“ਕਦੇ ਹਾਰਨਾ ਨਹੀਂ, ਮੁਸ਼ਕਲਾਂ ਜੀਵਨ ਦੀ ਪਰਖ਼ ਹੁੰਦੀਆਂ ਹਨ। ਮਨ ਵਿੱਚ ਪੱਕੇ ਇਰਾਦੇ ...”
(8 ਜਨਵਰੀ 2020)
ਪੰਜਾਬ ਦੀ ਇੱਕ ਹੋਣਹਾਰ ਧੀ ਤੁਹਾਨੂੰ ਮੁਖ਼ਾਤਿਬ ਹੈ
ਮਿਹਨਤ ਨਾਲ ਗਿਆਨ ਦੀ ਪੌੜੀ ਲਾ ਸਾਬਤ ਕਦਮੀਂ ਤੁਰਨ ਦਾ ਸੁਪਨਾ ਜਵਾਨ ਹੀ ਹੋਇਆ ਸੀ ਕਿ ਮਾਂ ਗੰਭੀਰ ਬੀਮਾਰੀ ਦੇ ਚੁੰਗਲ ਵਿੱਚ ਫਸ ਗਈ। ਮੈਂ ਅਧਿਆਪਨ ਦਾ ਕੋਰਸ ਵਿੱਚੇ ਛੱਡ ਮਾਂ ਨੂੰ ਸੰਭਾਲਿਆ। ਰਾਜਧਾਨੀ ਦਾ ਵੱਡਾ ਸਰਕਾਰੀ ਹਸਪਤਾਲ ਨਾਨੀ ਦੀਆਂ ਬਾਤਾਂ ਵਿਚਲੇ ਦਿਓ ਵਾਂਗ ਖਾਣ ਨੂੰ ਆਉਂਦਾ। ਕਮਰੇ ਦਾ ਫਰਸ਼ ਤੇ ਬਾਥਰੂਮ ਸਾਫ਼ ਕਰਦੇ ਜੀ-ਜੀ ਕਰਦੇ ਗਰੀਬੜੇ। ਸਾਰਾ ਦਿਨ ਸੜੀ ਰੋਟੀ ਵਾਂਗ ਤਪਦਾ ਰਹਿੰਦਾ ਨਰਸਿੰਗ ਸਟਾਫ। ਦਿਨ ਵਿੱਚ ਬੇਵਕਤ ਗੇੜਾ ਮਾਰਦੇ ਥਾਣੇਦਾਰ ਜਾਪਦੇ ਡਾਕਟਰ। ਮਾਂ ਕਲਪਦੀ, ਜਿਉਣਾ ਲੋਚਦੀ। ਮਾਂ ਦੀ ਦੇਖ ਭਾਲ ਕਰਦਿਆਂ ਮਰੀਜ਼ਾਂ ਨਾਲ ਹੁੰਦਾ ਦੁਰ ਵਿਵਹਾਰ ਵੇਖ ਮਨ ਬੈਚੈਨ ਹੁੰਦਾ। ਸੋਚਦੀ, ਕਿਤਾਬਾਂ ਵਿਚਲੀ ਪੜ੍ਹਾਈ ਤੇ ਸਕੂਲੋਂ ਮਿਲੀ ਸਦਾਚਾਰ ਦੀ ਸਿੱਖਿਆ ਇੱਥੇ ਕਾਹਤੋਂ ਗੁੰਮ ਹੈ? ਸਾਂਝ, ਸਨੇਹ ਅਤੇ ਸਹਿਯੋਗ ਜਿਹੇ ਅਹਿਸਾਸਾਂ ਨੂੰ ਸਾਂਭੀ ਮਾਂ ਦੇ ਅੰਗ ਸੰਗ ਰਹਿੰਦੀ।
ਹਸਪਤਾਲ ਸਦਮਾ ਦੇ ਗਿਆ। ਮਾਂ ਜ਼ਿੰਦਗੀ ਦਾ ਸਫ਼ਰ ਪੁਗਾ ਗਈ। ਜ਼ਿੰਦਗੀ ਛਾਂ ਵਿਹੂਣੀ ਹੋ ਗਈ। ਪੜ੍ਹਨ ਨੂੰ ਦਿਲ ਨਾ ਕਰਦਾ। ਬਾਪ ਦਾ ਹੱਥ ਵੀ ਸਿਰ ਉੱਤੇ ਨਹੀਂ ਸੀ। ਵੀਰੇ ਮੈਥੋਂ ਛੋਟੇ ਸਨ। ਮਾਂ ਬਾਪ ਦੇ ਸਿਦਕ ਨੂੰ ਮਨ ਵਿੱਚ ਵਸਾ ਤੁਰੀ ਤਾਂ ਮੰਜ਼ਿਲ ਨੇੜੇ ਹੋ ਮਿਲੀ। ਚਾਚਾ ਬਾਪ ਦਾ ਪਰਛਾਵਾਂ ਬਣ ਨਾਲ ਤੁਰਿਆ। ਰਾਹ ਸੁਖਾਲਾ ਹੋ ਗਿਆ। ਪੜ੍ਹ ਲਿਖ ਕੇ ਅਧਿਆਪਕਾ ਬਣਨ ਦਾ ਮਾਣ ਮਿਲਿਆ।
3582 ਰੈਗੂਲਰ ਅਧਿਆਪਕਾਂ ਦੀ ਮੈਰਿਟ ਲਿਸਟ ਵਿੱਚ ਸਾਂ ਮੈਂ। ਮੋਹਰੀ ਸਥਾਨ ਹਾਸਲ ਕਰਕੇ ਮਨ ਬਾਗੋ ਬਾਗ ਸੀ। ਸੁਪਨੇ ਪੂਰੇ ਹੁੰਦੇ ਨਜ਼ਰ ਆਏ ਪਰ ਮੰਤਰੀ ਦਾ ‘ਤਾਨਾਸ਼ਾਹੀ’ ਫਰਮਾਨ ਸਾਡੇ ਭਵਿੱਖ ਉੱਤੇ ਹਨੇਰੇ ਵਾਂਗ ਚੜ੍ਹ ਬੈਠਾ। ਸਾਡੇ ਹੱਕ-ਹਕੂਕ ਮਿੱਟੀ ਵਿੱਚ ਮਿਲ ਗਏ। ਸਟੇਸ਼ਨ ਚੋਣ ਦਾ ਹੱਕ ਸਿਆਸਤ ਦੀ ਭੇਂਟ ਚੜ੍ਹ ਗਿਆ। ਆਪਣੇ ਪਿੰਡ ਨੇੜੇ ਸਕੂਲਾਂ ਵਿੱਚ ਬਾਲਾਂ ਨੂੰ ਪੜ੍ਹਾਉਣ ਦਾ ਸੁਪਨਾ ਬਿਖਰ ਗਿਆ। ਜ਼ਿੰਦਗੀ ਵਿੱਚ ਮੂਹਰੇ ਰਹਿਣ ਦੀ ਪਹਿਲੀ ‘ਸਜ਼ਾ’ ਮਿਲੀ - ਸਰਹੱਦੀ ਖ਼ੇਤਰ ਵਿੱਚ ਅਧਿਆਪਕਾ ਵਜੋਂ ਜੁਆਇਨ ਕਰਨ ਦਾ ਮਿੱਠਾ ਜ਼ਹਿਰ ਪੀਣਾ ਪਿਆ।
ਕਰੀਬ ਦੋ ਸਾਲਾਂ ਤੋਂ ਘਰ ਤੋਂ ਸੈਂਕੜੇ ਮੀਲ ਦੂਰ ਡਿਊਟੀ ਕਰਦੀ ਹਾਂ। ਮੈਂ ਇਕੱਲੀ ਨਹੀਂ, ਦਰਜਨ ਭਰ ਅਧਿਆਪਕਾਂ ਨੂੰ ਵੈਨ ਨਿੱਤ ਸਕੂਲ ਪੁੱਜਦਾ ਕਰਦੀ ਹੈ। ਸਵੇਰੇ ਬੱਚਿਆਂ ਨੂੰ ਸੁੱਤੇ ਛੱਡ ਘਰੋਂ ਤੁਰਦੇ, ਹਨੇਰਾ ਪਏ ਤੋਂ ਘਰ ਪਰਤਦੇ ਹਾਂ। ਆਪਣੇ ਬੱਚਿਆਂ ਨੂੰ ਖਿਡਾਉਣਾ ਭੁੱਲ ਗਿਆ ਹੈ। ਉਹਨਾਂ ਦੀ ਸੰਗਤ ਵਿੱਚ ਹਾਸੇ, ਰੋਸੇ ਸਫ਼ਰ ਦੀ ਧੂੜ ਵਿੱਚ ਗੁਆਚ ਗਏ ਹਨ। ਇਹ ਤਾਂ ਘਰਦੇ ਧੰਨ ਜਿਗਰੇ ਵਾਲੇ ਹਨ, ਜਿਹੜੇ ਨਾਲ ਸਾਹ ਲੈਂਦੇ ਹਨ - ਵਿਭਾਗ ਨੇ ਤਾਂ ਸਾਨੂੰ ਉਜਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਡਿਪਰੈਸ਼ਨ ਦੀ ਗੋਲੀ ਖਾ ਕੇ ਇਹ ਦੁਨੀਆਂ ਛੱਡਣ ਬਾਰੇ ਸੋਚੋ। ਆਪਣਾ ਗੁੱਸਾ ਮਾਸੂਮ ਵਿਦਿਆਰਥੀਆਂ ਉੱਤੇ ਕੱਢੋ। ਕਰੋ ਭਾਵੇਂ ਕੁਝ ਨਾ ਪਰ ਕਾਗਜ਼ਾਂ ਦਾ ਘਰ ਪੂਰਾ ਕਰਦੇ ਰਹੋ। ‘ਸਾਰੀ’ ਤਨਖ਼ਾਹ ਵੈਨ ਦੇ ਕਿਰਾਏ ਉੱਤੇ ਖਰਚ ਹੋ ਜਾਂਦੀ ਹੈ, ਸਾਡੇ ਹੱਥ ਪੱਲੇ ਖੱਜਲ ਖੁਆਰੀ ਤੋਂ ਸਿਵਾ ਕੁਝ ਨਹੀਂ ਪੈਂਦਾ। ਹਾਲੇ ਸਾਲ ਭਰ ਹੋਰ ਨਿਗੂਣੀ ਤਨਖਾਹ ਉੱਤੇ ਕੰਮ ਕਰਨਾ ਹੈ। ਇਹ ਮੇਰੇ ਵਰਗੇ ਸੈਂਕੜੇ ਹੋਰ ਅਧਿਆਪਕਾਂ ਦੀ ‘ਹੋਣੀ’ ਹੈ, ਜਿਨ੍ਹਾਂ ਦੇ ਘਰ ਬਾਲ ਹਨ ਅਤੇ ਉਹ ਆਪ ਰਾਹਾਂ ਵਿੱਚ ਰੁਲਦੇ ਹਨ। ਸੁਪਨਿਆਂ ਦੀ ਪ੍ਰਵਾਜ਼ ਡਗਮਗਾ ਗਈ ਹੈ।
ਸ਼ਾਇਦ ਇਹ ਅਧਿਆਪਨ ਦੇ ਖੇਤਰ ਵਿੱਚ ਪਹਿਲੀ ਵਾਰ ਵਾਪਰਿਆ ਹੈ। ਸਰਹੱਦੀ ਸਕੂਲਾਂ ਵਿੱਚ ਕੰਮ ਕਰਦੇ ਸੈਂਕੜੇ ਅਧਿਆਪਕਾਂ ਨੂੰ ਬਦਲੀ ਦੇ ਹੱਕ ਤੋਂ ਵੀ ਵਾਂਝਿਆਂ ਕਰ ਦਿੱਤਾ ਗਿਆ। ਦਿਨ ਰਾਤ ਲੰਬੇ ਸਫ਼ਰ ਦੀ ਅਕਾਊ ਵਾਟ ਹਾਰ ਵਰਗੀ ਜਾਪਦੀ ਹੈ। ਪਰ ਸਰਹੱਦੀ ਪਿੰਡਾਂ ਦੇ ਮੋਹ ਰੱਤੇ ਮਾਪਿਆਂ ਅਤੇ ਬੱਚਿਆਂ ਦਾ ਸਤਿਕਾਰ, ਪਿਆਰ ਨਿਰਾਸ਼ ਨਹੀਂ ਹੋਣ ਦਿੰਦਾ, ਡੋਲਣ ਨਹੀਂ ਦਿੰਦਾ। ਔਖੀਆਂ ਘੜੀਆਂ ਵਿੱਚ ਲਾਇਬਰੇਰੀ ਵਿੱਚ ਬੈਠੇ ਮਾਂ ਬੋਲੀ ਦੇ ਅਧਿਆਪਕ ਦੇ ਬੋਲ ਸਾਹਸ ਬਣਦੇ ਹਨ – ‘ਕਦੇ ਹਾਰਨਾ ਨਹੀਂ, ਮੁਸ਼ਕਲਾਂ ਜੀਵਨ ਦੀ ਪਰਖ਼ ਹੁੰਦੀਆਂ ਹਨ। ਮਨ ਵਿੱਚ ਪੱਕੇ ਇਰਾਦੇ ਲੈ ਕੇ ਤੁਰਨ ਵਾਲੇ ਹੀ ਮੰਜ਼ਿਲ ਉੱਤੇ ਪਹੁੰਚਦੇ ਹਨ।’
ਸਾਡੀ ਵੈਨ ਦਾ ਚਾਲਕ ਦਾਰਾ ਅੰਕਲ ਸੱਚੀਆਂ ਸੁਣਾਉਂਦਾ ਹੈ, “ਮੈਂ ਥੋਡੇ ਜਿੰਨਾ ਪੜ੍ਹਿਆ ਤਾਂ ਨਹੀਂ ਪਰ ਜ਼ਿੰਦਗੀ ਦਾ ਤਜਰਬਾ ਜ਼ਰੂਰ ਹੈ। ਅਸੀਂ ਤਾਂ ਸਾਰੀ ਉਮਰ ਸੜਕਾਂ ਉੱਤੇ ਹੀ ਰੁਲਣਾ ਹੈ, ਪਰ ਤੁਹਾਡਾ ਸਫ਼ਰ ਤਾਂ ਨਿਰੀ ਸਜ਼ਾ ਹੈ। ਆਪਣੇ ਬਾਲ ਬੱਚਿਆਂ ਨੂੰ ਘਰੇ ਛੱਡ ਡੇਢ ਸੌ ਕਿਲੋਮੀਟਰ ਦੇ ਸਫ਼ਰ ਮਗਰੋਂ ਪੜ੍ਹਾਉਣ ਲਈ ਕੀ ਬਚਦਾ ਹੋਊ?” ਸਰਕਾਰਾਂ ਚਲਾਉਣ ਵਾਲਿਆਂ ਨੂੰ ਇਹ ਪੁੱਛੇ ਕੌਣ? ਦਾਰੇ ਅੰਕਲ ਦੀ ਫਿਕਰਮੰਦੀ ਢਾਰਸ ਬਣਦੀ ਹੈ।
ਅਧਿਆਪਕਾਂ ਦੀਆਂ ਵੱਖ ਵੱਖ ਕਿਸਮਾਂ ਤੇ ਸੰਘਰਸ਼ਾਂ ਤੋਂ ਦੂਰੀ, ਲਾਠੀਆਂ ਝੇਲਦੇ ਬੇਰੁਜ਼ਗਾਰ ਅਧਿਆਪਕਾਂ ਦਾ ਦਰਦ, ਦਿਲ ਦੀ ‘ਕਸਕ’ ਬਣਦਾ ਹੈ। ਏਕੇ ਅਤੇ ਸੰਘਰਸ਼ਾਂ ਦੀ ਤੰਦ, ਜਗਦੇ, ਗਿਆਨ ਵੰਡਦੇ ਚਾਨਣਾਂ ਦੀ ‘ਕਸਕ’ ਨੂੰ ਜਿੱਤ ਦੇ ਸਰੂਰ ਵਿੱਚ ਬਦਲ ਸਕਦੀ ਹੈ। ਬਸੰਤੀ ਚੁੰਨੀਆਂ ਅਤੇ ‘ਖੇਤਾਂ ਦੇ ਪੁੱਤਰਾਂ’ ਦੇ ਮਿਸਾਲੀ ਘੋਲ ਦੀ ਜਿੱਤ ਨੇ ਕੰਧ ’ਤੇ ਲਿਖ ਦਿੱਤਾ ਹੈ। ਕਾਸ਼, ਅਸੀਂ ਵੀ ਉਸ ਰਾਹ ਦੇ ਪਾਂਧੀ ਬਣ ਤੁਰੀਏ ਤਾਂ ਭਵਿੱਖ ਦੇ ਨਕਸ਼ ਸੰਵਰ ਸਕਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1879)
(ਸਰੋਕਾਰ ਨਾਲ ਸੰਪਰਕ ਲਈ: