“ਆਹ ਨੰਨ੍ਹੀ ਜਾਨ ਨੂੰ ਸੰਭਾਲਣ ਲਈ ਕਈ ਮਹੀਨਿਆਂ ਤੋਂ ਮਾਤਾ ਜੀ ਨਾਲ ਆਉਂਦੇ ਨੇ ...”
(5 ਨਵੰਬਰ 2018)
ਵਾਹਗਾ ਬਾਰਡਰ ਤੋਂ ਵਾਪਸੀ ’ਤੇ ਸਰਹੱਦੀ ਸ਼ਹਿਰ ਵਿੱਚ ਖੜ੍ਹਾ ਸਾਂ। ਇੱਕ ਸਨੇਹੀ ਨੇ ਆਵਾਜ਼ ਦੇ ਕੇ ਵੈਨ ਵਿੱਚ ਬਿਠਾ ਲਿਆ। ਬੱਚਿਆਂ ਸਮੇਤ ਪੰਦਰਾਂ ਸੋਲਾਂ ਜਣੇ ਉਸ ਵੈਨ ਵਿੱਚ ਸਵਾਰ ਸਨ। ਸਨੇਹੀ ਦੱਸਣ ਲੱਗਾ ਕਿ ਅਸੀਂ ਸਾਰੇ ਅਧਿਆਪਕ ਹਾਂ। ਉੱਚ ਯੋਗਤਾ ਹਾਸਲ ਕਰਕੇ ਹਰ ਪ੍ਰੀਖਿਆ ਮੋਹਰੀ ਰਹਿਣ ਵਾਲੇ ਸਾਨੂੰ ਅਧਿਆਪਕਾਂ ਦੀ ਚੋਣ ਸੂਚੀ ਵਿੱਚ ਮੋਹਰੀ ਹੋਣ ਦਾ ਆਹ ਇਨਾਮ ਮਿਲਿਆ ਹੈ। ਸਟੇਸ਼ਨ ਚੋਣ ਦਾ ਹੱਕ ਸਿਆਸਤ ਨਿਗਲ ਗਈ। ਘਰਾਂ ਤੋਂ 200 ਕਿਲੋਮੀਟਰ ਦੂਰ ਸਰਹੱਦੀ ਸਕੂਲਾਂ ਵਿੱਚ ਸੇਵਾ ਨਿਭਾਉਂਦੇ ਹਾਂ।
ਵੈਨ ਵਿਚਲੇ ਅਧਿਆਪਕਾਂ ਦੇ ਨਿਰਾਸ਼ ਚਿਹਰੇ ਤੱਕਦਿਆਂ ਮਨ ਮਸਤਕ ਵਿੱਚ ਪਿਛਲੇ ਸਾਲ ਦੂਰ ਦੁਰਾਡੇ ਸਕੂਲਾਂ ਨੂੰ ਜਾਂਦੇ ਸੜਕ ਹਾਦਸੇ ਦਾ ਸ਼ਿਕਾਰ ਬਣੇ ਦਰਜਨ ਭਰ ਅਧਿਆਪਕਾਂ ਦਾ ਦਰਦ ਉੱਭਰਦਾ ਹੈ। ਉੱਜੜੇ ਘਰਾਂ, ਬਿਖਰੇ ਸੁਪਨਿਆਂ ਤੇ ਬੁਝ ਗਏ ਗਿਆਨ ਦੀਪਕਾਂ ਦੀ ਯਾਦ ਬੇਚੈਨ ਕਰਦੀ ਹੈ। ਨਾਲ ਬੈਠੇ ਅਧਿਆਪਕ ਸਨੇਹੀ ਦੇ ਬੋਲ ਸੋਚਾਂ ਦੀ ਤੰਦ ਤੋੜਦੇ ਹਨ। ਅਸੀਂ ਅਧਿਆਪਕ ਬਣਨ ਤੋਂ ਪਹਿਲਾਂ ਪੜ੍ਹ ਲਿਖ, ਮਨਾਂ ਵਿੱਚ ਅਥਾਹ ਸੁਪਨੇ ਪਾਲੇ ਸਨ। ਕੀ ਪਤਾ ਸੀ, ਠੇਕੇ ’ਤੇ ਅਧਿਆਪਨ ਦੀ ਨੌਕਰੀ ਮਿਲੂ। ਹਨੇਰਾ ਭਵਿੱਖ ਹੈ ਅਸਾਡਾ। ਨਾ ਪੈਨਸ਼ਨ ਦੀ ਸਹੂਲਤ, ਨਾ ਰੁਜ਼ਗਾਰ ਦੀ ਗਾਰੰਟੀ। ਤਨਖਾਹ ਤਾਂ ਵੈਨ ਹੀ ਖਾ ਜਾਂਦੀ ਏ। ਵਿਭਾਗ ਨੇ ਤਿੰਨ ਸਾਲ ਪਰਖ਼ ਕਾਲ ਸਮਾਂ ਰੱਖਿਆ ਏ। ਨਿਗੂਣੀ ਤਨਖ਼ਾਹ ਫਾਕੇ ਕੱਟਣ ਲਈ ਬਹੁਤ ਏ।
ਸੜਕ ’ਤੇ ਆਉਂਦਾ ਰੇਲ ਫਾਟਕ ਬੰਦ ਮਿਲਿਆ। ਰੁਕੇ ਤਾਂ ਗੁਆਂਢ ਰਹਿੰਦੇ ਸੇਵਾ ਮੁਕਤ ਪ੍ਰਿੰਸੀਪਲ ਦੇ ਬੋਲ ਦਸਤਕ ਦੇਣ ਲੱਗੇ – ‘ਅਸੀਂ ਤਾਂ ਭਲੇ ਵੇਲਿਆਂ ਵਿੱਚ ਪੂਰੀ ਪੈਨਸ਼ਨ ਲੈ ਕੇ ਮਹਿਕਮੇ ਵਿੱਚੋਂ ਸੇਵਾ ਮੁਕਤ ਹੋ ਗਏ। ਹੁਣ ਅਧਿਆਪਕਾਂ ਦੀ ਨੌਕਰੀ ਦਾ ਕੋਈ ਹੱਜ ਨਹੀਂ। ਸਿੱਖਿਆ ਵਿਭਾਗ ਵਿੱਚ ਵੱਡੀਆਂ, ਉੱਚੀਆਂ ਡਿਗਰੀਆਂ ਲਈ ਫਿਰਦੇ ਕਾਬਲ ਅਧਿਆਪਕਾਂ ਦੀ ਕੋਈ ਕਦਰ ਨਹੀਂ। ਸਰਕਾਰ ਨੇ ਗੱਡੀਆਂ ਅਤੇ ਵਸਤਾਂ ਵਾਂਗ ਅਧਿਆਪਕਾਂ ਦੀਆਂ ਵੰਡੀਆਂ ਪਾ ਦਿੱਤੀਆਂ ਹਨ। 5178, ਐੱਸ. ਐੱਸ. ਏ. ਰਮਸਾ, 3442, ਸੀ. ਐੱਸ. ਐੱਸ. ਸਿੱਖਿਆ ਪ੍ਰੋਵਾਈਡਰ। ਮਜ਼ਦੂਰਾਂ ਦੀ ਮਹੀਨੇ ਭਰ ਦੀ ਦਿਹਾੜੀ ਤੋਂ ਘੱਟ ਤਨਖਾਹਾਂ ’ਤੇ ਕੰਮ ਕਰਦੇ ਨੇ। ਇਹ ਅਧਿਆਪਨ ਕਿੱਤੇ ਅਤੇ ਉੱਚ ਯੋਗਤਾ ਦਾ ਅਪਮਾਨ ਨਹੀਂ ਤਾਂ ਹੋਰ ਕੀ ਏ? ਕੱਚੀ ਨੌਕਰੀ, ਘੱਟ ਤਨਖਾਹ, ਘਰੋਂ ਮੀਲਾਂ ਦੂਰ ਨੌਕਰੀ, ਮਾਨਸਿਕ ਪ੍ਰੇਸ਼ਾਨੀ ਤੇ ਛਾਪੇ, ਦਬਕੇ - ਗੁਰੂਆਂ, ਪੀਰਾਂ ਤੇ ਪੰਜ ਦਰਿਆਵਾਂ ਦੀ ਇਸ ਧਰਤੀ ’ਤੇ ਸਰਕਾਰੀ ਅਧਿਆਪਕਾਂ ਦੇ ਹਿੱਸੇ ਆਈ ‘ਆਜ਼ਾਦੀ’ ਏ।’ ਪ੍ਰਿੰਸੀਪਲ ਦੀਆਂ ਦਲੀਲਾਂ ਸੁਣ ਮੈਨੂੰ ਕਿਰਤੀਆਂ ਦੇ ਬਾਲਾਂ ਦਾ ਖੁਸ ਰਿਹਾ ਹਾਸਾ, ਖੋਹੇ ਜਾ ਰਹੇ ਬਸਤੇ ਤੇ ਹਨੇਰੇ ਵਿੱਚ ਗੁਆਚ ਰਹੇ ਭਵਿੱਖ ਦਾ ਅਹਿਸਾਸ ਹੁੰਦਾ ਹੈ।
ਰੇਲ ਫਾਟਕ ਖੁੱਲ੍ਹਣ ’ਤੇ ਅਧਿਆਪਕ ਸਨੇਹੀ ਛੋਟੇ ਬੱਚੇ ਵਾਲੀ ਅਧਿਆਪਕਾ ਵੱਲ ਵੇਖਦਿਆਂ ਦੱਸਦਾ ਹੈ, ‘ਇਹ ਸਰਿਤਾ ਮੈਡਮ ਨੇ, ਤਿੰਨ ਸਾਲਾਂ ਤੋਂ ਸਰਹੱਦੀ ਸਕੂਲ ਵਿੱਚ ਲੱਗੇ ਹੋਏ ਨੇ। ਆਹ ਨੰਨ੍ਹੀ ਜਾਨ ਨੂੰ ਸੰਭਾਲਣ ਲਈ ਕਈ ਮਹੀਨਿਆਂ ਤੋਂ ਮਾਤਾ ਜੀ ਨਾਲ ਆਉਂਦੇ ਨੇ। ਛੇ ਮਹੀਨਿਆਂ ਤੋਂ ਤਨਖ਼ਾਹ ਬੰਦ ਏ। ਵਿਭਾਗ ਦਾ ਕਹਿਣਾ ਹੈ ਕਿ ਤੁਹਾਡੇ ਨਾਲ ਤਿੰਨ ਸਾਲ ਦੀ ਨੌਕਰੀ ਦਾ ਕਰਾਰ ਪੂਰਾ ਹੋ ਗਿਆ ਏ। ਇੱਕ ਅਧਿਆਪਕਾ, ਇੱਕ ਮਾਂ ਤੇ ਇੱਕ ਪਤਨੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਸੰਤਾਪ ਭੋਗਣ ਲਈ ਮਜਬੂਰ ਹਨ।’
ਅਧਿਆਪਕ ਸਨੇਹੀ ਦੇ ਬੋਲ ਕਲਮ ਨੂੰ ਹਲੂਣਦੇ ਹਨ। ਹਨੇਰਾ ਉਤਰਨ ’ਤੇ ਆਪਣੇ ਸ਼ਹਿਰ ਪਹੁੰਚਿਆ ਤਾਂ ਅੱਗੇ ਜਾਮ ਸੜਕ ਮਿਲੀ। ਮਸ਼ਾਲਾਂ ਜਗਾਈ ਵੱਡਾ ਕਾਫ਼ਲਾ ਚੌਕ ਘੇਰੀ ਬੈਠਾ ਸੀ। ਪੰਜਾਬ ਦੀ ਇੱਕ ਧੀ ਦੇ ਬੋਲ ਫਿਜ਼ਾ ਵਿੱਚ ਗੂੰਜ ਰਹੇ ਸਨ, ‘ਪਿਆਰੇ ਲੋਕੋ, ਤੁਹਾਡੀ ਪ੍ਰੇਸ਼ਾਨੀ ਦਾ ਸਾਨੂੰ ਅਫਸੋਸ ਹੈ ਪਰ ਤੁਹਾਡੇ ’ਤੇ ਵੀ ਗਿਲਾ ਹੈ। ਗੌਰ ਨਾਲ ਸੁਣਿਓ: ਹਰ ਪੰਜੀ ਸਾਲੀਂ ਲਾਰਿਆਂ ਅਤੇ ਝੂਠੇ ਵਾਅਦਿਆਂ ਦੀ ਫਸਲ ਪਾਲ ਤੁਸੀਂ ਜਿਨ੍ਹਾਂ ਨੂੰ ਚੁਣ ਕੇ ਤਾਜ ਬਖਸ਼ਦੇ ਹੋ, ਉਹ ਕਦੇ ਵੀ ਆਪਣੇ ਵਾਅਦਿਆਂ ’ਤੇ ਖਰੇ ਨਹੀਂ ਉੱਤਰੇ। ਸਾਡੀ ਸਿਹਤ, ਸਿੱਖਿਆ, ਰੁਜ਼ਗਾਰ ਨੂੰ ਘੁਣ ਵਾਂਗ ਖਾ ਰਹੇ ਹਨ। ਤੁਸੀਂ ਕਦੇ ਚੜ੍ਹਦੇ ਲਹਿੰਦੇ ਨਹੀਂ ਸੁਣਿਆ ਹੋਣਾ ਕਿ ਸਾਲਾਂ ਤੋਂ ਕੰਮ ਕਰਦੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਂ ’ਤੇ ਤੀਜੇ ਹਿੱਸੇ ਦੀ ਤਨਖਾਹ ਦੇਣ ਦਾ ਫ਼ੈਸਲਾ ਸੁਣਾਇਆ ਜਾਏ। ਸਾਡਾ ਕਸੂਰ ਇਹੋ ਹੈ ਕਿ ਅਸੀਂ ਅਧਿਆਪਕ ਹਾਂ। ਸਕੂਲਾਂ ਵਿੱਚ ਬਾਲਾਂ ਨੂੰ ਤਨਦੇਹੀ ਨਾਲ ਪੜ੍ਹਾਉਂਦੇ ਹਾਂ, ਪੂਰੀ ਤਨਖਾਹ ਤੇ ਪੱਕੇ ਹੋਣ ਦਾ ਹੱਕ ਮੰਗਦੇ ਹਾਂ। ਵਿਕਾਸ ਦੇ ਨਾਂ ’ਤੇ ਸੱਤਾ ਲੈਣ ਵਾਲੇ ਸਾਡੇ ਬੱਚਿਆਂ ਹੱਥੋਂ ਸੁਪਨੇ ਖੋਹਣ ਲਈ ਬਜ਼ਿੱਦ ਨੇ। ਇਹ ਸਾਨੂੰ ਹਰਗਿਜ਼ ਮਨਜ਼ੂਰ ਨਹੀਂ। ਸਾਡੇ ਕੋਲ ਸੰਘਰਸ਼ ਦਾ ਸੁਵੱਲੜਾ ਰਾਹ ਹੈ। ਅਸੀਂ ਪੰਜਾਬ ਦੇ ਬਾਲਾਂ ਦਾ ਪੜ੍ਹਨ ਦਾ ਹੱਕ ਬਚਾਉਣ ਅਤੇ ਰੁਜ਼ਗਾਰ ਖੋਹਦੀਆਂ ਨੀਤੀਆਂ ਨੂੰ ਮੋੜਾ ਦੇਣ ਲਈ ਸੜਕਾਂ ’ਤੇ ਨਿੱਤਰੇ ਹਾਂ।’ ਮੈਨੂੰ ਉਸ ਅਧਿਆਪਕਾ ਦੇ ਬੋਲਾਂ ਵਿੱਚੋਂ ਹੱਕ ਸੱਚ ਲਈ ਜੂਝਣ ਦਾ ਬੁਲੰਦ ਜਜ਼ਬਾ ਦਿਸਿਆ। ਚੰਗੇਰੀ ਜ਼ਿੰਦਗੀ ਲਈ ਸੰਘਰਸ਼ ਦੇ ਰਾਹ ਤੁਰੇ ਚਾਨਣ ਰੰਗੇ ਉਸਰਈਆਂ ਨੂੰ ਮਨ ਹੀ ਮਨ ਸਿਜਦਾ ਕਰਦਾ ਮੈਂ ਮਸ਼ਾਲਾਂ ਨਾਲ ਜਗਮਗ ਕਰਦੇ ਚੌਕ ਵੱਲ ਹੋ ਤੁਰਿਆ।
*****
(1379)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)