“ਮੈਂ ਮੁੜਿਆ ਤਾਂ ਜੇਤੂ ਕਾਫ਼ਲਿਆਂ ਨਾਲ ਹੀ ਵਾਪਸ ਪਰਤਾਂਗਾ, ਨਹੀਂ ਤਾਂ ਕਿਸਾਨੀ ਝੰਡੇ ਵਿੱਚ ...”
(26 ਸਤੰਬਰ 2021)
ਪਿੰਡ ਦੀ ਸੱਥ ਵਿੱਚ ਸ਼ਾਂਤੀ ਪਸਰੀ ਹੋਈ ਸੀ। ਲੋਕ ਨਿਰਾਸ਼ਾ ਦੇ ਆਲਮ ਵਿੱਚ ਜੁੜ ਬੈਠੇ ਸਨ। ਪਿੰਡ ਦੇ ਹਰ ਕੰਮ ਵਿੱਚ ਮੂਹਰੇ ਰਹਿਣ ਵਾਲਾ, ਸਾਂਝੇ ਕੰਮਾਂ ਦਾ ਜਰਨੈਲ ਗੁਰਜੰਟ ਸਿਹੁੰ ਨਹੀਂ ਸੀ ਰਿਹਾ। ਪਿੰਡ ਨੇ ਕੱਲ੍ਹ ਦਿੱਲੀ ਕਿਸਾਨ ਮੋਰਚੇ ਵਿੱਚ ਕੁਰਬਾਨ ਹੋਏ ਆਪਣੇ ਹੀਰੇ ਪੁੱਤਰ ਨੂੰ ਵਿਦਾ ਕੀਤਾ ਸੀ। ਯੂਨੀਅਨ ਦੇ ਝੰਡੇ ਵਿੱਚ ਲਿਪਟੀ ਮ੍ਰਿਤਕ ਦੇਹ ਅਤੇ ਗੂੰਜਦੇ ਨਾਅਰੇ ਜਾਣ ਵਾਲੇ ਦੀ ਕਮਾਈ ਦੇ ਪ੍ਰਤੀਕ ਸਨ। ਹਰੇਕ ਅੱਖ ਨਮ ਸੀ। ਸ਼ਾਮ ਨੂੰ ਕਿਸੇ ਘਰ ਚੁੱਲ੍ਹਾ ਨਹੀਂ ਸੀ ਬਲਿਆ। ਰੌਸ਼ਨੀ ਦੇ ਹੁੰਦਿਆਂ-ਸੁੰਦਿਆਂ ਘਰਾਂ ਵਿੱਚ ਹਨੇਰਾ ਛਾਇਆ ਹੋਇਆ ਸੀ।। ਸੱਥ ਵਿੱਚ ਬੈਠੇ ਬਾਪੂਆਂ ਨੂੰ ਆਪਣੀ ਡੰਗੋਰੀ ਖੁੱਸ ਗਈ ਜਾਪਦੀ ਸੀ। ਆਖ਼ਰ ਬਚਨ ਤਾਏ ਨੇ ਚੁੱਪ ਤੋੜੀ, “ਆਪਣੇ ਪਿੰਡ ਦਾ ਵਸਦਾ ਖੇੜਾ ਸੁੰਨਾ ਹੋ ਗਿਆ। ਹੁਣ ਕੌਣ ਫੜਿਆ ਕਰੇਗਾ ਪਿੰਡ ਦੇ ਲੋੜਵੰਦਾਂ ਦੀ ਬਾਂਹ?” ਇਹ ਕਹਿੰਦਿਆ ਉਹ ਹਉਕਾ ਨਾ ਰੋਕ ਸਕਿਆ। ਗੁਰਜੰਟ ਸਿਹੁੰ ਦੀ ਜੀਵਨ ਰੂਪੀ ਪੁਸਤਕ ਦੇ ਪੰਨੇ ਪਲਟਣ ਲਗਦੇ ਹਨ।
ਉਹ ਭਲੇ ਵੇਲਿਆਂ ਵਿੱਚ ਦਸ ਜਮਾਤਾਂ ਪੜ੍ਹਿਆ। ਫ਼ੌਜ ਵਿੱਚ ਭਰਤੀ ਹੋ ਟ੍ਰੇਨਿੰਗ ਵਿੱਚੇ ਛੱਡ ਘਰ ਪਰਤ ਆਇਆ। ਕਹਿੰਦਾ, ਆਪਣੇ ਤੋਂ ਹਰੇਕ ਕੰਮ ਵਿੱਚ ਯੈੱਸ ਸਰ ਨੀਂ ਹੁੰਦੀ। ਘਰ ਦੀ ਥੋੜ੍ਹੀ ਖਾਣੀ ਮਨਜ਼ੂਰ ਹੈ। ਅਸੂਲਾਂ ਨਾਲ ਸਮਝੌਤਾ ਨੀਂ ਕਰਨਾ। ਛੋਟੀ ਖੇਤੀ ਵਾਲੇ ਕਿਸਾਨ ਦਾ ਪੁੱਤਰ ਸੀ। ਦੱਬ ਕੇ ਮਿਹਨਤ ਕਰਦਾ। ਘਰ ਦਾ ਚੰਗਾ ਗੁਜ਼ਾਰਾ ਤੋਰੀ ਰੱਖਦਾ। ਸਵੇਰ ਸ਼ਾਮ ਡੇਅਰੀ ਦਾ ਕੰਮ ਕਰਦਾ। ਕਿਸਾਨਾਂ ਨਾਲ ਸੰਘਰਸ਼ਾਂ ਵਿੱਚ ਆਉਂਦਾ ਜਾਂਦਾ ਚੇਤਨਾ ਦਾ ਰਾਹੀ ਬਣਿਆ। ਸੱਚੀ ਗੱਲ ਕਹਿਣ ਵੇਲੇ ਕਿਸੇ ਦੀ ਪ੍ਰਵਾਹ ਨਾ ਕਰਦਾ। ਸਕੂਲ, ਸੱਥ ਤੇ ਸਾਂਝਾ ਕੰਮ ਉਸ ਨੂੰ ਆਪਣਾ ਹੀ ਲਗਦਾ। ਖੇਡਾਂ ਤੇ ਪੜ੍ਹਾਈ ਜਿਹੇ ਕੰਮਾਂ ਵਿੱਚ ਸਾਰੇ ਪਿੰਡ ਨੂੰ ਆਪਣੇ ਨਾਲ ਤੋਰ ਲੈਂਦਾ। ਸਾਰਾ ਪਿੰਡ ਉਸਦੀ ਸਿੱਖਣ, ਜਾਨਣ ਤੇ ਕੁਛ ਚੰਗਾ ਕਰਨ ਦੀ ਰੁਚੀ ’ਤੇ ਰਸ਼ਕ ਕਰਦਾ।
ਖ਼ਬਰਾਂ ਪੜ੍ਹਦਿਆਂ ਅਖ਼ਬਾਰਾਂ ਤੋਂ ਲੱਗੀ ਚੇਟਕ ਪੁਸਤਕਾਂ ਤਕ ਜਾ ਪਹੁੰਚੀ। ਪੁਸਤਕਾਂ ਖਰੀਦ ਕੇ ਪੜ੍ਹਦਾ ਤੇ ਡੇਅਰੀ ’ਤੇ ਰੱਖ ਲੈਂਦਾ। ਹੋਰਾਂ ਨੂੰ ਪੜ੍ਹਨ ਲਈ ਪ੍ਰੇਰਦਾ। ਪਿੰਡ ਹੁੰਦਿਆਂ ਉਸਦੀ ਡੇਅਰੀ ’ਤੇ ਗੇੜਾ ਵੱਜਦਾ ਤਾਂ ਉਹ ਪੁਸਤਕਾਂ ਦੀਆਂ ਗੱਲਾਂ ਛੇੜ ਬੈਠਦਾ। ਬਹੁਤ ਪਿਆਰੀ ਦੁਨੀਆਂ ਏ, ਪੁਸਤਕਾਂ ਦੀ ਵੀ। ਗਿਆਨ, ਸੁਹਜ, ਸਲੀਕਾ ਤਾਂ ਮਿਲਦਾ ਹੀ ਹੈ, ਨਾਲ ਸਬਕ ਤੇ ਪ੍ਰੇਰਨਾ ਵੀ ਜ਼ਿੰਦਗੀ ਵਿੱਚ ਨਵਾਂ ਰੰਗ ਭਰਦੀ ਹੈ। ‘ਅਸਲੀ ਇਨਸਾਨ ਦੀ ਕਹਾਣੀ’ ਤਾਂ ਮੈਂ ਅੱਧੇ ਪਿੰਡ ਨੂੰ ਪੜ੍ਹਾ’ਤੀ। ਜਿਹੜਾ ਲੈ ਜਾਂਦਾ, ਪੜ੍ਹ ਕੇ ਮੁੜ ਛੇਤੀ ਕੀਤੇ ਨੀਂ ਮੋੜਦਾ। ਸ਼ਾਮ ਨੂੰ ਡੇਅਰੀ ’ਤੇ ਦੁੱਧ ਪਾਉਣ ਆਉਂਦੇ ਜਾਦੇ ਉਹਦੀਆਂ ਕੰਮ ਦੀਆਂ ਗੱਲਾਂ ਸੁਣਨ ਲਈ ਉਤਾਵਲੇ ਰਹਿੰਦੇ। ਉਹ ਪੁਸਤਕਾਂ ਦੇ ਹਵਾਲੇ ਦਿੰਦਾ ਆਖਦਾ, ਜਿਵੇਂ ਫੁੱਲ ਬਗੀਚੀ ਤੇ ਗੁਲਦਸਤੇ ਦਾ ਮਾਣ ਬਣਦੇ ਹਨ, ਉਵੇਂ ਸਾਡਾ ਏਕਾ ਵੀ ਸਾਡਾ ਮਾਣ ਹੈ। ਜਿੱਤਣ ਤੇ ਜਿਊਣ ਲਈ ਜ਼ਰੂਰੀ ਹੈ। ਇਹ ਗੱਲਾਂ ਆਪੋ ਆਪਣੇ ਘਰਾਂ ਤੇ ਬਾਲ ਬੱਚਿਆਂ ਨਾਲ ਕਰਿਆ ਕਰੋ ਤਾਂ ਹੀ ਆਪਣਾ ਪਾਰ ਉਤਾਰਾ ਹੋਊ। ਸੁਣਨ ਵਾਲ਼ੇ ਸੱਚੀਆਂ ਗੱਲਾਂ ਆਖ ਹੁੰਗਾਰਾ ਭਰਦੇ।
ਹਾੜ੍ਹੀ ਤੇ ਝੋਨੇ ਦੇ ਸੀਜ਼ਨ ਵੇਲੇ ਉਹ ਮਜ਼ਦੂਰਾਂ ਨੂੰ ਪੂਰਾ ਮਿਹਨਤਾਨਾ ਦੇਣ ਦੇ ਹੱਕ ਵਿੱਚ ਹੁੰਦਾ। ਆਖਦਾ ਕਿਸੇ ਦਾ ਹੱਕ ਨਹੀਂ ਰੱਖਣਾ ਚਾਹੀਦਾ। ਇਨ੍ਹਾਂ ਮਜ਼ਦੂਰਾਂ ਨਾਲ ਆਪਣੀ ਜਨਮਾਂ ਦੀ ਸਾਂਝ ਹੈ। ਦੁੱਖ ਸੁੱਖ ਵਿੱਚ ਇਹੋ ਕਾਮੇ ਹੀ ਆਪਣੇ ਨਾਲ ਖੜ੍ਹਦੇ ਹਨ। ਕਿਸੇ ਗਰੀਬ ਨਾਲ ਹੁੰਦੇ ਧੱਕੇ ਧੋੜੇ ਖਿਲਾਫ਼ ਉਹ ਮੂਹਰੇ ਹੋ ਕੇ ਖੜ੍ਹਦਾ। ਪਿੰਡ ਦੇ ਸਿਆਸੀ ਚੌਧਰੀ ਵੀ ਉਸ ਤੋਂ ਕੰਨ ਭੰਨਦੇ ਸਨ। ਪੰਜਾਬ ਤੋਂ ਤੁਰੇ ਕਿਸਾਨੀ ਸੰਘਰਸ਼ ਵਿੱਚ ਉਸਦਾ ਕੱਦ ਹੋਰ ਉੱਭਰਿਆ। ਘਰ ਘਰ ਜਾਂਦਾ, ਚੇਤਨਾ ਦੀ ਅਲਖ਼ ਜਗਾਉਂਦਾ। ਕਿਰਤੀਆਂ, ਕਿਸਾਨਾਂ ਨੂੰ ਪ੍ਰੇਰਦਾ, ਨਾਲ ਤੁਰਨ ਲਈ ਆਖਦਾ। ਪਿੰਡ ਵਿੱਚ ਉਸਦਾ ਮਾਣ ਸਤਿਕਾਰ ਵਧਦਾ ਗਿਆ। ਮੋਰਚਾ ਦਿੱਲੀ ਦੇ ਬਾਰਡਰਾਂ ’ਤੇ ਪੁੱਜਾ ਤਾਂ ਉਹ ਸੰਘਰਸ਼ ਨਾਲ ਇੱਕ ਮਿੱਕ ਹੋ ਗਿਆ। ਘਰ ਅਤੇ ਖ਼ੇਤੀ ਦਾ ਕੰਮ ਆਪਣੇ ਪੁੱਤਰ ਨੂੰ ਸੰਭਾਲ ਉਹ ਟਿਕਰੀ ਬਾਰਡਰ ’ਤੇ ਜਾ ਬੈਠਾ।
ਕਿਸਾਨ ਕਾਫ਼ਲੇ ਨਾਲ ਦਿੱਲੀ ਬਾਰਡਰ ’ਤੇ ਜਾਂਦਿਆਂ ਉਸਦੇ ਬੋਲ ਕਦੇ ਨਹੀਂ ਭੁੱਲਦੇ, “ਅਸੀਂ ਸਾਰੇ ਇੱਕੋ ਮਿੱਟੀ ਦੇ ਜਾਏ ਹਾਂ। ਹੁਣ ਇਸਦਾ ਕਰਜ਼ ਚੁਕਾਉਣ ਦਾ ਵਕਤ ਆ ਗਿਆ ਹੈ। ਇਹ ਖੇਤਾਂ ਦੇ ਨਾਲ ਨਾਲ ਭਵਿੱਖ ਨੂੰ ਬਚਾਉਣ ਦਾ ਸੰਘਰਸ਼ ਵੀ ਹੈ, ਜਿਸ ਵਿੱਚ ਸਾਰਿਆਂ ਦਾ ਸਹਿਯੋਗ ਲੋੜੀਂਦਾ ਹੈ। ਤੁਸੀਂ ਆਪਣੇ ਪਿੰਡ ਦੇ ਕਾਫ਼ਲਿਆਂ ਨਾਲ ਦਿੱਲੀ ਬਾਰਡਰ ’ਤੇ ਆਉਂਦੇ ਜਾਂਦੇ ਰਹਿਣਾ। ਮੈਂ ਮੁੜਿਆ ਤਾਂ ਜੇਤੂ ਕਾਫ਼ਲਿਆਂ ਨਾਲ ਹੀ ਵਾਪਸ ਪਰਤਾਂਗਾ, ਨਹੀਂ ਤਾਂ ਕਿਸਾਨੀ ਝੰਡੇ ਵਿੱਚ ਲਿਪਟੀ ਮੇਰੀ ਲਾਸ਼ ਆਏਗੀ।” ਉਹ ਆਖਰ ਆਪਣੇ ਬੋਲ ਪੁਗਾ ਗਿਆ।
ਅੰਤਿਮ ਰਸਮਾਂ ’ਤੇ ਧਰਮਸ਼ਾਲਾ ਵਿੱਚ ਤਿਲ ਧਰਨ ਨੂੰ ਥਾਂ ਨਹੀਂ ਸੀ ਬਚੀ। ਪੰਡਾਲ ਵਿੱਚ ਬਸੰਤੀ ਪੱਗਾਂ ਤੇ ਚੁੰਨੀਆਂ ਦਾ ਰੰਗ ਸੁਨੇਹਾ ਦੇ ਰਿਹਾ ਪ੍ਰਤੀਤ ਹੁੰਦਾ ਸੀ। ਅਰਦਾਸ ਮਗਰੋਂ ਬੁਲਾਰਿਆਂ ਨੇ ਵਿਛੜੇ ਸਨੇਹੀ ਦੀ ਜੀਵਨ ਗਾਥਾ ਛੋਹੀ। ਉਸਦੀ ਕਰਨੀ ਨੂੰ ਸਲਾਮ ਕੀਤਾ। ਸਮਾਪਤੀ ’ਤੇ ਧੰਨਵਾਦੀ ਬੋਲਾਂ ਲਈ ਪਿੰਡ ਦਾ ਨੌਜਵਾਨ ਆਗੂ ਉੱਠਿਆ, “ਪਿੰਡ ਦਾ ਨਿਸ਼ਕਾਮ ਸੇਵਕ ਬੇਵਕਤ ਵਿੱਛੜ ਗਿਆ ਹੈ। ਉਹ ਤਾਂ ਚਾਨਣ ਜਿਹੀ ਜਿੰਦ ਸੀ,ਚੰਨ ਸੂਰਜ ਵਾਂਗ ਸਭ ਨੂੰ ਕਲਾਵੇ ਵਿੱਚ ਲੈਂਦੀ, ਰਾਹ ਰੁਸ਼ਨਾਉਂਦੀ। ਹੁਣ ਉਹ ਇੱਕ ਮਿੱਠੀ ਯਾਦ ਤੇ ਪ੍ਰੇਰਨਾ ਬਣ ਸਾਡੇ ਸੀਨਿਆਂ ਵਿੱਚ ਰਹੇਗਾ। ਉਸਦਾ ਰਾਹ ਸਾਡਾ ਭਵਿੱਖ ਹੈ।”
ਮੈਂਨੂੰ ਨੌਜਵਾਨ ਦੇ ਬੋਲਾਂ ਵਿੱਚੋਂ ਗੁਰਜੰਟ ਸਿੰਹੁ ਦਾ ਅਕਸ ਨਜ਼ਰ ਆ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3033)
(ਸਰੋਕਾਰ ਨਾਲ ਸੰਪਰਕ ਲਈ: