RipudamanSDr7ਹੈਰਾਨੀ ਹੋਵੇਗੀ ਇਹ ਜਾਣਕੇ ਕਿ ਮੁੰਬਈ ਤੇ ਦਿੱਲੀ ਵਿੱਚ ਰੋਜ਼ਾਨਾ ...
(6 ਦਸੰਬਰ 2017)

 

ਅੱਜ ਹਰ ਆਦਮੀ ਨੇ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਪਲਾਸਟਿਕ ਦਾ ਇੱਕ ਭੂਤ ਕੈਦ ਕਰ ਰੱਖਿਆ ਹੈ ਜੋ ਬਿਨਾਂ ਘਸੇ ਹੀ ਕਦੇ ਪਾਣੀ ਦੀ ਬੋਤਲ ਦੇ ਰੂਪ ਵਿੱਚ, ਕਦੇ ਸਬਜ਼ੀ ਦੀ ਥੈਲੀ ਦੇ ਰੂਪ ਵਿੱਚ, ਕਦੇ ਦਵਾਈ ਦੇ ਪੱਤੇ ਦੇ ਰੂਪ ਵਿੱਚ ਅਤੇ ਨਾ ਜਾਣ ਹੋਰ ਕਿੰਨੇ ਰੂਪਾਂ ਵਿੱਚ ਸਾਡੇ ਸਾਹਮਣੇ ਹਾਜ਼ਰ ਹੋ ਜਾਂਦਾ ਹੈ। ਅਸੀਂ ਆਪਣੀ ਜ਼ਿੰਦਗੀ ਆਸਾਨ ਬਣਾਉਣ ਦੇ ਚੱਕਰ ਵਿੱਚ ਉਸ ਦੀ ਸੇਵਾਵਾਂ ਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਚਲੇ ਜਾਂਦੇ ਹਾਂ। ਉਸਦੀਆਂ ਸੇਵਾਵਾਂ ਨੇ ਸਾਨੂੰ ਆਪਣਾ ਗੁਲਾਮ ਬਣਾ ਲਿਆ ਹੈ। ਅਸੀਂ ਉਸ ਉੱਤੇ ਇੰਨੇ ਆਸ਼ਰਿਤ ਹੋ ਗਏ ਹਾਂ ਕਿ ਪਲਾਸਟਿਕ ਛੱਡਣਾ ਨਹੀਂ ਚਾਹੁੰਦੇ ਜਦੋਂ ਕਿ ਇਹੀ ਪਲਾਸਟਿਕ ਪ੍ਰਦੂਸ਼ਣ ਬਣ ਕੇ ਸਾਡੇ ਸਾਹਾਂ ਨੂੰ ਰੋਕ ਰਿਹਾ ਹੈ। ਸ਼ਹਿਰ ਦੇ ਨਦੀ ਨਾਲੀਆਂ ਨੂੰ ਗੰਦਾ ਕਰ ਰਿਹਾ ਹੈ। ਥੋੜ੍ਹਾ ਜਿਹਾ ਮੀਂਹ ਹੜ੍ਹ ਦਾ ਕਾਰਣ ਬਣ ਜਾਂਦਾ ਹੈ। ਮੁੰਬਈ ਵਿੱਚ ਮੀਂਹ ਦੇ ਦੌਰਾਨ ਹੋਣ ਵਾਲਾ ਜਲਜਮਾਵ ਇਸ ਪਲਾਸਟਿਕ ਦੀ ਵਜ੍ਹਾ ਕਾਰਣ ਹੜ੍ਹ ਵਿੱਚ ਰੂਪਾਂਤਰਿਤ ਹੋ ਕੇ ਸ਼ਹਿਰ ਨੂੰ ਨਿਗਲਣ ਲੱਗਦਾ ਹੈ। ਤਦ ਸਾਰਾ ਸ਼ਹਿਰ ਪਲਾਸਟਿਕ ਦੇ ਇਸ ਭੂਤ ਦੇ ਕਹਿਰ ਨੂੰ ਮਹਿਸੂਸ ਕਰਕੇ ਥਰ ਥਰਾ ਉੱਠਦਾ ਹੈ। ਲੇਕਿਨ ਜਿਵੇਂ ਹੀ ਹੜ੍ਹ ਦਾ ਪਾਣੀ ਉੱਤਰਦਾ ਹੈ, ਅਸੀਂ ਫਿਰ ਤੋਂ ਪਲਾਸਟਿਕ ਦੇ ਜਿੰਨ ਦੇ ਗੁਲਾਮ ਬਣ ਜਾਂਦੇ ਹਾਂ।

ਹੁਣ ਵਕਤ ਆ ਗਿਆ ਹੈ ਕਿ ਇਸ ਭੂਤ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾਵੇ। ਸਰਕਾਰੀ ਪੱਧਰ ਉੱਤੇ ਇਸ ਦੀ ਸ਼ੁਰੂਆਤ ਹੋ ਗਈ ਹੈ। ਰਾਜ ਸਰਕਾਰ ਨੇ ਨਿਯਮਬੱਧ ਢੰਗ ਨਾਲ ਰਾਜ ਵਿੱਚ ਪਲਾਸਟਿਕ ਉੱਤੇ ਰੋਕ ਲਗਾਉਣ ਦੀ ਪ੍ਰਿਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁੰਬਈ ਦੀ ਨਜ਼ਰ ਤੋਂ ਤਾਂ ਇਹ ਬਹੁਤ ਹੀ ਮਹੱਤਵਪੂਰਣ ਫੈਸਲਾ ਹੈ। ਇਸ ਲੋੜ ਸਿਰਫ ਮੁੰਬਈ ਦੀ ਹੀ ਨਹੀਂ ਸਗੋਂ ਸਾਰੇ ਭਾਰਤ ਦੀ ਹੈ। ਇਸ ਦਾ ਨਾ ਸਿਰਫ ਸਮਰਥਨ, ਸਗੋਂ ਇਸ ਨੂੰ ਸਫਲ ਕਰਨ ਲਈ ਸਹਿਯੋਗ ਦੇਣ ਦੀ ਜ਼ਰੂਰਤ ਹੈ। ਅਸੀਂ ਕਿਉਂਕਿ ਪਲਾਸਟਿਕ ਦੇ ਇਸਤੇਮਾਲ ਦੇ ਬੁਰੀ ਤਰ੍ਹਾਂ ਆਦੀ ਹੋ ਚੁੱਕੇ ਹਾਂ ਇਸ ਲਈ ਇਸ ਨੂੰ ਛਡਦੇ ਵਕਤ ਥੋੜ੍ਹੀ ਉਲਝਣ ਹੋਵੇਗੀ, ਥੋੜ੍ਹੀ ਝੁੰਜਲਾਹਟ ਹੋਵੇਗੀ, ਥੋੜ੍ਹੀ ਪਰੇਸ਼ਾਨੀ ਹੋਵੇਗੀ, ਲੇਕਿਨ ਇਸ ਨੂੰ ਸਹਿਣਾ ਹੋਵੇਗਾ ਅਤੇ ਨਾਲ ਨਾਲ ਇਹ ਉਮੀਦ ਵੀ ਕਰਨੀ ਹੋਵੇਗੀ ਕਿ ਸਰਕਾਰ ਆਪਣੇ ਇਸ ਫੈਸਲੇ ਉੱਤੇ ਡਟੀ ਰਹੇ। ਫਿਲਹਾਲ ਤਾਂ ਰਾਜ ਦਾ ਵਾਤਾਵਰਣ ਮੰਤਰਾਲਾ ਅਤੇ ਵਾਤਾਵਰਣ ਮੰਤਰੀ ਰਾਮਦਾਸ ਕਦਮ ਦੇ ਉਸ ਫੈਸਲੇ ਦੀ ਤਾਰੀਫ ਕਰਨੀ ਹੋਵੇਗੀ ਕਿ ਉਨ੍ਹਾਂ ਨੇ ਜਨਤਾ ਨੂੰ ਪਲਾਸਿਟਕ ਦਾ ਇਸਤੇਮਾਲ ਨਾ ਕਰਨ ਦੀ ਨਸੀਹਤ ਦੇਣ ਤੋਂ ਪਹਿਲਾਂ ਮੰਤਰਾਲਾ ਵਿੱਚ ਪਲਾਸਟਿਕ ਦੀਆਂ ਬੋਤਲਾਂ ਦੇ ਇਸਤੇਮਾਲ ਉੱਤੇ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ। ਨਸੀਹਤ ਘਰ ਤੋਂ ਹੀ ਸ਼ੁਰੂ ਹੋਵੇ ਤਾਂ ਹੀ ਬਾਹਰ ਜਾਵੇਗੀ। ਪਹਿਲਾਂ ਸੋਟੀ ਆਪਣੇ ਮੰਜੇ ਹੇਠ ਹੀ ਫੇਰਨੀ ਬੇਹਤਰ ਰਹਿੰਦੀ ਹੈ।

ਕਿਸੇ ਵੀ ਸੁਧਾਰ ਦੀ ਸ਼ੁਰੂਆਤ ਪਹਿਲਾਂ ਘਰ ਤੋਂ ਹੁੰਦੀ ਹੈ। ਮੰਤਰੀਆਂ ਦੇ ਦਫਤਰਾਂ ਤੋਂ ਲੈ ਕੇ, ਬੈਠਕਾਂ ਅਤੇ ਮਹਿਮਾਨਾਂ ਲਈ ਰੋਜ਼ਾਨਾ ਬੋਤਲ ਬੰਦ ਪਾਣੀ ਦੀ ਛੋਟੀ ਛੋਟੀ ਬੋਤਲਾਂ ਖਾਲੀ ਹੁੰਦੀਆਂ ਹਨ ਅਤੇ ਪਲਾਸਟਿਕ ਕੂੜੇ ਦੇ ਰੂਪ ਵਿੱਚ ਜਮ੍ਹਾਂ ਹੁੰਦੀਆਂ ਹਨ। ਪਲਾਸਟਿਕ ਦੀਆਂ ਇਹ ਬੋਤਲਾਂ ਵਾਤਾਵਰਣ ਲਈ ਤਾਂ ਖਤਰਨਾਕ ਹਨ ਹੀ, ਇਨ੍ਹਾਂ ਤੋਂ ਵੀ ਜ਼ਿਆਦਾ ਖਤਰਨਾਕ ਹਨ ਪਲਾਸਟਿਕ ਦੀ ਉਹ ਥੈਲੀਆਂ ਜੋ ਸਾਨੂੰ ਸਬਜ਼ੀ ਅਤੇ ਫਲ ਦੇ ਨਾਲ ਮੁਫਤ ਵਿੱਚ ਮਿਲਦੀਆਂ ਹਨ।

ਹੈਰਾਨੀ ਹੋਵੇਗੀ ਇਹ ਜਾਣਕੇ ਕਿ ਮੁੰਬਈ ਤੇ ਦਿੱਲੀ ਵਿੱਚ ਰੋਜ਼ਾਨਾ ਜੋ 13 ਹਜ਼ਾਰ ਮੀਟਰਿਕ ਟਨ ਕੂੜਾ ਨਿਕਲਦਾ ਹੈ। ਇਸ ਵਿੱਚੋਂ 425 ਤੋਂ 550 ਮੀਟਰਿਕ ਟਨ ਕੂੜਾ ਕੇਵਲ ਪਲਾਸਟਿਕ ਦੀਆਂ ਥੈਲੀਆਂ ਦਾ ਹੁੰਦਾ ਹੈ। ਜਾਣਕਾਰ ਦੱਸਦੇ ਹਨ ਕਿ ਪਾਣੀ ਦੀ ਜਿਸ ਬੋਤਲ ਨੂੰ ਖਾਲੀ ਕਰਕੇ ਅਸੀਂ ਇਵੇਂ ਹੀ ਏਧਰ ਉੱਧਰ ਸੁੱਟ ਦਿੰਦੇ ਹਾ, ਉਸ ਦੀ ਪਲਾਸਟਿਕ ਨੂੰ ਗਲਣ ਵਿੱਚ ਸਾਢੇ ਚਾਰ ਸੌ ਸਾਲ ਲਗਦੇ ਹੈ ਅਤੇ ਸਬਜ਼ੀ ਦੇ ਨਾਲ ਮੁਫਤ ਵਿੱਚ ਮਿਲੀ ਪਲਾਸਟਿਕ ਦੀ ਪਤਲੀ ਹੀ ਪੰਨੀ ਦੀ ਥੈਲੀ ਨੂੰ ਗਲਣ ਵਿੱਚ ਇੱਕ ਹਜਾਰ ਸਾਲ ਲਗਦੇ ਹਨ।

ਡੰਪਿੰਗ ਗਰਾਉਂਡ ਵਿੱਚ ਇਹੀ ਪਲਾਸਟਿਕ ਕਦੇ ਜ਼ਹਿਰੀਲੀ ਗੈਸ ਦਾ ਸਬੱਬ ਬਣਦੀ ਹੈ ਤੇ ਕਦੇ ਕਈ ਦਿਨ ਤੱਕ ਨਾ ਬੁਝਣ ਵਾਲੀ ਅੱਗ ਦਾ। ਇਸ ਦਾ ਅੰਦਾਜ਼ਾ ਮੁੰਬਈ ਤੇ ਦਿੱਲੀ ਨੂੰ ਪਿਛਲੇ ਦਿਨੀਂ ਹੋ ਚੁੱਕਿਆ ਹੈ। ਆਉਂਦੇ ਜਾਂਦੇ ਯਾਤਰਾ ਕਰਦੇ ਵਕਤ ਅਸੀਂ ਪਲਾਸਟਿਕ ਨਾਲ ਭਰੀਆਂ ਨਾਲੀਆਂ ਨੂੰ ਅਸੀਂ ਰੋਜ਼ ਵੇਖਦੇ ਹਾਂ। ਇਸ ਦੇ ਬਾਵਜੂਦ ਪਲਾਸਟਿਕ ਦਾ ਇਸਤੇਮਾਲ ਬੰਦ ਨਹੀਂ ਕਰਦੇ। ਹੁਣ ਸਰਕਾਰ 50 ਮਾਇਕਰੋਨ ਤੋਂ ਜ਼ਿਆਦਾ ਪਤਲੀ ਪਲਾਸਟਿਕ ਦੀਆਂ ਥੈਲੀਆਂ ਦਾ ਇਸਤੇਮਾਲ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਨੂੰ ਕਰੜਾ ਕਰਨ ਜਾ ਰਹੀ ਹੈ। ਚੰਗੀ ਗੱਲ ਹੈ। ਪਲਾਸਟਿਕ ਦੀਆਂ ਥੈਲੀਆਂ ਤੋਂ ਨਿਜਾਤ ਪਾਉਣ ਲਈ ਇਹ ਇੱਕ ਉਪਾਅ ਹੋ ਸਕਦਾ ਹੈ ਲੇਕਿਨ ਜੇਕਰ ਸਰਕਾਰ ਇਸ ਦਿਸ਼ਾ ਵਿੱਚ ਗੰਭੀਰ ਹੈ ਤਾਂ ਉਸ ਨੂੰ ਪਲਾਸਟਿਕਦੀਆਂ  ਥੈਲੀਆਂ ਦੇ ਉਤਪਾਦਨ ਉੱਤੇ ਹੀ ਰੋਕ ਲਗਾਉਣੀ ਚਾਹੀਦੀ ਹੈ। ਵਰਨਾ ਪਲਾਸਟਿਕ ਦਾ ਇਹ ਜਿੰਨ ਕਾਬੂ ਵਿੱਚ ਨਹੀਂ ਆਵੇਗਾ।

ਇਸ ਸਾਰੇ ਪ੍ਰਕਰਣ ਵਿੱਚ ਸਰਕਾਰ ਦੀ ਜ਼ਿੰਮੇਦਾਰੀ ਇੱਥੇ ਖ਼ਤਮ ਨਹੀਂ ਹੋ ਜਾਂਦੀ। ਜੇਕਰ ਸਰਕਾਰ ਨੇ ਪਲਾਸਟਿਕ ਦੀਆਂ ਬੋਤਲਾਂ ਉੱਤੇ ਰੋਕ ਲਗਾਈ ਹੈ ਤਾਂ ਉਸ ਨੂੰ ਸਰਕਾਰੀ ਦਫਤਰਾਂ ਵਿੱਚ ਲੋਕਾਂ ਨੂੰ ਸ਼ੁੱਧ ਪੀਣ ਦਾ ਪਾਣੀ ਉਪਲਬਧ ਕਰਾਉਣਾ ਹੋਵੇਗਾ। ਜੇਕਰ ਸਰਕਾਰ ਪਲਾਸਟਿਕ ਦੀਆਂ ਥੈਲੀਆਂ ਉੱਤੇ ਰੋਕ ਲਗਾ ਰਹੀ ਹੈ ਤਾਂ ਉਸ ਨੂੰ ਉਸ ਦਾ ਬਦਲ ਵੀ ਦੇਣਾ ਹੋਵੇਗਾ।

ਇਹ ਤਾਂ ਹੋਈ ਸਰਕਾਰ ਦੀ ਜ਼ਿੰਮੇਦਾਰੀ ਲੇਕਿਨ ਵਾਤਾਵਰਣ ਦੀ ਰੱਖਿਆ ਕੇਵਲ ਸਰਕਾਰ ਦੀ ਹੀ ਜ਼ਿੰਮੇਦਾਰੀ ਨਹੀਂ ਹੈ। ਸਮਾਜ ਨੂੰ ਵੀ ਇਸ ਵਿੱਚ ਹੱਥ ਮਿਲਾਉਣਾ ਹੋਵੇਗਾ। ਜੇਕਰ ਸ਼ੁੱਧ ਪਾਣੀ ਚਾਹੀਦਾ ਹੈ ਤਾਂ ਘਰ ਤੋਂ ਪਾਣੀ ਲੈ ਕੇ ਚੱਲਣਾ ਹੋਵੇਗਾ। ਪਲਾਸਟਿਕ ਦੀ ਬੋਤਲ ਦੀ ਬਜਾਏ ਤਾਂਬੇ ਦੀ ਬਣੀ ਬੋਤਲ ਬਿਹਤਰ ਬਦਲ ਹੋ ਸਕਦੀ ਹੈ। ਜੇਕਰ ਖਰੀਦਦਾਰੀ ਕਰਨੀ ਹੈ ਤਾਂ ਘਰ ਤੋਂ ਕੱਪੜੇ ਦਾ ਥੈਲਾ ਲੈ ਕੇ ਨਿਕਲਣ ਦੀ ਆਦਤ ਪਾਉਣੀ ਹੋਵੇਗੀ। ਅੱਜ ਕੱਲ੍ਹ ਇੰਟਰਨੈੱਟ ਉੱਤੇ ਅਜਿਹੇ ਕਈ ਵਿਡੀਓ ਉਪਲਬਧ ਹਨ ਜਿਨ੍ਹਾਂ ਵਿੱਚ ਘਰ ਵਿੱਚ ਪਏ ਪੁਰਾਣੇ ਕੱਪੜਿਆਂ ਤੋਂ ਚੰਗੇ ਥੈਲੇ ਬਣਾਉਣ ਦੇ ਤਰੀਕੇ ਦੱਸੇ ਗਏ ਹਨ। ਪਲਾਸਟਿਕ ਦੇ ਜਿੰਨ ਜਾਂ ਭੂਤ ਤੋਂ ਮੁਕਤੀ ਪਾਉਣ ਲਈ ਇੰਨਾ ਤਾਂ ਕਰਨਾ ਹੀ ਹੋਵੇਗਾ। ਆਓ ਰਲ ਮਿਲ ਕੇ ਹੰਭਲਾ ਤਾਂ ਮਾਰਕੇ ਵੇਖ ਲਈਏ। ਹਰਜ਼ ਹੀ ਕੀ ਹੈ ...।

*****

(921)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਿਪੁਦਮਨ ਸਿੰਘ

ਡਾ. ਰਿਪੁਦਮਨ ਸਿੰਘ

Patiala, Punjab, India.
Phone: (91 - 98152 - 00134)
Email: (ripu134@gmail.com)

More articles from this author