“ਦਫਤਰ ਵਿੱਚ ਸਟਾਫ ਨਾਲ ਬੈਠਿਆਂ ਮੁੱਖ ਅਧਿਆਪਕ ਦੇ ਬੋਲ ਸਨ, “ਜੁਆਨਾਂ, ਆਪਣੇ ਸਿਰ ਵੱਡੀ ਜ਼ਿੰਮੇਵਾਰੀ ...”
(26 ਅਕਤੂਬਰ 2023)
ਕਾਲਿਜ ਪੜ੍ਹਦਿਆਂ ਜ਼ਿੰਦਗੀ ਦਾ ਪਹਿਲਾ ਸੁਖਾਵਾਂ ਮੋੜ ਆਇਆ। ਪ੍ਰਾਇਮਰੀ ਅਧਿਆਪਕ ਦੇ ਕੀਤੇ ਕੋਰਸ ਨੇ ਨੌਕਰੀ ਦੀ ਦਸਤਕ ਦਿੱਤੀ। ਅਧਿਆਪਕ ਲੱਗਣ ਦਾ ਨਿਯੁਕਤੀ ਪੱਤਰ ਮਿਲਿਆ। ਖੁਸ਼ੀ ਬਾਹਾਂ ਪਸਾਰ ਕੇ ਮਿਲੀ, ਜਿਹੜੀ ਕਿਰਤੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਲੋਅ ਬਣ ਚਮਕੀ। ਉਸ ਦੇ ਝੁਰੜੀਆਂ ਭਰੇ ਚਿਹਰੇ ’ਤੇ ਸੰਤੁਸ਼ਟੀ ਭਰਿਆ ਸਕੂਨ ਦਿਸਿਆ। ਬਾਪ ਨੇ ਸ਼ਾਬਾਸ਼ ਦਿੱਤੀ ਤੇ ਨਾਲ ਹੀ ਅੱਗੇ ਪੜ੍ਹਦੇ ਰਹਿਣ ਦੀ ਤਾਕੀਦ ਵੀ ਕੀਤੀ। ਭੈਣਾਂ ਨੂੰ ਇਹ ਖੁਸ਼ੀ ਚਾਅ ਦੇ ਰੂਪ ਵਿੱਚ ਮਿਲੀ। ਪਰਿਵਾਰ ਨੇ ਗਲੀ ਗੁਆਂਢ ਨਾਲ ਮਿਲ ਬੈਠ ਖੁਸ਼ੀ ਦੁੱਗਣੀ ਕੀਤੀ। ਰਾਤ ਨੂੰ ਮਨ ਮਸਤਕ ’ਤੇ ਖੁਸ਼ੀ ਦੇ ਦੀਪ ਜਗੇ। ਜ਼ਿੰਦਗੀ ਦੇ ਸੁਖਦ ਸਫ਼ਰ ਦਾ ਰਾਹ ਖੁੱਲ੍ਹਿਆ।
ਨੌਕਰੀ ਵਾਲ਼ਾ ਸਕੂਲ ਜ਼ਿਲ੍ਹੇ ਦੀ ਹੱਦ ’ਤੇ ਸੀ। ਸਵੇਰ ਸਾਰ ਨਵੇਂ ਉਤਸ਼ਾਹ ਨਾਲ ਬੱਸ ਫੜ ਸਕੂਲੇ ਹਾਜ਼ਰ ਹੋਣ ਲਈ ਤੁਰ ਪਏ। ਮਨ ਵਿੱਚ ਸੋਚਾਂ ਦਾ ਵਹਿਣ ਉੱਠਿਆ। ਅਧਿਆਪਨ ਦੇ ਨਵੇਂ ਸਫ਼ਰ ’ਤੇ ਤੁਰਨ ਦੀ ਤਾਂਘ ਜਗਣ ਲੱਗੀ। ਬੱਸ ਦਾ ਸਫ਼ਰ ਮੁੱਕਿਆ ਪਰ ਉਸ ਪਿੰਡ ਜਾਣ ਲਈ ਅਜੇ ਪੈਂਡਾ ਬਾਕੀ ਸੀ। ਉਸ ਤੋਂ ਅੱਗੇ ਪਿੰਡ ਨੂੰ ਜਾਣ ਦਾ ਰਾਹ ਪੈਦਲ ਸਵਾਰੀ ਸੀ। ਪਿੰਡ ਟਿੱਬੇ ਤੋਂ ਪਾਰ ਸੀ। ਅਸੀਂ ਟਿੱਬਾ ਪਾਰ ਕਰਦੀ ਮੇਲ੍ਹਦੀ ਜਾਂਦੀ ਲਿੰਕ ਸੜਕ ’ਤੇ ਜਾ ਚੜ੍ਹੇ। ਰੇਤਲੇ ਟਿੱਬੇ ਤੇ ਕਿਤੇ ਕਿਤੇ ਹਰਿਆਵਲ ਨਜ਼ਰ ਆਉਂਦੀ। ਰਾਹ ਵਿੱਚ ਪਿੰਡ ਨੂੰ ਆਉਂਦੇ ਜਾਂਦੇ ਵਿਰਲੇ, ਟਾਵੇਂ ਸਾਈਕਲ ਸਵਾਰ ਮਿਲ਼ੇ।
ਖੱਦਰ ਦਾ ਚਿੱਟਾ ਕੁੜਤਾ ਪਜਾਮਾ ਪਹਿਨੀ ਅੱਗੇ ਤੁਰਦਾ ਸੁਤੰਤਰਤਾ ਸੈਨਾਨੀ ਬਾਪ। ਸੱਠਾਂ ਤੋਂ ਟੱਪੀ ਉਮਰ। ਆਸਵੰਦ ਚਿਹਰੇ ਤੋਂ ਝਲਕਦਾ ਆਤਮਵਿਸ਼ਵਾਸ। ਬੁਲੰਦ ਹੌਸਲਾ ਤੇ ਪੱਕੇ ਇਰਾਦਿਆਂ ਵਿੱਚ ਢਲੀ ਸਖਤ ਜਾਨ। ਤੁਰਦੇ ਹੋਏ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦੇ ਜਾਂਦੇ। ਮਗਰ ਤੁਰਦਾ ਮੈਂ ਉਨ੍ਹਾਂ ਦੇ ਕਦਮਾਂ ਦੀ ਤਾਲ ਸੁਣਦਾ। ਪੈਦਲ ਸਫ਼ਰ ਸੁਖਾਲਾ ਕਰਨ ਲਈ ਆਪਣੀਆਂ ਕਵਿਤਾਵਾਂ ਦੇ ਬੋਲ ਗੁਣਗੁਣਾਉਂਦੇ। ਮੈਨੂੰ ਸਮਝਾਉਂਦੇ ਜਾਂਦੇ, “ਪੁੱਤ, ਭਾਵੇਂ ਮੈਂ ਰੁਲ ਖੁੱਲ੍ਹ ਦੋ ਤਿੰਨ ਜਮਾਤਾਂ ਹੀ ਪੜ੍ਹਿਆ ਹਾਂ ਪਰ ਇਸ ਪੜ੍ਹਾਈ ਦਾ ਬਹੁਤ ਮੁੱਲ ਹੈ। ਇਹ ਦੀਵੇ ਦੀ ਲੋਅ ਵਾਂਗ ਜਗਾਉਂਦੀ ਹੈ। ਮੈਨੂੰ ਚੇਤਨਾ ਤੇ ਸੰਘਰਸ਼ ਦੀ ਜਾਗ ਇੱਥੋਂ ਹੀ ਲੱਗੀ ਐ। ਸਿਰ ਉਠਾ ਕੇ ਜਿਊਣ ਦੀ ਇੱਛਾ ਨੂੰ ਇਸੇ ਨੇ ਪਾਲ਼ਿਆ। ਪੜ੍ਹਾਈ ਨੇ ਹੀ ਮਨ ਵਿੱਚ ਆਜ਼ਾਦੀ ਦਾ ਸੁਪਨਾ ਪਰੋਇਆ। ਸਫ਼ਲ ਜੀਵਨ ਲਈ ਇਸਦਾ ਸਾਥ ਜ਼ਰੂਰੀ ਹੈ। ਚੱਲ, ਹੁਣ ਤੂੰ ਵੀ ਪੈਰਾਂ ਸਿਰ ਹੋ ਗਿਐਂ। ਮੇਰਾ ਫ਼ਿਕਰ ਮੁੱਕ ਗਿਆ ਹੈ। ਸ਼ਬਦਾਂ ਨਾਲ ਜੁੜਿਆ ਰਹੀਂ। ਕੁਝ ਚੰਗਾ ਤੇ ਨਵਾਂ ਕਰਨਾ ਕਦੇ ਨਾ ਭੁੱਲੀਂ। ਇਹ ਰਾਹ ਉਮਰ ਭਰ ਸਾਥ ਦੇਣ ਵਾਲਾ ਹੈ। ਜ਼ਿੰਦਗੀ ਦੀ ਅਸਲ ਜਾਇਦਾਦ ਇਹੋ ਹੈ। ਜਿਹੜੀ ਸਾਹਾਂ ਦੀ ਤੰਦ ਟੁੱਟਣ ਮਗਰੋਂ ਵੀ ਬੰਦੇ ਦੀ ਸਾਖ਼ ਬਣਾਈ ਰੱਖਦੀ ਹੈ।”
ਅਸੀਂ ਸਾਹੋ ਸਾਹ ਹੋਏ ਟਿੱਬਾ ਉੱਤਰੇ। ਪਿੰਡ ਦੀ ਰੁਮਕਦੀ ਪੌਣ ਸਵਾਗਤ ਕਰਦੀ ਜਾਪੀ। ਸਕੂਲ ਦੇ ਦਰ ’ਤੇ ਪਹੁੰਚੇ ਤਾਂ ਮੁੱਖ ਅਧਿਆਪਕ ਅਤੇ ਸਟਾਫ ਅਪਣੱਤ ਨਾਲ ਮਿਲਿਆ। ਸ਼ਾਇਦ ਉਨ੍ਹਾਂ ਦੀ ਨਵੇਂ ਅਧਿਆਪਕ ਦੀ ਉਡੀਕ ਖ਼ਤਮ ਹੋਈ ਸੀ। ਚਾਹ ਪਾਣੀ ਪੀਂਦਿਆਂ ਗੱਲਾਂ ਤੁਰ ਪਈਆਂ। ਪਿਤਾ ਜੀ ਨੇ ਪਰਿਵਾਰ ਦੀ ਵਿਰਾਸਤ ਬਿਆਨ ਕੀਤੀ, “ਪਰਜਾ ਮੰਡਲ ਦਾ ਸਿਪਾਹੀ ਰਿਹਾਂ। ਜੇਲ੍ਹ ਜਾਣਾ ਮਨਜ਼ੂਰ ਕੀਤਾ ਪਰ ਗੋਰਿਆਂ ਦੀ ਈਨ ਨੀਂ ਮੰਨੀ। ਸੰਘਰਸ਼ ਕਰਕੇ ਜਿਊਣਾ, ਜਿੱਤਣਾ ਸਿੱਖਿਆ। ਬਹੁਤ ਔਕੜਾਂ ਝੇਲ ਕੇ ਪਰਿਵਾਰ ਨੂੰ ਪਾਲ਼ਿਆ ਪੜ੍ਹਾਇਆ ਹੈ। ਆਹ ਪੜ੍ਹਾਈ ਦਾ ਮੁੱਲ ਹੀ ਤਾਂ ਐ ਕਿ ਪੁੱਤਰ ਨੂੰ ਅਧਿਆਪਕ ਬਣ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੌਕੇ ਹੀ ਜੀਵਨ ਦੇ ਰਾਹ ਹੁੰਦੇ ਨੇ। ਜਿਹੜਾ ਸੰਭਾਲ ਲਵੇ ਉਹ ਮੰਜ਼ਿਲ ਪਾ ਲੈਂਦਾ ਹੈ। ਅੱਜ ਤੋਂ ਹੀ ਇਹ ਨਵਾਂ ਅਧਿਆਪਕ ਤੁਹਾਨੂੰ ਸੌਂਪ ਚੱਲਿਆਂ। ਇਹਤੋਂ ਪੜ੍ਹਾਈ ਲਿਖਾਈ ਦਾ ਪੂਰਾ ਕੰਮ ਲੈਣਾ। ਚੰਗਾ ਅਧਿਆਪਕ ਬਣਨ ਲਈ ਰਾਹ ਰਸਤਾ ਵਿਖਾਉਣਾ।” ਇਹ ਆਖਦਿਆਂ ਪਿਤਾ ਜੀ ਆਗਿਆ ਲੈ ਕੇ ਪਿੰਡ ਨੂੰ ਵਾਪਸ ਪਰਤ ਗਏ।
ਮੁਖੀ ਨੇ ਮੈਨੂੰ ਸਾਰਾ ਸਕੂਲ ਵਿਖਾਇਆ। ਸੁਚੱਜੇ ਢੰਗ ਨਾਲ ਸੰਭਾਲਿਆ ਹੋਇਆ, ਸੁੰਦਰ ਦਿੱਖ ਵਾਲਾ ਪ੍ਰਾਇਮਰੀ ਸਕੂਲ। ਕਿਆਰੀਆਂ ਵਿੱਚ ਲੱਗੇ ਖਿੜੇ ਫ਼ੁੱਲ ਬੂਟੇ ਤੇ ਹਰੇ ਭਰੇ ਛਾਂ ਦਾਰ ਰੁੱਖ ਜੀ ਆਇਆਂ ਨੂੰ ਕਹਿੰਦੇ ਜਾਪੇ। ਸਾਰੇ ਅਧਿਆਪਕਾਂ ਅਤੇ ਬੱਚਿਆਂ ਨਾਲ ਮਿਲਾਇਆ। ਸਵਾਗਤ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਦੇ ਮੁਸਕਰਾਉਂਦੇ ਚਿਹਰੇ ਮਨ ਦਾ ਸਕੂਨ ਬਣੇ। ਮੁੱਖ ਅਧਿਆਪਕ ਨੇ ਸਲੀਕੇ ਨਾਲ ਕੰਮ ਸਮਝਾਇਆ। ਪੰਜਵੀਂ ਕਲਾਸ ਨੂੰ ਪੜ੍ਹਾਉਣ ਦਾ ਕੰਮ ਵੀ ਸੌਂਪ ਦਿੱਤਾ। ਅੱਧੀ ਛੁੱਟੀ ਮਗਰੋਂ ਮੈਂ ਆਪਣੀ ਕਲਾਸ ਵਿੱਚ ਸਾਂ। ਸਾਰੇ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਦੇ ਭਾਵ ਸਨ। ਸਿੱਖਣ, ਸਮਝਣ ਦਾ ਰੌਂ ਨਜ਼ਰ ਆਇਆ। ਮੈਂ ਪਹਿਲ ਪ੍ਰਿਥਮੇ ਮਾਂ ਬੋਲੀ ਦੀ ਪੁਸਤਕ ਵਿੱਚੋਂ ਮੋਤੀਆਂ ਜਿਹੇ ਸ਼ਬਦ ਪੜ੍ਹਦਿਆਂ ਇੱਕ ਕਵਿਤਾ ਦਾ ਪਾਠ ਕੀਤਾ। ਸਾਰਿਆਂ ਦਾ ਹੁੰਗਾਰਾ ਮਿਲਿਆ। ਫਿਰ ਦੂਸਰੇ ਵਿਸ਼ਿਆਂ ਦਾ ਕੰਮ ਵੀ ਕਰਨ ਲੱਗੇ। ਕੰਮ ਵਿੱਚ ਮਗਨ ਰਹਿੰਦਿਆਂ ਸਾਰੀ ਛੁੱਟੀ ਤਕ ਦਾ ਵਕਤ ਪਲਾਂ ਵਿੱਚ ਹੀ ਗੁਜ਼ਰ ਗਿਆ।
ਨੌਕਰੀ ਦੇ ਪਹਿਲੇ ਦਿਨ ਦੀ ਹਾਜ਼ਰੀ ਲਗਾਈ। ਜ਼ਿੰਦਗੀ ਦੇ ਨਵੇਂ ਰਾਹ ’ਤੇ ਤੁਰਨ ਦਾ ਸੁਖ਼ਦ ਅਹਿਸਾਸ ਮਾਣਿਆ। ਦਫਤਰ ਵਿੱਚ ਸਟਾਫ ਨਾਲ ਬੈਠਿਆਂ ਮੁੱਖ ਅਧਿਆਪਕ ਦੇ ਬੋਲ ਸਨ, “ਜੁਆਨਾਂ, ਆਪਣੇ ਸਿਰ ਵੱਡੀ ਜ਼ਿੰਮੇਵਾਰੀ ਹੈ, ਬਾਲਾਂ ਦੀ ਜ਼ਿੰਦਗੀ ਸੰਵਾਰਨ ਦੀ। ਆਪਣੇ ਕੰਮ ਪ੍ਰਤੀ ਇਮਾਨਦਾਰੀ, ਜੀਵਨ ਦਾ ਆਦਰਸ਼ ਸਖ਼ਤ ਮਿਹਨਤ। ਖੁੱਲ੍ਹਾ ਡੁੱਲ੍ਹਾ ਮਨ ਤੇ ਚੰਗਾ ਆਚਾਰ ਵਿਹਾਰ, ਅਮਲਾਂ ਵਿੱਚ ਇਹ ਲਾਗੂ ਕੀਤਾ ਤਾਂ ਤੇਰੀ ਜ਼ਿੰਦਗੀ ਦਾ ਸਫ਼ਰ ਮਾਣ ਮੱਤਾ ਹੋਵੇਗਾ।” ਸਾਰੇ ਅਧਿਆਪਕ ਸਕੂਲੋਂ ਘਰਾਂ ਨੂੰ ਤੁਰੇ। ਉਸ ਦਿਨ ਮੈਂ ਮੁੱਖ ਅਧਿਆਪਕ ਦਾ ਮਹਿਮਾਨ ਬਣਿਆ।
ਰਾਤ ਨੂੰ ਚੰਨ ਤਾਰਿਆਂ ਨਾਲ ਖਿੜੀ ਰਾਤ ਵਿੱਚ ਬਾਪ ਦੇ ਜੀਵਨ ਪੰਧ ਦੀ ਪੁਸਤਕ ਦਾ ਪੰਨਾ ਖੁੱਲ੍ਹਿਆ, ਜਿਸ ’ਤੇ ਗਿਆਨ, ਚੇਤਨਾ ਤੇ ਸੰਘਰਸ਼ ਦੀ ਇਬਾਰਤ ਉੱਕਰੀ ਹੋਈ ਸੀ। ਉਸ ਉੱਪਰ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਸੀ, “ਹੱਕ ਮੰਗਿਆਂ ਨਹੀਂ, ਲੜਿਆਂ ਮਿਲਦੇ ਨੇ। ਮਨੁੱਖ ਨੂੰ ਹਾਲਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ, ਸਗੋਂ ਸੰਘਰਸ਼ ਕਰਨਾ ਚਾਹੀਦਾ। ਇਹ ਜ਼ਿੰਦਗੀ ਨੂੰ ਜਿੱਤ ਵੱਲ ਲਿਜਾਂਦਾ ਹੈ। ਇਹ ਰਾਹ ਦਸੇਰਾ ਹੀ ਨਹੀਂ ਸਗੋਂ ਜਿਊਣ ਦਾ ਬਲ ਹੈ। ਸੰਘਰਸ਼ ਦੇ ਅੰਗ ਸੰਗ ਰਹਿਣ ਵਾਲੇ ਲੋਕ ਆਪਣੀਆਂ ਪ੍ਰਾਪਤੀਆਂ ਸਦਕਾ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਬਣਦੇ ਹਨ। ਜੀਵਨ ਅਤੇ ਸਮਾਜ ਦੀਆਂ ਪ੍ਰਾਪਤੀਆਂ ਸੰਘਰਸ਼ਾਂ ਦੀ ਦੇਣ ਹਨ। ਇਹੋ ਆਪਣੀ ਵਿਰਾਸਤ ਹੈ।”
ਮੈਂ ਬਾਪ ਦੇ ਬੋਲ ਪੱਲੇ ਬੰਨ੍ਹ ਲਏ। ਵਿਰਾਸਤ ਦਾ ਲੜ ਨਹੀਂ ਛੱਡਿਆ। ਉਨ੍ਹਾਂ ਦੇ ਤੁਰ ਜਾਣ ਮਗਰੋਂ ਉਹੋ ਵਿਰਾਸਤ ਅੱਜ ਤਕ ਮੇਰੇ ਜੀਵਨ ਰਾਹ ’ਤੇ ਚਾਨਣ ਬਣ ਪਸਰੀ ਹੋਈ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4423)
(ਸਰੋਕਾਰ ਨਾਲ ਸੰਪਰਕ ਲਈ: (