“ਜਿਹੜੇ ਹੁਣ ਸਲਾਮਾਂ ਕਰਦੇ ਨੇ, ਉਦੋਂ ਅੰਗਰੇਜ਼ ਪੁਲਿਸ ਤੋਂ ਬਖ਼ਸ਼ੀਸ਼ਾਂ ਲੈਣ ਖਾਤਰ ਇਹੋ ਹੀ ...”
(16 ਮਈ 2019)
ਇੱਕ ਸ਼ਾਮ ਮੈਂ ਆਪਣੇ ਖੇਤ ਵਾਲੀ ਮੋਟਰ ਕੋਲ ਜਾ ਬੈਠਾ। ਖੇਤ ਨੂੰ ਆਉਂਦੇ ਕੱਚੇ ਰਾਹ ’ਤੇ ਨਜ਼ਰ ਪੈਂਦਿਆਂ ਹੀ ਮਨ ਮਸਤਕ ਵਿੱਚ ਇੱਕ ਚਿਹਰਾ ਉੱਭਰਨ ਲੱਗਿਆ। ਖੱਦਰ ਦੇ ਦੁੱਧ ਧੋਤੇ ਕੱਪੜਿਆਂ ਨਾਲ ਛੋਟੀ ਸਫੈਦ ਪੱਗ ਬੰਨ੍ਹੀ ਤੇ ਹੱਥ ਵਿੱਚ ਖੂੰਡੀ ਫੜੀ, ਸਾਬਤ ਕਦਮਾਂ ਨਾਲ ਪੈੜਾਂ ਪਾਉਂਦਾ ਸਾਇਆ ਨਜ਼ਰ ਆਇਆ। ਹੱਥੀਂ ਕਿਰਤ ਕਰਨ ਵਾਲੇ ਪਰਿਵਾਰ ਵਿੱਚ ਜਨਮਿਆ, ਮਾਪਿਆਂ ਤੋਂ ਸਖ਼ਤ ਮਿਹਨਤ ਤੇ ਮੁਸ਼ਕਲਾਂ ਸੰਗ ਮੱਥਾ ਲਾਉਣ ਦੀ ਗੁੜ੍ਹਤੀ ਲਈ। ਦੋ ਤਿੰਨ ਜਮਾਤਾਂ ਪੜ੍ਹ ਕੇ ਚਾਨਣ ਦੇ ਰਾਹ ਹੋ ਤੁਰਿਆ। ਉਹ ਇਸ ਕਲਮ ਨੂੰ ਦੁਨੀਆਂ ਵਿਖਾਉਣ ਵਾਲਾ, ਉਂਗਲ ਫੜ ਤੋਰਦਾ, ਮਾਣਮੱਤੀ ਤੇ ਘਾਲਣਾਵਾਂ ਭਰੀ ਜ਼ਿੰਦਗੀ ਦਾ ਮਾਲਕ, ਨਿਡਰ ਬਾਪ ਸੀ।
ਚੜ੍ਹਦੀ ਜਵਾਨੀ ਵਿੱਚ ਮਨ ਆਜ਼ਾਦੀ ਦੇ ਸੁਪਨੇ ਲੈਣ ਲੱਗਾ। ਪਰਜਾ ਮੰਡਲ ਲਹਿਰ ਉਸਦੀ ਪਹਿਲੀ ਠਾਹਰ ਬਣੀ। ਇਸ ਰਾਹ ਤੁਰਦਿਆਂ ਉਸ ਨੂੰ ਕਵਿਤਾ ਫੁਰਨ ਲੱਗੀ। ਮਾਪਿਆਂ ਨੂੰ ਇਹ ਵਿਹਲਿਆਂ ਦਾ ਵਾਧੂ ਕੰਮ ਲਗਦਾ। ਕੋਈ ਕਮਾਈ ਵਾਲਾ ਕੰਮ ਧੰਦਾ ਨਾ ਕਰਨ ’ਤੇ ਮਾਪੇ ਔਖੇ ਭਾਰੇ ਵੀ ਹੁੰਦੇ ਪਰ ਉਸ ਨੂੰ ਅੰਗਰੇਜ਼ੀ ਰਾਜ ਦੇ ਜੂਲੇ ਤੋਂ ਮੁਕਤ ਹੋਣ ਦਾ ਬੁਲੰਦ ਜਜ਼ਬਾ ਬਹਿਣ ਨਾ ਦਿੰਦਾ। ਕਿਰਤੀ ਮਾਪਿਆਂ ਨੂੰ ਇਹ ਵੇਖ ਕੇ ਫ਼ਿਕਰ ਹੋਣ ਲੱਗਾ। ਉਹਨਾਂ ਘਰ ਦੇ ਰੁਝੇਵਿਆਂ ਵਿੱਚ ਪਾਉਣ ਦੇ ਮਨਸ਼ੇ ਨਾਲ ਵਿਆਹ ਕਰਕੇ ਆਪਣਾ ਫਰਜ਼ ਨਿਭਾਇਆ।
ਉਸਦਾ ਪਰਜਾ ਮੰਡਲ ਵਿੱਚ ਆਉਣ ਜਾਣ ਵਧਿਆ ਤਾਂ ਅੰਗਰੇਜ਼ ਪੁਲਿਸ ਪੈੜ ਨੱਪਣ ਲੱਗੀ। ਪਿੰਡ ਦੇ ਸਰਕਾਰੀ ਸੂਹੀਆਂ ਲਈ ਕਿਰਤੀਆਂ ਦੇ ਜਾਏ ਨੌਜਵਾਨ ਦਾ ਆਜ਼ਾਦੀ ਦੀ ਲਹਿਰ ਨਾਲ ਜੁੜਨਾ ਗਵਾਰਾ ਨਹੀਂ ਸੀ। ਉਹ ਘਰ ਵੱਲ ਗੇੜਾ ਰੱਖਣ ਲੱਗੇ। ਹੁਣ ਸਿਰ ਉੱਤੇ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਵੀ ਆ ਪਈ ਸੀ। ਉਹਨਾਂ ਜਨਤਕ ਸਭਾਵਾਂ ਤੇ ਪਰਜਾ ਮੰਡਲ ਦੇ ਸਮਾਗਮਾਂ ਵਿੱਚ ਸਟੇਜੀ ਕਵਿਤਾ ਪੜ੍ਹਨੀ ਆਰੰਭੀ। ਉਹ ‘ਆਜ਼ਾਦ’ ਬਣ ਕੇ ਵਿਚਰਨ ਲੱਗਿਆ। ਮਾਪਿਆਂ ਦੀ ਮਦਦ ਲਈ ਮਾਂ ਵੀ ਹੱਥੀਂ ਕਿਰਤ ਕਰਦੀ ਤਾਂ ਘਰ ਦਾ ਖਰਚਾ ਤੁਰਦਾ। ਉਹ ਨਾ-ਮਿਲਵਰਤਣ ਲਹਿਰ ਦੀ ਫੜੋ ਫੜੀ ਵਿੱਚ ਅੰਗਰੇਜ਼ ਪੁਲਿਸ ਦੇ ਹੱਥ ਆ ਗਏ। ਸਜ਼ਾ ਲਈ ਮੁਲਤਾਨ ਜੇਲ ਭੇਜ ਦਿੱਤਾ ਗਿਆ। ਮਗਰੋਂ ਤੰਗੀਆਂ ਤੁਰਸ਼ੀਆਂ ਮਾਂ ਦਾ ਸਿਦਕ ਨਾ ਡੁਲਾ ਸਕੀਆਂ।
ਆਖ਼ਰੀ ਉਮਰੇ ਉਹ ਅਕਸਰ ਜ਼ਿਕਰ ਕਰਦੇ, “ਬਹੁਤ ਔਖਾਂ ਕੱਟੀਆਂ ਨੇ ਜ਼ਿੰਦਗੀ ਵਿੱਚ, ਮੁਲਤਾਨ ਜੇਲ ਦਾ ਕਾਲਾ ਹਨੇਰਾ ਵੀ ਨਹੀਂ ਹਰਾ ਸਕਿਆ ਸਾਨੂੰ। ਕਈ ਕਈ ਦਿਨ ਚਾਨਣ ਦੇ ਦਰਸ਼ਨ ਨਹੀਂ ਸਨ ਹੁੰਦੇ ਪਰ ਸਾਡੇ ਅੰਦਰ ਆਜ਼ਾਦੀ ਦੀ ਜੋਤ ਲਟ ਲਟ ਬਲਦੀ ਸੀ। ਦੋ ਮਹੀਨਿਆਂ ਬਾਅਦ ਜੇਲ ਤੋਂ ਰਿਹਾਈ ਹੋਈ ਤਾਂ ਰਜਵਾੜਾਸ਼ਾਹੀ ਖ਼ਿਲਾਫ਼ ਘੋਲ ਸ਼ੁਰੂ ਹੋ ਗਿਆ। ਜਦੋਂ ਤੁਰੇ, ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਜਿਹੜੇ ਹੁਣ ਸਲਾਮਾਂ ਕਰਦੇ ਨੇ, ਉਦੋਂ ਅੰਗਰੇਜ਼ ਪੁਲਿਸ ਤੋਂ ਬਖ਼ਸ਼ੀਸ਼ਾਂ ਲੈਣ ਖਾਤਰ ਇਹੋ ਹੀ ਸਾਡੀਆਂ ਜਾਨਾਂ ਦੇ ਵੈਰੀ ਬਣੇ ਹੋਏ ਸਨ।
“ਸਿਰ ਉਠਾ ਕੇ ਜਿਉਣ ਤੇ ਹੱਕ ਸੱਚ ਵਾਲਿਆਂ ਨਾਲ ਖੜ੍ਹਨ ਦੀ ਵੱਡੀ ਕੀਮਤ ਚੁਕਾਈ ਹੈ। ਆਪਣਾ ਸੁਖ ਚੈਨ ਤਿਆਗਿਆ, ਘਰ ਪਰਿਵਾਰ ਤੋਂ ਦੂਰ ਜੇਲ੍ਹਾਂ ਦੇ ਦਰ ਮਿਣਦੇ ਰਹੇ। ਅੰਗਰੇਜ਼ ਪੁਲਿਸ ਦੀ ਲਾਠੀਆਂ ਦੀ ਮਾਰ ਕਸਕ ਬਣ ਅਜੇ ਵੀ ਰੜਕਦੀ ਹੈ। ਤੁਹਾਡੇ ਪਾਲਣ ਪੋਸ਼ਣ ਤੇ ਪੜ੍ਹਾਈ ਲਈ ਮਦਦ ਕਰਨ ਵਾਲਿਆਂ ਨੇ ਵੀ ਹੱਥ ਪਿੱਛੇ ਨਹੀਂ ਖਿੱਚਿਆ। ਤੁਹਾਡੀ ਮਾਂ ਮੈਂਨੂੰ ਫੜਨ ਆਉਂਦੀ ਅੰਗਰੇਜ਼ ਪੁਲਿਸ ਵੱਲੋਂ ਘਰ ਦੇ ਖਿਲਾਰੇ ਸਮਾਨ ਤੇ ਬੋਲ ਕੁਬੋਲਾਂ ਦੀ ਗਵਾਹ ਹੈ।”
ਉਹ ਦੱਸਦੇ, “ਆਹ ਜ਼ਮੀਨ ਦਾ ਟੁਕੜਾ ਤਾਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਣਾਇਆ। ਇਹਦੀ ਕਿਸ਼ਤ ਨਹੀਂ ਸੀ ਤਾਰੀ ਜਾਂਦੀ। ਸਟੇਜਾਂ ਤੇ ਕਵਿਤਾ ਪੜ੍ਹਦਿਆਂ, ਲੋਕ ਸੰਪਰਕ ਮਹਿਕਮੇ ਵਿੱਚ ਕੰਮ ਕੀਤਾ। ਘਰ ਨੂੰ ਪੈਰਾਂ ਸਿਰ ਕਰਨ ਲਈ ਸੁਪਰਵਾਈਜ਼ਰ ਬਣ ਪੰਜਾਬ ਦੀਆਂ ਮੰਡੀਆਂ ਗਾਹ ਮਾਰੀਆਂ। ਤੁਹਾਡੀ ਪੜ੍ਹਾਈ ਲਿਖਾਈ ਇਸੇ ਕਰਮ ਵਿੱਚੋਂ ਉਪਜੀ ਹੈ। ...”
ਖੇਤੋਂ ਘਰ ਪਰਤਦਾ ਮੈਂ ਉਹਨਾਂ ਦੀ ਛਾਂ ਹੇਠ ਗੁਜ਼ਾਰੇ ਵਰ੍ਹੇ ਗਿਣਨ ਲੱਗਿਆ। ਘਰ ਆਮਦਨ ਦਾ ਕੋਈ ਵਸੀਲਾ ਨਹੀਂ ਸੀ, ਫਿਰ ਵੀ ਸਾਰੇ ਪਰਿਵਾਰ ਦੀ ਪੜ੍ਹਾਈ ਦਾ ਉਨ੍ਹਾਂ ਖਰਚ ਝੱਲਿਆ। ਸਾਰਿਆਂ ਨੂੰ ਮੰਜ਼ਿਲ ’ਤੇ ਪੁੱਜਦਾ ਕੀਤਾ। ਰੋਅਬਦਰ ਚਿਹਰਾ, ਸੀਨੇ ਅੰਦਰ ਸਭਨਾਂ ਦੇ ਭਲੇ ਲਈ ਧੜਕਦਾ ਦਿਲ. ਕਹਿੰਦੇ ਕਹਾਉਂਦਿਆਂ ਸਾਹਵੇਂ ਸੱਚ ਕਹਿਣ ਦੀ ਜੁਰਅਤ ਜਿਹੇ ਅਨੂਠੇ ਗੁਣ ਉਹ ਰੱਖਦੇ ਸਨ। ਹੱਕਾਂ ਲਈ ਨਿਡਰ ਹੋ ਕੇ ਸਦਾ ਬੋਲਦੇ, ਜੂਝਦੇ ਰਹੇ। ਆਖਰੀ ਉਮਰੇ ਹਰ ਮਜਲਸ ਵਿੱਚ ਆਪਣੀ ਛੰਦਬੱਧ ਕਵਿਤਾ ਦਾ ਰੰਗ ਬਿਖੇਰਦੇ ਰਹੇ। ਹੱਥ ਵਿੱਚਲੇ ਕਾਲੇ ਬੈਗ ਵਿੱਚ ਆਪਣੀਆਂ ਛਪੀਆਂ ਪੁਸਤਕਾਂ ਪਾ ਕੇ ਨਾਲ ਰੱਖਦੇ। ‘ਆਜ਼ਾਦ ਦੇ ਤੀਰ’, ‘ਦਰਦ ਸੁਨੇਹੜੇ’, ‘ਪਾਕਿ ਦੀ ਹਾਰ’ ਆਦਿ ਖ਼ੁਦ ਆਪਣੇ ਪਾਠਕਾਂ ਦੇ ਹੱਥਾਂ ਤੱਕ ਪੁੱਜਦਾ ਕਰਦੇ।
ਮਨ ਵਿੱਚ ਉਹਨਾਂ ਦੀ ਸੇਵਾ ਸੰਭਾਲ ਦਾ ਸਕੂਨ ਲਈ ਜ਼ਿੰਦਗੀ ਵਾਂਗ ਘਰ ਸਾਂਭੇ ਦਸਤਾਵੇਜ਼ ਵੇਖਦਾ ਹਾਂ। ਕਰਮਯੋਗੀ ਬਾਪ ਦਾ ਤਾਮਰ ਪੱਤਰ, ਕਵਿਤਾ ਵਾਲੀਆਂ ਹੱਥ ਲਿਖਤਾਂ ਤੇ ਖਤ-ਪੱਤਰ ਮੇਰਾ ਰਾਹ ਰੁਸ਼ਨਾਉਂਦੇ ਹਨ। ਜ਼ਿੰਦਗੀ ਨੂੰ ਉਹਨਾਂ ਦੇ ਸਾਬਤ ਕਦਮਾਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਭੁੱਲਦੇ। ਸਮਾਜਿਕ ਬਰਾਬਰੀ, ਚੇਤਨਾ ਤੇ ਇਨਸਾਫ਼ ਜਿਹੇ ਆਦਰਸ਼ਾਂ ਲਈ ਜਿਉਣਾ ਉਹਨਾਂ ਦੀਆਂ ਪੈੜਾਂ ਦਾ ਹੀ ਪ੍ਰਤਾਪ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1587)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om