“ਆਪਣੇ ਹੱਕਾਂ ਲਈ ਰਾਜਧਾਨੀ ਦੇ ਬਾਰਡਰ ’ਤੇ ਬੈਠੇ ਕਿਰਤੀ ਕਿਸਾਨਾਂ ਦੇ ਆਪਣੇ ਘਰਾਂ ...”
(20 ਦਸੰਬਰ 2020)
ਜ਼ਿੰਦਗੀ ਨੇ ਕਰਵਟ ਬਦਲੀ ਹੈ। ਖੇਤਾਂ ਦੇ ਪੁੱਤ ਜਾਗ ਪਏ ਨੇ। ਉਹਨਾਂ ਆਪਣੇ ਸੁਪਨੇ ਤੇ ਭਵਿੱਖ ਬਚਾਉਣ ਲਈ ਦਿੱਲੀ ਦਾ ਰਾਹ ਮੱਲ ਲਿਆ ਹੈ। ਰਾਜਧਾਨੀ ਦੇ ਬਾਰਡਰ ਤੇ ਚੁਫ਼ੇਰੇ ਮੀਲਾਂ ਤਕ ਸੜਕ ਕਿਨਾਰੇ ਟਰਾਲੀਆਂ ਵਿੱਚ ਨਵੇਂ ਘਰ ਉੱਸਰ ਗਏ ਜਾਪਦੇ ਨੇ। ਉਹਨਾਂ ਜੀਣ ਥੀਣ ਦੇ ਸੁਪਨਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਔਕੜਾਂ ਨਾਲ ਸਿੱਝਣ ਦੀ ਜਾਂਚ ਉਹ ਨਾਲ ਲੈ ਕੇ ਆਏ ਨੇ। ਜਵਾਨੀ ਦੀ ਬਦਲੀ ਤੋਰ ਨੇ ਆਸਾਂ ਨੂੰ ਦਿਸ਼ਾ ਦਿੱਤੀ ਹੈ। ਮਾਵਾਂ ਨੇ ਮੋਢਾ ਥਾਪੜਿਆ ਹੈ। ਬਾਲ ਆਪਣੇ ਮਾਪਿਆਂ ਨਾਲ ਨੀਲੇ ਅਸਮਾਨ ਹੇਠ ਰੋਹ ਦੇ ਪੰਨੇ ਲਿਖਣ ਬੈਠੇ ਹਨ। ਮਿਲ ਬੈਠਣਾ, ਚਰਚਾ ਵਿੱਚ ਭਾਗ ਲੈਣਾ ਤੇ ਦਿਨ ਭਰ ਰੈਲੀ ਰੂਪੀ ਸੰਘਰਸ਼ੀ ਸਕੂਲ ਵਿੱਚ ਹਾਜ਼ਰ ਰਹਿਣਾ ਨਿੱਤ ਦਿਨ ਦਾ ਕਰਮ ਬਣ ਗਿਆ ਹੈ। ਸੰਘਰਸ਼ ਜ਼ਿੰਦਗੀ ਦੀ ਨਵੀਂ ਗਾਥਾ ਲਿਖਣ ਦਾ ਰਾਹ ਬਣ ਰਿਹਾ ਹੈ।
ਦਿੱਲੀ ਮੋਰਚੇ ਵਿੱਚ ਜਾਂਦਿਆਂ ਸ਼ਾਮ ਨੂੰ ਅਸੀਂ ਮਹਾਨ ਵੀਰਾਂਗਣਾ ਗ਼ਦਰੀ ਗੁਲਾਬ ਕੌਰ ਦੇ ਨਾਂ ’ਤੇ ਵਸੇ ਸੰਘਰਸ਼ੀ ਨਗਰ ਵਿੱਚ ਪਹੁੰਚ ਗਏ। ਗਵਾਂਢੀ ਪਿੰਡਾਂ ਤੋਂ ਆਏ ਕਾਫ਼ਲੇ ਨਾਲ ਮੇਲ ਹੋਇਆ। ਟਰਾਲੀ ਵਿੱਚ ਆਪਣਾ ਸਮਾਨ ਸਾਂਭ ਸੰਘਰਸ਼ੀ ਕਦਮਾਂ ਦੀ ਆਹਟ ਸੁਣਨ ਲਈ ਤੁਰ ਪਏ। ਸੜਕ ਦੇ ਦੋਹੀਂ ਪਾਸੀਂ ਮੀਲਾਂ ਵਿੱਚ ਫੈਲੇ, ਕਤਾਰਾਂ ਵਿੱਚ ਖੜ੍ਹੇ ਟਰੈਕਟਰ ਤੇ ਪਿੱਛੇ ਜੁੜੀਆਂ ਟਰਾਲੀਆਂ ਘਰਾਂ ਦਾ ਰੂਪ ਬਣੀਆਂ ਹੋਈਆਂ ਸਨ। ਕੁਝ ਟਰਾਲੀਆਂ ਨੇ ਮਿਲ ਕੇ ਸਾਂਝੇ ਘਰ ਬਣਾ ਲਏ ਸਨ। ਬਜ਼ੁਰਗ ਤੇ ਨੌਜਵਾਨ ਖਾਣਾ ਬਣਾਉਣ ਵਿੱਚ ਮਸਰੂਫ ਸਨ। ਔਰਤਾਂ ਤੇ ਬੱਚੇ ਵੀ ਕੰਮ ਵਿੱਚ ਹੱਥ ਵਟਾ ਰਹੇ ਸਨ। ਚੁੱਲ੍ਹਿਆਂ ਹੇਠ ਬਲਦੀ ਅੱਗ ਜਾਗੀ ਚੇਤਨਾ ਦੀ ਲੋਅ ਜਾਪ ਰਹੀ ਸੀ।
ਆਪੋ ਆਪਣੇ ਸੰਗੀਆਂ ਨਾਲ ਸੜਕ ਕਿਨਾਰੇ ਕਤਾਰਾਂ ਵਿੱਚ ਬੈਠ ਕੇ ਖਾਣਾ ਖਾ ਰਹੇ ਖੇਤਾਂ ਦੇ ਪੁੱਤ ਸੰਘਰਸ਼ ਦੀ ਪ੍ਰੀਖਿਆ ਦੇ ਵਿਦਿਆਰਥੀ ਬਣੇ ਬੈਠੇ ਸਨ। ਬਜ਼ੁਰਗ ਮਾਵਾਂ ਖਾਣਾ ਵਰਤਾਉਣ ਵਿੱਚ ਰੁੱਝੀਆਂ ਹੋਈਆ ਸਨ। ਹਨੇਰਾ ਪਸਰੇ ਤੋਂ ਨਾਲ ਲਗਦੇ ਹਰਿਆਣਵੀ ਕਿਸਾਨਾਂ ਦਾ ਸਹਿਯੋਗ ਕਾਇਲ ਕਰਨ ਵਾਲਾ ਸੀ। ਆਪਣੇ ਦਰ ’ਤੇ ਦਿਲ ਖੋਲ੍ਹ ਕੇ ਉਹ ਖਾਣ ਪੀਣ ਤੇ ਨਿੱਤ ਵਰਤੋਂ ਦੀਆਂ ਵਸਤਾਂ ਲੈ ਕੇ ਦਰਾਂ ਤਕ ਪਹੁੰਚ ਰਹੇ ਸਨ। ਟਰਾਲੀਆਂ ਵਿੱਚ ਜਲੇਬੀਆਂ ਬਣਾ ਕੇ ਵੰਡਣ ਦਾ ਮੰਜ਼ਰ ਜ਼ਿੰਦਗੀ ਵਿੱਚ ਪਹਿਲੀ ਵੇਰ ਤੱਕਿਆ। ਰਾਜਧਾਨੀ ਤੋਂ ਆਏ ਵਿਦਿਆਰਥੀ ਤੇ ਬੱਚੇ ਦਵਾਈਆਂ ਤੇ ਹੋਰ ਸਮਾਨ ਵੰਡਦੇ ਖੇਤਾਂ ਦੇ ਜਾਇਆਂ ਪ੍ਰਤੀ ਸਨੇਹ ਪ੍ਰਗਟਾ ਰਹੇ ਸਨ। ਜੁੜ ਬੈਠੇ ਬਜ਼ੁਰਗ ਬਾਪੂਆਂ ਦੀ ਚੁੰਝ ਚਰਚਾ ਇਰਾਦੇ ਦਰਸਾ ਰਹੀ ਸੀ। ਮੋਦੀ ਨੂੰ ਕੀ ਪਤਾ ਹੈ, ਖੇਤ ਸਾਡੀ ਜਿੰਦ ਜਾਨ ਹਨ - ਸਾਡੇ ਧੀਆਂ ਪੁੱਤਰਾਂ ਵਾਂਗ ਹਨ। ਖੇਤ ਖੋਹਣੇ ਤਾਂ ਦੂਰ ਉਹਨਾਂ ’ਤੇ ਮੈਲੀ ਨਜ਼ਰ ਨਾਲ ਵੇਖਣਾ ਵੀ ਸਾਨੂੰ ਗਵਾਰਾ ਨਹੀਂ। ਹੁੰਗਾਰਾ ਭਰਦੇ ਬਾਪੂ ਦਿੱਲੀ ਵੱਲ ਜਰਨੈਲਾਂ ਵਾਂਗ ਚੁਣੌਤੀ ਭਰੀਆਂ ਨਜ਼ਰਾਂ ਨਾਲ ਵੇਖ਼ ਰਹੇ ਸਨ।
ਸੜਕ ’ਤੇ ਵਸੇ ਨਗਰ ਵਿਚਕਾਰ ਤੁਰਦਿਆਂ ਕਿਤੇ ਕਿਤੇ ਸੰਗੀਤ ਵੱਜਦਾ ਸੁਣਾਈ ਦਿੰਦਾ ਹੈ। ਗੀਤਾਂ ਵਿੱਚ ਪਹਿਲਾਂ ਵਾਲੀ ਤੜਕ ਭੜਕ ਤੇ ਸ਼ੋਰ ਸ਼ਰਾਬਾ ਨਹੀਂ ਸੀ। ਗੀਤਾਂ ਵਿੱਚੋਂ ਉੱਠਣ, ਜਾਗਣ ਤੇ ਹੱਕਾਂ ਲਈ ਮੈਦਾਨ ਮੱਲਣ ਦੇ ਸੁਨੇਹੇ ਸੁਣਾਈ ਦੇ ਰਹੇ ਸਨ। ਨੌਜਵਾਨਾਂ ਦਾ ਉਤਸ਼ਾਹ ਵੇਖਿਆ ਹੀ ਬਣਦਾ ਹੈ। ਚਾਰੇ ਪਾਸੇ ਬੁਲੰਦ ਇਰਾਦਿਆਂ ਨਾਲ ਫਿਰ ਰਹੀ ਜਵਾਨੀ ਬਦਲੀ ਫਿਜ਼ਾ ਦਾ ਰੰਗ ਦਰਸਾ ਰਹੀ ਸੀ। ਜਿਸ ਕੋਲ ਵੀ ਰੁਕੇ, ਸਾਰਿਆਂ ਨੇ ਅਪਣੱਤ ਜਤਾਈ। ਸਥਾਨਕ ਲੋਕਾਂ ਦਾ ਸਾਥ ਸੰਘਰਸ਼ ਦਾ ਸੁਖਦ ਅਨੁਭਵ ਹੈ। ਬਾਰਡਰ ’ਤੇ ਬੈਠੇ ਕਾਫਲਿਆਂ ਦੀ ਕੀਤੀ ਜਾ ਰਹੀ ਬੇ ਅਥਾਹ ਸੇਵਾ ਕਿਰਤ ਦੀ ਸਾਂਝ ਨੂੰ ਉਚਿਆਉਂਦੀ ਨਜ਼ਰ ਆ ਰਹੀ ਸੀ।
ਤੁਰੇ ਜਾਂਦਿਆਂ ਸਾਹਮਣਿਓਂ ਔਰਤਾਂ ਦੀ ਅਗਵਾਈ ਵਿੱਚ ਆਉਂਦਾ ਵੱਡਾ ਕਾਫ਼ਲਾ ਮਿਲਿਆ। ਜਾਗੋ ਦਿੱਲੀ ਦੇ ਬਾਰਡਰ ’ਤੇ ਆਣ ਪਹੁੰਚੀ ਸੀ। ਬੋਲੀਆਂ ਅਤੇ ਨਾਅਰੇ ਜੋਸ਼ ਭਰਨ ਵਾਲੇ ਸਨ। ਦਿੱਲੀ ਨੂੰ ਸੁਣਵਾਈ ਕਰਦੇ ਜਾਪਦੇ ਸਨ। ਸੰਘਰਸ਼ ਵਿੱਚ ਜੁਟੀਆਂ ਔਰਤਾਂ ਦਾ ਹੌਸਲਾ ਕਾਬਲ ਏ ਦਾਦ ਸੀ। ਗੀਤਾਂ, ਬੋਲੀਆਂ ਤੇ ਭਾਸ਼ਣਾਂ ਰਾਹੀਂ ਵੰਡਿਆ ਜਾ ਰਿਹਾ ਚੇਤਨਾ ਦਾ ਚਾਨਣ ਮਨ ਮਸਤਕ ਰੁਸ਼ਨਾ ਰਿਹਾ ਸੀ।
ਆਪਣੇ ਰਹਿਣ ਵਾਲੀ ਥਾਂ ਪਰਤੇ ਤਾਂ ਸੌਣ ਦੀ ਤਿਆਰੀ ਕਰ ਰਿਹਾ ਸਨੇਹੀ ਪੁਸਤਕਾਂ ਨਾਲ ਸੰਵਾਦ ਰਚਾ ਰਿਹਾ ਸੀ। ਰਹਿਣ ਕਮਰਾ ਬਣੀ ਟਰਾਲੀ ਵਿੱਚ ਇੱਕ ਕੋਨੇ ਵਿੱਚ ਪੁਸਤਕਾਂ ’ਤੇ ਮੈਗਜ਼ੀਨ ਪਏ ਸਨ। ਗੱਲਾਂ ਚੱਲੀਆਂ ਤਾਂ ਸਨੇਹੀ ਕਹਿਣ ਲੱਗਾ, ਪੁਸਤਕਾਂ ਦਾ ਸਾਥ ਰਾਹ ਦਰਸਾਵਾ ਬਣਦਾ ਹੈ। ਸੰਘਰਸ਼ ਸੁਪਨਿਆਂ ਨੂੰ ਜਿਉਂਦੇ ਰੱਖਦਾ ਹੈ। ਆਪਣੇ ਹੱਕਾਂ ਲਈ ਰਾਜਧਾਨੀ ਦੇ ਬਾਰਡਰ ’ਤੇ ਬੈਠੇ ਕਿਰਤੀ ਕਿਸਾਨਾਂ ਦੇ ਆਪਣੇ ਘਰਾਂ ਵਿੱਚ ਭਾਵੇਂ ਹਨੇਰਾ ਹੋਵੇ ਪਰ ਇਨ੍ਹਾਂ ਦੀ ਰੋਹਲੀ ਆਵਾਜ਼ ਨੇ ਮਨਾਂ ’ਤੇ ਦਸਤਕ ਦਿੱਤੀ ਹੈ। ਸੰਘਰਸ਼ ਰੂਪੀ ਚੇਤਨਾ ਲਟ ਲਟ ਬਲਣ ਲੱਗੀ ਹੈ। ਰਾਜਧਾਨੀ ਦੇ ਬਾਰਡਰਾਂ ਉੱਤੇ ਰਾਤਾਂ ਰੁਸ਼ਨਾਉਣ ਲੱਗੀਆਂ ਹਨ।
ਸਵਖਤੇ ਉੱਠ ਬਾਹਰ ਆਇਆ ਤਾਂ ਮਨ ਹੀ ਮਨ ਦੂਰ ਤਕ ਬਣੇ ਕਿਸਾਨ ਘਰਾਂ ਨੂੰ ਨਿਹਾਰਿਆ। ਰਾਤਾਂ ਚਾਨਣੀਆਂ ਕਰਨ ਵਾਲੀ ਚੇਤਨਾ ਤੇ ਸੰਘਰਸ਼ ਨੂੰ ਸਿਜਦਾ ਕਰਦਿਆਂ ਦੂਰ ਸੈਰ ਨੂੰ ਨਿਕਲ ਗਿਆ। ਵਾਪਸੀ ਤੇ ਸਰਘੀ ਵੇਲੇ ਦੀ ਲੋਅ ਦਾ ਸੁਖਦ ਸੰਦੇਸ਼ ਉਤਸ਼ਾਹ ਬਣ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2475)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)