RamSLakhewali8ਟੋਹਾਣਾ ਕਿਸਾਨ ਪੰਚਾਇਤ ਵਿੱਚ ਜਾਂਦਿਆਂ ਬੱਸ ਹਾਦਸੇ ਵਿੱਚ ਅੰਬਰੋਂ ਟੁੱਟੇ ਤਾਰੇ ਵਾਂਗ ...
(1 ਮਾਰਚ 2025)

ਸਵੇਰ ਦਾ ਪਹੁ ਫੁਟਾਲਾ ਲੋਕ ਮਨਾਂ ’ਤੇ ਦਸਤਕ ਦਿੰਦਾ ਨਜ਼ਰ ਆਉਂਦਾ ਹੈ। ਦਰਾਂ ’ਤੇ ਪਹੁੰਚਦੀ ਲੋਅ ਮਨ ਮਸਤਕ ਵਿੱਚ ਵਸੇ ਸੁਪਨਿਆਂ ਨੂੰ ਹਲੂਣਾ ਦਿੰਦੀ ਹੈ। ਬਿਖਰਦਾ ਚਾਨਣ ਜ਼ਿੰਦਗੀ ਦੀ ਇਬਾਰਤ ਲਿਖਦਾ ਹੈ। ਪਿੰਡਾਂ ਦੇ ਜੀਵਨ ਦੀ ਕਿਰਨ ਫੁੱਟਦੀ ਹੈ। ਖੇਤਾਂ ਵੱਲ ਜਾਂਦੇ ਰਾਹਾਂ ’ਤੇ ਆਉਣ ਜਾਣ ਹੋਣ ਲਗਦਾ ਹੈ। ਮਹਾਨਗਰਾਂ ਨੂੰ ਜਾਂਦੀਆਂ ਸੜਕਾਂ ਅਤੇ ਬੱਸਾਂ, ਕਾਰਾਂ ਰਸਤਾ ਨਾਪਣ ਲੱਗਦੀਆਂ ਹਨ। ਕੰਮਾਂ ਨੂੰ ਜਾਣ ਵਾਲੇ ਮੁਲਾਜ਼ਮ ਆਪੋ ਆਪਣਾ ਰਾਹ ਫੜਦੇ ਹਨ। ਜ਼ਿੰਦਗੀ ਦੀ ਪਹਿਲ ਕਦਮੀ ਆਪਣੀ ਮੰਜ਼ਿਲ ਵੱਲ ਤੁਰਦੀ ਹੈ। ਇਹੋ ਰੁਝੇਵਾਂ ਮਨੁੱਖ ਦੀ ਜ਼ਿੰਦਗੀ ਦਾ ਸਿਰਨਾਵਾਂ ਬਣਦਾ ਹੈ।

ਕੇਵਲ ਆਪਣੇ ਲਈ ਜਿਊਣ ਵਾਲਿਆਂ ਦੇ ਰਾਹ-ਰਸਤੇ ਜਿਊਣ ਦੀ ਘੁੰਮਣਘੇਰੀ ਵਿੱਚ ਫਸੇ ਨਜ਼ਰ ਆਉਂਦੇ ਹਨ। ਆਪਣੇ ਕੰਮਾਂ-ਕਾਰਾਂ ਵਿੱਚ ਉਲਝੀ ਜ਼ਿੰਦਗੀ ਨਿੱਜ ਤੇ ਗਰਜ਼ਾਂ ਦੇ ਕਲਾਵੇ ਵਿੱਚ ਰਹਿੰਦੀ ਹੈ। ਇਕੱਲੇ ਇਕਹਿਰੇ ਤੁਰਦਿਆਂ ਭਟਕਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਜਦੋਂ ਕਿ ਜ਼ਿੰਦਗੀ ਦਾ ਮਕਸਦ ਮਿਥ ਕੇ ਤੁਰਨ ਵਾਲੇ ਬੁਲੰਦੀ ਦਾ ਸਾਥ ਮਾਣਦੇ ਹਨ। ਗਿਆਨ ਅਤੇ ਚੇਤਨਾ ਉਨ੍ਹਾਂ ਦੇ ਅੰਗ ਸੰਗ ਰਹਿੰਦੇ ਹਨ। ਉਹ ਉਤਸ਼ਾਹ ਨਾਲ ਉੱਠਦੇ ਹਨ, ਔਖੇ ਰਸਤੇ ਚੁਣਦੇ ਹਨ, ਸੁਪਨਿਆਂ ਨੂੰ ਅੰਬਰੀਂ ਪ੍ਰਵਾਜ਼ ਭਰਨ ਦੇ ਰਾਹ ਤੋਰਦੇ ਹਨ। ਬੁਲੰਦ ਇਰਾਦੇ ਉਨ੍ਹਾਂ ਦੇ ਕਦਮਾਂ ਦੀ ਰਵਾਨੀ ਬਣਦੇ ਹਨ। ਉਹ ਰੌਸ਼ਨ ਰਾਹਾਂ ਦੇ ਸਿਦਕਵਾਨ ਰਾਹੀ ਹੁੰਦੇ ਹਨ, ਜਿਊਂਦੇ ਜੀਅ ਚੇਤਨਾ ਦੀ ਲੋਅ ਵੰਡਦੇ ਹਨ। ਹੱਕਾਂ, ਹਿਤਾਂ ਦੀ ਰਾਖੀ ਲਈ ਅੱਗੇ ਹੋ ਤੁਰਦੇ ਹਨ। ਵਕਤ ਦੇ ਪੰਨਿਆਂ ’ਤੇ ਆਪਣੀ ਕਰਨੀ ਨਾਲ ਨਾਇਕ ਵਜੋਂ ਜਾਣੇ ਜਾਂਦੇ ਹਨ।

ਮੈਂ ਲੋਕਾਂ ਲਈ ਜਿਊਣ ਵਾਲੇ ਨਾਇਕਾਂ ਦੀ ਜੀਵਨ ਵਿਦਾਇਗੀ ਦੀ ਝਲਕ ਵੇਖਦਾ ਹਾਂ। ਹੁਸੈਨੀਵਾਲਾ ਵੱਲ ਜਾਂਦੀਆਂ ਫੁੱਲਾਂ ਨਾਲ ਸਜੀਆਂ ਦੋ ਗੱਡੀਆਂ, ਉਨ੍ਹਾਂ ਮਗਰ ਤੁਰਦਾ ਜਾਂਦਾ ਸੈਂਕੜੇ ਵਾਹਨਾਂ ਦਾ ਵੱਡਾ ਕਾਫ਼ਲਾ। ਬਸੰਤੀ ਪੱਗਾਂ ਤੇ ਚੁੰਨੀਆਂ ਨਾਲ ਭਰੇ ਵਾਹਨਾਂ ਵਿੱਚੋਂ ਗੂੰਜਦੇ ਨਾਅਰਿਆਂ ਦੀ ਆਵਾਜ਼। ਰਸਤੇ ਵਿੱਚ ਆਉਂਦੇ ਪਿੰਡਾਂ ਦੇ ਲੋਕ ਸੁਣਦੇ, ਵੇਖਦੇ ਅਤੇ ਨਮਨ ਕਰਦੇ ਹਨ। ਦਿਲ ਦੀ ਧੜਕਣ ਵਿੱਚੋਂ ਆਵਾਜ਼ ਆਉਂਦੀ ਹੈ, ਇਹ ਮੌਤ ਨੂੰ ਜਿੱਤਣ ਵਾਲੇ ਜੁਝਾਰੂਆਂ ਦਾ ਸ਼ਾਨਾਮੱਤਾ ਸਫ਼ਰ ਹੈ। ਜੀਵਨ ਖ਼ਤਮ ਹੋਇਆ ਪਰ ਸਫ਼ਰ ਜਾਰੀ ਹੈ। ਜੀਵਨ ਪੰਧ ਮੁੱਕਣ ’ਤੇ ਵੀ ਜਿਊਂਦੇ ਰਹਿਣ ਵਾਲੇ ਚੰਨ ਤਾਰਿਆਂ ਵਾਂਗ ਰਾਹ ਰੁਸ਼ਨਾਉਂਦੇ ਨੇ।

ਫੁੱਲਾਂ ਨਾਲ ਸਜੀ ਫਬੀ ਪਹਿਲੀ ਗੱਡੀ ਦੇ ਨਾਇਕ ਦੀ ਜੀਵਨ ਪੁਸਤਕ ਦਾ ਪੰਨਾ ਪਲਟਦਾ ਹੈ। ਪਿੰਡ ਕੋਠਾ ਗੁਰੂ ਦੇ ਕਿਰਤ ਕਰਨ ਵਾਲੇ ਪਰਿਵਾਰ ਦਾ ਹੋਣਹਾਰ ਨੌਜਵਾਨ ਬਸੰਤ। ਭਰ ਜਵਾਨੀ ਵਿੱਚ ਬਸੰਤੀ ਚੋਲੇ ਵਾਲੇ ਸ਼ਹੀਦ ਏ ਆਜ਼ਮ ਦੀ ਨੌਜਵਾਨ ਭਾਰਤ ਸਭਾ ਦੇ ਅੰਗ ਸੰਗ ਤੁਰਨ ਲੱਗਾ। ਬਰਾਬਰੀ ਦੇ ਸਮਾਜ ਦਾ ਸੁਪਨਾ ਮਨ ਵਿੱਚ ਸੰਜੋਇਆ, ਜਿਸਦੀ ਪੂਰਤੀ ਲਈ ਨੌਜੁਆਨਾਂ ਨਾਲ ਸੰਵਾਦ ਚਲਦਾ। ਗਿਆਨ, ਚੇਤਨਾ ਦੀ ਚਾਹਤ ਨੇ ਪੁਸਤਕਾਂ ਨਾਲ ਜੋੜਿਆ। ਜੀਵਨ ਰਾਹ ’ਤੇ ਸਾਬਤ ਕਦਮੀ ਤੁਰਦਿਆਂ ਕਿਸਾਨ ਲਹਿਰ ਦਾ ਲੜ ਫੜਿਆ। ਅੰਨ ਦਾਤਿਆਂ ਦੇ ਹੱਕਾਂ ਹਿਤਾਂ ਦੀ ਰਾਖੀ ਲਈ ਮੋਹਰੇ ਹੋ ਤੁਰਿਆ। ਸੰਘਰਸ਼ਾਂ ਵਿੱਚ ਔਕੜਾਂ ਵੀ ਝੇਲੀਆਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ।

ਘਰ ਘਰ ਸੰਘਰਸ਼ਾਂ ਦੀ ਲੋਅ ਜਗਣ ਲੱਗੀ। ਲੋਕ ਹੱਕਾਂ ਦੀ ਲਹਿਰ ਦੇ ਅੰਗ ਸੰਗ ਤੁਰਨ ਲੱਗੇ। ਘਰਾਂ ਵਿੱਚ ਕਿਰਤ ਕਰਦੀਆਂ ਔਰਤਾਂ ਵੀ ਸੰਘਰਸ਼ਾਂ ਵਿੱਚ ਨਾਲ ਹੋ ਤੁਰੀਆਂ। ਉਨ੍ਹਾਂ ਦਾ ਦੁੱਖ ਸੁਖ ਸਾਂਝਾ ਬਣਿਆ। ਉਹ ਸੱਥਾਂ, ਇਕੱਠਾਂ ਵਿੱਚ ਭਗਤ ਸਿੰਹੁ ਦੇ ਸੁਪਨਿਆਂ ਦੇ ਸਮਾਜ ਦੀਆਂ ਗੱਲਾਂ ਕਰਦੇ। ਵਿਤਕਰੇ ਅਤੇ ਝਗੜੇ ਮੁਕਾ ਬਰਾਬਰੀ ਵਾਲਾ ਬੇਗਮਪੁਰਾ ਸੁਣਨ ਵਾਲਿਆਂ ਦੀਆਂ ਅੱਖਾਂ ਦੀ ਲਿਸ਼ਕੋਰ ਬਣਦਾ।

ਦੂਰ ਅੰਦੇਸ਼ੀ, ਸਿਦਕ ਅਤੇ ਘੋਲਾਂ ਨੇ ਮਨ ਮਸਤਕ ਰੁਸ਼ਨਾਇਆ। ਸੰਘਰਸ਼ਾਂ ਤੋਂ ਜਿਊਣ ਮਕਸਦ ਦਾ ਸਬਕ ਲਿਆ। ਸੂਝ, ਤਿਆਗ, ਚੇਤਨਾ ਅਤੇ ਅਨੁਸ਼ਾਸਨ ਵਿੱਚ ਬੱਝੀ ਸਾਦ ਮੁਰਾਦੀ ਜ਼ਿੰਦਗੀ। ਸ਼ਾਂਤ ਚਿੱਤ ਸ਼ਖਸੀਅਤ, ਠਰ੍ਹੰਮੇ ਦੀ ਮੂਰਤ, ਲੋਕ ਹਿਤਾਂ ਲਈ ਹਰ ਵਕਤ ਤਿਆਰ ਰਹਿਣ ਦਾ ਬਲ ਜੀਵਨ ਦਾ ਅਹਿਦ ਬਣਿਆ। ਜਿਊਂਦੇ ਜੀਅ ਲੋਕ ਹਿਤਾਂ ਨੂੰ ਮੋਹਰੇ ਰੱਖਿਆ। ਦਿੱਲੀ ਮੋਰਚੇ ਵਿੱਚ ਸਾਲ ਭਰ ਲਹਿਰ ਵੱਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਖਿੜੇ ਮੱਥੇ ਨਿਭਾਇਆ। ਟੋਹਾਣਾ ਕਿਸਾਨ ਪੰਚਾਇਤ ਵਿੱਚ ਜਾਂਦਿਆਂ ਬੱਸ ਹਾਦਸੇ ਵਿੱਚ ਅੰਬਰੋਂ ਟੁੱਟੇ ਤਾਰੇ ਵਾਂਗ ਸਦਾ ਲਈ ਵਿਛੜ ਗਿਆ।...

ਮਗਰ ਆਉਂਦੀ ਦੂਸਰੀ ਗੱਡੀ ਦਾ ਸੂਹਾ ਫੁੱਲ ਬਣਿਆ ਇਸੇ ਪਿੰਡ ਦਾ ਨੌਜਵਾਨ ਕਰਮਾ। ਉਸ ਦੀ ਛੋਟੀ ਜ਼ਿੰਦਗੀ ਦੇ ਮੁੱਲਵਾਨ ਕੰਮਾਂ ਦੀ ਇਬਾਰਤ ਪੜ੍ਹਨ ਨੂੰ ਮਿਲੀ। ਬੇਜ਼ਮੀਨੇ ਕਿਰਤੀਆਂ ਦੇ ਘਰ ਦਾ ਚਿਰਾਗ਼। ਹੱਥਾਂ ਦੇ ਸੁਹਜ ਦਾ ਧਨੀ। ਮਸ਼ੀਨ ਮੋਹਰੇ ਬੈਠ ਕੱਪੜਿਆਂ ਨੂੰ ਪਹਿਰਾਵੇ ਦਾ ਰੂਪ ਦਿੰਦਾ। ਨਾਲੋ ਨਾਲ ਕਿਰਤੀਆਂ ਦੀ ਸਾਂਝ ਦੀਆਂ ਤੰਦਾਂ ਵੀ ਪਰੋਂਦਾ। ਆਖਦਾ, ‘ਇਹ ਸਾਂਝ ਬਣਾਉਣੀ ਵਕਤ ਦੀ ਲੋੜ ਹੈ। ਇਸ ਤੋਂ ਬਿਨਾਂ ਗੁਜ਼ਾਰਾ ਨਹੀਂ।’ ਕਿਸਾਨਾਂ-ਮਜ਼ਦੂਰਾਂ ਦੀ ਜੋਟੀ ਦਾ ਪਾਠ ਉਸਨੇ ਨੌਜਵਾਨ ਭਾਰਤ ਸਭਾ ਤੋਂ ਪੜ੍ਹਿਆ। ਉਹ ਮਜ਼ਦੂਰਾਂ, ਕਿਸਾਨਾਂ ਦੇ ਹਰ ਘੋਲ ਵਿੱਚ ਭਰਵਾਂ ਹਿੱਸਾ ਪਾਉਂਦਾ। ਉਸ ਦੀ ਦੁਕਾਨ ’ਤੇ ਨੌਜੁਆਨਾਂ ਦੀ ਆਮਦ ਰਹਿੰਦੀ, ਜਿਨ੍ਹਾਂ ਦੇ ਕੱਪੜੇ ਸਿਉਣ ਦੇ ਨਾਲ ਨਾਲ ਉਨ੍ਹਾਂ ਨੂੰ ਪੁਸਤਕਾਂ ਦਾ ਸੰਗ ਸਾਥ ਮਾਣਨ ਦੀ ਪ੍ਰੇਰਨਾ ਵੀ ਦਿੰਦਾ ਰਹਿੰਦਾ।

ਆਪਣੀ ਦੁਕਾਨ ਵਿੱਚ ਬਣਾਈ ਛੋਟੀ ਜਿਹੀ ਲਾਇਬਰੇਰੀ ਵਿੱਚੋਂ ਸਤਲੁਜ ਵਹਿੰਦਾ ਰਿਹਾ ਨੌਜੁਆਨਾਂ ਦੇ ਹੱਥ ਫੜਾਉਂਦਾ। ਸਮਝਾਉਂਦਾ, ‘ਭਗਤ ਸਰਾਭੇ ਹੁਰਾਂ ਸਾਡੇ ਲਈ ਜਾਨਾਂ ਵਾਰ ਕੇ ਦੱਸਿਆ ਕਿ ਜਿਊਣ ਦਾ ਸੱਚਾ ਸੁੱਚਾ ਮਕਸਦ ਚੰਗੀ ਜ਼ਿੰਦਗੀ ਲਈ ਸੰਘਰਸ਼ ਕਰਨਾ ਹੁੰਦਾ ਹੈ। ਇਹੋ ਜੀਵਨ ਦਾ ਰੌਸ਼ਨ ਰਾਹ ਹੁੰਦਾ ਹੈ।’ ਗੋਰਕੀ ਦੀ ਸੰਸਾਰ ਪ੍ਰਸਿੱਧ ਲਿਖਤ ਮਾਂ ਦੱਸਦੀ ਐ … ‘ਲੋਕ ਹਿਤਾਂ ਲਈ ਮਾਵਾਂ ਆਪਣੇ ਜਾਨੋਂ ਪਿਆਰੇ ਪੁੱਤ ਕੁਰਬਾਨ ਕਰਨ ਤੋਂ ਸੀਅ ਨਹੀਂ ਕਰਦੀਆਂ।’ ਅਣਖ ਅਤੇ ਸਿਦਕ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਦੁੱਲਾ ਭੱਟੀ ਇਸ ਧਰਤੀ ਦੀ ਵਿਰਾਸਤ ਹੈ। ਜਿਸਦੇ ਬੋਲ ਪਾਸ਼, ਪਾਤਰ, ਉਦਾਸੀ ਅਤੇ ਲਾਲ ਸਿੰਘ ਦਿਲ ਜਿਹੇ ਲੋਕ ਕਵੀਆਂ ਦੀਆਂ ਕਵਿਤਾਵਾਂ ਵਿੱਚ ਚਾਨਣ ਬਣ ਬਿਖਰੇ ਨੇ।

ਸਤਲੁਜ ਵੱਲੋਂ ਆਉਂਦੀ ਫਿਜ਼ਾ ਦੇ ਬੋਲ ਸੁਣਦਾ ਹਾਂ। ਜ਼ਿੰਦਗੀ ਨੂੰ ਉੱਚੇ ਸੁੱਚੇ ਆਦਰਸ਼ ਦੇ ਲੇਖੇ ਲਾਉਣਾ ਉੱਤਮ ਕਾਜ ਹੈ। ਲੋਕਾਈ ਨੂੰ ਚੇਤਨਾ ਦੀ ਜਾਗ ਲਾਉਂਦੇ, ਸੰਘਰਸ਼ਾਂ ਦੇ ਰਾਹ ਪਾਉਂਦੇ ਇਹ ਲਾਲ ਮੇਰੀ ਗੋਦ ਵਿੱਚ ਜਗਦੇ ਨਾਇਕ ਪੁੱਤਰਾਂ ਦੇ ਚਿਰਾਗ਼ ਹਨ। ਜਿਨ੍ਹਾਂ ਦੀ ਬਿਖਰਦੀ ਲੋਅ ਸੁਨਹਿਰੀ ਭਵਿੱਖ ਦੀ ਜ਼ਾਮਨ ਹੈ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author