“ਮੂੰਹ ਹਨੇਰੇ ਥੱਕੇ ਟੁੱਟੇ ਮਿਹਨਕਸ਼ ਕੰਮਾਂ ਤੋਂ ਪਰਤਦੇ। ਦਰਾਂ ਤੋਂ ਲੰਘਦਿਆਂ ਪਰਿਵਾਰ ਸੁਖ ਦਾ ਸਾਹ ਲੈਂਦਾ। ਚੌਂਕੇ ਵਿੱਚ ...”
(14 ਫਰਵਰੀ 2024)
ਇਸ ਸਮੇਂ ਪਾਠਕ: 395.
ਜੀਵਨ ਰਾਹ ਸਿੱਧ ਪੱਧਰਾ ਕਦੇ ਨਹੀਂ ਮਿਲਦਾ। ਹਰ ਕਦਮ, ਮੋੜ ’ਤੇ ਦੁਸ਼ਵਾਰੀਆਂ ਨਾਲ ਸਾਹਮਣਾ ਹੁੰਦਾ ਹੈ। ਲੋੜਾਂ, ਮਜਬੂਰੀਆਂ ਦਾ ਕਲਾਵਾ ਰੁਕਾਵਟ ਬਣਦਾ ਹੈ। ਮੌਸਮ ਰਾਹ ਵਿੱਚ ਆ ਖੜ੍ਹਦੇ ਹਨ। ਧੁੰਦ ਦਾ ਚੁਫੇਰੇ ਪਸਰਿਆ ਗਲਾਫ਼ ਰਾਹੋਂ ਭਟਕਾਉਂਦਾ ਹੈ। ਨਾ ਹਵਾ ਦੀ ਸਰ ਸਰਸਰਾਹਟ, ਨਾ ਰੁੱਖਾਂ ਦਾ ਸਾਥ। ਪੰਛੀਆਂ ਦੀ ਚਹਿਕ ਗੁਆਚ ਜਾਂਦੀ ਹੈ, ਚੰਨ ਤਾਰੇ ਰਾਹ ਨਾ ਰੁਸ਼ਨਾਉਂਦੇ। ਠੰਢ ਸਿਦਕ ਦੀ ਪ੍ਰੀਖਿਆ ਲੈਂਦੀ ਹੈ, ਹੱਥਾਂ, ਪੈਰਾਂ ਨੂੰ ਸੀਤ ਕਰਦੀ ਜਾਂਦੀ ਹੈ, ਮਨ ਮਸਤਕ ’ਤੇ ਰੁਕਣ ਲਈ ਦਸਤਕ ਦਿੰਦੀ ਹੈ। ਪਹੁ ਫੁਟਾਲਾ ਗਾੜ੍ਹੀ ਧੁੰਦ ਦੀ ਦੀਵਾਰ ਪਿੱਛੇ ਅਟਕ ਗਿਆ ਪ੍ਰਤੀਤ ਹੁੰਦਾ ਹੈ।
ਸਿਦਕਵਾਨ ਰਾਹੀ ਔਖ ਸੌਖ ਝੇਲਦੇ ਤੁਰਦੇ ਰਹਿੰਦੇ ਹਨ, ਹਾਲਤਾਂ ਨਾਲ ਸਿੱਝਦੇ, ਬੋਚ ਬੋਚ ਕੇ ਕਦਮ ਰੱਖਦੇ। ਕਦਮਾਂ ਦੀ ਰਫਤਾਰ ਮੱਠੀ ਜ਼ਰੂਰ ਹੁੰਦੀ ਹੈ ਪਰ ਰੁਕਦੀ ਨਹੀਂ। ਸੜਕਾਂ ’ਤੇ ਪਸਰੀ ਚੁੱਪ, ਦੋਵੇਂ ਪਾਸੇ ਠੰਢ, ਧੁੰਦ ਤੇ ਕੋਰੇ ਦੀ ਗ੍ਰਿਫ਼ਤ ਵਿੱਚ ਸਿਰ ਉਠਾਈ ਖੜ੍ਹੇ ਰੁੱਖ। ਧੁੰਦ ਨੂੰ ਚੀਰਦੇ ਧੀਮੀ ਚਾਲ ਤੁਰਦੇ ਵਾਹਨ ਆਉਂਦੇ ਜਾਂਦੇ ਹੋਰਨਾਂ ਵਾਹਨਾਂ ਨੂੰ ਸਾਵਧਾਨੀ ਨਾਲ ਰਾਹ ਦਿੰਦੇ ਹਨ। ਚਾਲਕ ਬਾਜ਼ ਵਾਂਗ ਨਜ਼ਰਾਂ ਟਿਕਾਈ ਤੁਰਦੇ ਜਾਂਦੇ ਹਨ। ਮੰਜ਼ਿਲ ਵੱਲ ਸਿਦਕਦਿਲੀ ਨਾਲ ਵਧਣਾ, ਨਵੇਂ ਰਾਹ ਵੀ ਬਣਾਉਂਦਾ, ਖੋਲ੍ਹਦਾ ਹੈ।
ਖੇਤਾਂ ਦੇ ਪੁੱਤ ਕਿਰਤੀ ਕਾਮੇ ਸਵਖਤੇ ਉੱਠਦੇ ਹਨ, ਦਿਲ ਦਿਮਾਗ ਜਗਾਉਂਦੇ ਹਨ, “ਉੱਠ ਬਈ, ਆਪਣੀ ਮੰਜ਼ਿਲ ਉਡੀਕਦੀ ਹੈ। ਮੀਂਹ ਹਨੇਰੀ ਦਾ ਪ੍ਰਕੋਪ ਹੋਵੇ ਚਾਹੇ ਝੱਖੜ ਝੇੜਾ, ਆਪਾਂ ਤਾਂ ਔਕੜਾਂ ਨੂੰ ਸਿੱਧੇ ਮੱਥੇ ਟੱਕਰਨਾ ਹੁੰਦਾ। ਘਰ ਬੈਠਿਆਂ ਆਪਣੀ ਜ਼ਿੰਦਗੀ ਦਾ ਪਹੀਆ ਨੀਂ ਤੁਰਨਾ।” ਘਰਾਂ ਦੇ ਚੁੱਲ੍ਹੇ ਤਪਦੇ ਹਨ, ਗਰਮ ਚਾਹ ਦਿਲ ਜਾਨ ਨੂੰ ਮਾਂ ਦੀ ਗੋਦ ਜਿਹਾ ਨਿੱਘ ਦਿੰਦੀ ਹੈ। ਸਿਰੜ ਦੇ ਸੇਕ ਨਾਲ ਕਿਰਤੀ ਖੇਤਾਂ ਦਾ ਰਾਹ ਫੜਦੇ ਹਨ, ਖਾਲਿਆਂ ਦੇ ਨੱਕੇ ਖੋਲ੍ਹਦੇ ਹਨ। ਠੰਢਾ ਸੀਤ ਪਾਣੀ ਉਨ੍ਹਾਂ ਦੇ ਹੱਥਾਂ ਪੈਰਾਂ ਦਾ ਸਿਦਕ ਪਰਖਦਾ ਹੈ। ਕਣਕ ਦੇ ਖ਼ੇਤਾਂ ਵਿੱਚ ਪਿਆ ਕੋਰਾ ਉਨ੍ਹਾਂ ਦੀ ਕਰਨੀ ਤੋਂ ਸਦਕੇ ਜਾਂਦਾ ਹੈ, ‘ਧੰਨ ਹੋ ਅੰਨ ਦਾਤਿਓ! ਹਰ ਔਕੜ ਝੇਲ ਕੇ ਕਿਰਤ ਨਾਲ ਵਫਾ ਨਿਭਾਉਂਦੇ ਹੋ। ਸਾਨੂੰ ਪਾਲਦੇ ਪੋਸਦੇ ਹੋ, ਸਾਡੇ ਮੌਲਣ ਲਈ ਖਾਦ, ਪਾਣੀ ਪਾਉਂਦੇ ਹੋ। ਧਰਤੀ ਮਾਂ ਦੀਆਂ ਸੱਧਰਾਂ ਨੂੰ ਜਵਾਨ ਕਰਦੇ ਹੋ। ਧੀਆਂ ਪੁੱਤਰਾਂ ਦੇ ਸੁਫ਼ਨਿਆਂ ਵਿੱਚ ਰੰਗ ਭਰਦੇ, ਜਿਊਣ ਦੀਆਂ ਆਸਾਂ ਨੂੰ ਬੁਲੰਦ ਰੱਖਦੇ ਹੋ।’
ਰੋਜ਼ ਦੀ ਕਮਾ ਕੇ ਖਾਣ ਵਾਲੇ ਕਾਮੇ ਕੜਕਦੀ ਠੰਢ ਝੇਲਦੇ ਹਨ। ਸਵੇਰ ਸਵੇਰ ਵਰਕਸ਼ਾਪ, ਫੈਕਟਰੀਆਂ ਵਿੱਚ ਹੁੰਦੇ ਹਨ। ਸ਼ਹਿਰ, ਬਜ਼ਾਰ ਦੇ ਚੌਕਾਂ ਵਿੱਚ ਮਜ਼ਦੂਰੀ ਲਈ ਜਾ ਖੜ੍ਹਦੇ ਹਨ। ਅੱਖਾਂ ਵਿੱਚ ਜਿਊਣ ਦੀ ਆਸ, ਮਨਾਂ ਵਿੱਚ ਬਾਲਾਂ ਦੇ ਭਵਿੱਖ ਦੀ ਚਿੰਤਾ ਹੁੰਦੀ ਹੈ। ਦਿਨ ਭਰ ਵਰਕਸ਼ਾਪਾਂ ਵਿੱਚ ਲੋਹਾ ਕੱਟਦੇ, ਮੋਟਰ, ਕਾਰਾਂ ਦੀ ਮੁਰੰਮਤ ਵਿੱਚ ਜੁਟੇ ਰਹਿੰਦੇ, ਮਸ਼ੀਨਾਂ ਚਲਾਉਂਦੇ। ਗੱਡੀਆਂ ਵਿੱਚ ਸਮਾਨ ਲੱਦਦੇ, ਉਤਾਰਦੇ। ਉਸਾਰੀ ਦਾ ਕੰਮ ਕਰਦੇ, ਪੈੜਾਂ ਬੰਨ੍ਹਦੇ। ਗਾਰਾ ਬਣਾਉਂਦੇ, ਸੀਮਿੰਟ ਰਲਾਉਂਦੇ। ਸਿਰਾਂ ਉੱਤੇ ਭਰੇ ਬੱਠਲ ਚੁੱਕਦੇ। ਮਿਹਨਤ ਮੁਸ਼ੱਕਤ ਦੇ ਤਪ ਨਾਲ ਠੰਢ ਨੂੰ ਮਾਤ ਦਿੰਦੇ ਹਨ। ਸਖ਼ਤ ਜਾਨ ਦੇ ਬੋਲ ਸੁਣਦੇ, ‘ਭਾਵੇਂ ਮਜ਼ਦੂਰੀ ਹੀ ਕਿਉਂ ਨਾ ਹੋਵੇ। ਜਿਨ੍ਹਾਂ ਦੇ ਕਦਮਾਂ ਵਿੱਚ ਰਵਾਨੀ ਤੇ ਹੌਸਲਿਆਂ ਵਿੱਚ ਬੁਲੰਦੀ ਹੋਵੇ, ਰਾਹ ਰਸਤੇ ਦੀਆਂ ਔਕੜਾਂ ਉਨ੍ਹਾਂ ਦਾ ਰਾਹ ਨਹੀਂ ਰੋਕ ਸਕਦੀਆਂ।’
ਮਾਘ ਦੀ ਸੀਤ ਲਹਿਰ ਰੰਗ ਮੰਚ ਦੇ ਬੁਲੰਦ ਜਜ਼ਬਿਆਂ ਸਾਹਵੇਂ ਉਸਦੇ ਰੰਗ ਵਿੱਚ ਰੰਗੀ ਜਾਂਦੀ। ਕਲਾ ਨਾਲ ਜ਼ਿੰਦਗੀ ਦੇ ਨਕਸ਼ ਸੰਵਾਰਨ। ਸੁਖਾਵੇਂ ਸਮਾਜ ਦੇ ਰਾਹ ਚੇਤਨਾ ਦਾ ਚਾਨਣ ਪਸਾਰਨ। ਜਵਾਨੀ ਨੂੰ ਵਿਰਾਸਤ ਨਾਲ ਜੋੜਨ। ਭਟਕ ਰਿਹਾਂ ਨੂੰ ਠੀਕ ਰਸਤੇ ਪਾਉਣ। ਹੱਕ ਸੱਚ ਲਈ ਰੰਗ ਮੰਚ ਸਾਂਝ ਦੀ ਕੰਧ ਉਸਾਰਦਾ। ਧਾਰਮਿਕ ਮੇਲਿਆਂ ਵਿੱਚ ਵੀ ਚੇਤਨਾ ਦੀ ਬਾਤ ਪਾਉਂਦਾ। ਮੰਚ ਤੋਂ ਦੁੱਲੇ ਭੱਟੀ ਦੀ ਜੀਵਨ ਗਾਥਾ ਦਾ ਵਖਿਆਨ ਹੁੰਦਾ। ਕਲਾਕਾਰਾਂ ਦੇ ਵਾਰਤਾਲਾਪ ਸੀਨਿਆਂ ਵਿੱਚ ਜੋਸ਼ ਭਰਦੇ। ਬੁਲੰਦ ਬੋਲ ਫਿਜ਼ਾ ਵਿੱਚ ਗੂੰਜਦੇ। ਦੁੱਲੇ ਦੇ ਕੁਰਬਾਨ ਹੋਣ ਮਗਰੋਂ ਵੀ ਮਾਂ ਲੱਧੀ ਦਾ ਸਿਦਕ ਸੱਤਵੇਂ ਅਸਮਾਨ ’ਤੇ ਹੁੰਦਾ। ਸਾਂਦਲ ਬਾਰ ਦੇ ਲੋਕਾਂ ਨਾਲ ਨਗਾਰੇ ਦੀ ਧਮਕ ਨਾਲ ਅਹਿਦ ਕਰਦੀ। ਦੁੱਲਾ ਮੋਇਆ ਨਹੀਂ, ਬਾਰ ਦੇ ਲੋਕਾਂ ਅੰਦਰ ਸਮੋ ਗਿਆ ਹੈ। ਨਾ ਹੀ ਅਜੇ ਜੰਗ ਮੁੱਕੀ ਹੈ। ਜੰਗ ਜਾਰੀ ਰਹੇਗੀ। ਦਰਸ਼ਕਾਂ ਨਾਲ ਭਰਿਆ ਪੰਡਾਲ ਖੜ੍ਹਾ ਹੁੰਦਾ। ਦੁੱਲੇ ਦੀ ਵਿਰਾਸਤ ਨੂੰ ਤੋਰਦੀ ਨਾਟ ਕਲਾ ਦਾ ਤਾੜੀਆਂ ਦੀ ਗੂੰਜ ਸਨਮਾਨ ਕਰਦੀ।
ਮੂੰਹ ਹਨੇਰੇ ਥੱਕੇ ਟੁੱਟੇ ਮਿਹਨਕਸ਼ ਕੰਮਾਂ ਤੋਂ ਪਰਤਦੇ। ਦਰਾਂ ਤੋਂ ਲੰਘਦਿਆਂ ਪਰਿਵਾਰ ਸੁਖ ਦਾ ਸਾਹ ਲੈਂਦਾ। ਚੌਂਕੇ ਵਿੱਚ ਚੁੱਲ੍ਹੇ ਮੂਹਰੇ ਬੈਠ ਅੱਗ ਸੇਕਦੇ ਬਾਲਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਝਲਕ ਦਿਸਦੀ। ਦਸਾਂ ਨਹੁੰਆਂ ਦੀ ਕਿਰਤ ਕਰਕੇ ਮੁੜੇ ਬਾਪ ਉੱਤੇ ਰਸ਼ਕ ਹੁੰਦਾ। ਸੁਆਣੀ ਸਾਰਿਆਂ ਨੂੰ ਰੁੱਖੀ ਮਿੱਸੀ ਰੋਟੀ ਪਰੋਸਦੀ। ਚੌਂਕੇ ਦੀ ਕੱਚੀ ਕੰਧੋਲੀ ਉੱਪਰੋਂ ਆਉਂਦੀ ਸੀਤ ਹਵਾ ਤਪਦੇ ਚੁੱਲ੍ਹੇ ਦੇ ਸੇਕ ਤੋਂ ਮਾਤ ਖਾਂਦੀ। ਇੱਕੋ ਇੱਕ ਸੁਆਤ ਦਾ ਜਗਦਾ ਬਲਬ ਸਰਕਾਰੀ ਸਕੂਲ ਵਿੱਚ ਪੜ੍ਹਦੇ ਬਾਲਾਂ ਨੂੰ ਰੌਸ਼ਨੀ ਵੰਡਦਾ। ਉਹ ਰਜਾਈ ਵਿੱਚ ਬੈਠ ਸਕੂਲ ਦਾ ਕੰਮ ਪੂਰਾ ਕਰਨ ਲਈ ਅਹੁਲਦੇ। ਹੱਥ ਮੂੰਹ ਧੋ ਆਪਣਾ ਮੰਜਾ ਮੱਲਦਾ ਕਿਰਤੀ ਪੈਂਦਿਆਂ ਹੀ ਨੀਂਦ ਦੀ ਗੋਦ ਵਿੱਚ ਜਾ ਬਹਿੰਦਾ। ਕੰਮਕਾਰ ਤੋਂ ਵਿਹਲੀ ਹੋ ਮਾਂ ਠੰਢ ਤੋਂ ਬਚਾ ਲਈ ਸੁਆਤ ਦਾ ਪੱਲਾ ਹੇਠਾਂ ਛੱਡਦੀ। ਪੜ੍ਹ ਰਹੇ ਬੱਚਿਆਂ ਵੱਲ ਆਸ ਭਰੀਆਂ ਨਜ਼ਰਾਂ ਨਾਲ ਵੇਂਹਦੀ। ਪੇਕੇ ਪਿੰਡ ਤੇ ਸਕੂਲ ਦੀ ਯਾਦ ਆਉਂਦੀ। ਬਾਪ, ਦਾਦੇ ਨੇ ਉਮਰ ਭਰ ਮਿਹਨਤ ਨਾਲ ਕਿਵੇਂ ਨਾ ਕਿਵੇਂ ਘਰ ਤੋਰਿਆ, ਪਰ ਘਰ ਪਰਿਵਾਰ ਨੂੰ ਪੈਰਾਂ ਸਿਰ ਨਾ ਕਰ ਸਕੇ। ਮਾਂ ਦੀ ਬਿਮਾਰੀ ਕਰਕੇ ਸੱਤਵੀਂ ਤੋਂ ਸਕੂਲ ਦੀ ਪੜ੍ਹਾਈ ਛੁੱਟੀ। ਕਈ ਸਾਲਾਂ ਮਗਰੋਂ ਇਲਾਜ ਖੁਣੋ ਮਾਂ ਵਿਛੜੀ। ਬਾਪ ਨੇ ਕਰਜ਼ਾ ਚੁੱਕ ਹੱਥ ਪੀਲੇ ਕਰ ਆਪਣਾ ਫਰਜ਼ ਨਿਭਾ ਦਿੱਤਾ। ਪੇਕੇ ਪਿੰਡ ਵਾਲੀ ਹਾਲਤ ਸਹੁਰੇ ਘਰ ਮਿਲੀ। ਚੰਗੇ ਦਿਨਾਂ ਦੀ ਆਸ ਅਜੇ ਨੇੜੇ ਨਹੀਂ ਦਿਸਦੀ। ਨਜ਼ਰਾਂ ਕਾਲਿਜ ਪੜ੍ਹਦੇ ਆਪਣੇ ਮੁੰਡੇ ਵੱਲੋਂ ਨਵੇਂ ਸਾਲ ’ਤੇ ਲਿਆਂਦੇ ਕੈਲੰਡਰ ’ਤੇ ਪੈਂਦੀਆਂ। ਭਗਤ ਸਿਹੁੰ ਤੇ ਸਵਿੱਤਰੀ ਬਾਈ ਫੂਲੇ ਦਾ ਕੈਲੰਡਰ ਉਸ ਨੂੰ ਚਾਨਣ ਦੀ ਕਿਰਨ ਜਾਪਦਾ। ਸੁਆਤ ਦਾ ਬਲਬ ਬੁਝਦਿਆਂ ਹੀ ਸੋਚਾਂ ਦੀ ਤੰਦ ਜਗਦੀ। ਧਰਮਸ਼ਾਲਾ ਵਿੱਚ ਜੁੜੇ ਮਜ਼ਦੂਰਾਂ ਦੇ ’ਕੱਠ ਵਿੱਚ ਪਾਲੀ ਪ੍ਰਧਾਨ ਦੇ ਬੋਲ ਉਸ ਨੂੰ ਕੈਲੰਡਰ ਦੇ ਚਾਨਣ ਦਾ ਰੂਪ ਜਾਪਦੇ, ‘ਆਪਣੇ ਕੋਲ ਚੰਗੇਰੀ ਜ਼ਿੰਦਗੀ ਦਾ ਇੱਕੋ ਰਾਹ ਐ … … ਬੱਚਿਆਂ ਦੇ ਮਨਾਂ ਅੰਦਰ ਗਿਆਨ ਅਤੇ ਚੇਤਨਾ ਦੇ ਦੀਪ ਜਗਾਉਣਾ। ਮਿਹਨਤ ਮੁਸ਼ੱਕਤ ਕਰਦਿਆਂ ਸਿਰ ਜੋੜ ਕੇ ਤੁਰਨਾ। ਇਕੱਠ ਦੇ ਜ਼ੋਰ ਹੱਕਾਂ ਹਿਤਾਂ ਲਈ ਸੰਘਰਸ਼ਾਂ ਦੇ ਪਿੜ ਮੱਲਣਾ।’ ਕੰਡਿਆਂ ’ਤੇ ਤੁਰਦੇ, ਸਿਦਕ ਸਬਰ ਨਾਲ ਔਕੜਾਂ ਝੇਲਦੇ, ਬੁਲੰਦ ਆਸ ਅਤੇ ਸਵੈਮਾਣ ਭਰੇ ਸਾਵੇਂ ਸਮਾਜ ਦੀ ਬੁਲੰਦ ਤਾਂਘ ਸੰਗ ਵਿਚਰਦੇ, ਚੇਤਨਾ ਅਤੇ ਸੰਘਰਸ਼ਾਂ ਦੇ ਸਫ਼ਰ ਵੱਲ ਵਧਦੇ, ਜਗਦੇ ਪਾਤਰ ਮੈਨੂੰ ਜ਼ਿੰਦਗੀ ਦੀ ਮੜਕ ਜਾਪਦੇ, ਜਿਸ ਵਿੱਚ ਜਿਊਣ ਦਾ ਮਕਸਦ ਸਮੋਇਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4723)
(ਸਰੋਕਾਰ ਨਾਲ ਸੰਪਰਕ ਲਈ: (