“ਪੁਸਤਕਾਂ ਦੇ ਕਲਾਵੇ ਵਿੱਚੋਂ ਮਿਲਿਆ ਸਿਦਕ, ਸੁਹਜ, ਸਿਰੜ ਸਫਲਤਾ ਦਾ ਆਧਾਰ ...”
(16 ਮਾਰਚ 2024)
ਘਰ ਦਾ ਛੋਟਾ, ਕੱਚਾ ਸੁਆਰਿਆ ਵਿਹੜਾ, ਬਚਪਨ ਦਾ ਪਹਿਲਾ ਸਕੂਲ, ਨਿੱਕੀਆਂ-ਨਿੱਕੀ ਪੁਲਾਘਾਂ ਦੀ ਠਾਹਰ ਬਣਦਾ, ਮਾਂ ਦੇ ਮਿੱਠੇ ਬੋਲਾਂ ਦੀ ਸੌਗਾਤ ਦਿੰਦਾ। ਨੰਨ੍ਹੇ ਕਦਮ ਵਿਹੜੇ ਨੂੰ ਚੁੰਮਦੇ। ਮਾਂ ਵੇਖਦੀ, ਮੁਸਕਰਾਉਂਦੀ। ਮੋਹ ਮਮਤਾ ਦੀ ਮੁਸਕਾਨ ਤੁਰਨ ਦਾ ਹੌਸਲਾ ਬਣਦੀ। ਮੋਹ ਦੀ ਭਾਸ਼ਾ ਸਮਝ ਆਉਣ ਲੱਗੀ। ਉੱਠਦਿਆਂ, ਤੁਰਦਿਆਂ ਡਿਗਣਾ, ਸਹਾਰਾ ਨਾ ਲੱਭਦਾ ਤਾਂ ਹੰਝੂ ਅੱਖਾਂ ਭਰਦੇ। ਭੈਣਾਂ ਗੋਦੀ ਚੁੱਕਦੀਆਂ, ਵਰਾਉਂਦੀਆਂ, ਪੰਛੀਆਂ ਨਾਲ ਗੱਲਾਂ ਕਰਨਾ ਸਿਖਾਉਂਦੀਆਂ। ਬੋਲਦੇ, ਉੱਡਦੇ ਪੰਖੇਰੂ ਮਨ ਦਾ ਸਕੂਨ ਬਣਦੇ, ਮਨ ਪਰਚ ਜਾਂਦਾ, ਹਾਸੀ ਮਨ ਦੇ ਅੰਬਰ ’ਤੇ ਦਸਤਕ ਦਿੰਦੀ। ਵਿਹੜੇ ਵਿੱਚ ਖੁਸ਼ੀ ਪਸਰ ਜਾਂਦੀ। ਮਾਂ ਦਾ ਲਾਡ ਹੁਲਾਰਾ ਦਿੰਦਾ। ਗੋਦ ਵਿੱਚ ਬੈਠ ਬਚਪਨ ਸ਼ਬਦਾਂ ਨੂੰ ਮਨ ਦੇ ਪੰਨਿਆਂ ’ਤੇ ਸਾਂਭਣ ਲਗਦਾ।
ਮਾਖਿਓਂ ਮਿੱਠੇ ਦੁੱਧ ਨਾਲ ਮਾਂ ਬੋਲੀ ਦੀ ਦਾਤ ਵੀ ਮਿਲੀ। ਤੋਤਲੇ ਬੋਲਾਂ ਵਿੱਚ ਮਾਂ ਮਗਰੋਂ ਹੋਰ ਸ਼ਬਦ ਜੁੜਨ ਲੱਗੇ। ਭੈਣ, ਭਰਾ, ਮਾਸੀ ਭੂਆ ਜਿਹੇ ਸ਼ਬਦ ਰਿਸ਼ਤਿਆਂ ਦਾ ਨਿੱਘ ਦਿੰਦੇ। ਭਰਾ ਦੀ ਉਂਗਲੀ ਫੜ ਤੁਰਨਾ, ਮੰਜ਼ਿਲ ਪਾਉਣ ਲਈ ਤੁਰਦੇ ਰਹਿਣ ਦਾ ਸਬਕ ਬਣਿਆ। ਮਾਸੀ ਦਾ ਲਾਡ, ਭੂਆ ਦਾ ਪਿਆਰ ਜਿਊਣ ਦੀ ਤਾਂਘ ਨੂੰ ਹੁਲਾਰਾ ਦਿੰਦਾ। ਮਾਂ ਦੀ ਝਿੜਕ, ਘੂਰੀ ਸਬਕ ਬਣਦੀ। ਮਿੱਟੀ ਵਿੱਚ ਖੇਡਦਿਆਂ ਤੁਰਨਾ, ਬੋਲਣਾ ਸਿੱਖਿਆ। ਬੋਲ ਬਾਣੀ ਦਾ ਸੁਹਜ ਸਲੀਕਾ ਆਇਆ। ਸੁਰਤ ਸੰਭਾਲੀ ਤਾਂ ਕਦਮ ਗਿਆਨ ਦੇ ਘਰ ਨੂੰ ਹੋ ਤੁਰੇ। ਕੋਮਲ ਮਨ ਦੀਆਂ ਤੰਦਾਂ ਸਿੱਖਣ, ਪੜ੍ਹਨ ਨਾਲ ਜੁੜਨ ਲੱਗੀਆਂ।
ਗਲੀ ਗੁਆਂਢ ਦਾ ਆਪਸੀ ਮੇਲ ਮਿਲਾਪ, ਸੱਥਾਂ, ਬੋਹੜਾਂ ਦੀਆਂ ਛਾਵਾਂ। ਵਿਆਹ, ਮੰਗਣੇ, ਮੁਕਲਾਵੇ। ਗੀਤਾਂ, ਬੋਲੀਆਂ ਅਤੇ ਗਿੱਧਿਆਂ ਨੇ ਵਿਰਸੇ ਦਾ ਪਾਠ ਪੜ੍ਹਾਇਆ, ਅਪਣੱਤ, ਸਨੇਹ ਦੇ ਲੜ ਲਾਇਆ। ਵਿਆਹਾਂ ਤੋਂ ਪਹਿਲਾਂ ਹੀ ਘਰਾਂ ਵਿੱਚ ਗੀਤ ਗੂੰਜਣ ਲਗਦੇ। ਹੇਕਾਂ ਦੀ ਗੂੰਜ ਤੇ ਮਿਠਾਸ ਤਨ ਮਨ ਸਰਸ਼ਾਰ ਕਰਦੀ। ਵਿਆਹਾਂ ਵਿੱਚ ਬਾਲ ਬੱਚੇ ਰਲਮਿਲ ਖੁਸ਼ੀ ਦੀਆਂ ਤਰੰਗਾਂ ਨਾਲ ਖੇਡਦੇ। ਖੂਬ ਖਾਂਦੇ ਪੀਂਦੇ, ਨਾ ਕੋਈ ਰੋਕ ਟੋਕ ਹੁੰਦੀ ਨਾ ਰੋਅਬ ਰੌਲਾ। ਸਾਝਾਂ ਦੀ ਅਨੂਠੀ ਮਹਿਕ ਖ਼ੁਸ਼ੀਆਂ ਦੇ ਦਰ ਖੋਲ੍ਹਦੀ। ਮਿਲ ਬੈਠਣ, ਹੱਥ ਵਟਾਉਣ ਦੀ ਪ੍ਰੇਰਨਾ ਸਹਿਜੇ ਹੀ ਆ ਮਿਲੀ।
ਫੱਟੀ, ਬਸਤਾ ਤੇ ਕਲਮ ਦਵਾਤ ਦੋਸਤ ਬਣ ਮਿਲੇ, ਸਿੱਖਣ ਦੀ ਤਾਂਘ ਅੰਗ ਸੰਗ ਰਹਿਣ ਲੱਗੀ। ਨਵੇਂ ਅੱਖਰਾਂ ਨਾਲ ਮੇਲ ਜੋਲ ਰਾਸ ਆਇਆ। ਸ਼ਬਦਾਂ ਦੀ ਸੰਗਤ ਮਿਲੀ। ਗਿਆਨ ਮਨ ਮਸਤਕ ਨੂੰ ਚੇਤਨਾ ਦਾ ਚਾਨਣ ਦਿੰਦਾ। ਚੇਤਨਾ ਜਾਨਣ ਸਿੱਖਣ ਦੀ ਜਗਿਆਸਾ ਜਗਾਉਂਦੀ। ਗਿਆਨ ਦੀ ਪੌੜੀ ਚੜ੍ਹਦਿਆਂ ਸੂਝ ਦਾ ਪਸਾਰ ਹੁੰਦਾ ਗਿਆ। ਹਾਲਤਾਂ ਨੇ ਕਦਮਾਂ ਨੂੰ ਮੰਜ਼ਿਲ ਵੱਲ ਜਾਣ ਦੀ ਜਾਂਚ ਦੱਸੀ। ਮਾਂ ਅਕਸਰ ਜ਼ਿਕਰ ਕਰਦੀ, ‘ਪੁੱਤ! ਸਫਲਤਾ ਥਾਲੀ ਵਿੱਚ ਰੱਖੀ ਚੀਜ਼ ਨਹੀਂ ਹੁੰਦੀ, ਜਿਹੜੀ ਸੌਖਿਆਂ ਹੀ ਹਾਸਲ ਹੋ ਜਾਵੇ, ਇਹ ਤਾਂ ਨਿੱਤ ਦਿਨ ਦੀ ਮਿਹਨਤ ਹੁੰਦੀ ਐ। ਸਿਦਕ, ਸਿਰੜ ਨਾਲ ਔਕੜਾਂ ਝੇਲਣੀਆਂ ਪੈਂਦੀਆਂ, ਕਦਮਾਂ ਨੂੰ ਸੰਭਲ ਕੇ ਮੰਜ਼ਿਲ ਵੱਲ ਤੋਰਨਾ ਹੁੰਦਾ। ਥਿੜਕਣ, ਭਟਕਣ ਮਿਹਨਤ ਬੇਕਾਰ ਕਰ ਦਿੰਦੀ ਐ।’
ਸਕੂਲ ਤੋਂ ਕਾਲਿਜ ਜਾਂਦਿਆਂ ਵਿਰਾਸਤ ਰਾਹ ਦਸੇਰਾ ਬਣੀ। ਪਰਜਾ ਮੰਡਲ ਦੇ ਸਿਪਾਹੀ ਰਹੇ ਬਾਪ ਦੀਆਂ ਕਵਿਤਾਵਾਂ ਦੇ ਬੋਲ ਮਨ ਦੇ ਬੂਹੇ ਦਸਤਕ ਦਿੰਦੇ। ਕਦਮ ਕਾਲਿਜ ਲਾਇਬਰੇਰੀ ਵੱਲ ਅਹੁਲਦੇ। ਪੁਸਤਕਾਂ ਦੇ ਪੰਨਿਆਂ ਤੋਂ ਸ਼ਬਦਾਂ ਨਾਲ ਸੰਵਾਦ ਹੁੰਦਾ। ਚੰਗੇਰੀ ਜ਼ਿੰਦਗੀ ਲਈ ਜੂਝਦੇ ਪਾਤਰ ਪ੍ਰੇਰਨਾ ਦੀ ਜਾਗ ਲਾਉਂਦੇ। ‘ਪਗਡੰਡੀਆਂ’ ਹੱਥ ਲੱਗੀ। ਸਾਬਤ ਕਦਮੀਂ ਤੁਰਦੇ ਰਹਿਣ ਦਾ ਸਬਕ ਦੇ ਗਈ। ਔਕੜਾਂ ਨਾਲ ਮੱਥਾ ਲਾਉਂਦੀ ਇਕੱਲੀ ਇਕਹਿਰੀ ਔਰਤ ਮਾਂ ਦਾ ਸਿਦਕ ਯਾਦ ਦਿਵਾਉਂਦੀ। ਮਾਂ ਦੇ ਅੱਟਣਾਂ ਭਰੇ ਹੱਥ ਗਵਾਹ ਬਣਦੇ।
‘ਥੋਡੇ ਬਾਪ ਦੇ ਆਜ਼ਾਦੀ ਲਈ ਤੁਰੇ ਕਦਮਾਂ ਨੇ ਪਰਿਵਾਰ ਦੀ ਪ੍ਰੀਖਿਆ ਵੀ ਲਈ। ਦਸਾਂ ਨਹੁੰਆਂ ਦੀ ਕਿਰਤ ਮੇਰਾ ਸਹਾਰਾ ਬਣਦੀ। ਜਿਵੇਂ ਕਿਵੇਂ ਪਰਿਵਾਰ ਸਾਂਭਦੀ। ਸਰਕਾਰੀ ਜ਼ੈਲਦਾਰਾਂ ਦੇ ਸਾਹਵੇਂ ਅੜਦੀ। ਆਂਢ ਗੁਆਂਢ ਡਾਢਿਆਂ ਦੇ ਡਰੋਂ ਬਾਂਹ ਨਾ ਫੜਦਾ। ਰੁੱਖੀ ਮਿੱਸੀ ਨਾਲ ਵਕਤ ਲੰਘਾਇਆ। ਕਿਸੇ ਮੂਹਰੇ ਹੱਥ ਨਹੀਂ ਅੱਡਿਆ।’ ਇਹ ਬੋਲ ਮਾਂ ਦੇ ਸਵੈਮਾਣ ਦੀ ਝਲਕ ਬਣਦੇ।
ਦੇਰ ਰਾਤ ਤਕ ਕੱਚੀ ਸੁਆਤ ਦਾ ਬਲਬ ਜਗਦਾ ਰਹਿੰਦਾ। ਬਲਬ ਦੀਆਂ ਕਿਰਨਾਂ ਵਿੱਚੋਂ ਮੈਨੂੰ ਐਡੀਸਨ ਦਾ ਸਾਇਆ ਨਜ਼ਰ ਆਉਂਦਾ। ਉਹ ਸਵਾਲ, ਸ਼ੰਕੇ ਪ੍ਰਗਟ ਕਰਦਾ। ਖੋਜੀ ਬਿਰਤੀ ਨੂੰ ਮਨ ਮਸਤਕ ਵਿੱਚ ਵਸਾ ਕੇ ਦਿਨ ਰਾਤ ਇੱਕ ਕਰਦਾ। ਉਸਦੀ ਖੋਜ ਨਾਲ ਜੱਗ ਰੌਸ਼ਨ ਹੁੰਦਾ। ਇਹ ਅਹਿਸਾਸ ਮੇਰੇ ਮਨ ਨੂੰ ਗਿਆਨ ਦੀ ਗੰਗਾ ਵਿੱਚ ਉਤਾਰਦਾ। ਪੁਸਤਕਾਂ ਦੀ ਬੁੱਕਲ ਵਿੱਚੋਂ ਮਿਲੇ ਚੇਤਨਾ ਦੇ ਮੋਤੀ ਰਾਹ ਬਣਾਉਂਦੇ। ਲਗਨ ਦੀ ਬੁਲੰਦੀ ਆਸਾਂ ਦੀ ਤੰਦ ਬੁਣਦੀ। ਰਾਤ ਦਿਨ ਸੋਚਾਂ, ਸੁਫ਼ਨਿਆਂ ਵਿੱਚ ਬੀਤਦੇ। ਦਿਲ ਦਿਮਾਗ ਨੂੰ ਸੰਤੁਸ਼ਟੀ ਦੀ ਪੌਣ ਹੁਲਾਰਾ ਦਿੰਦੀ। ਇਹ ਮਿਹਨਤ ਮਾਂ ਬਾਪ ਦੇ ਚਿਹਰਿਆਂ ਦਾ ਸਕੂਨ ਬਣਦੀ।
ਪੰਜਾਬ ਦੇ ਅੰਬਰ ’ਤੇ ਛਾਏ ਕਾਲੇ ਬੱਦਲਾਂ ਨੇ ਉਮੀਦਾਂ ਦੀ ਤਰੰਗ ਬਿਖੇਰੀ। ਡਰ, ਦਹਿਸ਼ਤ ਦਾ ਮਾਹੌਲ ਜਿਊਣ ਰਾਹ ਵਿੱਚ ਰੁਕਾਵਟ ਬਣਿਆ। ਉਸ ਹਨੇਰੇ ਵਿੱਚ ਇੱਕ ਪੁਸਤਕ ਚਾਨਣ ਦੀ ਲੱਪ ਲੈ ਮਿਲੀ। ‘ਤੇ ਦੇਵ ਪੁਰਸ਼ ਹਾਰ ਗਏ’ ਨੇ ਸੋਚ ਦੀ ਕਾਇਆ ਕਲਪ ਕੀਤੀ। ਮਨ ਦੇ ਕੋਨਿਆਂ ਵਿੱਚੋਂ ਅਗਿਆਨਤਾ ਦੇ ਦਾਗ ਧੋਤੇ ਗਏ। ਕਿਸਮਤ, ਕਰਮਾਂ ਦੇ ਜਾਲ਼ੇ ਚੜ੍ਹੇ ਦਿਨ ਵਾਂਗ ਸਾਫ਼ ਹੋ ਗਏ। ਕਰਮਾਂ ਕਾਡਾਂ ਦੀ ਜਹਾਲਤ ਚੇਤਨਾ ਦੇ ਚਾਨਣ ਵਿੱਚ ਉੱਡ ਪੁੱਡ ਗਈ। ਕਿਸੇ ਮਕਸਦ ਲਈ ਜਿਊਣ ਦੀ ਤਾਂਘ ਅੰਗੜਾਈ ਭਰਨ ਲੱਗੀ। ਮਨ ਦਾ ਚਿਰਾਗ ਜਗਮਗ ਕਰਨ ਲੱਗਾ। ਰਾਹ ਦਰਸਾਵੇ ਬਣੇ ਨਾਇਕਾਂ ਨੂੰ ਪੜ੍ਹਿਆ। ਉਨ੍ਹਾਂ ਦੀ ਜੀਵਨ ਘਾਲਣਾ ਨੂੰ ਸਮਝਿਆ। ਉਨ੍ਹਾਂ ਦੇ ਵਿਚਾਰਾਂ ਦੀ ਜਾਗ ਨੇ ਹਲੂਣਿਆ। ਪੁਸਤਕਾਂ ਦੇ ਪਾਤਰ ਅੰਗ ਸੰਗ ਰਹਿਣ ਲੱਗੇ। ਜਗਾਉਂਦੇ, ਪ੍ਰੇਰਦੇ ਤੇ ਸਬਕ ਬਣਦੇ।
‘ਪਹਿਲਾ ਅਧਿਆਪਕ’ ‘ਮੇਰਾ ਦਾਗਿਸਤਾਨ’ ਦੇ ਰਾਹਾਂ ਦਾ ਚਾਨਣ ਬਣ ਤੁਰਿਆ। ‘ਅਸਲੀ ਇਨਸਾਨ ਦੀ ਕਹਾਣੀ’ ‘ਬੁੱਢੇ ਤੇ ਸਮੁੰਦਰ’ ਨਾਲ ਇੱਕ ਮਿੱਕ ਹੋ ਗਈ।। ‘ਲੋਹ ਕਥਾ’ ਦੀਆਂ ‘ਸੈਨਤਾਂ’ ‘ਰਾਤ ਬਾਕੀ ਹੈ’ ਦੀ ਬਾਤ ਪਾਉਣ ਲੱਗੀਆਂ। ਸ਼ਹੀਦ ਏ ਆਜ਼ਮ ਦਾ ਫਾਂਸੀ ਚੜ੍ਹਨ ਤੋਂ ਪਹਿਲਾਂ ਮੋੜਿਆ ਪੁਸਤਕ ਦਾ ਪੰਨਾ ਖੁੱਲ੍ਹਣ ਲੱਗਾ। ਜੀਵਨ ਰਾਹਾਂ ’ਤੇ ‘ਧਮਕ ਨਗਾਰੇ ਦੀ’ ਗੂੰਜ ਸੁਣਾਈ ਦੇਣ ਲੱਗੀ, ਜਿਹੜੀ ਲੋਕ ਮਨਾਂ ’ਤੇ ਸਬਕ ਦੀ ਛਾਪ ਛੱਡਦੀ। ਇਕੱਲਾ ਇਕਹਿਰਾ ਰਾਹ ਦੀਆਂ ਪੈੜਾਂ ਨਹੀਂ ਬਣਦਾ। ਜਿੱਤਣ ਲਈ ਇਕੱਠਾਂ ਦੀ ਲੋੜ ਹੁੰਦੀ ਹੈ। ਕਾਫ਼ਲੇ ਹੀ ਸੰਘਰਸ਼ਾਂ ਨਾਲ ਜਿੱਤ ਦੀ ਇਬਾਰਤ ਲਿਖਦੇ ਹਨ। ਲੋਕ ਇਤਿਹਾਸ ਦੇ ਸਿਰਜਣਹਾਰ ਹੁੰਦੇ ਹਨ।
ਜ਼ਿੰਦਗੀ ਨੂੰ ਮਕਸਦ ਮਿਲਿਆ। ਤਰਕ ਕਾਫ਼ਲੇ ਦੇ ਸੰਗ ਸਾਥ ਤੁਰਨ ਲੱਗਾ। ਡਾਰਵਿਨ ਦੀ ਖੋਜ ਰਾਹ ਦਰਸਾਵਾ ਬਣੀ। ਮਨੁੱਖ ਦੇ ਮਹਾਂਬਲੀ ਬਣਨ ਦੀ ਗਾਥਾ ਸਮਝ ਵਿੱਚ ਆਈ। ਆਸ ਪਾਸ ਵਾਪਰਦੇ ਵਰਤਾਰਿਆਂ ਨੂੰ ਜਾਂਚਣ ਪਰਖਣ ਦੀ ਸੂਝ ਮਿਲੀ। ਮਨ ਦੇ ਚਾਨਣ ਦਾ ਦਰ ਖੁੱਲ੍ਹਿਆ। ਸਿੱਖਿਆ, ਕਲਾ ਤੇ ਗਿਆਨ ਦੀਆਂ ਪੈੜਾਂ ਜ਼ਿੰਦਗੀ ਦਾ ਉਤਸ਼ਾਹ ਬਣੀਆਂ। ਦੂਰ ਸਫ਼ਲਤਾ ਦੀ ਮੰਜ਼ਿਲ ਨਜ਼ਰ ਆਈ।
ਪੁਸਤਕਾਂ ਦਾ ਸੰਗ ਸਾਥ ਉਤਸ਼ਾਹ ਬਣਿਆ, ਮਿਹਨਤ ਦਾ ਰੰਗ ਕਦਮਾਂ ਦੀ ਰਵਾਨੀ। ਉੱਦਮ ਨੇ ਮੰਜ਼ਿਲ ਦੇ ਰਾਹ ਤੋਰਿਆ, ਜ਼ਿੰਦਗੀ ਪੈਰਾਂ ਸਿਰ ਹੋਈ। ਪੁਸਤਕਾਂ ਦੇ ਕਲਾਵੇ ਵਿੱਚੋਂ ਮਿਲਿਆ ਸਿਦਕ, ਸੁਹਜ, ਸਿਰੜ ਸਫਲਤਾ ਦਾ ਆਧਾਰ ਬਣਿਆ। ਸ਼ਬਦਾਂ ਦੇ ਮੋਤੀ ਜ਼ਿੰਦਗੀ ਰੂਪੀ ਪੁਸਤਕ ਤੇ ਸਫਲਤਾ ਦੇ ਸੁਨਹਿਰੇ ਅੱਖਰ ਬਣੇ। ਸਫ਼ਲ ਕਦਮਾਂ ਨੂੰ ਸਵੈਮਾਣ ਨੇ ਕਲਾਵੇ ਵਿੱਚ ਲਿਆ। ਮਾਂ ਬਾਪ ਦੇ ਸੁਪਨਿਆਂ ਨੂੰ ਬੂਰ ਪਿਆ। ਜ਼ਿੰਦਗੀ ਸੁਖਾਵੇਂ ਰੁਖ਼ ਤੁਰ ਪਈ। ਵਕਤ ਨਾਲ ਜਿਊਣ ਦਾ ਮੂੰਹ ਮੁਹਾਂਦਰਾ ਬਦਲਿਆ।
ਕਰਮਯੋਗੀ ਬਾਪ ਦਾ ਜੀਵਨ ਪੰਧ ਮੁੱਕਿਆ। ਉਸ ਦੀਆਂ ਪੈੜਾਂ ਨੇ ਕਦੇ ਥਿੜਕਣ ਨਹੀਂ ਦਿੱਤਾ। ‘ਆਪਣਾ ਵਿਰਸਾ ਨਹੀਂ ਭੁੱਲਣਾ। ਸਫਲਤਾ ਦੇ ਸੌਖੇ ਰਾਹ ਨਹੀਂ ਤਲਾਸ਼ਣੇ। ਕਿਸੇ ਨੂੰ ਲਤਾੜ ਕੇ ਅੱਗੇ ਲੰਘਣ ਦੀ ਭੁੱਲ ਨਾ ਕਰਨਾ। ਆਪਣੀ ਕਲਾ ਨਾਲ ਜ਼ਿੰਦਗੀ ਤੇ ਸਮਾਜ ਦੇ ਨਕਸ਼ ਸੰਵਾਰਦੇ ਰਹਿਣਾ। ਚੇਤਨਾ ਦੀ ਲੋਅ ਬਣ ਵਿਚਰਨਾ। ਆਪਣੇ ਘਰ, ਪਰਿਵਾਰ ਦੇ ਨਾਲ ਨਾਲ ਕਿਰਤੀਆਂ ਦੇ ਵੱਡੇ ਪਰਿਵਾਰ ਦਾ ਲੜ ਨਹੀਂ ਛੱਡਣਾ। ਡਿਗਿਆਂ, ਹਾਰਿਆਂ ਨੂੰ ਉਠਾਉਣਾ, ਨਾਲ ਤੋਰਨਾ। ਹੱਕਾਂ, ਹਿਤਾਂ ਦਾ ਰਾਹ ਮਘਦਾ ਰੱਖਣਾ। ਇਸੇ ਰਾਹ ਤੁਰੇ ਕਾਫ਼ਲਿਆਂ ਨੇ ‘ਬੇਗਮਪੁਰਾ’ ਵਸਾਉਣਾ।’ ਇਹ ਸਬਕ ਮੈਨੂੰ ਜੀਵਨ ਸਵੇਰ ਦਾ ਚਾਨਣ ਜਾਪਦੇ ਹਨ। ਜਿਹੜੇ ਸਾਵੇਂ ਸੁਖਾਵੇਂ ਸਮਾਜ ਲਈ ਰਾਹ ਦਸੇਰਾ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4809)
(ਸਰੋਕਾਰ ਨਾਲ ਸੰਪਰਕ ਲਈ: (