“ਆਪਾਂ ਜੀਵਨ ਸਫ਼ਰ ਦੇ ਮੁਸਾਫ਼ਿਰ ਹਾਂ। ਇਸ ਮੁਸਾਫ਼ਰੀ ’ਤੇ ਲੋਭ ਲਾਲਚ, ਸਵਾਰਥ, ਗਰਜ ਦਾ ਪਰਛਾਵਾਂ ਨਾ ਪੈਣ ਦੇਣਾ ...”
(9 ਜੁਲਾਈ 2022)
ਮਹਿਮਾਨ: 936.
ਕਾਲਕਾ ਤੋਂ ਸ਼ਿਮਲਾ ਜਾਣ ਵਾਲੀ ਖਿਡੌਣਾ ਰੇਲ ਮੰਜ਼ਿਲ ਵੱਲ ਤੁਰੀ। ਸੋਹਣੇ ਫੁੱਲਾਂ ਨਾਲ ਸਜਾਏ ਹੋਏ ਡੱਬੇ ਸ਼ਗਨਾਂ ਵਾਲ਼ੇ ਘਰ ਜਿਹੇ ਜਾਪ ਰਹੇ ਸਨ। ਪਰਿਵਾਰਾਂ ਸਮੇਤ ਮਸਤੀ ਨਾਲ ਬੈਠੇ ਸੈਲਾਨੀ ਆਨੰਦ ਵਿੱਚ ਨਜ਼ਰ ਆਏ। ਰੇਲ ਮੋੜਾਂ ਘੋੜਾਂ ਵਿੱਚ ਧੀਮੀ ਚਾਲ ਚਲਦੀ। ਪਹਾੜਾਂ ਨਾਲ ਹੌਲੇ ਹੌਲੇ ਗੱਲਾਂ ਕਰਦੀ ਪ੍ਰਤੀਤ ਹੁੰਦੀ। ਠੰਢੀ ਮਿੱਠੀ ਹਵਾ ਮਨ ਮੋਂਹਦੀ। ਪਹਾੜਾਂ ’ਤੇ ਸਿਰ ਉਠਾਈ ਖੜ੍ਹੇ ਉੱਚੇ ਲੰਮੇ ਰੁੱਖ ਹਰਿਆਵਲ ਦੇ ਦੂਤ ਨਜ਼ਰ ਆ ਰਹੇ ਸਨ। ਪਹਾੜੀ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਖੁਸ਼ੀ ਦੀ ਮਹਿਕ ਵਿੱਚ ਰੰਗੀਆਂ ਹੋਈਆਂ ਸਨ। ਮੈਂ ਰੇਲ ਦੇ ਕਮਰੇ ਰੂਪੀ ਸ਼ਿੰਗਾਰੇ ਫਸਟ ਕਲਾਸ ਡੱਬੇ ਨੂੰ ਨਿਹਾਰਿਆ। ਸੋਹਣੇ ਸੁਨੱਖੇ ਕੀਮਤੀ ਵਸਤਰਾਂ ਵਾਲ਼ੇ ਲੋਕ, ਮਨ ਮੋਹਣ ਵਾਲ਼ੇ ਦ੍ਰਿਸ਼ਾਂ ਨੂੰ ਆਪੋ ਆਪਣੇ ਕੈਮਰਿਆਂ ਵਿੱਚ ਕੈਦ ਕਰ ਰਹੇ ਸਨ। ਗੱਦੇਦਾਰ ਸੀਟਾਂ ਮੂਹਰੇ ਲੱਗੇ ਮੇਜ਼, ਉੱਪਰ ਪਏ ਠੰਢੇ ਤੇ ਖਾਣ ਪੀਣ ਦਾ ਸਮਾਨ, ਚਾਰਜਰਾਂ ’ਤੇ ਲੱਗੇ ਫ਼ੋਨ। ਹਰ ਕੋਈ ਆਪਣੇ ਮੋਬਾਇਲ ਫ਼ੋਨ ’ਤੇ ਰੁੱਝਾ ਹੋਇਆ। ਹੋਂਠ ਮੁਸਕਾਨ ਤੋਂ ਸੱਖਣੇ, ਨਾ ਹਾਸੇ ਦਾ ਵਾਸਾ। ਨਵ ਵਿਆਹੇ ਜੋੜਿਆਂ ਦੀ ਮੌਜੂਦਗੀ ਵਿੱਚ ਵੀ ਮੈਨੂੰ ਇਹ ਪੂਰਾ ਡੱਬਾ ਰਿਸ਼ਤਿਆਂ ਦੀ ਅਪਣੱਤ ਤੋਂ ਵਿਹੂਣਾ ਨਜ਼ਰ ਆਇਆ।
ਅਗਲੇ ਸਟੇਸ਼ਨ ’ਤੇ ਮੈਂ ਜਨਰਲ ਡੱਬੇ ਵਿੱਚ ਜਾ ਬੈਠਾ। ਸੈਲਾਨੀਆਂ ਤੇ ਸਥਾਨਕ ਲੋਕਾਂ ਨਾਲ ਭਰਿਆ ਡੱਬਾ। ਮੁਸਾਫ਼ਿਰ ਆਪਸ ਵਿੱਚ ਮਿਲ ਬੈਠੇ ਗੱਲਾਂ ਵਿੱਚ ਮਸਤ। ਠੰਢੀ ਹਵਾ ਦੇ ਬੁੱਲਿਆਂ ਨਾਲ ਹਾਸੇ ਦੇ ਠਹਾਕੇ ਗੂੰਜਦੇ। ਜਦੋਂ ਰੇਲ ਪਹਾੜੀ ਸੁਰੰਗ ਵਿੱਚੋਂ ਗੁਜ਼ਰਦੀ ਤਾਂ ਬੱਚੇ ਉੱਚੀ ਉੱਚੀ ਕੂਕਦੇ। ਇਸ ਡੱਬੇ ਵਿੱਚ ਮੇਰਾ ਮਨ ਲੱਗ ਗਿਆ। ਸਾਰੇ ਆਪਣੇ ਨਜ਼ਰ ਆਏ। ਖਿਡੌਣਾ ਰੇਲ ਵਿੱਚ ਸਫ਼ਰ ਕਰਨ ਦਾ ਆਨੰਦ ਸਰੂਰ ਦੇਣ ਲੱਗਾ। ਕੋਈ ਸਟੇਸ਼ਨ ਆਉਂਦਾ, ਖਾਣ ਪੀਣ ਵਾਲੀਆਂ ਵਸਤਾਂ ਖਰੀਦਦੇ, ਆਪਸ ਵਿੱਚ ਵੰਡ ਕੇ ਖਾਂਦੇ। ਇੱਕ ਦੂਸਰੇ ਦੀ ਜਾਣ ਪਹਿਚਾਣ ਕਰਦੇ। ਅਪਣੱਤ ਦੇ ਅੰਗ ਸੰਗ ਸਫ਼ਰ ਨੂੰ ਸੁਖਾਵਾਂ ਬਣਾਉਂਦੇ। ਸਥਾਨਕ ਲੋਕ ਆਪਣੇ ਸਟੇਸ਼ਨ ’ਤੇ ਉੱਤਰਦੇ, ਮੋਹ ਭਿੱਜੀ ਸਲਾਮ ਕਹਿੰਦੇ।
ਇਸ ਸੁਖਾਵੇਂ ਸਫ਼ਰ ਨੇ ਮਨ ਦੇ ਕੋਨੇ ਵਿੱਚ ਸਾਂਭੀ ਯਾਦ ਦੇ ਪੰਨੇ ਪਲਟਾਏ। ਅਧਿਆਪਨ ਦਾ ਕੋਰਸ ਕਰਦਿਆਂ ਇਸੇ ਰੇਲ ਵਿੱਚ ਤਾਰਾ ਦੇਵੀ ਤਕ ਸਫ਼ਰ ਕੀਤਾ ਸੀ। ਵਿਦਿਆਰਥੀ ਅਧਿਆਪਕ ਨੌਜਵਾਨ ਮੁੰਡੇ ਕੁੜੀਆਂ ਨੇ ਖਿਡੌਣਾ ਰੇਲ ਵਿੱਚ ਵਿਆਹ ਵਰਗਾ ਮਾਹੌਲ ਸਿਰਜ ਦਿੱਤਾ। ਹਾਸਾ ਠੱਠਾ, ਗੀਤਾਂ ਬੋਲੀਆਂ ਨੇ ਸਾਰੇ ਮੁਸਾਫ਼ਰਾਂ ਦਾ ਮਨ ਮੋਹ ਲਿਆ। ਸਾਰਿਆਂ ਨੇ ਨਾਲ ਲਿਆਂਦੇ ਪਿੰਨੀਆਂ ਤੇ ਪਰੌਂਠੇ ਮੁਸਾਫ਼ਰਾਂ ਨਾਲ ਵੰਡ ਕੇ ਖਾਧੇ। ਅਜਿਹੇ ਮਾਹੌਲ ਵਿੱਚ ਗਦ ਗਦ ਹੋਇਆ ਨਾਲ ਬੈਠਾ ਸ਼ਿਮਲੇ ਜਾ ਰਿਹਾ ਪ੍ਰੋਫੈਸਰ ਕਹਿਣ ਲੱਗਾ, “ਨੌਜੁਆਨੋ, ਤੁਹਾਡੀ ਜ਼ਿੰਦਾ ਦਿਲੀ ਤੇ ਰਲ਼ ਬਹਿਣ ਦੀ ਭਾਵਨਾ ਨੂੰ ਸਲਾਮ ਹੈ।”
ਸਾਡੇ ਗਰੁੱਪ ਲੀਡਰ ਦਾ ਜਵਾਬ ਸੀ, “ਇਹ ਤੇ ਪੰਜ ਦਰਿਆਵਾਂ ਦੀ ਦਾਤ ਹੈ। ਸਾਡੀਆਂ ਮਾਵਾਂ ਤੇ ਵਿਰਸੇ ਦੀ ਸਿੱਖਿਆ ਹੈ।”
ਪ੍ਰੋਫੈਸਰ ਦੇ ਚਿਹਰੇ ਦਾ ਜਲੌਅ ਤੇ ਖੁਸ਼ੀ ਸਾਡੇ ਉਸ ਸਫ਼ਰ ਦਾ ਹਾਸਲ ਸੀ।
ਸ਼ਿਮਲੇ ਦਾ ਰੇਲਵੇ ਸਟੇਸ਼ਨ ਵੇਖਦਿਆਂ ਹੋਰਨਾਂ ਮੁਸਾਫਿਰਾਂ ਵਾਂਗ ਆਪਣਾ ਸਮਾਨ ਸਾਂਭ ਰੈਣ ਬਸੇਰੇ ਵੱਲ ਰੁਖ ਕੀਤਾ। ਰਸਤੇ ਵਿੱਚ ਗੈਸਟ ਹਾਊਸ ਦੇ ਮਾਲਕ ਨੇ ਫ਼ੋਨ ’ਤੇ ਰਾਹ ਵਿੱਚ ਰੋਕ ਲਿਆ। ਆਪਣੀ ਗੱਡੀ ’ਤੇ ਬਿਠਾ ਰੈਣ ਬਸੇਰੇ ਲੈ ਗਿਆ। ਉਹ ਮੇਰੇ ਸ਼ਿਮਲਾ ਦੀ ਰਿੱਜ ਵਾਲੇ ਪੌਸ਼ ਇਲਾਕੇ ਦੀ ਬਜਾਏ ਇੱਧਰ ਸ਼ਾਂਤ ਪਿੰਡ ਵਿੱਚ ਬਸੇਰਾ ਕਰਨ ਤੋਂ ਹੈਰਾਨ ਸੀ। ‘ਜਿਹੜਾ ਆਨੰਦ ਕੁਦਰਤ ਦੀ ਗੋਦ ਤੇ ਸ਼ਾਂਤ ਮਾਹੌਲ ਵਿੱਚ ਹੈ, ਉਹ ਕਿਧਰੇ ਨਹੀਂ।’ ਮੇਰਾ ਇਹ ਜਵਾਬ ਉਸ ਦੇ ਮਨ ਲੱਗਾ। ਉਸਦਾ ਸੁਭਾਅ ਤੇ ਵਿਵਹਾਰ ਤਨ ਮਨ ਠਾਰਦੀ ਪਹਾੜਾਂ ਤੋਂ ਆਉਂਦੀ ਹਵਾ ਦੇ ਬੁੱਲਿਆਂ ਜਿਹਾ ਸੀ। ਅਗਲੇ ਦਿਨ ਸਵੇਰੇ ਮਾਂ ਨੂੰ ਮੰਦਰ ਲਿਜਾਂਦਾ ਉਹ ਮੈਨੂੰ ਵੀ ਨਾਲ ਬਿਠਾ ਕੇ ਲੈ ਗਿਆ। ਮੈਨੂੰ ਸ਼ਾਂਤ, ਸਾਫ਼, ਮਨ ਭਾਉਂਦੇ ਪਹਾੜਾਂ ਦੇ ਪੈਰਾਂ ਵਿੱਚ ਵਸੇ ਪਿੰਡ ਉਤਾਰ ਗਿਆ। ਕਹਿੰਦਾ, ‘ਇਹ ਤੁਹਾਡੇ ਲਈ ਸੁਪਨਿਆਂ, ਸੋਚਾਂ ਸੰਗ ਵਿਚਰਨ ਦੀ ਥਾਂ ਹੈ।’
ਪਹਾੜ ਉੱਪਰੋਂ ਆਉਂਦਾ ਨਿਰਮਲ ਨੀਰ, ਵਹਿੰਦਾ ਛਲ ਛਲ ਕਰਦਾ, ਮਨ ਦਾ ਸਕੂਨ ਬਣਦਾ। ਉਸ ਵਿੱਚ ਪਏ ਚਿੱਟੇ ਪੱਥਰ ਮਾਂ ਵੱਲੋਂ ਕੱਚੇ ਦੁੱਧ ਨਾਲ ਨਹਾਏ ਬਾਲਾਂ ਜਿਹੇ ਜਾਪ ਰਹੇ ਸਨ। ਸ਼ਿਮਲਾ ਯੂਨਿਵਰਸਿਟੀ ਦਾ ਖ਼ੇਤਰ ਹੋਣ ਕਰਕੇ ਅਨੇਕਾਂ ਵਿਦਿਆਰਥੀ ਇਸ ਸੁਖਾਵੇਂ ਵਾਤਾਵਰਣ ਵਿੱਚ ਪੜ੍ਹਾਈ ਵਿੱਚ ਜੁਟੇ ਨਜ਼ਰ ਆਏ। ਕੁਦਰਤ ਦੀ ਗੋਦ ਵਿੱਚ ਗਿਆਨ ਸੰਸਾਰ ਦੀ ਥਾਹ ਪਾਉਂਦੇ ਵਿਦਿਆਰਥੀ ਪੁਸਤਕਾਂ ਨਾਲ ਕੀਤੀ ਜਾ ਰਹੀ ਗੋਸ਼ਟ ਵਿੱਚੋਂ ਸਫਲਤਾ ਦਾ ਰਾਹ ਤਲਾਸ਼ਦੇ ਜਾਪੇ। ਉਤਰਾਖੰਡ ਤੋਂ ਆਏ ਸਕਾਲਰ ਦੇ ਚੰਦ ਸ਼ਬਦ ਖੁਸ਼ੀ ਦੀ ਫੁਹਾਰ ਬਣੇ, “ਮੇਰੇ ਪਾਪਾ ਆਪਣੀ ਡਿਊਟੀ ਕੇ ਸਿਲਸਿਲੇ ਮੇਂ ਅਨੇਕਾਂ ਬਾਰ ਪੰਜਾਬ ਆਏ ਹੈਂ। ਉਨਕਾ ਤਜਰਬਾ ਔਰ ਆਪ ਲੋਗੋਂ ਕਾ ਪਿਆਰ ਜੀਨੇ ਕੀ ਚਾਹ ਕੋ ਪ੍ਰਬਲ ਕਰਤੇ ਹੈਂ।” ਉੱਥੇ ਗੁਜ਼ਾਰੇ ਕਈ ਘੰਟੇ ਰਿਸ਼ਤਿਆਂ ਦੀ ਛਾਂ ਵਰਗੇ ਪ੍ਰਤੀਤ ਹੋਏ।
ਆਪਣੇ ਕਮਰੇ ਵਿੱਚ ਪਰਤ ਕੇ ਮੈਂ ਉਨ੍ਹਾਂ ਖੂਬਸੂਰਤ ਪਲਾਂ ਨੂੰ ਨਿਹਾਰਦਾ ਰਿਹਾ। ਇਹ ਸਫ਼ਰ ਹਰ ਥਾਂ ਪ੍ਰੇਰਨਾ ਤੇ ਸਬਕ ਸਾਂਭੀ ਬੈਠਾ ਹੈ। ਰੈਣ ਬਸੇਰੇ ਮਾਲਕ ਦੇ ਸਨੇਹ ਰੰਗੇ ਬੋਲ ‘ਫਿਰ ਵੀ ਆਉਂਦੇ ਜਾਂਦੇ ਰਹਿਣਾ’ ਮਨ ਨੂੰ ਹੁਲਾਰਾ ਦੇ ਗਏ। ਵਾਪਸੀ ਸਫ਼ਰ ’ਤੇ ਮਨ ਦੇ ਅੰਬਰ ’ਤੇ ਵਕਤੋਂ ਪਹਿਲਾਂ ਜੀਵਨ ਪੰਧ ਵਿੱਚੋਂ ਵਿਛੜੇ ਸਾਹਿਤਕਾਰ ਭਰਾ ਦੇ ਬੋਲ ਸੁਣਾਈ ਦੇਣ ਲੱਗੇ, “ਆਪਾਂ ਜੀਵਨ ਸਫ਼ਰ ਦੇ ਮੁਸਾਫ਼ਿਰ ਹਾਂ। ਇਸ ਮੁਸਾਫ਼ਰੀ ’ਤੇ ਲੋਭ ਲਾਲਚ, ਸਵਾਰਥ, ਗਰਜ ਦਾ ਪਰਛਾਵਾਂ ਨਾ ਪੈਣ ਦੇਣਾ। ਸਫ਼ਰ ਵਿੱਚ ਹੋਰਾਂ ਦੇ ਕੰਮ ਆਉਣਾ ਤੇ ਚੇਤਨਾ ਦੀ ਲੋਅ ਬਣ ਜਗਣਾ ਜੀਣਾ ਸਾਰਥਕ ਕਰਦਾ ਹੈ। ਅਜਿਹੇ ਮੁਸਾਫ਼ਿਰ ਮੰਜ਼ਿਲ ’ਤੇ ਮਾਣ ਦਾ ਦੂਹਰਾ ਸਨਮਾਨ ਹਾਸਲ ਕਰਦੇ ਹਨ।’ ਮੈਂ ਰਾਹ ਦਰਸਾਵਾ ਬਣਦੇ ਬੋਲਾਂ ਨੂੰ ਚਿਤਵਦਾ ਸੁਖ਼ਦ ਅਹਿਸਾਸ ਨਾਲ ਘਰ ਪਰਤਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3675)
(ਸਰੋਕਾਰ ਨਾਲ ਸੰਪਰਕ ਲਈ: