“ਵਰਤਮਾਨ ਵੱਲ ਝਾਤ ਮਾਰਦਾ ਹਾਂ ਤਾਂ ਮਾਂ-ਬੋਲੀ ’ਤੇ ਛਾਏ ਸੰਕਟ ਦੇ ਕਾਲੇ ਬੱਦਲ ਨਜ਼ਰ ਆਉਂਦੇ ਹਨ ...”
(1 ਜਨਵਰੀ 2022)
ਮਾਂ ਦੀ ਨਿੱਘੀ ਗੋਦ ਵਿੱਚੋਂ ਮਾਂ-ਬੋਲੀ ਦੀ ਗੁੜ੍ਹਤੀ ਮਿਲੀ, ਜਿਸ ਤੋਂ ਸ਼ਹਿਦ ਵਰਗੇ ਮਿੱਠੇ, ਤਨ ਮਨ ਮਹਿਕਾਉਂਦੇ ਬੋਲਾਂ ਦਾ ਭੰਡਾਰ ਹਾਸਲ ਹੋਇਆ। ਇਨ੍ਹਾਂ ਬੋਲਾਂ ਨੇ ਦਿਲ ਦੇ ਭਾਵਾਂ ਨੂੰ ਆਵਾਜ਼ ਦਿੱਤੀ, ਮਨ ਮਸਤਕ ਵਿੱਚ ਪ੍ਰਵਾਜ਼ ਭਰਦੇ ਵਲਵਲਿਆਂ ਦਾ ਰਾਹ ਰੁਸ਼ਨਾਇਆ। ਸ਼ਬਦਾਂ ਰੂਪੀ ਜਾਦੂ ਨਾਲ ਵਿਵਹਾਰ, ਮੇਲ ਮਿਲਾਪ ਨੂੰ ਸਾਂਝ ਵਿੱਚ ਬਦਲਣ ਦਾ ਗੁਰ ਦੱਸਿਆ, ਦੁੱਖ ਵਿੱਚ ਦਿਲਾਂ ਨੂੰ ਠਾਰਨ ਤੇ ਸੁਖ ਵਿੱਚ ਖੁਸ਼ੀ ਸੰਗ ਜਿਊਣ ਦੇ ਬੋਲ ਦਿੱਤੇ।
ਮਾਂ-ਬੋਲੀ ਨਾਲ ਮੁਹੱਬਤ ਦਾ ਅਹਿਸਾਸ ਦਹਾਕੇ ਪਹਿਲਾਂ ਗੁਜ਼ਰੇ ਵਕਤ ਨਾਲ ਤੰਦ ਜੋੜਦਾ ਹੈ। ਸਰਕਾਰੀ ਸਕੂਲ ਦੇ ਵਿਹੜੇ ਵਿੱਚ ਅਧਿਆਪਕ ਤੋਤਲੇ ਬੋਲਾਂ ਨੂੰ ਜ਼ੁਬਾਨ ਦਿੰਦੇ ਹਨ। ਨੰਨ੍ਹੇ ਮੁੰਨੇ ਬਾਲਾਂ ਦੇ ਬਸਤੇ ਵਿੱਚ ਫੱਟੀ ਹੈ। ਸਲੇਟ ਤੇ ਪੁਸਤਕਾਂ ਸਲੀਕੇ ਨਾਲ ਰੱਖੀਆਂ ਹਨ। ਅਧਿਆਪਕ ਫੱਟੀਆਂ ’ਤੇ ਖੁਸ਼ੀ ਨਾਲ ਪੂਰਨੇ ਪਾਉਂਦੇ। ਅਸੀਂ ਸਾਰੀ ਛੁੱਟੀ ਹੋਣ ਤਕ ਉੱਚੀ ਉੱਚੀ ਪਹਾੜੇ ਪੜ੍ਹਦੇ। ਬੋਲਣ, ਸਿੱਖਣ ਦੀ ਚਾਹ ਹਮੇਸ਼ਾ ਬਣੀ ਰਹਿੰਦੀ। ਉਹ ਕੰਮ ਨੂੰ ਪੂਜਾ ਸਮਝਣ ਵਾਲੇ ਅਧਿਆਪਕਾਂ ਦਾ ਵਕਤ ਸੀ।
ਮਾਂ-ਬੋਲੀ ਨੇ ਪੜ੍ਹਨ, ਲਿਖਣ, ਸੋਚਣ, ਸਮਝਣ ਦੀ ਜਾਂਚ ਸਿਖਾ ਰਾਹ ਸੁਖਾਲਾ ਕੀਤਾ। ਛੇਵੀਂ ਤੋਂ ਵਿਗਿਆਨ, ਇਤਿਹਾਸ, ਭੂਗੋਲ ਦੇ ਵਿਸ਼ੇ ਪੜ੍ਹਦਿਆਂ ਗਿਆਨ ਪ੍ਰਾਪਤੀ ਨਾਲ ਮਨ ਦੀ ਜਗਿਆਸਾ ਸ਼ਾਂਤ ਹੋਣ ਲੱਗੀ। ਮਾਤ ਭਾਸ਼ਾ ਦੇ ਗਿਆਨੀ ਅਧਿਆਪਕਾਂ ਨੇ ਕਵਿਤਾ, ਕਹਾਣੀ, ਨਾਟਕਾਂ ਤੇ ਲੇਖਾਂ ਜਿਹੇ ਰੂਪਾਂ ਨਾਲ ਸਾਂਝ ਪੁਆਈ। ਦਸਵੀਂ ਤਕ ਦੇ ਸਫ਼ਰ ਵਿੱਚ ਕਵੀਆਂ, ਲੇਖਕਾਂ ਨੂੰ ਜਾਨਣ, ਸਮਝਣ ਦੀ ਜਾਗ ਲੱਗੀ। ਘਰ ਪੜ੍ਹਨ ਲਿਖਣ ਦੇ ਮਾਹੌਲ ਨੇ ਇਸ ਰੁਚੀ ਨੂੰ ਹੋਰ ਪ੍ਰਬਲ ਕੀਤਾ। ਕਿਧਰੋਂ ‘ਵਹਿਣ ਬਹਾਰਾਂ ਦੇ’ ਰੂਸੀ ਨਾਵਲ ਮਿਲਿਆ, ਜਿਸ ਨੇ ਜਜ਼ਬਿਆਂ ਨੂੰ ਟੁੰਬਿਆ। ਉਸ ਨੂੰ ਪੜ੍ਹਕੇ ਸੁਪਨਿਆਂ ਨੂੰ ਪਰ ਲੱਗਣ ਲੱਗੇ। ਮਾਂ-ਬੋਲੀ ਦੀਆਂ ਪੁਸਤਕਾਂ ਵਾਚਦਿਆਂ ਸੂਝ ਨਵੇਂ ਦਰ ਖੋਲ੍ਹਣ ਲੱਗੀ। ‘ਮੇਰਾ ਦਾਗਿਸਤਾਨ’ ਪੰਜਾਬੀ ਰੂਪ ਵਿੱਚ ਮਿਲਿਆ ਤਾਂ ਦਰਾਂ, ਪੰਘੂੜਿਆਂ ਵਿੱਚ ਬਿਖਰੇ ਮਾਂ-ਬੋਲੀ ਦੇ ਮੋਤੀ ਮਿਲੇ। ਸੁਪਨੇ ਸੱਤ ਅੰਬਰੀਂ ਪ੍ਰਵਾਜ਼ ਭਰਨ ਲੱਗੇ। ਪੁਸਤਕਾਂ ਪੜ੍ਹਨ, ਖਰੀਦਣ, ਵਾਚਣ ਤੇ ਸਾਂਭਣ ਦਾ ਸਲੀਕਾ ਆਇਆ। ਘਰ ਵਿੱਚ ਰਹਿਣ ਕਮਰੇ ਦਾ ਇੱਕ ਕੋਨਾ ਲਾਇਬਰੇਰੀ ਵਿੱਚ ਤਬਦੀਲ ਹੋ ਗਿਆ।
ਜਦ ਪੁਸਤਕਾਂ ਨਾਲ ਮੁਹੱਬਤ ਪ੍ਰਵਾਨ ਚੜ੍ਹੀ ਪੱਕੀ ਹੋਈ ਤਾਂ ਮਨ ਦੇ ਅੰਬਰ ’ਤੇ ਸ਼ਬਦਾਂ ਨਾਲ ਵਾਰਤਾਲਾਪ ਸ਼ੁਰੂ ਹੋਈ। ਅਖਬਾਰਾਂ ਨੂੰ ਖ਼ਤ ਪੱਤਰ ਲਿਖਣ ਤੋਂ ਚੱਲੀ ਕਲਮ ਨਜ਼ਮਾਂ ਲਿਖਣ ਵੱਲ ਰੁਚਿਤ ਹੋਈ। ਸ਼ਬਦ ਸੰਸਾਰ ਦਾ ਇਹ ਸਫ਼ਰ ਵਾਰਤਕ ਲਿਖਣ ਨੂੰ ਹੋ ਤੁਰਿਆ। ਮਾਂ, ਮੜ੍ਹੀ ਦਾ ਦੀਵਾ ਤੇ ਸੁਨਹਿਰਾ ਗੁਲਾਬ ਜਿਹੀਆਂ ਅਨੇਕਾਂ ਪੁਸਤਕਾਂ ਨੇ ਸ਼ਬਦ ਜੜਤ ਤੇ ਸ਼ੈਲੀ ਰੂਪੀ ਸੌਗਾਤ ਦਿੱਤੀ।
ਮਾਂ-ਬੋਲੀ ਦਾ ਅਧਿਆਪਕ ਬਣਦਿਆਂ ਹੀ ਨਾਲ ਲਾਇਬਰੇਰੀ ਦਾ ਚਾਰਜ ਵੀ ਮਿਲਿਆ। ਇਹ ਮੇਰੇ ਲਈ ਜ਼ਿੰਦਗੀ ਦੀ ਦਾਤ ਤੋਂ ਘੱਟ ਨਹੀਂ ਸੀ। ਹਰੇਕ ਵਿਧਾ ਦੀ ਪੁਸਤਕ ਦੇ ਸ਼ਬਦਾਂ ਦੀ ਸੰਗਤ ਮਾਣੀ। ਪੁਸਤਕਾਂ ਦੇ ਅੰਗ ਸੰਗ ਰਹਿੰਦਿਆਂ ਪੁਸਤਕ ਸੱਭਿਆਚਾਰ ਦਾ ਕਾਮਾ ਬਣਿਆ। ਰੰਗ ਮੰਚ ਨਾਲ ਸੰਗਤ ਬਣੀ ਤਾਂ ਯੁਗ ਪੁਰਸ਼ ਭਾਅ ਜੀ ਗੁਰਸ਼ਰਨ ਸਿੰਘ ਨਾਲ ਮੇਲ ਹੋਇਆ। ਜ਼ਿੰਦਗੀ ਨੂੰ ਆਦਰਸ਼ ਤੇ ਰਾਹ ਲੱਭਾ। ਇਸ ਸਫ਼ਰ ਨੇ ਜਜ਼ਬਿਆਂ ਨੂੰ ਸ਼ੋਖ਼ ਰੰਗ ਦਿੱਤਾ। ਡੇਢ ਦਹਾਕੇ ਦੇ ਇਸ ਸਾਥ ਨੇ ਜ਼ਿੰਦਗੀ ਨੂੰ ਹੱਕਾਂ ਲਈ ਖੜ੍ਹਨ, ਲੜਨ ਤੇ ਲਿਖਣ ਦਾ ਸਬਕ ਦਿੱਤਾ। ਮਾਂ-ਬੋਲੀ ਦੀਆਂ ਮਾਣ ਮੱਤੀਆਂ ਲਿਖਤਾਂ ਵਿੱਚੋਂ ਸੁਹਜ, ਸਿਆਣਪ ਬਾਹਾਂ ਪਸਾਰ ਮਿਲੀ। ਸਮਝ ਵਿੱਚ ਨਿਖਾਰ ਆਇਆ ਤਾਂ ਵਿਰਾਸਤ ਵਿੱਚ ਮਿਲੀ ਕਲਮ, ਕਾਗਜ਼ ਤੇ ਸੰਵਾਦ ਰਚਾਉਣ ਲੱਗੀ। ਪੁਸਤਕ, ਨਾਟ ਤੇ ਸਾਹਿਤ ਮੇਲੇ ਜ਼ਿੰਦਗੀ ਦਾ ਕਰਮ ਬਣਨ ਲੱਗੇ। ਇਸ ਸਖ਼ਰ ’ਤੇ ਤੁਰਦਿਆਂ ਮਾਂ-ਬੋਲੀ ਦੀ ਗੋਦ ਨੇ ਅਦਬ, ਮੋਹ, ਮਿਠਾਸ, ਸੰਜਮ ਜਿਹੀਆਂ ਦਾਤਾਂ ਨਾਲ ਨਿਵਾਜ਼ਿਆ।
ਸਵੈਮਾਣ ਭਰੇ ਇਸ ਜੀਵਨ ਸਫ਼ਰ ਤੋਂ ਵਰਤਮਾਨ ਵੱਲ ਝਾਤ ਮਾਰਦਾ ਹਾਂ ਤਾਂ ਮਾਂ-ਬੋਲੀ ’ਤੇ ਸੰਕਟ ਦੇ ਕਾਲੇ ਬੱਦਲ ਨਜ਼ਰ ਆਉਂਦੇ ਹਨ। ਮਾਤ ਭਾਸ਼ਾ ਨੂੰ ਬਾਲਾਂ ਤੋਂ ਦੂਰ ਕਰਕੇ ਬਚਪਨ ਨੂੰ ਹੀਣਾ ਕਰਨ ਦੇ ਨਾਪਾਕ ਇਰਾਦੇ ਬੇਚੈਨ ਕਰਦੇ ਹਨ। ਮਨ ਦੇ ਵੇਗ ਵਹਾਵਾਂ ਨੂੰ ਹੋਰਨਾਂ ਬੋਲੀਆਂ ਦੇ ਤੋਤੇ ਰਟਣ ਨਾਲ ਅੰਗਰੇਜ਼ ਸਾਅਬ ਬਣਾਉਣ ਦਾ ਅਮਲ ਅੱਖਰਦਾ ਹੈ। ਪ੍ਰਾਈਵੇਟ ਪਬਲਿਕ ਸਕੂਲਾਂ ਵਿੱਚ ਮਾਤ ਭਾਸ਼ਾ ਬੋਲਣ ’ਤੇ ਲਗਾਈਆਂ ਪਾਬੰਦੀਆਂ ਹਨੇਰੇ ਭਵਿੱਖ ਵੱਲ ਇਸ਼ਾਰਾ ਕਰਦੀਆਂ ਨਜ਼ਰ ਆਉਂਦੀਆਂ ਹਨ। ਆਪਣਿਆਂ ਵੱਲੋਂ ਹੀ ਮਾਂ-ਬੋਲੀ ਨਾਲ ਕੀਤੀ ਜਾ ਰਹੀ ਬੇਵਫਾਈ ਫ਼ਿਕਰ ਦਾ ਸਬੱਬ ਬਣਦੀ ਹੈ।
ਇਹ ਅਮਲ ਵੇਖਦਿਆਂ ਕਥਾ, ਨਾਟ, ਗੀਤ ਜਿਹੇ ਰੂਪਾਂ ਨਾਲ ਚਾਨਣ ਵੰਡਦੇ ਪੰਜਾਬੀ ਪਿਆਰਿਆਂ ਦੇ ਕਾਫ਼ਲੇ ਵਿੱਚ ਗੂੰਜਦੇ ਬੋਲ ਮਨ ਦਾ ਧੀਰਜ ਬਣਦੇ ਹਨ। ਰਾਹ ਦੀਆਂ ਇਹਨਾਂ ਮੁਸ਼ਕਲਾਂ ਨੂੰ ਪੁਸਤਕਾਂ ਦੇ ਅਨੂਠੇ ਸਾਥ ਤੋਂ ਮਿਲੇ ਰੌਸ਼ਨ ਰਾਹਾਂ ਨਾਲ ਹੀ ਮਾਤ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਵਿੱਚ ਸਿਰ ਉਠਾ ਕੇ ਜਿਊਣ ਦਾ ਜਜ਼ਬਾ ਸਮੋਇਆ ਹੋਇਆ ਹੈ। ਮੰਜ਼ਿਲ ਸਰ ਕਰਨ ਦੀ ਤਾਂਘ ਹੈ। ਚੇਤਨਾ ਦਾ ਚਾਨਣ ਬਣਨ ਦੀ ਉਮੰਗ ਹੈ। ਹੱਕ ਸੱਚ ਦੇ ਬੋਲਾਂ ਨੂੰ ਆਵਾਜ਼ ਦੇਣ ਦਾ ਦਮ ਹੈ। ਜਿੱਤ ਵੱਲ ਜਾਣ ਦਾ ਸੁਵੱਲੜਾ ਰਾਹ ਹੈ। ਮਨ ਅਜਿਹੇ ਅਮਲਾਂ ਤੋਂ ਸਦਕੇ ਜਾਂਦਾ ਆਪਣੇ ਕਰਮ ਵੱਲ ਅਹੁਲਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3244)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)