਸਾਰਾ ਦੋਸ਼ ਕੰਪਨੀਆਂ ਜਾਂ ਸਰਕਾਰਾਂ ਦਾ ਨਹੀਂ। ਸਮਾਰਟ ਫੋਨ ਜੇਕਰ ਤੁਹਾਡਾ ਹੈ ਤਾਂ ਇਸਦਾ ਕੰਟਰੋਲ ਵੀ ਤੁਹਾਡੇ ਹੱਥ ਹੈ। ਸੋਸ਼ਲ ਮੀਡੀਆ ਦੀ ਦਲਦਲ ਵਿੱਚੋਂ ਨਿਕਲਣਾ, ਸਮਾਜਿਕ ਮੁੱਦਿਆਂ ਬਾਰੇ ਸੋਚਣਾ, ਸਮਝਣਾ ਜਾਂ ਪਰਖਣਾ, ਸਭ ਤੁਹਾਡੇ ਆਪਣੇ ਹੱਥ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ। ਸਮਾਜ ਬਾਰੇ ਚਿੰਤਿਤ ਹੋਣਾ ਸਾਡਾ ਫਰਜ਼ ਹੈ। ਇਸ ਲਈ ਇਹਨਾਂ ਉਪਕਰਨਾਂ ਦੀ ਸੁਚੇਤ ਹੋ ਕੇ ਅਤੇ ਜ਼ਰੂਰਤ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ। ਇਵੇਂ ਸੋਸ਼ਲ ਮੀਡੀਆ ਸਹੀ ਜਾਣਕਾਰੀ ਉਪਲਬਧ ਕਰਵਾ ਕੇ ਸਮਾਜੀਕਰਨ ਦੇ ਹੱਕ ਵਿੱਚ ਵੀ ਭੁਗਤ ਸਕਦਾ ਹੈ। ਬਸ਼ਰਤੇ, ਟੈਕਨੋਲੋਜੀ ਨੂੰ ਇੱਕ ਸਰੋਤ ਦੇ ਤੌਰ ’ਤੇ ਵਰਤੋਂ ਕਰਦੇ ਹੋਏ ਇਸ ਤੋਂ ਮਦਦ ਲਈ ਜਾਵੇ। ਇਸ ਨੂੰ ਆਪਣੀ ਜੀਵਨ ਸ਼ੈਲੀ ਉੱਪਰ ਕਦੇ ਵੀ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਇਸ ਪ੍ਰਤੀ ਜਾਗਰੂਕ ਲੋਕਾਂ ਨੂੰ ਆਵਾਜ਼ ਵੀ ਉਠਾਉਣੀ ਚਾਹੀਦੀ ਹੈ ਅਤੇ ਆਲੇ ਦੁਆਲੇ ਨੂੰ ਇਸਦੇ ਮਾਰੂ ਪ੍ਰਭਾਵਾਂ ਪ੍ਰਤੀ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ। ਸੋਸ਼ਲ ਮੀਡੀਆ ਉੱਪਰ ਨਫਰਤ ਆਦਿ ਫੈਲਾਉਣ ਵਾਲੇ ਸੁਨੇਹੇ ਪੜ੍ਹਨ ਅਤੇ ਅੱਗੇ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5252)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.