RipudamanSDr7“ਇਹ ਫਾਸਟ ਲਾਇਫ ਕਿੰਨੀ ਖਤਰਨਾਕ ਹੈ, ਇਸ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਕੋਈ ਆਪਣਾ ...”
(4 ਸਤੰਬਰ 2017)

 

“ਕੁੱਝ ਦੇਰ ਰੁਕ ਜਾਓ, ਐ ਬੰਦਾ ਏ ਨਵਾਜ! ਅਸੀਂ ਆਪਣੇ ਗੁਨਾਹਾਂ ਵਿੱਚ ਖੁਦਾ ਖੋਜ ਰਹੇ ਹਾਂ।”

“ਪਰ ਸਾਹਿਬ ਰੁਕਣਾ ਕੌਣ ਚਾਹੁੰਦਾ ਹੈ ...?”

“ਠੀਕ ਹੈ, ਨਾ ਰੁਕੋ। ਥੋੜ੍ਹਾ ਹੌਲੀ ਹੀ ਹੋ ਜਾਓ। ਇੰਨੀ ਜਲਦੀ ਵੀ ਕੀ ਹੈ? ਉਂਜ ਵੀ ਕਿਹਾ ਜਾਂਦਾ ਹੈ ਕਿ ਜਲਦੀ ਦਾ ਕੰਮ ਸ਼ੈਤਾਨ ਦਾ ...”

ਜਲਦਬਾਜ਼ੀ ਦੇ ਕੁੱਝ ਅੰਜਾਮ ਹਾਲ ਹੀ ਵਿੱਚ ਦੇਖਣ ਨੂੰ ਮਿਲੇ। ਪਿਛਲੇ ਦਿਨੀਂ ਪੀਜੀਆਈ ਵਿੱਚ ਬੀਮਾਰ ਬੱਚਿਆਂ ਦੇ ਵਾਰਡ ਵਿੱਚ ਕਾਫ਼ੀ ਵਕਤ ਗੁਜ਼ਾਰਨ ਦੀ ਜ਼ਰੂਰਤ ਆਣ ਪਈ। ਕੋਈ ਮਰੀਜ਼ ਪੂਰਵਾਂਚਲ ਤੋਂ ਤੇ ਕੋਈ ਬਾਂਗਲਾਦੇਸ਼ ਤੋਂ ਐੱਮ.ਪੀ, ਬਿਹਾਰ ਅਤੇ ਝਾਰਖੰਡ ਦੇ ਮਰੀਜ਼ ਵੀ ਨਜ਼ਰ ਆਏ। ਛੋਟੇ ਛੋਟੇ ਬੱਚਿਆਂ ਵਿੱਚ ਗੰਭੀਰ ਕਿਸਮ ਦੇ ਢਿੱਡ ਦੇ ਰੋਗ ਹੋ ਰਹੇ ਹਨ। ਕਿਸੇ ਨੂੰ ਲਿਵਰ ਦੇ ਰੋਗ ਤੇ ਕਿਸੇ ਨੂੰ ਕਿਡਨੀ ਦੇ। ਕਿਸੇ ਦੇ ਫੇਫੜਿਆਂ ਵਿੱਚ ਤਕਲੀਫ ਸੀ ਤੇ ਕਿਸੇ ਦਾ ਢਿੱਡ ਦਰਦ ਹੀ ਖਤਮ ਨਹੀਂ ਹੋ ਰਿਹਾ ਸੀ। ਸਮਝ ਹੀ ਨਹੀਂ ਆ ਰਿਹਾ ਸੀ ਕਿ ਜਦੋਂ ਸਾਇੰਸ ਇੰਨੀ ਤਰੱਕੀ ਕਰ ਰਹੀ ਹੈ, ਇਲਾਜ ਪਹਿਲਾਂ ਤੋਂ ਬਿਹਤਰ ਹਨ ਤਾਂ ਫਿਰ ਇਨ੍ਹਾਂ ਛੋਟੇ ਛੋਟੇ ਬੱਚਿਆਂ ਨੂੰ ਇੰਨੇ ਰੋਗ ਕਿਉਂ? ਅਜਿਹੀ ਤਕਲੀਫ ਕਿਉਂ?

ਫਿਰ ਜੋ ਕੁੱਝ ਵੀ ਪਤਾ ਚੱਲਿਆ ਉਸ ਦਾ ਜਵਾਬ ਇਹ ਕਿ ਅਸੀਂ ਸਭ ਬਹੁਤ ਜਲਦੀ ਵਿੱਚ ਹਾਂ। ਇਸ ਵਜਾਹ ਕਰਕੇ ਛੋਟੇ ਵੱਡੇ, ਅਮੀਰ ਗਰੀਬ ਸਾਰੇ ਪਰਿਵਾਰਾਂ ਦੇ ਬੱਚਿਆਂ ਵਿੱਚ ਬੀਮਾਰੀਆਂ ਵਧ ਰਹੀਆਂ ਹਨ ਭੁੱਖ ਲੱਗੇ ਤਾਂ ਬੱਚਿਆਂ ਨੂੰ ਕੀ ਚਾਹੀਦਾ ਹੈ? ਦੋ ਮਿੰਟ ਵਾਲੇ ਨੂਡਲ ਜਾਂ ਫਿਰ ਫੋਨ ਉੱਤੇ ਆਰਡਰ ਕਰ ਦਿੱਤਾ, ਬਰਗਰ, ਪਿੱਜ਼ਾ ਜਾਂ ਸ਼ਾਹੀ ਪਨੀਰ ਜੀਵਨ ਵਿੱਚ ਸਭ ਕੁੱਝ ਇੰਸਟੈਂਟ ਯਾਨੀ ਤੁਰਤ ਫੁਰਤ ਚੱਲ ਰਿਹਾ ਹੈ। ਕੂੰਡੀ ਸੋਟੇ ਵਾਲੇ ਘਰ ਦੇ ਮਸਾਲੇ ਪੀਹਣਾ ਜਾਂ ਚੱਕੀ ਤੋਂ ਆਟਾ ਬੇਸਣ ਪਿਸਵਾਉਣਾ ਹੁਣ ਪੁਰਾਣਾ ਫੈਸ਼ਨ ਹੈ। ਘਰ ਵਿੱਚ ਚਟਣੀ, ਅਚਾਰ ਜਾਂ ਮੁਰੱਬੇ ਬਣਾਉਣ ਲਈ ਸਮਾਂ ਨਹੀਂ ਹੈ। ਪਾਪਾ ਕੰਮਕਾਜੀ ਹਨ ਅਤੇ ਮਾਂ ਵੀ। ਲਿਹਾਜ਼ਾ ਸਿਹਤ ਅਤੇ ਭੁੱਖ ਆਨਲਾਇਨ ਆਰਡਰ ਅਤੇ ਹੋਮ ਡਲਿਵਰੀ ਦੇ ਹਵਾਲੇ ਹੈ। ਬਾਹਰ ਦੇ ਖਾਣ ਵਿੱਚ ਕਿਹੜਾ ਘੀ, ਤੇਲ, ਮੱਖਣ ਜਾਂ ਮਸਾਲਾ ਇਸਤੇਮਾਲ ਹੋ ਰਿਹਾ ਹੈ, ਕਿਹੜੇ ਕੈਮੀਕਲ ਮਿਲਾਏ ਜਾ ਰਹੇ ਹਨ, ਉਹ ਸਿਹਤ ਲਈ ਫਾਇਦੇਮੰਦ ਹਨ ਜਾਂ ਖਤਰਨਾਕ, ਅਸੀਂ ਇਸ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਬਹੁਤ ਜਲਦੀ ਹੈ ਹਫਤੇ ਵਿੱਚ ਇੱਕ ਦੋ ਵਾਰ ਰੈਸਤਰਾਂ ਵਿੱਚ ਨਾ ਖਾਧਾ ਤਾਂ ਪਰਵਾਰ ਦੀ ਸ਼ਾਨ ਘਟ ਜਾਂਦੀ ਹੈ।

ਪਰ ਜਨਾਬ ਇਹ ਫਾਸਟ ਲਾਇਫ ਸਟਾਇਲ ਹੀ ਜਾਨਲੇਵਾ ਹੈ ਬੱਚਿਆਂ ਦਾ ਔਸਤ ਭਾਰ ਪਹਿਲਾਂ ਦੇ ਮੁਕਾਬਲੇ ਵਧਿਆ ਹੋਇਆ ਹੈ। ਘਰ ਤੋਂ ਧੱਕਾ ਦੇ ਕੇ ਖੇਡਣ ਲਈ ਬਾਹਰ ਭੇਜਣ ਉੱਤੇ ਵੀ ਨਿਕਲਣ ਨੂੰ ਤਿਆਰ ਨਹੀਂ। ਮੋਬਾਇਲ ’ਤੇ ਅੱਖਾਂ ਅਤੇ ਅੰਗੂਠੇ ਉਂਗਲੀਆਂ ਅਜਿਹੀਆਂ ਚਿਪਕਦੀਆਂ ਹਨ ਕਿ ਹੋਸ਼ ਹੀ ਨਹੀਂ ਇਹ ਫਾਸਟ ਲਾਇਫ ਕਿੰਨੀ ਖਤਰਨਾਕ ਹੈ, ਇਸ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਕੋਈ ਆਪਣਾ ਬਿਮਾਰ ਪੈਂਦਾ ਹੈ ਜ਼ਿਆਦਾ ਤੇਜੀ ਨਾਲ ਅੱਗੇ ਵਧਣ ਦੀ ਡੂੰਘੀ ਚਾਹ ਅਤੇ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਦੀ ਸਨਕ ਲੋਕਾਂ ਕੋਲੋਂ ਜ਼ਿੰਦਗੀ ਦੇ ਮਜ਼ੇ ਖੋਹ ਰਹੀ ਹੈ।

ਇਸ ਪਰੇਸ਼ਾਨੀ ਨੂੰ ਯੂਰੋਪ ਦੇ ਲੋਕਾਂ ਨੇ ਸਮਝ ਲਿਆ ਹੈ। ਉੱਥੇ ਪਿਛਲੇ ਕੁੱਝ ਸਮੇਂ ਤੋਂ ਫਾਸਟ ਫੂਡ ਅਤੇ ਫਾਸਟ ਲਾਇਫ ਸਟਾਇਲ ਤੋਂ ਦੂਰ ਹਟਣ ਲਈ ਲੋਕਾਂ ਨੇ ਗੋ ਸਲੋ ਮੂਵਮੈਂਟ ਸ਼ੁਰੂ ਕੀਤੀ ਹੈ। ਉਹ ਇਸ ਲਈ ਕਿ ਲੋਕ ਆਰਾਮ ਨਾਲ ਜ਼ਿੰਦਗੀ ਦੇ ਮਜ਼ੇ ਲੈ ਸਕਣ। ਇਸ ਦੇ ਲਈ ਕਾਫ਼ੀ ਲੋਕਾਂ ਨੇ ਮਲਟੀ ਟਾਸਕਿੰਗ ਯਾਨੀ ਇੱਕ ਹੀ ਵਕਤ ਵਿੱਚ ਕਈ ਕੰਮ ਕਰਨ ਦੀ ਆਦਤ ਛੱਡੀ ਹੈ। ਕੁੱਝ ਲੋਕਾਂ ਨੇ ਘੜੀ ਪਹਿਨਣੀ ਬੰਦ ਕਰ ਦਿੱਤੈ ਹੈ ਤਾਂਕਿ ਸਮਾਂ ਵੇਖ ਵੇਖ ਕੇ ਵਿਆਕੁਲ ਨਾ ਹੋਣ। ਘਰ ਵਿੱਚ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਬਰੈੱਡ ਹੁਣ ਬਾਜ਼ਾਰ ਤੋਂ ਖਰੀਦਣ ਦੇ ਬਜਾਏ ਘਰ ਵਿੱਚ ਹੀ ਬੇਕ ਕੀਤੀ ਜਾ ਰਹੀ ਹੈ ਕਾਫ਼ੀ ਦੂਰ ਤੱਕ ਟਹਿਲਣ ਨੂੰ ਲੋਕ ਆਦਤ ਬਣਾ ਰਹੇ ਹਨ। ਦਰਖਤ ਬੂਟੀਆਂ ਅਤੇ ਝਰਨਿਆਂ ਦੇ ਕਰੀਬ ਜਾਕੇ ਉਨ੍ਹਾਂ ਨੂੰ ਮਹਿਸੂਸ ਕਰਨ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਰਹੇ ਹਨ ਘਰਾਂ ਵਿੱਚ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ ਅਤੇ ਅਣਜਾਨ ਲੋਕਾਂ ਦੀ ਮਦਦ ਕਰ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ ਕੰਪਿਊਟਰ, ਲੈਪਟਾਪ, ਮੋਬਾਇਲ ਅਤੇ ਗੈਜੇਟਸ ਤੋਂ ਦੂਰੀ ਬਣਾਈ ਜਾ ਰਹੀ ਹੈ। ਸ਼ਾਇਦ ਇਸ ਲਈ ਕਿ ਇਹਨਾਂ ਦੀ ਬਜਾਏ ਆਪਣੇ ਲੋਕਾਂ ਨਾਲ ਕੁੱਝ ਗੱਲਾਂ ਕਰ ਸਕਣ। ਯੂਰੋਪ ਦੇ ਲੋਕਾਂ ਨੇ ਵਕਤ ਰਹਿੰਦੇ ਜ਼ਿੰਦਗੀ ਵਿੱਚ ਹੌਲੀ ਹੌਲੀ ਚੱਲਣ ਦੇ ਮਜ਼ੇ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਵਕਤ ਵਿੱਚ ਥੋੜ੍ਹਾ ਪਿੱਛੇ ਵੱਲ ਪਰਤ ਰਹੇ ਹਨ

ਸ਼ਾਇਦ ਆਪਾਂ ਨੂੰ ਵੀ ਇਹਦੀ ਜ਼ਰੂਰਤ ਹੈ। ਪ੍ਰੰਪਰਾਵਾਂ ਵੱਲ ਪਰਤਣਾ ਹੋਵੇਗਾ। ਪਰਿਵਾਰ ਦੇ ਮਹੱਤਵ ਨੂੰ ਸਮਝਣਾ ਹੋਵੇਗਾ ਫਾਸਟ ਫੂਡ ਅਤੇ ਰੈਸਤਰਾਂ ਤੋਂ ਦੂਰੀ ਬਣਾ ਕੇ ਘਰ ਦੀ ਰਸੋਈ ਵਿੱਚ ਨਵੇਂ ਪ੍ਰਯੋਗ ਕਰਨੇ ਹੋਣਗੇ। ਸੱਤੂ, ਮੱਠਾ, ਪਨਾ ਅਤੇ ਛੋਲੇ ਨੂੰ ਖਾਣ ਵਿੱਚ ਸ਼ਾਮਿਲ ਕਰਨਾ ਹੋਵੇਗਾ। ਯਕੀਨ ਕਰੋ, ਬੱਚੇ ਫਿਰ ਤੋਂ ਤੰਦੁਰੁਸਤ ਹੋਣ ਲੱਗਣਗੇ ਜ਼ਿਆਦਾ ਨਹੀਂ, ਪੱਚੀ ਤੀਹ ਸਾਲ ਪੁਰਾਣੀ ਜੀਵਨਸ਼ੈਲੀ ਵੱਲ ਪਰਤਣਾ ਹੋਵੇਗਾ, ਜਦੋਂ ਭੁੱਖ ਲੱਗਣ ਤੇ ਮਾਂ ਘੀ ਨਾਲ ਚੋਪੜ ਕੇ ਬੁਕਨੂ ਵਾਲੀ ਰੋਟੀ ਦਿੰਦੀ ਸੀ, ਦੋ ਮਿੰਟ ਵਾਲੇ ਨੂਡਲਸ ਨਹੀਂ ਜ਼ਰੂਰੀ ਨਹੀਂ ਕਿ ਬਦਲਿਆਂ ਝਟਕਾ ਲੱਗੇ। ਇਸ ਗੱਲ ਨੂੰ ਸਮਝਣ ਲਈ ਦਾ ਇੱਕ ਹੋਰ ਫਿਕਰਾ, ਫਿਰ ਗੱਲ ਖਤਮ:

ਦੁਨੀਆ ਦੀ ਤਮੰਨਾ ਸੀ ਕਦੇ ਸਾਨੂੰ ਵੀ ਫਾਕਿਰ,
 ਹੁਣ ਜ਼ਖ਼ਮੇ ਤਮੰਨਾ ਦੀ ਦਵਾਈ ਖੋਜ ਰਹੇ ਹਾਂ ...।

*****

(820)

ਆਪਣੇ ਵਿਚਾਰ ਸਾਂਝੇ ਕਰੋ: (sarokar2015@gmail.com)

About the Author

ਡਾ. ਰਿਪੁਦਮਨ ਸਿੰਘ

ਡਾ. ਰਿਪੁਦਮਨ ਸਿੰਘ

Patiala, Punjab, India.
Phone: (91 - 98152 - 00134)
Email: (ripu134@gmail.com)

More articles from this author