“ਕੋਈ ਰਿਸ਼ਤੇਦਾਰ ਵੀ ਮਦਦ ਨਹੀਂ ਸੀ ਕਰਦਾ। ਕਹਿੰਦੇ, ਆਵਦੀ ਬਣੀ ਆਪ ਨਿਬੇੜੋ ...”
(16 ਜੁਲਾਈ 2019)
ਮਾਂ ਬੋਲੀ ਦਾ ਅਧਿਆਪਕ ਹੁੰਦਿਆਂ ਮੈਂ ਦਹਾਕਾ ਭਰ ਸਕੂਲ ਲਾਇਬਰੇਰੀ ਦਾ ਇੰਚਾਰਜ ਰਿਹਾ। ਵਿਦਿਆਰਥਣਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਨਾ ਮੇਰਾ ਕਰਮ ਸੀ। ਉਹ ਪੁਸਤਕਾਂ ਸਾਥ ਦੇ ਵਹਿਣ ਵਿੱਚ ਤੁਰਨ ਲੱਗੀਆਂ। ਮੇਰੇ ਸੁਝਾਅ ਤੇ ਸੈਕੰਡਰੀ ਕਲਾਸਾਂ ਦੀਆਂ ਲੜਕੀਆਂ ਨੇ ਆਪਣੇ ਘਰਾਂ ਵਿੱਚ ਵੀ ਪੁਸਤਕਾਂ ਰੱਖਣੀਆਂ ਸ਼ੁਰੂ ਕਰ ਲਈਆਂ। ਲਾਇਬਰੇਰੀ ਦੇ ਪੀਰੀਅਡ ਵੇਲੇ ਵਿਦਿਆਰਥਣਾਂ ਪੁਸਤਕਾਂ ਬਾਰੇ ਆਪਣੇ ਵਿਚਾਰ, ਪ੍ਰਭਾਵ ਦੱਸਦੀਆਂ। ਇੱਕ ਦਿਨ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨੇ, ਆਪਣੀ ਹੱਡ ਬੀਤੀ ਸੁਣਾਈ, “ਸਰ, ਅਸੀਂ ਪਿੰਡੋਂ ਬਾਹਰ ਆਪਣੇ ਖੇਤ ਢਾਣੀ ਉੱਤੇ ਰਹਿੰਦੇ ਹਾਂ। ਸਾਡੇ ਘਰਾਂ ਵਿੱਚ ਕੁੜੀਆਂ ਅਤੇ ਪੁਸਤਕਾਂ ਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਹੁੰਦੀ। ਇੱਕ ਦਿਨ ਮੈਂ ਆਪਣੀ ਮਨਪਸੰਦ ਪੁਸਤਕ ‘ਮਾਲਾ ਮਣਕੇ’ ਆਪਣੇ ਘਰ ਦੇ ਅੰਦਰਲੇ ਕਮਰੇ ਵਿੱਚ ਰੱਖ ਕੇ ਭੁੱਲ ਗਈ। ਉਸ ਕਮਰੇ ਵਿੱਚ ਸ਼ਾਮ ਨੂੰ ਮੇਰੇ ਪਾਪਾ ਜੀ ਪੈੱਗ ਲਾ ਕੇ ਨਿਹਾਲ ਹੁੰਦੇ ਸਨ। ਉਹਨਾਂ ਇੱਕ ਅੱਧਾ ਪੈੱਗ ਹੀ ਪੀਤਾ ਸੀ ਕਿ ਉਹ ਪੁਸਤਕ ਉਹਨਾਂ ਦੇ ਹੱਥ ਲੱਗ ਗਈ। ਉਹਨਾਂ ਨੇ ਪੁਸਤਕ ਚੁੱਕੀ ਤੇ ਵਗਾਹ ਕੇ ਬਾਹਰ ਮਾਰੀ - ਨਾਲ ਹੀ ਉਹ ਗੁੱਸੇ ਵਿੱਚ ਮੰਦਾ ਚੰਗਾ ਬੋਲਣ ਲੱਗੇ, ‘ਅਖੇ ਮੇਰੇ ਇਸ ਕਮਰੇ ਵਿੱਚ ਪੁਸਤਕਾਂ ਦਾ ਕੀ ਕੰਮ? ਆਵਦੀਆਂ ਪੁਸਤਕਾਂ ਆਪੋ ਆਪਣੇ ਬੈਗਾਂ ਵਿੱਚ ਰੱਖਿਆ ਕਰੋ।’ ਉਹਨਾਂ ਮੇਰੀ ਉਹ ਪੁਸਤਕ ਰੱਖਣ ਬਦਲੇ ਕਾਫ਼ੀ ਹੱਬ ਦੱਬ ਕੀਤੀ ਤੇ ਮੈਂਨੂੰ ਰੁਆ ਕੇ ਸਾਹ ਲਿਆ।
“ਸਕੂਲ ਵਿੱਚ ਪੜ੍ਹਦੀ, ਲਾਇਬਰੇਰੀ ਦੀਆਂ ਪੁਸਤਕਾਂ ਵਾਚਦੀ ਮੈਂ ਇਸ ਗੱਲ ਲਈ ਆਸਵੰਦ ਸਾਂ ਕਿ ਪੁਸਤਕਾਂ ਦਾ ਸਾਥ ਸਾਡੇ ਘਰ ਅਵੱਸ਼ ਚਾਨਣ ਕਰੇਗਾ। ਘਰ ਅਕਸਰ ਲੜਾਈ ਝਗੜਾ ਰਹਿੰਦਾ ਸੀ। ਇਸ ਝਗੜੇ ਦੀ ਜੜ੍ਹ ਸ਼ਰਾਬ ਸੀ। ਹਰੇਕ ਸ਼ਾਮ ਮੇਰੇ ਪਾਪਾ ਘਰ ਦੀ ਕੱਢੀ ਸ਼ਰਾਬ ਪੀਣ ਬਹਿ ਜਾਂਦੇ। ਜੇ ਮੰਮਾ ਕੁਛ ਬੋਲਦੇ ਤਾਂ ਗਾਲ੍ਹ ਮੰਦਾ ਸ਼ੁਰੂ ਹੋ ਜਾਂਦਾ। ਫਿਰ ਗੁੱਸਾ ਘਰੇ ਕੰਮ ਕਰਦੇ ਸੀਰੀਆਂ ਅਤੇ ਕਾਮਿਆਂ ਉੱਤੇ ਨਿਕਲਦਾ। ਸ਼ਰਾਬ ਪੀ ਕੇ ਕਲੇਸ਼ ਸਾਡੇ ਘਰ ਆਮ ਗੱਲ ਸੀ। ਸਾਰੇ ਦੁਖੀ ਸਨ ਤੇ ਬੇਵੱਸ ਵੀ। ਕੋਈ ਰਿਸ਼ਤੇਦਾਰ ਵੀ ਮਦਦ ਨਹੀਂ ਸੀ ਕਰਦਾ। ਕਹਿੰਦੇ, ਆਵਦੀ ਬਣੀ ਆਪ ਨਿਬੇੜੋ ਬਈ, ਅਸੀਂ ਕਾਹਤੋਂ ਬੁਰੇ ਬਣੀਏ। ਫਿਰ ਇੱਕ ਦਿਨ ਮੈਂ ਸੋਚ ਸਮਝ ਕੇ ਉਹੋ ਪੁਸਤਕ ਪਾਪਾ ਦੇ ਪੀਣ ਕਮਰੇ ਵਿੱਚ ਰੱਖ ਆਈ। ਉਹਨਾਂ ਸਰੂਰ ਵਿੱਚ ਉਹ ਪੁਸਤਕ ਚੁੱਕੀ ਤੇ ਖੋਲ੍ਹ ਲਈ। ਮੁੱਲਵਾਨ ਵਿਚਾਰਾਂ ਵਾਲੀ ਪੁਸਤਕ ਦਾ ਅਸਰ ਉਨ੍ਹਾਂ ਉੱਤੇ ਉਸੇ ਵਕਤ ਸ਼ੁਰੂ ਹੋ ਗਿਆ। ਉਸ ਰਾਤ ਸਾਡੇ ਘਰ ਕਲੇਸ਼ ਨਹੀਂ ਹੋਇਆ। ਅਸੀਂ ਸਾਰੇ ਹੈਰਾਨ ਸਾਂ ਤੇ ਅੰਦਰੋ ਅੰਦਰੀ ਖੁਸ਼ ਵੀ।
“ਅਗਲੇ ਦਿਨ ਸਵੇਰੇ ਖੇਤ ਮੋਟਰ ਉੱਤੇ ਜਾਣ ਸਮੇਂ ਉਹ ਪੁਸਤਕ ਪਾਪਾ ਜੀ ਦੇ ਹੱਥ ਵਿੱਚ ਵੇਖ ਮੈਂਨੂੰ ਬਹੁਤ ਸਕੂਨ ਮਿਲਿਆ। ਦੋ ਤਿੰਨ ਦਿਨਾਂ ਵਿੱਚ ਉਹਨਾਂ ਉਹ ਪੁਸਤਕ ਪੜ੍ਹ ਲਈ। ਸ਼ਾਮ ਨੂੰ ਮੈਂਨੂੰ ਬੁਲਾ ਪਿਆਰ ਨਾਲ ਪੁੱਛਿਆ, ‘ਪੁੱਤ, ਇਹ ਪੁਸਤਕ ਤੈਨੂੰ ਕਿਸਨੇ ਪੜ੍ਹਨ ਨੂੰ ਦਿੱਤੀ ਏ? ਜੇ ਕੋਈ ਹੋਰ ਵੀ ਏ, ਤਾਂ ਮੈਂਨੂੰ ਦੇਵੀਂ, ਪੜ੍ਹ ਲਵਾਂਗਾ।’ ਉਸੇ ਪਲ ਮੈਂ ‘ਪਹਿਲਾ ਅਧਿਆਪਕ’ ਲਿਆ ਪਾਪਾ ਦੇ ਹੱਥ ਫੜ੍ਹਾਈ। ਨਾਲ ਹੀ ਆਖਿਆ, ‘ਸਾਡੇ ਸਕੂਲ ਦੇ ਅਧਿਆਪਕ ਸਾਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਦੇ ਨੇ।’
“ਪਾਪਾ ਪੁਸਤਕਾਂ ਪੜ੍ਹਨ ਲੱਗ ਗਏ। ਇੱਕ ਦਿਨ ਫਿਰ ਮੈਂਨੂੰ ਕਹਿਣ ਲੱਗੇ, ਧੀਏ, ਇਹ ਪੁਸਤਕਾਂ ਦਾ ਸਾਥ ਬਹੁਤ ਚੰਗਾ ਏ। ਕਾਲਿਜ ਪੜ੍ਹਦਿਆਂ ਮੈਂਨੂੰ ਵੀ ਥੋੜ੍ਹਾ ਬਹੁਤ ਸ਼ੌਕ ਸੀ ਪਰ ਘਰ ਦੀ ਕਬੀਲਦਾਰੀ ਅਤੇ ਮਾੜੀ ਸੰਗਤ ਨੇ ਉਸ ਰਾਹ ਨਹੀਂ ਤੁਰਨ ਦਿੱਤਾ। - ਫਿਰ ਕੀ ਸੀ, ਪਾਪਾ ਜੀ ‘ਪਗਡੰਡੀਆਂ’, ‘ਅਸਲੀ ਇਨਸਾਨ ਦੀ ਕਹਾਣੀ’, ‘ਮੜ੍ਹੀ ਦਾ ਦੀਵਾ’, ‘ਦੇਵ ਪੁਰਸ਼ ਹਾਰ ਗਏ’ ਤੇ ‘ਮੇਰਾ ਦਾਗਿਸਤਾਨ’ ਆਦਿ ਪੁਸਤਕਾਂ ਮੈਂਥੋਂ ਲੈ ਪੁਸਤਕਾਂ ਦੀ ਸੰਗਤ ਮਾਣਦੇ ਰਹੇ ਤੇ ਉਹਨਾਂ ਦੀ ਪੁਸਤਕਾਂ ਨਾਲ ਮਿਲਣੀ ਨੇ ਆਪਣਾ ਰੰਗ ਵਿਖਾਇਆ। ਗਰਮੀ ਦੀਆਂ ਛੁੱਟੀਆਂ ਮੁੱਕਣ ਤੱਕ ਸਾਡੇ ਘਰ ਦਾ ਮਾਹੌਲ ਬਿਲਕੁਲ ਤਬਦੀਲ ਹੋ ਗਿਆ। ਘਰੇ ਹੁੰਦਾ ਨਿੱਤ ਰੋਜ਼ ਦਾ ਕਲੇਸ਼ ਬਿਲਕੁਲ ਮੁੱਕ ਗਿਆ। ਪਾਪਾ, ਸ਼ਾਮ ਨੂੰ ਸੰਕੋਚ ਨਾਲ ਦਾਰੂ ਪੀਣ ਲੱਗੇ ਤੇ ਪੀ ਕੇ ਮੰਦਾ ਚੰਗਾ ਬੋਲਣਾ ਬੰਦ ਹੋ ਗਿਆ ਹੈ। ਉਹਨਾਂ ਦਾ ਸਾਡੇ ਨਾਲ ਵਿਵਹਾਰ ਅਪਣੱਤ ਭਰਿਆ ਹੋ ਗਿਆ ਹੈ। ਸਾਡੇ ਘਰ ਦੇ ਵਿਹੜੇ ਵਿੱਚ ਹਾਸਾ ਤੇ ਖੁਸ਼ੀ ਪਰਤ ਆਏ ਹਨ।
“ਅੱਜ ਸਕੂਲ ਆਉਂਦੇ ਵਕਤ ਪਾਪਾ ਨੇ ਮੈਂਨੂੰ ਆਖਿਆ, ‘ਪੁੱਤਰ, ਹੋਰ ਚੰਗੀਆਂ ਪੁਸਤਕਾਂ ਲੈਂਦੀ ਆਵੀਂ। ਇਹਨਾਂ ਮੈਂਨੂੰ ਨਵਾਂ ਰਾਹ ਵਿਖਾਇਆ ਏ।’ ਮੇਰੇ ਮੰਮਾ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਤੇ ਉਹ ਕਹਿੰਦੇ, ਤੇਰੇ ਪਾਪਾ ਨੂੰ ਸਿੱਧੇ ਰਾਹ ਲਿਆਉਣ ਲਈ ਕੀ ਨਹੀਂ ਕੀਤਾ? ਕੋਈ ਡੇਰਾ, ਤਾਂਤਰਿਕ, ਪੁੱਛਾਂ ਦੇਣ ਵਾਲਾ ਤੇ ਕਾਲਾ ਇਲਮ ਜਾਣਨ ਵਾਲਾ ਨਹੀਂ ਛੱਡਿਆ, ਜਿਸਦੇ ਦਰ ’ਤੇ ਜਾ ਕੇ ਅਰਜ਼ੋਈ ਨਾ ਕੀਤੀ ਹੋਵੇ ਪਰ ਕਿਸੇ ਦਾ ਤਵੀਤ, ਮੰਤਰ ਕੰਮ ਨਹੀਂ ਆਇਆ। ਤੇਰਾ ਤਰੀਕਾ ਕਾਰਗਾਰ ਨਿਕਲਿਆ। ਮੇਰਾ ਜਵਾਬ ਸੀ, “ਇਹ ਪੁਸਤਕਾਂ ਵਿਚਲਾ ‘ਮੰਤਰ’ ਹੈ, ਜਿਹੜਾ ਸਾਨੂੰ ਜਿਉਣ ਜਾਂਚ ਦੱਸਦਾ ਅਤੇ ਰਾਹ ਰੁਸ਼ਨਾਉਂਦਾ ਹੈ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1667)
(ਸਰੋਕਾਰ ਨਾਲ ਸੰਪਰਕ ਲਈ: