“ਦੁਪਹਿਰ ਦੀ ਰੋਟੀ ਵਕਤ ਉਹ ਮੋਟਰ ’ਤੇ ਰੁੱਖਾਂ ਛਾਵੇਂ ਆ ਬੈਠੇ। ਸਿਰ ਤੋਂ ਪੈਰਾਂ ਤੀਕ ਪਸੀਨੇ ਨਾਲ ਨ੍ਹਾਤੇ ...”
(12 ਸਤੰਬਰ 2023)
ਅਸੀਂ ਮੂੰਹ ਹਨੇਰੇ ਦੂਰ ਦੇ ਸਫ਼ਰ ਲਈ ਤੁਰੇ। ਅਸਮਾਨ ’ਤੇ ਚੰਨ ਤਾਰਿਆਂ ਦਾ ਜਲੌਅ ਤੱਕਿਆ - ਚਮਕਦੇ, ਟਿਮਟਿਮਾਉਂਦੇ, ਰਾਹ ਰੁਸ਼ਨਾਉਂਦੇ। ਕਾਲੀ ਸਿਆਹ ਸੜਕ ਦੇ ਚੁਫ਼ੇਰੇ ਪਸਰਿਆ ਹਨੇਰਾ ਸੀ। ਗੱਡੀ ਦੀਆਂ ਰੌਸ਼ਨੀਆਂ ਸੜਕ ਦਾ ਰਾਹ ਵਿਖਾਉਂਦੀਆਂ ਸਨ। ਪੌਣ ਵਿੱਚ ਮਿਲੀਆਂ ਪੰਛੀ, ਪ੍ਰਾਣੀਆਂ ਦੀਆਂ ਮਿੱਠੀਆਂ ਆਵਾਜ਼ਾਂ ਸਵਾਗਤ ਕਰਦੀਆਂ ਜਾਪੀਆਂ। ਆਖਰ ਪਹੁ ਫੁਟਾਲੇ ਨੇ ਦਸਤਕ ਦਿੱਤੀ। ਚੁਫੇਰਾ ਚਾਨਣ ਰੰਗਾ ਹੋਇਆ। ਚਾਹ ਪਾਣੀ ਪੀਣ ਦੀ ਤਾਂਘ ਨੇ ਢਾਬੇ ’ਤੇ ਰੋਕਿਆ। ਘਰੋਂ ਲਿਆਂਦੇ ਖਾਣੇ ਵਾਲ਼ਾ ਡੱਬਾ ਖੋਲ੍ਹਿਆ। ਆਲੂ, ਮੇਥੀ ਦੇ ਪਰੌਂਠਿਆਂ ਦੀ ਮਹਿਕ ਬਿਖਰੀ। ‘ਆਹ ਕੰਮ ਚੰਗਾ ਕੀਤਾ ਤੁਸਾਂ। ਘਰ ਦੇ ਖਾਣੇ ਦੀ ਰੀਸ ਨੀਂ ਹੁੰਦੀ। ਵਕਤ ਵੀ ਬਚਦਾ ਤੇ ਖਾਣਾ ਵੀ ਮਨ ਭਾਉਂਦਾ।’ ਰਸਤੇ ਵਿੱਚੋਂ ਸਾਡੇ ਨਾਲ ਚੜ੍ਹਿਆ ਸਨੇਹੀ ਬੋਲਿਆ।
ਘਰ ਦਾ ਖਾਣਾ ਮਾਂ ਦੇ ਚੁੱਲ੍ਹੇ ਚੌਂਕੇ ਕੋਲ ਲੈ ਗਿਆ। ਛੋਟਾ ਕੱਚਾ ਪੱਕਾ ਵਿਹੜਾ, ਇੱਕ ਪਾਸੇ ਬਣੇ ਚੌਂਕੇ ਵਿੱਚ ਸੁਆਰਿਆ, ਲਿੱਪਿਆ ਕੱਚਾ ਚੁੱਲ੍ਹਾ। ਸਵਖਤੇ ਚੁੱਲ੍ਹੇ ਵਿੱਚ ਚਾਨਣ ਹੁੰਦਾ। ਪਤੀਲੇ ਵਿੱਚ ਸਾਰੇ ਪਰਿਵਾਰ ਦੀ ਚਾਹ ਉਬਾਲੇ ਲੈਣ ਲਗਦੀ। ਚਾਹ ਮਗਰੋਂ ਮਾਂ ਰੋਟੀ ਪਾਣੀ ਦਾ ਆਹਰ ਕਰਦੀ। ਇਕੱਲੀ ਸਾਰਾ ਕੰਮ ਸੰਭਾਲਦੀ। ਉਸ ਦੇ ਹੱਥਾਂ ਵਿੱਚ ਲੋਹੜੇ ਦਾ ਸੁਹਜ ਹੁੰਦਾ। ਠੰਢ ਵਿੱਚ ਚੌਂਕੇ ਰੋਟੀ ਖਾਣ ਦਾ ਅਨੂਠਾ ਸੁਆਦ ਹੁੰਦਾ। ਚੁੱਲ੍ਹੇ ਦਾ ਸੇਕ ਠੰਢ ਨੂੰ ਮਾਤ ਦਿੰਦਾ। ਮੱਠੀ ਅੱਗ ’ਤੇ ਚੁੱਲ੍ਹੇ ਵਿੱਚ ਰੜ੍ਹਦੀ ਬਾਜਰੇ ਦੀ ਮਿੱਸੀ ਰੋਟੀ। ਨਾਲ ਹੀ ਕਾਲੇ ਕੁੱਜੇ ਵਿੱਚ ਪਿਆ ਸਰ੍ਹੋਂ ਦਾ ਸਾਗ। ਅਸੀਂ ਸਾਰੇ ਭੈਣ ਭਰਾ ਰੋਟੀ ਪਹਿਲਾਂ ਆਪੋ ਆਪਣੀ ਥਾਲੀ ਵਿੱਚ ਰਖਾਉਣ ਨੂੰ ਲਲਚਾਉਂਦੇ। ਮੀਂਹ ਕਣੀ ਵਿੱਚ ਬਰਾਂਡੇ ਵਿਚਲਾ ਚੁੱਲ੍ਹਾ ਕੰਮ ਆਉਂਦਾ, ਜਿਸਦਾ ਧੂੰਆਂ ਸਾਡੀਆਂ ਅੱਖਾਂ ਨਾਲ ਅੱਖ ਮਚੋਲੀ ਖੇਡਦਾ। ਚੌਂਕੇ ਵਿੱਚ ਸਵੇਰ ਸ਼ਾਮ ਦਾਲ, ਸਬਜ਼ੀ ਦੀ ਮਹਿਕ ਤੇ ਭਾਂਡਿਆਂ ਦੀ ਛਣਕ ਹੁੰਦੀ। ਮਾਂ ਸੰਜਮ ਤੇ ਫਰਜ਼ ਦੀ ਮੂਰਤ ਨਜ਼ਰ ਆਉਂਦੀ। ਹਰ ਵੇਲੇ ਘਰ ਦੇ ਕੰਮ ਵਿੱਚ ਰੁੱਝੀ ਰਹਿੰਦੀ।
ਚਾਹ ਫੜਾਉਣ ਆਏ ਮੁੰਡੇ ਦੀ ਆਵਾਜ਼ ਨੇ ਯਾਦਾਂ ਦੀ ਅਮੁੱਲੀ ਤੰਦ ਬਿਖੇਰੀ। ਪਰੌਂਠੇ ਖਾਣ ਮਗਰੋਂ ਚਾਹ ਦੀਆਂ ਚੁਸਕੀਆਂ ਨਾਲ ਚੁਫ਼ੇਰਾ ਤੱਕਿਆ। ਢਾਬੇ ’ਤੇ ਆਉਂਦੇ ਜਾਂਦੇ ਮੁਸਾਫ਼ਰ। ਜਲਦ ਮੰਜ਼ਿਲ ’ਤੇ ਪੁੱਜਣ ਦੀ ਤਾਂਘ ਨਾਲ ਸਾਡੇ ਕਦਮਾਂ ਤੇ ਬੋਲਾਂ ਵਿੱਚ ਕਾਹਲੀ ਸੀ। ਖਾਣੇ ਤੇ ਸਾਫ਼ ਸੁਥਰੇ ਸਜੇ ਮੇਜ਼ਾਂ ’ਤੇ ਨਾਸ਼ਤਾ ਕਰਕੇ ਤੁਰਦੇ ਬਣਦੇ। ਸਾਫ਼ ਸਫ਼ਾਈ ਕਰਦੇ, ਚਾਹ ਪਾਣੀ ਫੜ੍ਹਾਉਂਦੇ ਬਾਲ ਮਜ਼ਦੂਰ, ਕਾਨੂੰਨ ਦੀ ਰਸਾਈ ਦਾ ਰੂਪ ਜਾਪੇ। ਪੜ੍ਹਾਈ ਦੀ ਉਮਰੇ ਢਾਬੇ ’ਤੇ ਕੰਮ ਕਰਦੇ ਉਹ ਅਲੂੰਏਂ ਮੁੰਡੇ ਦਿਲ ਦੀ ਕਸਕ ਬਣੇ।
ਸਫ਼ਰ ਮੁਕਾਉਣ ਲਈ ਅਸੀਂ ਤੁਰ ਪਏ। ਮਨ ਮਸਤਕ ’ਤੇ ਖ਼ਿਆਲ ਦਸਤਕ ਦੇਣ ਲੱਗੇ। ਵਕਤ ਬਦਲਿਆ, ਰਿਸ਼ਤਿਆਂ ਦੀ ਤਾਸੀਰ ਬਦਲੀ। ਨਾਲ ਹੀ ਖਾਣ ਪੀਣ ਤੇ ਤੌਰ ਤਰੀਕੇ ਵੀ ਬਦਲ ਗਏ। ਇਕੱਠੇ ਬੈਠ, ਖਾਣ ਪੀਣ ਤੇ ਹਾਸਾ ਠੱਠਾ ਹੁਣ ਬੀਤੇ ਵਕਤ ਦੀਆਂ ਗੱਲਾਂ ਹੋ ਗਈਆਂ ਹਨ। ਮਿਲ ਬੈਠ, ਵੰਡ ਕੇ ਖਾਣਾ, ਠਹਾਕਿਆਂ ਦੀ ਆਵਾਜ਼ ਗੂੰਜਦੀ। ਹਾਸੇ, ਗਿਲੇ ਸ਼ਿਕਵੇ ਤੇ ਰੋਸਿਆਂ ਨੂੰ ਮਿਟਾਉਂਦੇ। ਅੰਗ ਸੰਗ ਮੋਹ ਤੇ ਅਪਣੱਤ ਦੀ ਮਹਿਕ ਹੁੰਦੀ। ਹੁਣ ਪੂੰਜੀ ਦਾ ਪ੍ਰਭਾਵ ਹੈ, ਸਮਾਜਿਕ ਰੁਤਬੇ ਦਾ ਖਿਆਲ ਹੈ, ਅਹੁਦੇ ਦੀ ਮਰਿਆਦਾ ਹੈ। ਵਕਤ ਦੀ ਘਾਟ ਹੈ, ਮਜਬੂਰੀਆਂ ਦਾ ਸੰਕਟ ਹੈ। ਨਵੀਂ ਤਹਿਜ਼ੀਬ ਹੈ, ਇਕੱਲੇ ਰਹਿਣਾ, ਇਕੱਲਿਆਂ ਨੇ ਖਾਣਾ। ਆਪ ਹੱਸਣਾ ਨਹੀਂ, ਦੂਸਰਿਆਂ ਦਾ ਹਾਸਾ ਭਾਉਂਦਾ ਨਹੀਂ। ਵਿਆਹ ਸ਼ਾਦੀਆਂ ’ਤੇ ਸਮਾਗਮਾਂ ਵਿੱਚ ਮਿਲਦੇ ਗਿਲਦੇ। ਵਿਖਾਵਾ ਰਾਹ ਰੋਕ ਲੈਂਦਾ। ਮਹਿੰਗੇ ਕੱਪੜਿਆਂਅ ਤੇ ਗਹਿਣਿਆਂ ਦਾ ਖ਼ਿਆਲ ਰਹਿੰਦਾ। ਸਜੇ ਫਬੇ ਖਾਣੇ ਦੇ ਸਟਾਲ, ਸੁਆਦੀ ਖਾਣਿਆਂ ਦਾ ਭੰਡਾਰ ਹੁੰਦੇ। ਮਹਿਮਾਨ ਸੋਚ ਸਮਝ ਕੇ ਖਾਂਦੇ। ਮੇਜ਼ਾਂ ਦੁਆਲੇ ਜੁੜ ਬੈਠੇ ਸਨੇਹੀ ਖਾਣ ਪੀਣ ਵਿੱਚ ਮਸਰੂਫ ਹੁੰਦੇ। ਮੰਚ ਤੋਂ ਆਉਂਦੀਆਂ ਸੰਗੀਤ ਦੀਆਂ ਉੱਚੀਆਂ ਆਵਾਜ਼ਾਂ ਉਨ੍ਹਾਂ ਦੇ ਬੋਲਾਂ ਨੂੰ ਖਾ ਜਾਂਦੀਆਂ। ਮਿਲ ਬੈਠ ਹਾਸੇ ਠੱਠੇ ਦੇ ਆਨੰਦ ਦੀ ਇੱਛਾ ਪੈਲੇਸ ਡਕਾਰ ਜਾਂਦਾ।
ਸਕੂਲਾਂ, ਦਫਤਰਾਂ ਵਿੱਚ ਖਾਣਾ ਖਾਣ ਦਾ ਸੀਮਤ ਵਕਤ। ਤਤਫਟ ਖਾਣਾ ਖਾ ਲੈਣਾ। ਹਰ ਕੋਈ ਬਾਕੀ ਰਹਿੰਦਾ ਕੰਮ ਨਿਬੇੜਨ ਨੂੰ ਅਹੁਲਦਾ। ਖਾਣ ਪੀਣ ਵਿੱਚੋਂ ਸਹਿਜਤਾ ਗੁਆਚ ਗਈ। ਅੱਗੇ ਲੰਘਣ ਦੀ ਦੌੜ ਵਿੱਚ ਕਾਹਲੀ, ਤਲਖ਼ੀ ਤੇ ਇਕੱਲਤਾ ਦਾ ਪੱਲਾ ਫੜ ਬੈਠੇ। ਸਹਿਣਸ਼ੀਲਤਾ ਮਨ ਮਸਤਕ ਵਿੱਚੋਂ ਖੁਰਨ ਲੱਗੀ। ਸਰਦੇ ਪੁੱਜਦੇ ਤੇ ਮੱਧ ਵਰਗ ਦਾ ਇਹ ਨਿੱਤ ਰੋਜ਼ ਦਾ ਵਰਤ ਵਿਹਾਰ ਹੈ।
ਸੋਚਾਂ ਦੀ ਤੰਦ ਬੀਤੇ ਵਕਤ ਨਾਲ ਮੁੜ ਜੁੜਦੀ ਹੈ। ਵਿਆਹ ਘਰਾਂ ਵਿੱਚ ਹੁੰਦੇ। ਰਿਸ਼ਤੇਦਾਰ ਤੇ ਸਕੇ ਸਨੇਹੀ ਹਫਤਾ ਭਰ ਪਹਿਲਾਂ ਆਉਂਦੇ। ਵਿਆਹ ਦਾ ਕਾਰਜ ਆਪਣੇ ਹੱਥ ਲੈਂਦੇ। ਸ਼ਾਮ ਨੂੰ ਗੀਤਾਂ ਦੀ ਗੂੰਜ ਸੁਣਾਈ ਦਿੰਦੀ। ਦਿਨ ਭਰ ਹਾਸਿਆਂ ਦੀ ਛਹਿਬਰ ਹੁੰਦੀ। ਮਿਲ ਬੈਠ ਖਾਣਾ, ਸਭ ਨੂੰ ਭਾਉਂਦਾ। ਰਿਸ਼ਤਿਆਂ ਦੀ ਨੋਕ ਝੋਕ ਹੁੰਦੀ। ਈਰਖਾ, ਸਾੜਾ ਨਦਾਰਦ ਹੁੰਦਾ। ਚੁਫੇਰੇ ਮੁਹੱਬਤ ਦੀ ਸੁਹਬਤ ਹੁੰਦੀ। ਨਿਰਮਲ ਨਿਰਛਲ ਮਨ ਖੁਸ਼ੀ ਵੀ ਵਹਿਣ ਵਿੱਚ ਵਹਿੰਦੇ। ਮੇਲ ਮਿਲਾਪ ਦੀਆਂ ਘੜੀਆਂ ਖੁਸ਼ੀ ਦਾ ਸ਼ੋਖ ਰੰਗ ਬਣਦੀਆਂ। ਚਾਵਾਂ ਲੱਦੇ ਤੇ ਖੁਸ਼ੀਆਂ ਰੰਗੇ ਉਹ ਵੇਲੇ ਯਾਦਾਂ ਵਿੱਚ ਰਹਿ ਗਏ।
ਰਲਮਿਲ, ਵੰਡ ਕੇ ਰੁੱਖੀ ਮਿੱਸੀ ਖਾਂਦੇ। ਦੁਸ਼ਵਾਰੀਆਂ ਨੂੰ ਝੇਲਦੇ। ਖੇਤ ਖਲਿਆਣ ਵਿੱਚ ਕੰਮ ਕਰਦੇ। ਸੜਕਾਂ, ਫੈਕਟਰੀਆਂ ਵਿੱਚ ਪਸੀਨਾ ਡੋਲ੍ਹਦੇ ਕਿਰਤੀਆਂ ਨੇ ਸਾਂਝ ਸਨੇਹ ਦਾ ਇਹ ਰੰਗ ਫ਼ਿੱਕਾ ਨਹੀਂ ਪੈਣ ਦਿੱਤਾ। ਮੋਟਰ ’ਤੇ ਬੈਠਾ ਝੋਨਾ ਲਗਾ ਰਹੇ ਮਜ਼ਦੂਰਾਂ ਨੂੰ ਵੇਖਦਾਂ। ਸਿਰਾਂ ’ਤੇ ਦੁਪਹਿਰ ਦਾ ਸੂਰਜ, ਅੰਤਾਂ ਦੀ ਹੁੰਮਸ। ਕਈ ਪਰਿਵਾਰ ਮਿਲ ਕੇ ਝੋਨਾ ਲਗਾਉਣ ਵਿੱਚ ਜੁਟੇ ਹੋਏ। ਗੱਲਾਂ ਕਰਦੇ, ਬੋਲਦੇ, ਮਿਹਨਤ ਦੀ ਮੂਰਤ ਬਣੇ ਦਿਸਦੇ। ਦੁਪਹਿਰ ਦੀ ਰੋਟੀ ਵਕਤ ਉਹ ਮੋਟਰ ’ਤੇ ਰੁੱਖਾਂ ਛਾਵੇਂ ਆ ਬੈਠੇ। ਸਿਰ ਤੋਂ ਪੈਰਾਂ ਤੀਕ ਪਸੀਨੇ ਨਾਲ ਨ੍ਹਾਤੇ। ਹੱਥ ਧੋ ਰੋਟੀ ਖਾਣ ਬੈਠੇ। ਮਾਵਾਂ ਨੇ ਸਟੀਲ ਦੇ ਡੱਬੇ ਖੋਲ੍ਹੇ। ਚਟਣੀ ਤੇ ਆਲੂਆਂ ਦੀ ਮਹਿਕ ਬਿਖਰੀ। ਹੱਥਾਂ ’ਤੇ ਰੋਟੀਆਂ ਧਰ ਖਾਣ ਲੱਗੇ। ਸਖ਼ਤ ਜਾਨ, ਪੱਕੇ ਰੰਗਾਂ ਵਾਲ਼ੇ ਚਿਹਰੇ। ਅੱਖਾਂ ਵਿੱਚ ਆਸ ਦੀ ਬੁਲੰਦੀ। ਰੋਟੀ ਖਾਂਦਿਆਂ ਹੀ ਬੀਬੀ ਨੇ ਚੁੱਲ੍ਹੇ ’ਤੇ ਚਾਹ ਵੀ ਧਰ ਦਿੱਤੀ। ਸਾਰੇ ਜਣੇ ਚਾਹ ਪੀ ਮੁੜ ਝੋਨੇ ਦੀ ਖੇਤ ਵੱਲ ਹੋ ਤੁਰੇ। ਮਗਰੋਂ ਭਾਂਡੇ ਸਾਂਭਦੀ ਬੀਬੀ ਮੈਨੂੰ ਮੁਖ਼ਾਤਿਬ ਹੋਈ,
‘ਪੁੱਤ, ਬਹੁਤ ਔਖੀ ਐ ਸਾਡੀ ਜਿੰਦਗੀ। ਘਰ ਤੋਰਨ ਲਈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ। ਮੁਸ਼ੱਕਤ ਕਰਦਿਆਂ ਕੋਈ ਹਬੀ ਨਬੀ ਹੋ ਜਾਵੇ ਤਾਂ ਕੋਈ ਬਾਂਹ ਨੀਂ ਫੜਦਾ। ਛੋਟੇ ਵੱਡੇ ਸਾਰੇ ਮਿਲ ਕੇ ਮਿਹਨਤ ਕਰਦੇ ਆਂ। ਫਿਰ ਦੋ ਵਕਤ ਦੀ ਰੋਟੀ ਨਸੀਬ ਹੁੰਦੀ ਆ। ਸਾਡੀ ਦਾਲ ਰੋਟੀ ਤਾਂ ਮਿਹਨਤ ਦੀ ਮਿਠਾਸ ਹੈ। ਹੱਕ ਸੱਚ ਦੀ ਕਮਾਈ ਦੀ ਸੁੱਚਮ ਐ।” ਮੈਨੂੰ ਜੀਉਣ ਤਾਂਘ ਵਿੱਚੋਂ ਉਪਜੀ ਸੁੱਚਮ ਇਕੱਠੇ ਮਿਲ ਬਹਿਣ, ਤੁਰਨ ਤੇ ਸਿਰ ਉਠਾ ਕੇ ਜਿਊਣ ਦਾ ਬਲ ਨਜ਼ਰ ਆ ਰਹੀ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4217)
(ਸਰੋਕਾਰ ਨਾਲ ਸੰਪਰਕ ਲਈ: (