KanwaljitKGill Pro7ਉਦਯੋਗਿਕ ਝਗੜਿਆਂ ਦੇ ਨਿਪਟਾਰਿਆਂ ਵਾਸਤੇ ਪਹਿਲਾਂ ਟਰੇਡ ਯੂਨੀਅਨਾਂ ਦੀ ਅਹਿਮ ਭੂਮਿਕਾ ਹੁੰਦੀ ਸੀ। ਨਵੇਂ ਕੋਡ ...
(17 ਦਸੰਬਰ 2024)


ਯੂਨਾਈਟਿਡ ਨੇਸ਼ਨਜ਼ ਦੀ ਪੈਰਿਸ ਵਿਖੇ ਹੋਈ ਜਨਰਲ ਅਸੈਂਬਲੀ ਵਿੱਚ ਇੱਕ ਵਿਸ਼ਵ ਵਿਆਪਕ ਐਲਾਨਨਾਮਾ
10 ਦਸੰਬਰ 1948 ਨੂੰ ਪਾਸ ਕੀਤਾ ਗਿਆ ਸੀਇਸ ਐਲਾਨਨਾਮੇ ਦਾ ਮਕਸਦ ਮਨੁੱਖਾਂ ਦੇ ਮੁਢਲੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀਇਹ ਐਲਾਨਨਾਮਾ ਇਸ ਸਚਾਈ ਉੱਪਰ ਅਧਾਰਿਤ ਹੈ, “ਇਸ ਸੰਸਾਰ ਵਿੱਚ ਪੈਦਾ ਹੋਣ ਵਾਲੇ ਸਾਰੇ ਵਿਅਕਤੀ ਹਰ ਪੱਖ ਤੋਂ ਬਰਾਬਰ ਅਤੇ ਆਜ਼ਾਦ ਹੁੰਦੇ ਹਨ, ਇਸ ਲਈ ਉਹ ਬਰਾਬਰਤਾ ਅਤੇ ਮਾਨ ਸਨਮਾਨ ਦੇ ਹੱਕਦਾਰ ਹੁੰਦੇ ਹਨ” ਸਾਫ ਸੁਥਰੀ ਅਤੇ ਸੁਰੱਖਿਅਤ ਜੀਵਨ ਸ਼ੈਲੀ ਵਾਸਤੇ ਸਾਰੇ ਮਨੁੱਖਾਂ ਨੂੰ ਉਹਨਾਂ ਦੀਆਂ ਮੁਢਲੀਆਂ ਨਿਊਨਤਮ ਜ਼ਰੂਰਤਾਂ ਕੁੱਲੀ, ਗੁੱਲੀ ਅਤੇ ਜੁੱਲੀ ਦੀ ਪ੍ਰਾਪਤੀ ਜ਼ਰੂਰੀ ਹੈਇਹਨਾਂ ਦੀ ਅਣਹੋਂਦ ਜਾਂ ਕਾਣੀ ਵੰਡ ਵਿਦਰੋਹ ਨੂੰ ਜਨਮ ਦਿੰਦੀ ਹੈਕੇਵਲ ਉਤਪਾਦਨ ਦੇ ਸਾਧਨਾਂ ਦੀ ਮਾਲਕੀ ਕਾਰਨ ਜ਼ਰੂਰਤ ਤੋਂ ਵੱਧ ਹੱਕ ਮਾਣਨਾ ਅਧਿਕਾਰਾਂ ਦੇ ਨਾਂ ’ਤੇ ਦੂਜਿਆਂ ਦਾ ਸ਼ੋਸ਼ਣ ਹੁੰਦਾ ਹੈਵਿਸ਼ਵ ਵਿਆਪਕ ਮਨੁੱਖੀ ਅਧਿਕਾਰਾਂ ਦੇ ਘੇਰੇ ਵਿੱਚ ਲਗਭਗ ਸਾਰੇ ਹੀ ਮਨੁੱਖੀ ਅਧਿਕਾਰ ਸ਼ਾਮਿਲ ਹਨ, ਜਿਨ੍ਹਾਂ ਨੂੰ ਮੰਨਣਾ ਸਾਰੇ ਮੈਂਬਰ ਦੇਸ਼ਾਂ ਲਈ ਸੰਵਿਧਾਨਿਕ ਅਤੇ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ ਤਾਂ ਕਿ ਵਿਸ਼ਵ ਵਿੱਚ ਅਮਨ, ਕਾਨੂੰਨ, ਸ਼ਾਂਤੀ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾ ਸਕੇ

ਇਹਨਾਂ ਅਧਿਕਾਰਾਂ ਨੂੰ ਕੁੱਲ 30 ਧਾਰਾਵਾਂ ਵਿੱਚ ਵੰਡਿਆ ਗਿਆ ਹੈਪਹਿਲੀਆਂ 4 ਧਾਰਾਵਾਂ ਮਨੁੱਖੀ ਆਜ਼ਾਦੀ ਅਤੇ ਭਾਈਚਾਰਕ ਬਰਾਬਰੀ ਨਾਲ ਸੰਬੰਧਿਤ ਹਨਅਗਲੀਆਂ 5 ਤੋਂ 21 ਧਾਰਾਵਾਂ ਬਿਨਾਂ ਕਿਸੇ ਕਾਰਨ ਦੇ ਨਜ਼ਰਬੰਦੀ, ਗ੍ਰਿਫਤਾਰੀ ਜਾਂ ਕੈਦ ਵਿਰੁੱਧ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦੀਆਂ ਹਨਆਖਰੀ 22 ਤੋਂ 30 ਤਕ ਦੀਆਂ ਧਾਰਾਵਾਂ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਅਧਿਕਾਰਾਂ ਬਾਰੇ ਹਨਕੰਮ ਦਾ ਅਧਿਕਾਰ, ਉਚਿਤ ਮਜ਼ਦੂਰੀ, ਸਮਾਜਿਕ ਸੁਰੱਖਿਆ, ਲੋੜੀਂਦਾ ਜੀਵਨ ਸਤਰ, ਭੁੱਖ ਤੋਂ ਮੁਕਤੀ, ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਪ੍ਰਾਪਤੀ ਤੋਂ ਇਲਾਵਾ ਟਰੇਡ ਯੂਨੀਅਨ ਬਣਾਉਣ ਦਾ ਅਧਿਕਾਰ ਇਸ ਵਿੱਚ ਸ਼ਾਮਿਲ ਹਨਭਾਰਤ ਉਨ੍ਹਾਂ ਮੁਢਲੇ ਦੇਸ਼ਾਂ ਵਿੱਚੋਂ ਹੈ, ਜਿਨ੍ਹਾਂ ਨੇ ਇਸ ਐਲਾਨਨਾਮੇ ਉੱਪਰ ਦਸਤਖ਼ਤ ਕੀਤੇ ਹਨ1960ਵਿਆਂ ਦੌਰਾਨ ਯੂ ਐੱਨ ਓ ਨੇ ਇਹਨਾਂ ਅਧਿਕਾਰਾਂ ਨੂੰ ਦੋ ਕੋਵੀਨੈਂਟ ਦੇ ਰੂਪ ਵਿੱਚ ਪਾਸ ਕੀਤਾਪਹਿਲੇ ਵਿੱਚ ਸਿਵਲ ਅਧਿਕਾਰ ਤੇ ਦੂਜੇ ਵਿੱਚ ਸਮਾਜਿਕ ਅਤੇ ਆਰਥਿਕ ਅਧਿਕਾਰ ਰੱਖੇ ਗਏ ਹਨਇਹਨਾਂ ਕੋਵੀਨੈਂਟਾਂ ’ਤੇ ਵੀ ਭਾਰਤ ਨੇ ਦਸਤਖ਼ਤ ਕੀਤੇ ਹੋਏ ਹਨਭਾਰਤ ਨੇ ਮਨੁੱਖੀ ਅਧਿਕਾਰਾਂ ਦੇ ਇਸ ਐਲਾਨਨਾਮੇ ਦੀ ਤਰਜ਼ ’ਤੇ ਇਹਨਾਂ ਸਾਰੇ ਅਧਿਕਾਰਾਂ ਨੂੰ ਆਪਣੇ ਸੰਵਿਧਾਨ ਵਿੱਚ ਦਰਜ ਕਰਕੇ ਇਸ ਤਰਤੀਬ ਨੂੰ ਸਪਸ਼ਟ ਰੂਪ ਵਿੱਚ ਸਵੀਕਾਰ ਕੀਤਾ ਹੈ

ਭਾਵੇਂ ਲਿਖਤੀ ਰੂਪ ਵਿੱਚ ਉਪਰੋਕਤ ਸਾਰੇ ਮਨੁੱਖੀ ਅਧਿਕਾਰ ਸਾਡੇ ਸੰਵਿਧਾਨ ਵਿੱਚ ਸ਼ਾਮਿਲ ਹਨ ਤੇ ਖਾਸ ਤੌਰ ’ਤੇ ਮੁਢਲੇ ਅਧਿਕਾਰਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਪਰ ਕੀ ਇਹਨਾਂ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਬਰਾਬਰੀ ਦੇ ਸਿਧਾਂਤ ਅਨੁਸਾਰ ਹੋ ਰਹੀ ਹੈ? ਕੀ ਇਹਨਾਂ ਅਧਿਕਾਰਾਂ ਦੀ ਵਰਤੋਂ ਕਰਨ ਵੇਲੇ ਜਾਤ-ਪਾਤ, ਰੰਗ, ਨਸਲ, ਲਿੰਗ, ਧਰਮ ਤੋਂ ਇਲਾਵਾ ਅਮੀਰ-ਗਰੀਬ ਦਾ ਸੰਕਲਪ ਸਾਹਮਣੇ ਨਹੀਂ ਆਉਂਦਾ? ਵਪਾਰਕ ਅਦਾਰਿਆਂ, ਉਦਯੋਗਾਂ ਤੇ ਹੋਰ ਵੱਡੇ ਕਾਰਪੋਰੇਟ ਘਰਾਣਿਆਂ ਜਾਂ ਕੰਪਨੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ, ਕਿਰਤੀਆਂ ਤੇ ਹੋਰ ਸਾਰੇ ਮੁਲਾਜ਼ਮਾਂ ਅਤੇ ਦੂਜੇ ਪਾਸੇ ਸਰਮਾਇਦਾਰ ਮਾਲਕਾਂ ਲਈ ਇਹ ਅਧਿਕਾਰ ਵੱਖੋ ਵੱਖਰੀਆਂ ਭਾਵਨਾਵਾਂ ਅਤੇ ਮਕਸਦਾਂ ਤਹਿਤ ਲਾਗੂ ਨਹੀਂ ਹੁੰਦੇ? ਮਨੁੱਖੀ ਅਧਿਕਾਰ ਦਿਵਸ ਦੀ ਗੱਲ ਕਰਦਿਆਂ ਜ਼ਰੂਰੀ ਹੋ ਜਾਂਦਾ ਹੈ ਕਿ ਇਹਨਾਂ ਕਿਰਤੀਆਂ, ਮਜ਼ਦੂਰਾਂ ਅਤੇ ਹੋਰ ਮੁਲਾਜ਼ਮਾਂ ਦੇ ਹੱਕਾਂ ਦੀ ਪ੍ਰਾਪਤੀ ਉੱਪਰ ਪੈਂਦੇ ਛਾਪੇ ਅਤੇ ਪੈਦਾ ਹੋ ਰਹੇ ਸ਼ੰਕਿਆਂ ਪ੍ਰਤੀ ਵੱਖ-ਵੱਖ ਨੁਕਤਿਆਂ ਅਧੀਨ ਵਿਚਾਰ ਵਟਾਂਦਰਾ ਕੀਤਾ ਜਾਵੇ

ਇਹ ਇਤਿਹਾਸਿਕ ਸਚਾਈ ਹੈ ਕਿ ਆਲਮੀ ਪੱਧਰ ਤੇ ਵੱਡੇ ਉਦਯੋਗਪਤੀਆਂ ਅਤੇ ਸਮੇਂ ਦੀਆਂ ਸਰਕਾਰਾਂ ਮਿਲ ਕੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੀਆਂ ਆ ਰਹੀਆਂ ਹਨਮਕਸਦ ਸਪਸ਼ਟ ਹੈ ਕਿ ਇੱਕ ਧਿਰ ਵੱਧ ਤੋਂ ਵੱਧ ਮੁਨਾਫੇ ਦੀ ਹੋੜ ਵਿੱਚ ਹੈ ਤੇ ਦੂਜੀ ਧਿਰ ਆਪਣੀ ਮਿਹਨਤ ਦੀ ਉਚਿਤ ਵਸੂਲੀ ਚਾਹੁੰਦੀ ਹੈ1919 ਵਿੱਚ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਮਜ਼ਦੂਰ ਜਮਾਤ ਦੇ ਹਿਤਾਂ ਦੀ ਸੁਰੱਖਿਆ, ਕਿਰਤ ਮਿਆਰਾਂ ਵਿੱਚ ਇਕਸਾਰਤਾ ਅਤੇ ਕਿਰਤੀਆਂ ਦੇ ਸ਼ੋਸ਼ਣ ਜਾਂ ਲੁੱਟ-ਖਸੁੱਟ ਬੰਦ ਕਰਵਾਉਣ ਲਈ ਹੋਂਦ ਵਿੱਚ ਆਇਆ ਸੀਅੰਤਰਰਾਸ਼ਟਰੀ ਤਰਜ਼ ’ਤੇ ਭਾਰਤ ਵਿੱਚ ਵੀ ਮਜ਼ਦੂਰਾਂ ਸੰਬੰਧੀ ਕਾਨੂੰਨ, ਉਦਯੋਗਿਕ ਸੰਬੰਧ ਅਤੇ ਉਦਯੋਗਿਕ ਝਗੜਿਆਂ ਦੇ ਨਿਪਟਾਰੇ ਲਈ ਕਾਨੂੰਨ ਬਣਾਏ ਗਏ ਸਨਇਹਨਾਂ ਕਾਨੂੰਨਾਂ ਤਹਿਤ ਮਜ਼ਦੂਰਾਂ ਦੀ ਸਿਹਤ ਸੁਰੱਖਿਆ, ਕੰਮ ਦੇ ਘੰਟੇ, ਮਜ਼ਦੂਰੀ ਦੀਆਂ ਦਰਾਂ, ਰੁਜ਼ਗਾਰ ਦੀ ਸੁਰੱਖਿਆ, ਟਰੇਡ ਯੂਨੀਅਨ ਬਣਾਉਣ ਦਾ ਅਧਿਕਾਰ, ਹੱਕਾਂ ਦੀ ਪ੍ਰਾਪਤੀ ਲਈ ਹੜਤਾਲ ਕਰਨਾ ਅਤੇ ਹੋਰ ਅਨੇਕਾਂ ਮਜ਼ਦੂਰ ਕਲਿਆਣ ਪ੍ਰੋਗਰਾਮ ਬਣਾਏ ਜਾਂਦੇ ਰਹੇ ਹਨਇਹਨਾਂ ਪ੍ਰੋਗਰਾਮਾਂ ਅਤੇ ਕਾਨੂੰਨਾਂ ਵਿੱਚ ਸਮੇਂ ਸਮੇਂ ’ਤੇ ਜ਼ਰੂਰਤ ਅਨੁਸਾਰ ਤਬਦੀਲੀਆਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ

1991 ਤੋਂ ਬਾਅਦ ਉਦਯੋਗਿਕ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਨੀਤੀ ਤਹਿਤ ਕਾਰਪੋਰੇਟ ਖੇਤਰ ਦੇ ਵੱਡੇ ਉਦਯੋਗਪਤੀਆਂ ਅਤੇ ਸਰਮਾਏਦਾਰਾਂ ਨੇ ਸਰਕਾਰਾਂ ਨਾਲ ਮਿਲ ਕੇ ਪਹਿਲਾਂ ਤੋਂ ਬਣਾਏ ਗਏ ਮਜ਼ਦੂਰਾਂ ਦੇ ਅਧਿਕਾਰਾਂ ਪ੍ਰਤੀ ਕਾਨੂੰਨਾਂ ਵਿੱਚ ਸੁਧਾਰਾਂ ਦੇ ਨਾਮ ’ਤੇ ਤਬਦੀਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਹੜੀਆਂ ਲਗਾਤਾਰ ਅੱਜ ਤਕ ਜਾਰੀ ਹਨਇਹਨਾਂ ਤਬਦੀਲੀਆਂ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਦੀ ਵਰਤੋਂ ਇਸ ਢੰਗ ਨਾਲ ਕੀਤੀ ਜਾਂਦੀ ਹੈ ਕਿ ਇਸਦੇ ਦੂਰਗਾਮੀ ਪ੍ਰਭਾਵ ਕੀ ਹੋਣਗੇ, ਇਸਦਾ ਅੰਦਾਜ਼ਾ ਲਗਾਉਣਾ ਵੀ ਸੰਭਵ ਨਹੀਂ ਹੁੰਦਾਮੁੱਖ ਰੂਪ ਵਿੱਚ ਇਹ ਪ੍ਰਚਾਰਿਆ ਜਾਂਦਾ ਹੈ ਕਿ ਇਹ ਸੋਧਾਂ ਕਾਰੋਬਾਰ ਅਤੇ ਉਤਪਾਦਨ ਵਧਾਉਣ ਵਾਸਤੇ ਹਨ, ਜਿੱਥੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹਿਤਾਂ ਦਾ ਪੂਰਨ ਧਿਆਨ ਰੱਖਿਆ ਜਾਵੇਗਾਜਦੋਂ ਕਿ ਹਕੀਕਤ ਇਹ ਹੈ ਕਿ ਆਲਮੀ ਪੱਧਰ ’ਤੇ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਉਦਯੋਗਪਤੀਆਂ ਨੇ ਮਿਲ ਕੇ ਯੋਜਨਾਬੱਧ ਤਰੀਕੇ ਨਾਲ ਕਾਨੂੰਨਾਂ ਨੂੰ ਇਸ ਢੰਗ ਨਾਲ ਤੋੜਿਆ-ਮਰੋੜਿਆ ਹੈ ਕਿ ਅੱਜ ਇਹ ਮਜ਼ਦੂਰਾਂ ਦੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਉੱਪਰ ਹਮਲਾ ਹਨਦੂਜੇ ਪਾਸੇ ਇਹ ਕਾਰਪੋਰੇਟ ਸਰਮਾਏਦਾਰੀ ਜਮਾਤ ਦਾ ਪੱਖ ਪੂਰਦੇ ਹਨ

ਭਾਰਤ ਦੇ ਮਜ਼ਦੂਰ ਅਤੇ ਰੁਜ਼ਗਾਰ ਮੰਤਰਾਲੇ ਅਨੁਸਾਰ ਜੁਲਾਈ 2024 ਤਕ ਕਿਰਤ ਸੁਧਾਰਾਂ ਪ੍ਰਤੀ ਕੀਤੇ ਗਏ ਨੀਤੀਗਤ ਫੈਸਲਿਆਂ ਤਹਿਤ ਪਹਿਲਾਂ ਤੋਂ ਚੱਲ ਰਹੇ 29 ਕਿਰਤ ਕਾਨੂੰਨਾਂ ਨੂੰ ਚਾਰ ਕਿਰਤ ਕੋਡਾਂ ਵਿੱਚ ਸਮੇਟ ਦਿੱਤਾ ਗਿਆ ਹੈਇਹ ਚਾਰੇ ਕੋਡ ਪਾਰਲੀਮੈਂਟ ਵਿੱਚੋਂ ਪਾਸ ਕਰਵਾ ਕੇ ਨੋਟੀਫਾਈ ਵੀ ਕਰ ਦਿੱਤੇ ਗਏ ਹਨਇਹ ਕੋਡ ਹਨ: ਪਹਿਲਾ, ਉਜਰਤਾਂ ਸੰਬੰਧੀ ਕੋਡ 2019, ਦੂਜਾ, ਉਦਯੋਗਿਕ ਸੰਬੰਧਾਂ ਪ੍ਰਤੀ ਕੋਡ 2020, ਤੀਜਾ, ਸਮਾਜਿਕ ਸੁਰੱਖਿਆ ਕੋਡ 2020, ਅਤੇ ਚੌਥਾ, ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮਕਾਜੀ ਹਾਲਤਾਂ ਪ੍ਰਤੀ ਕੋਡ 2020 ਹਨਭਾਰਤ ਦੇ 7 ਸੂਬਿਆਂ ਅਤੇ ਕੇਂਦਰੀ ਪ੍ਰਸ਼ਾਸਿਤ ਰਾਜਾਂ ਨੂੰ ਛੱਡ ਕੇ ਬਾਕੀ ਸੂਬਾ ਸਰਕਾਰਾਂ ਨੇ ਇਹਨਾਂ ਕੋਡਾਂ ਦੇ ਅੰਤਿਮ ਖਰੜੇ ਵੀ ਤਿਆਰ ਕਰ ਲਏ ਹਨਇਹ 7 ਰਾਜ ਹਨ: ਮੇਘਾਲਿਆ, ਨਾਗਾਲੈਂਡ, ਤਾਮਿਲਨਾਡੂ, ਪੱਛਮੀ ਬੰਗਾਲ, ਲਕਸ਼ਦੀਪ, ਅੰਡੇਮਾਰ ਤੇ ਨਿਕੋਬਾਰ ਅਤੇ ਦਿੱਲੀਸੱਤਾਧਾਰੀ ਰਾਜਨੀਤਿਕ ਪਾਰਟੀਆਂ, ਉਦਯੋਗਪਤੀ, ਸਰਮਾਏਦਾਰ ਅਤੇ ਵੱਡੇ ਕਾਰਪੋਕਰੇਟ ਘਰਾਣਿਆਂ ਦੇ ਮਾਲਕ, ਜਿਹੜੇ ਇਹਨਾਂ ਕਿਰਤ ਕੋਡਾਂ ਦੇ ਹੱਕ ਵਿੱਚ ਹਨ, ਇਹਨਾਂ ਨੂੰ ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਦੱਸ ਰਹੇ ਹਨਪ੍ਰੰਤੂ ਬਰੀਕੀ ਨਾਲ ਵਿਸ਼ਲੇਸ਼ਣ ਕਰਨ ’ਤੇ ਪਤਾ ਲਗਦਾ ਹੈ ਕਿ ਹਕੀਕਤ ਕੁਝ ਹੋਰ ਹੀ ਹੈ

ਆਲਮੀ ਪੱਧਰ ’ਤੇ ਮੁਲਾਜ਼ਮਾਂ ਦੇ ਕੰਮ ਕਰਨ ਦੇ 8 ਘੰਟੇ ਨਿਸ਼ਚਿਤ ਹਨਇਸ ਨਿਸ਼ਚਿਤ ਸੀਮਾ ਤੋਂ ਵਧੇਰੇ ਸਮੇਂ ਤਕ ਕੰਮ ਕਰਵਾਉਣਾ ਗੈਰ ਕਾਨੂੰਨੀ ਹੈਪ੍ਰੰਤੂ ਭਾਰਤ ਦੇ ਨਵੇਂ ਕੋਡਾਂ ਅਨੁਸਾਰ ਕਿਰਤੀਆਂ/ਮੁਲਾਜ਼ਮਾਂ ਕੋਲੋਂ ਜ਼ਰੂਰਤ ਪੈਣ ਤੇ 12 ਘੰਟੇ ਪ੍ਰਤੀ ਦਿਨ ਵੀ ਕੰਮ ਕਰਵਾਇਆ ਜਾ ਸਕਦਾ ਹੈਭਾਵੇਂ ਹਫਤੇ ਦੇ ਕੁੱਲ 48 ਘੰਟੇ ਹੀ ਹੋਣਗੇਇਸ ਪ੍ਰਕਾਰ ਜੇਕਰ ਵਰਕਰ ਇੱਕ ਦਿਨ ਵਿੱਚ 12 ਘੰਟੇ ਕੰਮ ਕਰਦਾ ਹੈ ਤਾਂ ਇਸ ਨਾਲ ਉਤਪਾਦਨ ਵਿੱਚ ਭਾਵੇਂ ਵਾਧਾ ਨਜ਼ਰ ਆਵੇਗਾ ਪ੍ਰੰਤੂ ਲਗਾਤਾਰ ਕੰਮ ਕਰਨ ਨਾਲ ਉਸਦੀ ਕਾਰਜ ਕੁਸ਼ਲਤਾ ਦੇ ਨਾਲ ਨਾਲ ਉਤਪਾਦਨ ਸਮਰੱਥਾ ਵੀ ਘਟੇਗੀਮਜ਼ਦੂਰ ਥਕਾਵਟ ਮਹਿਸੂਸ ਕਰੇਗਾਮਸ਼ੀਨਾਂ ਉੱਪਰ ਕੰਮ ਕਰਦੇ ਹੋਏ ਹਾਦਸੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈਮੁਲਾਜ਼ਮ ਦੀ ਪਰਿਵਾਰਕ ਜ਼ਿੰਦਗੀ ਉੱਪਰ ਵੀ ਨਕਾਰਾਤਮਕ ਪ੍ਰਭਾਵ ਪਏਗਾਓਵਰ ਟਾਈਮ ਦੌਰਾਨ ਕੀਤੇ ਕੰਮ ਦੀ ਅਦਾਇਗੀ ਕਦੋਂ ਅਤੇ ਕਿਸ ਰੂਪ ਵਿੱਚ ਹੋਵੇਗੀ, ਕੋਡ ਵਿੱਚ ਇਸ ਬਾਰੇ ਸਪਸ਼ਟ ਰੂਪ ਵਿੱਚ ਕੁਝ ਨਹੀਂ ਦੱਸਿਆ ਗਿਆ

ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਪੱਕੀ ਨੌਕਰੀ ’ਤੇ ਰੱਖਣ ਦੀ ਥਾਂ “ਸਿਖਲਾਈ ਅਧੀਨ ਕਾਮੇ” ਦੇ ਤੌਰ ’ਤੇ ਰੱਖਣ ਦਾ ਰੁਝਾਨ ਵਧ ਰਿਹਾ ਹੈਇਹਨਾਂ ਮੁਲਾਜ਼ਮਾਂ ਦੀ ਗਿਣਤੀ ਅਦਾਰੇ ਵਿੱਚ ਕੰਮ ਕਰਦੇ ਕੁੱਲ ਮੁਲਾਜ਼ਮਾਂ ਦਾ 15% ਹੋ ਸਕਦੀ ਹੈ, ਜਿਨ੍ਹਾਂ ਨੂੰ ਤਿੰਨ ਸਾਲ ਇਸੇ ਪੋਜੀਸ਼ਨ ਵਿੱਚ ਰੱਖਿਆ ਜਾਂ ਲਟਕਾਇਆ ਜਾ ਸਕਦਾ ਹੈਸਿਖਲਾਈ ਦੌਰਾਨ ਹੋਣ ਵਾਲੀ ਅਦਾਇਗੀ ਨੂੰ ਘੱਟੋ ਘੱਟ ਉਜਰਤਾਂ ਨਾਲੋਂ ਅਲਹਿਦਾ ਰੱਖਿਆ ਗਿਆ ਹੈਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੀ ਨਿਗੂਣੀ ਰਕਮ ਹੀ ਦਿੱਤੀ ਜਾਵੇਗੀਇਸ ਪ੍ਰਕਾਰ ਪੱਕੇ ਮੁਲਾਜ਼ਮਾਂ ਦੇ ਮੁਕਾਬਲੇ ਉਨ੍ਹਾਂ ਨੂੰ ਬਰਾਬਰ ਕੰਮ ਕਰਨ ਦੇ ਬਾਵਜੂਦ ਬਹੁਤ ਘੱਟ ਅਦਾਇਗੀ ਹੋਵੇਗੀ ਇਸਦੇ ਨਾਲ ਹੀ ਇਹ ਮੁਲਾਜ਼ਮ ਮਨੁੱਖੀ ਅਧਿਕਾਰਾਂ ਦੇ ਉਲਟ ਗਰੀਬੀ ਦੀ ਜ਼ਿੱਲਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਗੇ

ਉਦਯੋਗਿਕ ਅਤੇ ਬਿਜ਼ਨਸ ਅਦਾਰਿਆਂ ਵਿੱਚ ਪੱਕੇ ਤੌਰ ’ਤੇ ਕੰਮ ਕਰਦੇ ਮੁਲਾਜ਼ਮਾਂ/ਮਜ਼ਦੂਰਾਂ ਵੱਲੋਂ ਆਪਣੇ ਪ੍ਰੋਵੀਡੈਂਟ ਫੰਡ ਵਿੱਚ ਪਾਏ ਜਾਂਦੇ ਯੋਗਦਾਨ ਦੀ ਰਾਸ਼ੀ ਵਧਾ ਦਿੱਤੀ ਗਈ ਹੈਇਸ ਨੂੰ ਸੇਵਾ ਮੁਕਤੀ ਤੋਂ ਬਾਅਦ ਹੋਣ ਵਾਲੀ ਵਧੇਰੇ ਅਦਾਇਗੀ ਗਰਦਾਨਿਆ ਗਿਆ ਹੈ, ਜਿਸ ਨੂੰ ਮੁਲਾਜ਼ਮ ਆਪਣੇ ਬੁਢਾਪੇ ਦੌਰਾਨ ਵਰਤ ਸਕਦਾ ਹੈਪ੍ਰੰਤੂ ਇਸ ਨਾਲ ਮੌਜੂਦਾ ਹੋਣ ਵਾਲੀ ਮਹੀਨਾਵਾਰ ਅਦਾਇਗੀ ਜਾਂ ਨਿਰੋਲ ਪ੍ਰਾਪਤ ਆਮਦਨ ਨਿਸ਼ਚੇ ਹੀ ਘਟ ਜਾਵੇਗੀਇਸ ਨਾਲ ਪਰਿਵਾਰ ਵਿੱਚ ਰੋਜ਼ਾਨਾ ਖਰਚ ਕੀਤੀ ਜਾਣ ਵਾਲੀ ਰਾਸ਼ੀ ਉੱਪਰ ਕੀ ਪ੍ਰਭਾਵ ਪਵੇਗਾ, ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਨੂੰ ਪੱਕੀ ਨੌਕਰੀ ਦੀ ਥਾਂ ਕੱਚੇ, ਕੰਟਰੈਕਟ, ਪਾਰਟ ਟਾਈਮ ਅਤੇ ਗਿੱਗ ਵਰਕਰ ਦੇ ਤੌਰ ’ਤੇ ਰੱਖਣ ਦੀ ਵਿਵਸਥਾ ਕਰ ਦਿੱਤੀ ਗਈ ਹੈਕਈ ਥਾਵਾਂ ਤੇ ਆਊਟਸੋਰਸਿੰਗ ਦੀ ਵਿਵਸਥਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈਇਹਨਾਂ ਕੱਚੇ ਜਾਂ ਕੰਟਰੈਕਟ ’ਤੇ ਰੱਖੇ ਵਰਕਰਾਂ ਨੂੰ ਬਾਕੀ ਵਰਕਰਾਂ ਵਾਂਗ ਦਿੱਤੀਆਂ ਜਾਂਦੀਆਂ ਸਹੂਲਤਾਂ ਜਾਂ ਲਾਭ ਪ੍ਰਤੀ ਕੋਈ ਵਚਨ ਬੱਧਤਾ ਨਹੀਂ ਹੈਇਹੋ ਜਿਹੇ ਮੁਲਾਜ਼ਮਾਂ ਲਈ ਕੋਈ ਰੁਜ਼ਗਾਰ ਗਰੰਟੀ ਨਹੀਂ, ਪ੍ਰੋਵੀਡੈਂਟ ਫੰਡ ਦੀ ਸਹੂਲਤ ਨਹੀਂ, ਜੀਵਨ ਬੀਮਾ ਜਾਂ ਹੋਰ ਕੋਈ ਮੈਡੀਕਲ ਭੱਤਾ ਆਦਿ ਦੀ ਵਿਵਸਥਾ ਵੀ ਨਹੀਂ ਹੈਪ੍ਰੰਤੂ ਇਹ ਜ਼ਰੂਰ ਹੈ ਕਿ ਪੱਕੀਆਂ ਨੌਕਰੀਆਂ ਦੀ ਥਾਂ ਕੱਚੇ ਅਤੇ ਕੰਟਰੈਕਟ ’ਤੇ ਨੌਕਰੀ ਦੇਣ ਦਾ ਰੁਝਾਨ ਵਧੇਰੇ ਪ੍ਰਚਲਿਤ ਹੋ ਗਿਆ ਹੈਭਾਰਤ ਪਹਿਲਾਂ ਹੀ ਘੋਰ ਬੇਰੁਜ਼ਗਾਰੀ ਦੇ ਦੌਰ ਵਿੱਚ ਹੈਆਪਣੀ ਨੌਕਰੀ ਖੁੱਸ ਜਾਣ ਦੇ ਡਰ ਤੋਂ ਇਹੋ ਜਿਹੇ ਮੁਲਾਜ਼ਮ ਸੰਗਠਿਤ ਨਹੀਂ ਹੋ ਸਕਦੇਇਸ ਹਾਲਤ ਵਿੱਚ ਉਹ ਹੜਤਾਲ, ਮੁਜ਼ਾਹਰਾ ਆਦਿ ਵੀ ਨਹੀਂ ਕਰ ਸਕਦੇ

ਉਦਯੋਗਿਕ ਝਗੜਿਆਂ ਦੇ ਨਿਪਟਾਰਿਆਂ ਵਾਸਤੇ ਪਹਿਲਾਂ ਟਰੇਡ ਯੂਨੀਅਨਾਂ ਦੀ ਅਹਿਮ ਭੂਮਿਕਾ ਹੁੰਦੀ ਸੀਨਵੇਂ ਕੋਡ ਅਨੁਸਾਰ ਕਿਸੇ ਵੀ ਝਗੜੇ ਦੇ ਨਿਪਟਾਰੇ ਵਾਸਤੇ ਉਸ ਅਦਾਰੇ ਵਿੱਚ ਕੰਮ ਕਰਦੇ 51% ਵਰਕਰਾਂ ਦਾ ਯੂਨੀਅਨ ਦੇ ਤੌਰ ’ਤੇ ਇਕੱਠਾ ਹੋਣਾ ਲਾਜ਼ਮੀ ਹੈਪਹਿਲਾਂ ਘੱਟੋ ਘੱਟ 7 ਜਾਂ ਇਸ ਤੋਂ ਵੱਧ ਵਰਕਰ ਇਕੱਠੇ ਹੋ ਕੇ ਆਪਣੀ ਯੂਨੀਅਨ ਰਜਿਸਟਰ ਕਰਵਾ ਸਕਦੇ ਸਨ ਪ੍ਰੰਤੂ ਨਵੇਂ ਕੋਡ ਵਿੱਚ ਮੁਲਾਜ਼ਮਾਂ ਦੇ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦੇ ਇਸ ਅਧਿਕਾਰ ਉੱਪਰ ਸਿੱਧੀ ਸੱਟ ਮਾਰੀ ਗਈ ਹੈਕਿਉਂਕਿ ਕਿਸੇ ਵੀ ਅਦਾਰੇ ਵਿੱਚ ਇਹ ਸੰਭਵ ਨਹੀਂ ਕਿ ਇੰਨੀ ਜ਼ਿਆਦਾ ਗਿਣਤੀ ਵਿੱਚ ਮੁਲਾਜ਼ਮ ਇੱਕੋ ਜਿਹੀ ਵਿਚਾਰਧਾਰਾ ਦੇ ਹੋਣ ਅਤੇ ਆਪਣੇ ਨਾਲ ਹੁੰਦੀ ਜ਼ਿਆਦਤੀ ਵਿਰੁੱਧ ਆਵਾਜ਼ ਉਠਾ ਸਕਦੇ ਹੋਣਖਾਸ ਤੌਰ ’ਤੇ ਜਦੋਂ ਵਰਕਰ ਜਾਂ ਮੁਲਾਜ਼ਮ ਕੱਚੀ ਨੌਕਰੀ ’ਤੇ ਹਨਇਸ ਸਥਿਤੀ ਵਿੱਚ ਮੁਲਾਜ਼ਮਾਂ ਦੀ ਸਾਂਝੇ ਤੌਰ ’ਤੇ ਦੋਵੇਂ ਧਿਰਾਂ ਵਿਚਾਲੇ ਸੌਦਾਬਾਜ਼ੀ ਕਰਨ ਦੀ ਸ਼ਕਤੀ ਵੀ ਘਟਦੀ ਹੈਝਗੜੇ ਦੌਰਾਨ ਕਿਸੇ ਨਤੀਜੇ ’ਤੇ ਨਾ ਪਹੁੰਚਣ ਦੀ ਸੂਰਤ ਵਿੱਚ ਮਾਮਲਾ ਤੀਜੀ ਧਿਰ, ਟਰਬਿਊਨਲ ਦੇ ਕੋਲ ਜਾਵੇਗਾ, ਜਿਸਦੇ ਨੁਮਾਇੰਦੇ ਸਰਕਾਰੀ ਅਫਸਰ ਹੋਣਗੇਮੌਜੂਦਾ ਸਰਕਾਰ ਦੀ ਵਿਚਾਰਧਾਰਾ ਅਨੁਸਾਰ ਫੈਸਲੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹੋਣ ਦੀ ਵਧੇਰੇ ਸੰਭਾਵਨਾ ਹੈ

ਉਪਰੋਕਤ ਵਿਆਖਿਆ ਦੀ ਲੋਅ ਵਿੱਚ ਨਵੇਂ ਕਿਰਤ ਕੋਡਾਂ ਦੀ ਡੁੰਘਾਈ ਨਾਲ ਪੁਣ-ਛਾਣ ਅਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਤਾਂ ਕਿ ਕੋਡਾਂ ਦੀ ਸ਼ਬਦੀ ਵਿਆਖਿਆ ਅਤੇ ਅਸਲੀਅਤ ਦੀ ਸਹੀ ਪਛਾਣ ਹੋ ਸਕੇਇਸ ਲਈ ਜ਼ਰੂਰੀ ਹੈ ਕਿ ਮਜ਼ਦੂਰ ਜਮਾਤ, ਮੁਲਾਜ਼ਮ, ਕਿਰਤੀ ਅਤੇ ਕਿਸਾਨ ਜਥੇਬੰਦੀਆਂ ਸਾਂਝਾ ਮਹਾਜ਼ ਬਣਾ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜੱਦੋਜਹਿਦ ਦਾ ਮਾਹੌਲ ਸਿਰਜਣ ਤਾਂ ਕਿ ਉਨ੍ਹਾਂ ਖ਼ਿਲਾਫ਼ ਬਣ ਰਹੇ ਕਾਨੂੰਨੀ ਵਰਤਾਰੇ ਨੂੰ ਸਮੇਂ ਸਿਰ ਠੱਲ੍ਹ ਪਾਈ ਜਾ ਸਕੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5535)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਪ੍ਰੋ. ਕੰਵਲਜੀਤ ਕੌਰ ਗਿੱਲ

ਪ੍ਰੋ. ਕੰਵਲਜੀਤ ਕੌਰ ਗਿੱਲ

Retired Professor, Dept of Economics, Punjabi University Patiala, Punjab, India.
Phone: (91 - 98551 - 22857)
Email: (kkgill207@gmail.com)

More articles from this author