“ਅੱਜ ਇਨ੍ਹਾਂ ਮਾਣਮੱਤੀਆਂ ਪਹਿਲਵਾਨ ਕੁਸ਼ਤੀ ਖਿਡਾਰਨਾਂ ਨਾਲ ਚੇਤੰਨ ਵਰਗ ਦਾ ਹਰ ਵਿਅਕਤੀ ...”
(21 ਮਈ 2023)
ਇਸ ਸਮੇਂ ਪਾਠਕ: 780.
ਕਾਨੂੰਨ ਬਾਰੇ ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਨਿਆਂ ਵਿੱਚ ਦੇਰੀ ਤੋਂ ਭਾਵ ਹੈ, ਨਿਆਂ ਤੋਂ ਇਨਕਾਰ। ਓਲੰਪਿਕ ਖੇਡਾਂ ਵਿੱਚ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਸਧਾਰਨ ਪਰਿਵਾਰਾਂ ਦੀਆਂ ਕੁੜੀਆਂ ਆਪਣੇ ਨਾਲ ਹੋਏ ਜਿਣਸੀ ਸ਼ੋਸ਼ਣ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਇਹ ਜਿਣਸੀ-ਸ਼ੋਸ਼ਣ ਕਿਸੇ ਹੋਰ ਅਣਜਾਣ ਵਿਅਕਤੀ ਨੇ ਨਹੀਂ ਬਲਕਿ ਉਨ੍ਹਾਂ ਦੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੁਆਰਾ ਕੀਤਾ ਗਿਆ ਹੈ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪਹਿਲਵਾਨ ਖਿਡਾਰਨ ਵਿਨੇਸ਼ ਫੋਗਟ ਅਤੇ ਸਾਕਸ਼ੀ ਮਲਿਕ ਕਰ ਰਹੀਆਂ ਹਨ। ਅੱਜ ਤੋਂ ਚਾਰ ਮਹੀਨੇ ਪਹਿਲਾਂ ਜਨਵਰੀ ਵਿੱਚ ਇਹ ਕੁੜੀਆਂ ਉਸ ਦੋਸ਼ੀ ਪ੍ਰਧਾਨ ਅਤੇ ਉਸ ਦੇ ਸਾਥੀ ਕੋਚਾਂ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਗਈਆਂ। ਪਰ ਉਹਨਾਂ ਨੂੰ ਇਹ ਕਹਿ ਕੇ ਟਾਲ਼ ਦਿੱਤਾ ਗਿਆ ਕਿ ਪੁਲਿਸ ਸਾਰੇ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ। ਕਮੇਟੀ ਬਣੀ ਹੋਈ ਹੈ, ਉਸ ਦੀਆਂ ਸਿਫਾਰਸ਼ਾਂ ਤੋਂ ਬਾਅਦ ਹੀ ਕੋਈ ਕਾਰਵਾਈ ਹੋਵੇਗੀ ਅਤੇ ਰਿਪੋਰਟ ਦਰਜ ਕੀਤੀ ਜਾ ਸਕਦੀ ਹੈ। ਜਦੋਂ ਕਿ ਕਾਨੂੰਨੀ ਤੌਰ ’ਤੇ ਔਰਤਾਂ ਵਿਰੁੱਧ ਹੋਏ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਪ੍ਰਾਪਤ ਹੋਣ ’ਤੇ ਤੁਰੰਤ ਰਿਪੋਰਟ ਦਰਜ ਹੁੰਦੀ ਹੈ ਤੇ ਬਾਅਦ ਵਿੱਚ ਪੁੱਛ ਪੜਤਾਲ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਕਿਉਂਕਿ ਅਜਿਹੇ ਕੇਸਾਂ ਵਿੱਚ ਕੋਈ ਮੌਕੇ ਦਾ ਗਵਾਹ ਨਹੀਂ ਹੁੰਦਾ।
ਨਵੰਬਰ 2013 ਨੂੰ ਲਲਿਤ ਕੁਮਾਰੀ ਕੇਸ ਵਿੱਚ ਵੀ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸਨ ਕਿ ਸ਼ਿਕਾਇਤ ਵਿੱਚ ਗੰਭੀਰ ਅਪਰਾਧ ਦੇ ਅੰਸ਼ ਹੋਣ ਤਾਂ ਤੁਰੰਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਪਹਿਲਵਾਨ ਕੁਸ਼ਤੀ ਖਿਡਾਰਨਾਂ ਦੁਆਰਾ ਲਗਾਏ ਦੋਸ਼ਾਂ ਦੀ ਜਾਂਚ ਕਰਨ ਵਾਸਤੇ ਪ੍ਰਸਿੱਧ ਮੁੱਕੇਬਾਜ਼ ਖਿਡਾਰਣ ਮੈਰੀਕਾਮ ਦੀ ਨਿਗਰਾਨੀ ਹੇਠ ਇੱਕ ਕਮੇਟੀ ਬਣਾ ਦਿੱਤੀ ਗਈ, ਜਿਸ ਨੇ ਆਪਣੀ ਰਿਪੋਰਟ ਤਿਆਰ ਕਰ ਦਿੱਤੀ ਪਰ ਸਬੰਧਤ ਵਿਭਾਗ ਨੇ ਇਸ ਨੂੰ ਰਿਲੀਜ਼ ਨਾ ਕਰਨ ਦੀ ਤਾਕੀਦ ਕੀਤੀ। ਇਨ੍ਹਾਂ ਪਹਿਲਵਾਨ ਪੀੜਤ ਕੁੜੀਆਂ ਨੇ ਚਾਰ ਮਹੀਨੇ ਤਕ ਇੰਤਜ਼ਾਰ ਕੀਤਾ ਪ੍ਰੰਤੂ ਇਨਸਾਫ ਤਾਂ ਕੀ ਮਿਲਣਾ ਸੀ, ਅਜੇ ਤਕ ਬ੍ਰਿਜ ਭੂਸ਼ਣ ਖ਼ਿਲਾਫ਼ ਰਿਪੋਰਟ ਦਰਜ ਨਹੀਂ ਸੀ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਕੋਚਾਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ। ਉਲਟਾ ਇਹਨਾਂ ਕੁੜੀਆਂ ਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ ਹੈ।
ਇੰਤਜ਼ਾਰ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ। ਨਿਰਾਸ਼ ਹੋ ਕੇ ਘਰ ਬੈਠਣ ਦੀ ਥਾਂ ਇਨ੍ਹਾਂ ਬਹਾਦਰ ਕੁੜੀਆਂ ਨੇ ਇਨਸਾਫ਼ ਪ੍ਰਾਪਤ ਕਰਨ ਦਾ ਨਿਸ਼ਚਾ ਕਰ ਲਿਆ। ਉਨ੍ਹਾਂ ਸਰੀਰਕ ਤੌਰ ’ਤੇ ਤਕੜੇ ਹੋਣ ਦੇ ਨਾਲ-ਨਾਲ ਆਪਣੀ ਮਾਨਸਿਕ ਸ਼ਕਤੀ ਨੂੰ ਪਛਾਣਿਆ ਅਤੇ ਚਾਰ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਆਪਣੇ ਨਾਲ ਹੋਏ ਅਣਮਨੁੱਖੀ ਕਾਰੇ ਵਿਰੁੱਧ ਇਨਸਾਫ਼ ਪ੍ਰਾਪਤ ਕਰਨ ਲਈ ਧਰਨੇ ’ਤੇ ਬੈਠ ਗਈਆਂ। ਹੁਣ ਸੁਪਰੀਮ ਕੋਰਟ ਹਰਕਤ ਵਿੱਚ ਆਈ। ਉਸ ਨੇ ਦਿੱਲੀ ਦੀ ਪੁਲਿਸ ਨੂੰ ਹਦਾਇਤ ਕੀਤੀ ਕਿ ਅਜਿਹੇ ਸੰਗੀਨ ਜੁਰਮ ਲਈ ਅਤੇ ਨਾਗਰਿਕਾਂ ਦੇ ਮੁਢਲੇ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਦੋਸ਼ੀ ਵਿਰੁੱਧ ਮੁਢਲੀ ਰਿਪੋਰਟ ਦਰਜ ਕੀਤੀ ਜਾਵੇ।
ਭਾਰਤੀ ਸਮਾਜ ਦਾ ਆਮ ਵਰਤਾਰਾ ਹੈ ਕਿ ਜੇਕਰ ਔਰਤ, ਲੜਕੀ ਜਾਂ ਬੱਚੀ ਨਾਲ ਜ਼ਿਆਦਤੀ ਹੁੰਦੀ ਹੈ ਜਾਂ ਇਹੋ ਜਿਹੀ ਹਿੰਸਕ ਘਟਨਾ ਵਾਪਰ ਜਾਂਦੀ ਹੈ ਉਸ ਨੂੰ ਹੀ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ। ਘਰ-ਪਰਿਵਾਰ ਦੀ ਨਮੋਸ਼ੀ, ਜਾਤ ਬਰਾਦਰੀ ਵਿੱਚ ਨੱਕ ਕੱਟਿਆ ਜਾਣਾ ਜਾਂ ਵਿਆਹ ਆਦਿ ਵਿੱਚ ਮੁਸ਼ਕਲ ਆਉਣ ਦੇ ਡਰ ਤੋਂ ਇਹ ਅਪਰਾਧ ਪੁਲਿਸ ਵਿੱਚ ਰਿਪੋਰਟ ਹੀ ਨਹੀਂ ਹੁੰਦੇ। ਕਿਉਂਕਿ ਜਿਣਸੀ ਸ਼ੋਸ਼ਣ ਜਿਹੇ ਘਿਨਾਉਣੇ ਅਪਰਾਧ ਬਹੁਤਾ ਕਰਕੇ ਜਾਣਕਾਰਾਂ, ਦੋਸਤਾਂ ਜਾਂ ਮਰਦ ਰਿਸ਼ਤੇਦਾਰਾਂ ਵੱਲੋਂ ਹੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡ ਪੰਚਾਇਤ ਦੀਆਂ ਮੋਹਤਬਰ ਧਿਰਾਂ ਵੱਲੋਂ ਵੀ ਕੇਸ ਨੂੰ ਰਫਾ-ਦਫਾ ਕਰਨ ਲਈ ਜ਼ੋਰ ਪਾਇਆ ਜਾਂਦਾ ਹੈ। ਇੱਥੋਂ ਤਕ ਕੇ ਹੌਸਲਾ ਕਰਕੇ ਰਿਪੋਰਟ ਦਰਜ ਕਰਵਾਉਣ ਲਈ ਕੁੜੀ ਨੂੰ ਸੁਣਨਾ ਪੈਂਦਾ ਹੈ ਕਿ ਔਰਤ ਨਾਲ ਮਾੜੀ ਮੋਟੀ ਜ਼ਿਆਦਤੀ ਤਾਂ ਹੋ ਹੀ ਜਾਂਦੀ ਹੈ, ਐਵੇਂ ਹੀ ਗੱਲ ਨੂੰ ਵਧਾਉਣਾ ਠੀਕ ਨਹੀਂ। ਇਹ ਮਰਦ ਪ੍ਰਧਾਨ ਸਮਾਜ ਦੀ ਮਾੜੀ ਮਾਨਸਿਕਤਾ ਹੀ ਬੋਲ ਰਹੀ ਹੁੰਦੀ ਹੈ ਜਿਹੜੀ ਔਰਤ ਨੂੰ ਜ਼ਿੰਦਗੀ ਦੇ ਹਰ ਮੋੜ, ਹਰ ਖਿੱਤੇ ਵਿੱਚ ਸਹਿਣੀ ਤੇ ਸੁਣਨੀ ਪੈਂਦੀ ਹੈ। ਅੱਜ ਦੇ ਤਕਨੀਕੀ ਯੁਗ ਵਿੱਚ ਵੀ ਮਰਦ ਇਹ ਸਹਿਣ ਨਹੀਂ ਕਰ ਸਕਿਆ ਕਿ ਔਰਤ ਉਸ ਦੇ ਬਰਾਬਰ ਆਣ ਖੜ੍ਹੀ ਹੋਵੇ। ਅਜੇ ਵੀ ਮਰਦ ਉਸ ਔਰਤ ਦਾ ਮਾਲਕ ਬਣ ਕੇ ਹੀ ਰਹਿਣਾ ਚਾਹੁੰਦਾ ਹੈ, ਸਾਥੀ ਨਹੀਂ।
ਔਰਤ-ਮਰਦ ਵਿਚਾਲੇ ਨਾਬਰਾਬਰੀ ਹੋਣ ਦੇ ਬਾਵਜੂਦ ਸਿੱਖਿਆ, ਸਿਹਤ, ਉਦਯੋਗ ਤੇ ਹੋਰ ਸੇਵਾਵਾਂ ਆਦਿ ਦੇ ਸਾਰੇ ਖੇਤਰਾਂ ਵਿੱਚ ਅੱਜ ਔਰਤ ਦੀ ਸ਼ਮੂਲੀਅਤ ਦਿਖਾਈ ਦਿੰਦੀ ਹੈ। ਸਗੋਂ ਔਰਤ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਤੇ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਵੀ ਕਰ ਰਹੀ ਹੈ। ਕੁੜੀਆਂ ਹਰ ਪ੍ਰਕਾਰ ਦੀ ਖੇਡ ਵਿੱਚ ਵੀ ਹਿੱਸਾ ਲੈ ਰਹੀਆਂ ਹਨ। ਪਹਿਲਾਂ ਕ੍ਰਿਕਟ, ਤਲਵਾਰਬਾਜ਼ੀ, ਪਹਿਲਵਾਨੀ ਆਦਿ ਵਿੱਚ ਕੁੜੀਆਂ ਘੱਟ ਹੀ ਨਜ਼ਰ ਆਉਂਦੀਆਂ ਸਨ ਪਰ ਹੁਣ ਕੁੜੀਆਂ ਨਾ ਕੇਵਲ ਹਰ ਖੇਡ ਵਿੱਚ ਭਾਗ ਲੈ ਰਹੀਆਂ ਹਨ ਸਗੋਂ ਨਵੇਂ ਰਿਕਾਰਡ ਵੀ ਸਿਰਜ ਰਹੀਆਂ ਹਨ। ਪਰ ਮੁਸ਼ਕਲ ਇਹ ਹੈ ਕਿ ਉਨ੍ਹਾਂ ਨੂੰ ਪੈਰ-ਪੈਰ ਤੇ ਮਰਦ ਕੋਚਾਂ ਦੀਆਂ ਕੋਝੀਆਂ ਹਰਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਡਾਂ ਦੀ ਪ੍ਰੈਕਟਿਸ ਕਰਨ ਵਾਸਤੇ ਘਰ ਤੋਂ ਦੂਰ, ਦੂਸਰੀਆਂ ਥਾਂਵਾਂ ਉੱਪਰ ਮੈਚ ਖੇਡਣ, ਟਰਾਇਲ ਆਦਿ ਲਈ ਜਾਣਾ ਪੈਂਦਾ ਹੈ। ਉਹ ਆਪਣੇ ਕੋਚ/ਗੁਰੂ ਉੱਪਰ ਪਿਤਾ ਸਮਾਨ ਵਿਸ਼ਵਾਸ ਕਰਕੇ ਚਲੀਆਂ ਜਾਂਦੀਆਂ ਹਨ। ਮਾਪੇ ਵੀ ਇਸੇ ਵਿਸ਼ਵਾਸ ਤਹਿਤ ਉਨ੍ਹਾਂ ਨੂੰ ਭੇਜ ਦਿੰਦੇ ਹਨ। ਇਨ੍ਹਾਂ ਕੁਸ਼ਤੀ ਪਹਿਲਵਾਨ ਖਿਡਾਰਨਾਂ ਦਾ ਬ੍ਰਿਜ ਭੂਸ਼ਨ ਨੇ ਇਸੇ ਹਾਲਾਤ ਦਾ ਫਾਇਦਾ ਉਠਾਇਆ ਤੇ ਆਪਣੀ ਗੰਦੀ ਮਾਨਸਿਕਤਾ ਤਹਿਤ 7 ਲੜਕੀਆਂ ਤੋਂ ਵੀ ਵਧੇਰੇ ਦਾ ਜਿਣਸੀ ਸ਼ੋਸ਼ਣ ਕੀਤਾ। ਇਹਨਾਂ ਵਿੱਚ ਇੱਕ ਲੜਕੀ ਤਾਂ ਅਜੇ ਨਾਬਾਲਗ ਹੈ। ਇਹੋ ਜਿਹੇ ਵਰਤਾਰੇ ਦਾ ਨਾ ਕੇਵਲ ਸਬੰਧਤ ਕੁੜੀਆਂ ਸੰਤਾਪ ਸਹਿੰਦੀਆਂ ਹਨ ਸਗੋਂ ਸਮੁੱਚੇ ਸਮਾਜ ਵਿੱਚ ਇਸਦਾ ਗ਼ਲਤ ਪ੍ਰਭਾਵ ਜਾਂਦਾ ਹੈ। ਸਧਾਰਨ ਘਰਾਂ ਦੇ ਮਾਪੇ ਆਪਣੀਆਂ ਕੁੜੀਆਂ ਨੂੰ ਬਾਹਰ ਭੇਜਣ ਤੋਂ ਗੁਰੇਜ਼ ਕਰਨ ਲੱਗਦੇ ਹਨ। ਕੁੜੀਆਂ ਦੇ ਮਨੋਬਲ ਨੂੰ ਠੇਸ ਪਹੁੰਚਦੀ ਹੈ। ਉਹ ਸੋਚਣ ’ਤੇ ਮਜਬੂਰ ਹੋ ਜਾਂਦੀਆਂ ਹਨ ਕਿ ਆਖਰ ਉਨ੍ਹਾਂ ਦਾ ਕਸੂਰ ਕੀ ਸੀ?
ਸਵਾਲ ਪੈਦਾ ਹੁੰਦਾ ਹੈ ਇਹੋ ਜਿਹੀ ਮਾਨਸਿਕਤਾ ਵਾਲਿਆਂ ਨੂੰ ਕੌਣ ਬਚਾ ਰਿਹਾ ਹੈ? ਇਸ ਪਿੱਛੇ ਮਕਸਦ ਕੀ ਹੈ? ਲੜਕੀਆਂ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਸਪਸ਼ਟ ਹੈ ਕਿ ਇਹੋ ਜਿਹੇ ਦਰਿੰਦਿਆਂ ਨੂੰ ਰਾਜਨੀਤਕ ਸ਼ਹਿ ਪ੍ਰਾਪਤ ਹੁੰਦੀ ਹੈ, ਜਿਹੜੀ ਕਿ ਇਸ ਕੇਸ ਵਿੱਚ ਵੀ ਹੈ। ਆਪਣੀ ਪਾਰਟੀ ਦਾ ਅਕਸ ਖਰਾਬ ਨਾ ਹੋ ਜਾਵੇ, ਇਸ ਕਰਕੇ ਪੀੜਤਾਂ ਨੂੰ ਕਈ ਪ੍ਰਕਾਰ ਦੇ ਲਾਲਚ (ਪੈਸਾ, ਪੁਜ਼ੀਸ਼ਨ, ਪਾਵਰ) ਆਦਿ ਦੇ ਕੇ ਭਰਮਾਉਣ ਜਾਂ ਮੂੰਹ ਬੰਦ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਲਾਲਚ ਦੇਣ ਵਾਲਾ ਖੇਡਿਆ ਪੱਤਾ ਬਾਜ਼ੀ ਜਿੱਤਣ ਵਿੱਚ ਅਸਫਲ ਹੁੰਦਾ ਹੈ ਤਾਂ ਧਮਕੀਆਂ ਦੇਣ ਦਾ ਦੌਰ ਚਲਦਾ ਹੈ। ਕੈਰੀਅਰ ਖਰਾਬ ਕਰ ਦਿਆਂਗੇ, ਜਾਨੋਂ ਮਾਰ ਮੁਕਾ ਦਿਆਂਗੇ, ਚਰਿੱਤਰਹੀਣ ਜਾਂ ਬਦਚਲਣ ਔਰਤ ਹੋਣ ਦਾ ਲੇਬਲ ਲਾ ਦਿਆਂਗੇ ਜਾਂ ਘਰ ਪਰਿਵਾਰ ਵਾਲਿਆਂ ਉੱਪਰ ਹਮਲਾ ਕਰਨ ਆਦਿ ਦੀ ਧਮਕੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸੇ ਘੁਸਪੈਠੀਏ ਦੁਆਰਾ ਧਰਨੇ ’ਤੇ ਬੈਠੀਆਂ ਉੱਪਰ ਹਮਲਾ ਕਰਵਾਇਆ ਜਾਂਦਾ ਹੈ। ਜਿਵੇਂ ਕਿ ਰਿਪੋਰਟਾਂ ਆ ਰਹੀਆਂ ਹਨ ਕਿ ਇਹਨਾਂ ਪਹਿਲਵਾਨ ਕੁਸ਼ਤੀ ਖਿਡਾਰਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ। ਉਨ੍ਹਾਂ ਵਿੱਚੋਂ ਕਈਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ। ਘਟਨਾ ਸਥਾਨ ’ਤੇ ਖ਼ਬਰ ਸਾਰ ਲੈਣ ਲਈ ਪਹੁੰਚੀ ਵੂਮੈਨ ਕਮਿਸ਼ਨ ਦੀ ਸੰਵਿਧਾਨਕ ਅਥਾਰਟੀ ਦੀ ਵੀ ਪੁਲਿਸ ਨੇ ਪ੍ਰਵਾਹ ਨਹੀਂ ਕੀਤੀ। ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕੇ ਔਰਤ ਜੇਕਰ ਸਦੀਆਂ ਤੋਂ ਗ਼ੁਲਾਮ ਰਹੀ ਹੈ ਤਾਂ ਉਹੀ ਔਰਤ ਸਦੀਆਂ ਤੋਂ ਸੰਘਰਸ਼ ਵੀ ਕਰਦੀ ਆ ਰਹੀ ਹੈ। ਇਹ ਉਨ੍ਹਾਂ ਜੁਝਾਰੂ ਔਰਤਾਂ ਦੇ ਜੋਸ਼, ਸੂਝ-ਬੂਝ ਅਤੇ ਦ੍ਰਿੜ੍ਹ ਇਰਾਦਿਆਂ ਦਾ ਹੀ ਨਤੀਜਾ ਹੈ ਕਿ ਅੱਜ ਦੀ ਔਰਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਕਾਬਲ ਹੋ ਰਹੀ ਹੈ। ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਰਹੀਆਂ ਹਨ ਅਤੇ ਉਹਨਾਂ ਨੂੰ ਆਪਣੀ ਸੰਵਿਧਾਨਕ ਨਿਆਂ ਪ੍ਰਣਾਲੀ ਵਿੱਚ ਪੂਰਨ ਵਿਸ਼ਵਾਸ ਹੈ ਕਿ ਇਸ ਕੇਸ ਵਿੱਚ ਵੀ ਉਨ੍ਹਾਂ ਨੂੰ ਨਿਆਂ /ਇਨਸਾਫ਼ ਮਿਲੇਗਾ।
ਇਹ ਆਪਣੇ ਆਪ ਵਿੱਚ ਕਿੰਨਾ ਘਿਣਾਉਣਾ ਵਰਤਾਰਾ ਹੈ; ਇੱਕ ਪਾਸੇ ਉਹ ਕੁੜੀਆਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ, ਇਨਸਾਫ਼ ਦੀ ਮੰਗ ਕਰ ਰਹੀਆਂ ਹਨ ਤੇ ਦੋਸ਼ੀ ਦਾ ਸ਼ਰੇਆਮ ਪਤਾ ਲੱਗ ਜਾਣ ਦੇ ਬਾਵਜੂਦ ਉਸ ਉੱਪਰ ਕੋਈ ਗ੍ਰਿਫਤਾਰੀ ਆਦਿ ਵਰਗੀ ਕਾਰਵਾਈ ਨਹੀਂ ਹੋ ਰਹੀ। ਦੂਜੇ ਪਾਸੇ ਧਰਨੇ ਵਾਲੀ ਥਾਂ ਦੀ ਬਿਜਲੀ ਪਾਣੀ ਦੀ ਸਪਲਾਈ ਕੱਟ ਦੇਣਾ, ਭੋਜਨ ਪਹੁੰਚਾਣ ਵਾਲਿਆਂ ਨੂੰ ਰੋਕਣਾ, ਇਹ ਸਭ ਕੁਝ ਕਿਸ ਗੱਲ ਦਾ ਪ੍ਰਤੀਕ ਹੈ? ਉੱਧਰ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਮੁਖੀ ਪੀ.ਟੀ. ਊਸ਼ਾ ਵੱਲੋਂ ਉਹਨਾਂ ਦੇ ਪ੍ਰਦਰਸ਼ਨ ਦੇ ਢੰਗ ਉੱਪਰ ਨਸੀਹਤ ਦੇ ਰੂਪ ਵਿੱਚ ਟਿੱਪਣੀ ਕਰਨ ਨੂੰ ਕਿਸੇ ਵੀ ਪ੍ਰਕਾਰ ਨਾਲ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਜੇਕਰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਸੜਕਾਂ ’ਤੇ ਬੈਠਣ ਨਾਲ ਦੇਸ਼ ਦਾ ਅਕਸ ਖਰਾਬ ਹੁੰਦਾ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕੇ ਸੱਤਾ ਦੇ ਨਸ਼ੇ ਵਿੱਚ ਚੂਰ ਬਾਸ਼ਿੰਦਿਆਂ ਦੁਆਰਾ ਖਿਡਾਰਨਾਂ ਨਾਲ ਬਦਤਮੀਜ਼ੀ ਕਰਨਾ, ਉਨ੍ਹਾਂ ਨਾਲ ਅਣਮਨੁੱਖੀ ਵਿਵਹਾਰ ਕਰਨਾ ਅਤੇ ਹਾਲਾਤ ਦਾ ਨਜਾਇਜ਼ ਫਾਇਦਾ ਉਠਾਉਣ ਨਾਲ ਦੇਸ਼ ਵਾਹਵਾ ਖੱਟਦਾ ਹੈ? ਜਾਂ ਫਿਰ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ?
ਆਜ਼ਾਦੀ ਦੇ ਜਸ਼ਨ ਮਨਾਉਂਦੇ ਹੋਏ ਨਾਰੀ ਸਸ਼ਕਤੀਕਰਨ ਦੇ ਹੋਕੇ ਦੇਣਾ, ਉਨ੍ਹਾਂ ਪ੍ਰਤੀ ਬੋਲੀ ਜਾਂਦੀ ਭੱਦੀ ਭਾਸ਼ਾ ਨੂੰ ਸੁਧਾਰਨ ਦੀ ਅਪੀਲ ਕਰਨਾ, ਬੇਟੀ ਬਚਾਓ, ਬੇਟੀ ਪੜ੍ਹਾਓ, ਆਦਿ ਸਭ ਕੁਝ ਨਕਾਰਾ ਹੋ ਜਾਂਦਾ ਹੈ ਜਦੋਂ ਉਸੇ ਦਿਨ ਬਲਾਤਕਾਰ ਤੇ ਜਿਣਸੀ ਸ਼ੋਸ਼ਣ ਦੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਸਭ ਦੋਸ਼ਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ। ਜਦੋਂ ਬੇਟੀਆਂ ਤਗਮੇਂ ਜਿੱਤ ਕੇ ਲਿਆਉਂਦੀਆਂ ਹਨ ਤਾਂ ‘ਮੇਰੀ ਬੇਟੀ ਮੇਰੀ ਸ਼ਾਨ’ ਹੈ। … ‘ਭਾਰਤ ਕਾ ਗੌਰਵ ਹੈਂ ਯਹ ਬੇਟੀਆਂ’। ਪਰ ਜਦੋਂ ਬੇਟੀ ਨੂੰ ਜ਼ਲੀਲ ਕੀਤਾ ਜਾਂਦਾ ਹੈ, ਇਨਸਾਫ਼ ਦੀ ਹਕੀਕੀ ਮੰਗ ਵਾਸਤੇ ਬੇਟੀ ਨੂੰ ਸੜਕਾਂ ’ਤੇ ਬੈਠਣ ਲਈ ਮਜਬੂਰ ਹੋਣਾ ਪੈਂਦਾ ਹੈ ਤਾਂ ਉਸ ਵੇਲੇ ‘ਬੇਟੀ ਬਚਾਓ’ ਵਾਲੇ ਚੁੱਪ ਕਿਉਂ ਧਾਰੀ ਬੈਠੇ ਹਨ? ਕੀ ਇਹਨਾਂ ਹਾਲਾਤ ਵਿੱਚ ਬੇਟੀਆਂ ਬਚਣਗੀਆਂ? ਹਰਿਆਣਾ ਰਾਜ ਵਿੱਚ ਲਿੰਗ ਅਨੁਪਾਤ ਮੁੜ ਕੁੜੀਆਂ ਦੇ ਉਲਟ ਜਾਣ ਦਾ ਸਪਸ਼ਟ ਕਾਰਨ ਹੈ ਕਿ ਉਹ ਮਰਦ ਪ੍ਰਧਾਨ ਸਮਾਜ ਵਿੱਚ ਸੁਰੱਖਿਅਤ ਨਹੀਂ ਹਨ। ਇਸ ਪਿਤਰੀ ਸੱਤਾ ਵਾਲੇ ਸਮਾਜ ਵਿੱਚ ਮਰਦ-ਔਰਤ ਦਾ ਦਰਜਾ ਬਰਾਬਰ ਨਹੀਂ ਹੈ। ਅੱਜ ਵੀ ਔਰਤ ਪ੍ਰਤੀ ਮਾੜੀ ਸੋਚ ਭਾਰੂ ਹੈ। ਇਸ ਪ੍ਰਕਾਰ ਦੇ ਵਰਤਾਰੇ ਦਾ ਰਾਜਨੀਤਕ ਪਹਿਲੂ ਵੀ ਹੈ। ਮੌਜੂਦਾ ਹਾਕਮ ਜਮਾਤ ਸੱਤਾ ਦੇ ਨਸ਼ੇ ਵਿੱਚ ਇਸ ਹੱਦ ਤਕ ਗਲਤਾਨ ਹੋ ਚੁੱਕੀ ਹੈ ਕਿ ਤੁਸੀਂ ਉਸ ਵਿਰੁੱਧ ਕਿਸੇ ਪ੍ਰਕਾਰ ਦੀ ਆਵਾਜ਼ ਨਹੀਂ ਉਠਾ ਸਕਦੇ। ਉਹ ਆਵਾਜ਼ ਭਾਵੇਂ ਕਿਸੇ ਪੀੜਤ ਦੀ ਹੋਵੇ ਤੇ ਭਾਵੇਂ ਪੱਤਰਕਾਰ ਦੀ। ਇੱਥੋਂ ਤਕ ਕਿ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਕੁੜੀਆਂ ਦੇ ਸਮਰਥਨ ਵਿੱਚ ਆਉਣ ਵਾਲਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਪਰ ਮੌਜੂਦਾ ਸਰਕਾਰ ਅਤੇ ਇਸਦੇ ਨਾਲ ਕੰਮ ਕਰਦੇ ਦਰਬਾਰੀ ਸ਼ਾਇਦ ਦੋ ਸਾਲ ਪਹਿਲਾਂ ਸਫਲਤਾ ਪੂਰਵਕ ਚੱਲੇ ਕਿਸਾਨ ਅੰਦੋਲਨ ਨੂੰ ਭੁੱਲ ਗਏ ਹਨ, ਜਿਹੜਾ ਹੇਠਲੇ ਪੱਧਰ ’ਤੇ ਇੱਕ ਪਿੰਡ ਤੋਂ ਸ਼ੁਰੂ ਹੋਇਆ ਤੇ ਸ਼ਹਿਰਾਂ, ਕਸਬਿਆਂ, ਰਾਜਾਂ ਨੂੰ ਕਲਾਵੇ ਵਿੱਚ ਲੈਂਦਾ ਹੋਇਆ ਵਿਸ਼ਾਲ ਪੱਧਰ ’ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਵੀ ਪਾਰ ਕਰ ਗਿਆ ਸੀ। ਅੰਤ ਹਕੂਮਤ ਨੂੰ ਜਨਤਕ ਰੋਹ ਅੱਗੇ ਗੋਡੇ ਟੇਕਣੇ ਪਏ ਸਨ। ਤੀਲ੍ਹਾ ਤੀਲ੍ਹਾ ਰਲ ਕੇ ਬਹੁਕਰ ਬਣਨ ਵਿੱਚ ਦੇਰ ਨਹੀਂ ਲਗਦੀ। ਇਸ ਵਕਤ ਜ਼ਰੂਰੀ ਹੈ ਕਿ ਨਾ ਕੇਵਲ ਖੇਡ ਜਗਤ ਦੀਆਂ ਐਸੋਸੀਏਸ਼ਨਾਂ ਹੀ ਆਪਣੇ ਖਿਡਾਰੀਆਂ ਸਮੇਤ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ, ਸਗੋਂ ਸਾਰੀਆਂ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਦੇ ਇਨਸਾਫ਼ ਪਸੰਦ ਸ਼ਖਸ ਅਤੇ ਜਥੇਬੰਦੀਆਂ ਦੇ ਕਾਰਕੁਨ ਇਕੱਠੇ ਹੋਣ ’ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਯਕੀਨੀ ਬਣਾਉਣ।
ਅੱਜ ਇਨ੍ਹਾਂ ਮਾਣਮੱਤੀਆਂ ਪਹਿਲਵਾਨ ਕੁਸ਼ਤੀ ਖਿਡਾਰਨਾਂ ਨਾਲ ਚੇਤੰਨ ਵਰਗ ਦਾ ਹਰ ਵਿਅਕਤੀ ਇਨ੍ਹਾਂ ਦੇ ਸਮਰਥਨ ਵਿੱਚ ਨਾਲ ਖੜ੍ਹਾ ਹੈ ਅਤੇ ਔਰਤਾਂ ਪ੍ਰਤੀ ਹੁੰਦੇ ਇਸ ਵਰਤਾਰੇ ਦਾ ਪੁਰਜ਼ੋਰ ਵਿਰੋਧ ਕਰਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ, ਹਾਂ, ਇਹ ਸਾਡੀਆਂ ਧੀਆਂ-ਭੈਣਾਂ ਹਨ। ਇਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਪੀੜਾ ਕਿਸੇ ਵੀ ਸੂਰਤ ਵਿੱਚ ਦਫ਼ਨ ਨਹੀਂ ਹੋਣ ਦਿੱਤੀ ਜਾਵੇਗੀ।
ਔਰਤਾਂ ਵਿਰੁੱਧ ਹੋ ਰਹੇ ਹਰ ਪ੍ਰਕਾਰ ਦੇ ਵਿਤਕਰੇ, ਅੱਤਿਆਚਾਰ ਅਤੇ ਹਿੰਸਾ ਦਾ ਜੜ੍ਹੋਂ ਖਾਤਮਾ ਕਰਨ ਲਈ ਸੰਘਰਸ਼ ਜਾਰੀ ਰਹੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3977)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)