“ਵੱਕਾਰੀ ‘ਈਮਾਨਦਾਰੀ ਐਵਾਰਡ’ ਨਿਰਮਲ ਦੀ ਝੋਲੀ ਪੈਂਦਾ ਹੈ, ਜਿਸ ਤੋਂ ਜ਼ਿੰਦਗੀ ਦੇ ‘ਸੁਨਿਹਰੇ ਰੰਗ’ ਦੀ ਝਲਕ ...”
(6 ਮਈ 2022)
ਮਹਿਮਾਨ: 339.
ਜ਼ਿੰਦਗੀ ਦਾ ਸਫ਼ਰ ਅਨੂਠਾ ਹੈ। ਵਹਿੰਦੇ ਦਰਿਆਵਾਂ ਵਾਂਗ ਛਲਕਦਾ, ਅੱਗੇ ਵਧਦਾ। ਵਕਤ ਜ਼ਿੰਦਗੀ ਦੀ ਦਾਸਤਾਂ ਲਿਖਦਾ ਹੈ। ਸੋਚਾਂ, ਸੁਪਨਿਆਂ ਦੇ ਰੰਗ ਚੇਤਿਆਂ ਵਿੱਚ ਵਸਦੇ ਹਨ। ਖੁਸ਼ੀਆਂ ਤੇ ਗਮ ਮਨ ਦੇ ਪੰਨਿਆਂ ਉੱਤੇ ਉੱਕਰੇ ਜਾਂਦੇ ਹਨ। ਯਾਦਾਂ ਮਨ ਦੀ ਦਹਿਲੀਜ਼ ’ਤੇ ਦਸਤਕ ਦਿੰਦੀਆਂ ਹਨ। ਸੁਤੰਤਰਤਾ ਸੈਨਾਨੀ ਬਾਪ ਦੀ ਵਸੀਅਤ ਖੁੱਲ੍ਹਦੀ ਹੈ। ਉਸ ’ਤੇ ਮਿਹਨਤ, ਕਿਰਤ ਤੇ ਕਲਮ ਦੇ ਗੂੜ੍ਹੇ ਅੱਖਰ ਨਜ਼ਰ ਆਉਂਦੇ ਹਨ। ਦੋਵਾਂ ਭਰਾਵਾਂ ਦੇ ਨਾਂ ਲਿਖੀ ਵਸੀਅਤ ਬਾਪ ਦੀ ਇੱਛਾ ਦਾ ਵਖਿਆਨ ਬਣਦੀ ਹੈ। ਖੇਤ ਦੇ ਟੁਕੜੇ ਨੂੰ ਨਾਂ ਕਰਵਾਉਣ ਲਈ ਤਹਿਸੀਲ ਦਫਤਰ ਜਾਂਦਾ ਹਾਂ। ਜ਼ਮੀਨ ਨਾਲ ਸਬੰਧਤ ਕਰਮਚਾਰੀ ਨੂੰ ਲੋੜੀਂਦੇ ਕਾਗਜ਼ ਪੱਤਰ ਫੜਾਉਣ ਗਿਆ। ਉਹ ਪਰਿਵਾਰ ਦਾ ਜਾਣਕਾਰ ਹੋਣ ’ਤੇ ਬੇਫਿਕਰੀ ਮਨ ਦਾ ਸਕੂਨ ਬਣੀ।
ਵਸੀਅਤ ਦੇ ਇੰਦਾਰਜ ਤੋਂ ਪਹਿਲਾਂ ਹੀ ਉਹ ਸਨੇਹੀ ਕਰਮਚਾਰੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦਾ ਹੈ। ਮੁੜ ਨਵੇਂ ਸਾਅਬ ਨਾਲ ਵਾਹ ਪਿਆ। ਵਸੀਅਤ ਉਸ ਕੋਲ ਪਹੁੰਚੀ। ਉਹ ਇਸ ਗੱਲੋਂ ਵੀ ਭਾਰਾ ਹੋ ਗਿਆ ਸੀ ਕਿਉਂਕਿ ਇੱਕ ਭੈਣ ਤਹਿਸੀਲ ਅਰਜ਼ੀ ਪਾ ਆਈ ਸੀ। ਉਹਦੀ ਟਾਲ ਮਟੋਲ ਅੱਖਰਣ ਲਗਦੀ ਹੈ। ਉਦੋਂ ਮੈਨੂੰ ਵਸੀਅਤ ਅਤੇ ਇੰਤਕਾਲ ਚੜ੍ਹਾਉਣ ਵਾਸਤੇ ਬਣਦੀ ‘ਸਰਕਾਰੀ ਫੀਸ’ ਬਾਰੇ ਕੋਈ ਇਲਮ ਨਹੀਂ ਸੀ। ਖੇਤ ਦੇ ਗੁਆਂਢੀ ਮਿੱਤਰ ਨੇ ਸਮਝਾਇਆ। ਇੱਥੇ ਤੁਹਾਡੀ ਪੜ੍ਹਾਈ ਤੇ ‘ਸਿਆਣਪ’ ਨਹੀਂ ਚੱਲਣੀ। ਬਣਦੀ ਫੀਸ ਭਰੇ ਬਿਨਾ ਇੰਤਕਾਲ ਨਹੀਂ ਚੜ੍ਹਨਾ। ਜਿੰਨੇ ਦਿਨ ਲੇਟ ਕਰੇਂਗਾ, ਫੀਸ ਦੀ ਰਕਮ ਅਮਰ ਵੇਲ ਵਾਂਗ ਵਧਦੀ ਜਾਏਗੀ। ਨਾਲੇ ਖੱਜਲ ਖੁਆਰੀ ਵੱਖਰੀ। ਅਣਮੰਨੇ ਮਨ ਨਾਲ ਉਸ ਸਨੇਹੀ ਦਾ ਸੁਝਾਅ ਮੰਨਦਿਆਂ ‘ਫ਼ੀਸ’ ਅਦਾ ਕਰਕੇ ਵਸੀਅਤ ਤੇ ਇੰਤਕਾਲ ਦਰਜ ਕਰਵਾ ਲਏ।
ਉਹ ਕੁਸੈਲੀ ਯਾਦ ਵਿਅੰਗਕਾਰ ਭਰਾ ਦੇ ਤੁਰ ਜਾਣ ’ਤੇ ਮੁੜ ਤਾਜ਼ਾ ਹੋ ਗਈ। ਭਰਾ ਦੀ ਵਸੀਅਤ ਲੈ ਮੁੜ ਤਸੀਲੇ ਜਾਣਾ ਪਿਆ। ਸ਼ਹਿਰ ਦੀ ਵੱਖੀ ਵਿੱਚ ਦੂਸਰੀ ਮੰਜ਼ਿਲ ’ਤੇ ਬਣੇ ਦਫਤਰ ਪਹੁੰਚੇ। ਕੰਮ ਕਰਨ ਲਈ ਰੱਖੇ ਪ੍ਰਾਈਵੇਟ ਮੁਨਸ਼ੀ ਨੇ ਨਾਂ, ਪਤਾ ਪੁੱਛਿਆ। ਫਿਰ ਸਾਅਬ ਆਏ ਤੇ ਬੋਲੇ, ‘ਇਹ ਕੰਮ ਤਾਂ ਸਾਡੀ ਡਿਊਟੀ ਹੈ। ਹੋਰ ਸੇਵਾ ਦੱਸੋ?’ ਕਾਗ਼ਜ਼ ਪੱਤਰ ਉਸਨੇ ਆਪਣੇ ਦਫਤਰ ਵਿੱਚ ਫੜ ਲਏ। ਬਣਦੀ ਫੀਸ ਮੁਨਸ਼ੀ ਪੌੜੀਆਂ ਉੱਤਰਦੇ ਭਤੀਜੇ ਤੋਂ ਲੈ ਗਿਆ। ਵਾਪਸੀ ’ਤੇ ਰਾਹ ਆਉਂਦੇ ਖੇਤ ਆ ਬੈਠੇ। ਦਿਲ ਦੇ ਦਰਦ ਦੀ ਆਵਾਜ਼ ਇਹ ਬੋਲ ਬਣੇ, ‘ਤੁਰ ਗਏ ਵਿਅਕਤੀ ਦਾ ਸੁਸਾਇਟੀ, ਸਮਾਜ ਲਈ ਕੀ ਰੋਲ ਰਿਹਾ, ਇਸਦੀ ਕੌਣ ਪ੍ਰਵਾਹ ਕਰਦਾ ਹੈ? ਆਪਣੇ ਪੁਰਖਿਆਂ ਦੀ ਜ਼ਮੀਨ ਜਾਇਦਾਦ ਨਾਂ ਕਰਵਾਉਣ ਲਈ ਮੂੰਹੋਂ ਮੰਗੀਆਂ ‘ਫ਼ੀਸਾਂ’ ਤਾਰਨਾ, ਭਲਾ ਕਿੱਧਰ ਦਾ ਇਨਸਾਫ਼ ਹੋਇਆ?’ ਗੁਆਂਢੀ ਖੇਤ ਵਾਲਾ ਇਸ ਵਰਤਾਰੇ ਨੂੰ ਭੁੱਲ ਜਾਣ ਲਈ ਆਖਦਾ ਹੈ। ਹਤਾਸ਼ ਮਨ ਪਿੰਡ ਵਾਲੇ ਘਰ ਵੱਲ ਅਹੁਲਦਾ ਹੈ।
ਪਿੰਡ ਦੀ ਸੱਥ ਵਿੱਚ ਸੰਗੀਆਂ ਨਾਲ ਤਾਸ਼ ਖੇਡਣ ਵਿੱਚ ਮਸਰੂਫ ਨਿਹਾਲ ਸਿੰਹੁ ਆਪਣੇ ਪੁੱਤ ਦੀ ਕਰਨੀ ’ਤੇ ‘ਫ਼ਖ਼ਰ’ ਕਰਦਾ ਹੈ। ਪੜ੍ਹ ਲਿਖ ਕੇ ਆਪਣੀ ਮਿਹਨਤ ਨਾਲ ਇਸ ਅਹੁਦੇ ’ਤੇ ਪੁੱਜਾ ਹੈ। ‘ਲਿਆਕਤ’ ਦੇ ਸਿਰ ਸੁੱਖ ਨਾਲ ਸ਼ਹਿਰੀ ਜਾਇਦਾਦ ਦਾ ਮਾਲਕ ਬਣਿਆ ਹੈ। ‘ਕਰਮਾਂ ਦੇ ਧਨੀ’ ਨੇ ਪਿਓ ਦਾਦੇ ਦੀ ਜ਼ਮੀਨ ਨੂੰ ਵੀ ਰੰਗ ਭਾਗ ਲਾਏ ਨੇ। ਲੋਕਾਂ ਦਾ ਕਿਹੜਾ ਕਿਸੇ ਨੇ ਮੂੰਹ ਫੜ ਲੈਣਾ? ਉਂਜ ਵੀ ਵਸੀਅਤ, ਇੰਤਕਾਲ ਦਰਜ ਕਰਨ ਵੇਲੇ ਸਰਕਾਰੀ ਫੀਸ ਲੈਣ ਦਾ ਕਾਨੂੰਨ ਹੈ। ਮੁਲਾਜ਼ਮਾਂ ਦੇ ਹੋਰ ਸੌ ਖਰਚੇ ਹੁੰਦੇ ਨੇ। ਵੱਡੇ ਅਫਸਰਾਂ ਦੀਆਂ ‘ਵਗਾਰਾਂ’ ਦੀ ਗਾਜ ਵੀ ਇਨ੍ਹਾਂ ’ਤੇ ਹੀ ਡਿਗਦੀ ਐ। ਅਜਿਹੇ ਖ਼ਰਚੇ ਕੋਈ ਆਪਣੀਆਂ ਜੇਬਾਂ ਵਿੱਚੋਂ ਤਾਂ ਭਰਨੋ ਰਿਹਾ? ਨਾਲੇ ਜੇ ਕਿਸੇ ਕਿਸਾਨ ਭਰਾ ਦਾ ਵਕਤ ਸਿਰ ਕੰਮ ਕਰਕੇ ਬਣਦੀ ਫੀਸ ਵਗ਼ੈਰਾ ਲੈ ਵੀ ਲਈ ਤਾਂ ਕੋਈ ਲੋਹੜਾ ਨੀਂ ਆਉਂਦਾ? ਸਾਡੇ ਲੋਕਾਂ ਨੂੰ ਅਰਬਾਂ ਦੇ ਘਪਲੇ ਕਰਦੇ ਰਾਜ ਨੇਤਾ ਤੇ ਚੁੱਪ ਚੁਪੀਤੇ ਖੁੱਲ੍ਹੇ ਗੱਫ਼ੇ ਛਕਦੇ ਵੱਡੇ ਅਫਸਰ ਨਜ਼ਰ ਨੀਂ ਆਉਂਦੇ। ਛੋਟੇ ਮੁਲਾਜ਼ਮਾਂ ਮਗਰ ਹਰੇਕ ਹੱਥ ਧੋ ਕੇ ਪੈ ਜਾਂਦਾ। ਨਾਲ ਬੈਠੇ ਜਣਿਆਂ ਵਿੱਚੋਂ ਤਾਏ ਜੀਤ ਦਾ ਬੋਲਿਆ ਵਿਅੰਗ ਬਾਣ ’ਹੂੰਅ’ ਉਸਦੇ ਬੋਲਾਂ ਨੂੰ ਵਿਰਾਮ ਚਿੰਨ੍ਹ ਲਾਉਂਦਾ ਹੈ।
ਨਿਹਾਲ ਸਿਹੁੰ ਦੇ ਪੁੱਤਰ ਦੀ ‘ਲਿਆਕਤ’ ਲੋਕਾਂ ਦੇ ਸਨੇਹੀ ਨਿਰਮਲ ਪਟਵਾਰੀ ਦੇ ਸਾਹਵੇਂ ਬੌਣੀ ਨਜ਼ਰ ਆਉਂਦੀ ਹੈ, ਜਿਸਦੀ ਸਰਕਾਰੀ ਨੌਕਰੀ ਦਾ ਤਿੰਨ ਦਹਾਕਿਆਂ ਦਾ ਸਫ਼ਰ ਹੈ। ਸੱਚਾ ਸੁੱਚਾ ਤੇ ਮਾਣ ਮੱਤਾ। ਨਾ ਵਗਾਰ ਪਾਉਂਦਾ ਤੇ ਨਾ ਝੇਲਦਾ ਹੈ। ਅਸੂਲਾਂ ਨਾਲ ਵਫ਼ਾ ਪੁਗਾਉਣਾ ਉਸਦੀ ਜ਼ਿੰਦਗੀ ਦਾ ਕਰਮ ਹੈ। ਇੰਤਕਾਲ ਦਰਜ ਕਰਦਿਆਂ ਉਸਦੀ ਅੱਖ ਅਗਲੇ ਦੀ ਜੇਬ ਨਹੀਂ ਵੇਖਦੀ। ਕਲਮ ਅੱਖਰਾਂ ਨੂੰ ਮਾਇਆ ਵਿੱਚ ਵਟਾਉਣ ਦੀ ਲਾਲਸਾ ਤੋਂ ਮੁਕਤ ਹੈ। ਕਲਮ ਵਿੱਚ ਵਫ਼ਾ ਰੂਪੀ ਨਿੱਬ ਤੇ ਇਮਾਨ ਦੀ ਸਿਆਹੀ ਹੈ। ਇਹ ਕਾਰਜ ਬਾਬਾ ਸ਼ੇਖ ਫਰੀਦ ਸੁਸਾਇਟੀ ਦੀਆਂ ਨਜ਼ਰਾਂ ਦੀ ਲੋਅ ਬਣਦੇ ਹਨ। ਮਹਾਨ ਸੂਫ਼ੀ ਕਵੀ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਵੱਕਾਰੀ ‘ਈਮਾਨਦਾਰੀ ਐਵਾਰਡ’ ਨਿਰਮਲ ਦੀ ਝੋਲੀ ਪੈਂਦਾ ਹੈ, ਜਿਸ ਤੋਂ ਜ਼ਿੰਦਗੀ ਦੇ ‘ਸੁਨਿਹਰੇ ਰੰਗ’ ਦੀ ਝਲਕ ਦਿਸਦੀ ਹੈ।
ਅਜਿਹੇ ਜੀਵਨ ਪੰਨਿਆਂ ਦੀ ਇਬਾਰਤ ਸੋਚਾਂ, ਸੁਪਨਿਆਂ ਨੂੰ ਰਾਹ ਦਿੰਦੀ ਹੈ। ਬੋਲ ਚਾਨਣ ਵੰਡਦੇ ਪ੍ਰਤੀਤ ਹੁੰਦੇ ਹਨ, ਖੋਹ ਖਿੱਚ ਕੇ ਬਣਾਈ ਦੌਲਤ ਦੀ ਖੁਸ਼ੀ ’ਤੇ ਮਾਣ ਥੋੜ੍ਹ ਚਿਰਾ ਤੇ ਅਧੂਰਾ ਹੁੰਦਾ। ਇਹ ਸਫ਼ਰ ਸਿਰ ਉਠਾ ਕੇ ਜਿਊਣ ਦੀ ਮੜ੍ਹਕ ਤੋਂ ਸੱਖਣਾ ਹੁੰਦਾ ਹੈ। ਹਾਸਲ ਮਾਣ ਤੇ ਸੁਖ ਮੁੱਠੀ ਵਿਚਲੀ ਰੇਤ ਵਾਂਗ ਹੁੰਦਾ ਹੈ। ਜਦਕਿ ਹੱਕ, ਸੱਚ ਨਾਲ ਵਫ਼ਾ ਨਿਭਾਉਣਾ ਉਸ ’ਮੜ੍ਹਕ’ ਦਾ ਪ੍ਰਤੀਕ ਬਣਦਾ ਹੈ, ਜਿਸ ਵਿੱਚ ਖੁਸ਼ੀ, ਸੰਤੁਸ਼ਟੀ ਤੇ ਪ੍ਰੇਰਨਾ ਦਾ ਸਬਕ ਛੁਪਿਆ ਹੁੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3548)
(ਸਰੋਕਾਰ ਨਾਲ ਸੰਪਰਕ ਲਈ: