“ਇਸ ਬੰਦੇ ਨੂੰ ਪੁੱਛੋ ਤਾਂ ਸਹੀ ਕਿ ਇਹਨੇ ਕਿਹੜੀ ਕਿਹੜੀ ਕਰਤੂਤ ਨਹੀਂ ਕੀਤੀ? ...”
(30 ਅਪਰੈਲ 2017)
ਧਰਤੀ ’ਤੇ ਜੀਵ ਜੰਤੂ ਤਰਾਹ ਤਰਾਹ ਕਰ ਰਹੇ ਸਨ ਬਈ ਇਸ ਸਾਲ ਤਾਂ ਅੱਤ ਦੀ ਗਰਮੀ ਪੈ ਰਹੀ ਹੈ। ਹਵਾ ਵੀ ਸੇਕ ਮਾਰ ਰਹੀ ਹੈ। ਕਿਤੇ ਅਰਾਮ ਨਹੀਂ ਮਿਲ ਰਿਹਾ। ਰਾਤ ਨੂੰ ਵੀ ਕੁਝ ਠੰਢਕ ਨਹੀਂ ਹੋ ਰਹੀ। ਦਿਨ ਤੇ ਰਾਤ ਦੇ ਤਾਪਮਾਨ ਵਿਚ ਕੁਝ ਫਰਕ ਨਹੀਂ ਜਾਪਦਾ। ਮਨੁੱਖ ਮੰਦਰਾਂ, ਮਸੀਤਾਂ, ਗੁਰਦਵਾਰਿਆਂ ਅਤੇ ਚਰਚਾਂ ਵਿਚ ਅਰਦਾਸਾਂ ਬੇਨਤੀਆਂ ਕਰਦੇ ਗਿੜਗਿੜਾਉਣ ਲੱਗੇ। ਵਿਗਿਆਨੀ ਆਪਣੀ ਮੌਸਮੀ ਭਵਿੱਖਵਾਣੀ ਕਰਨ ਲੱਗੇ ਕਿ ਇਸ ਸਾਲ ਵਰਖਾ ਚੰਗੀ ਹੋਵੇਗੀ। ਹਰ ਬੰਦਾ ਆਪਣੇ ਮੋਬਾਈਲ ਫੋਨ ’ਤੇ ਘੜੀ ਘੜੀ ਮੌਸਮ ਸਬੰਧੀ ਖ਼ਬਰਾਂ ਤੇ ਨਜ਼ਰ ਰੱਖਣ ਲੱਗਾ ਕਿ ਹੁਣ ਪੂਰੀ ਹੋਈ ਭਵਿੱਖਵਾਣੀ, ਹੁਣ ਹੋਈ ...।
ਪ੍ਰਮਾਤਮਾ ਸਭ ਕੁਝ ਵੇਖ ਰਿਹਾ ਸੀ। ਉਸ ਦਾ ਮਨ ਪਸੀਜਿਆ। ਆਪਣੇ ਮੰਤਰੀ ਮੰਡਲ ਰੂਪੀ ਦੇਵਤਿਆਂ ਦੀ ਹੰਗਾਮੀ ਮੀਟਿੰਗ ਸੱਦ ਲਈ। ਪ੍ਰਮਾਤਮਾ ਨੇ ਆਪਣੇ ਮੰਤਰੀਆਂ ਨੂੰ ਕਿਹਾ, “ਧਰਤੀ ’ਤੇ ਹਾਹਾਕਾਰ ਮਚੀ ਹੋਈ ਹੈ, ਤੁਸੀਂ ਕੋਈ ਕਾਰਵਾਈ ਨਹੀਂ ਕੀਤੀ। ਕਿਉਂ ਮੇਰੀ ਸ੍ਰਿਸ਼ਟੀ ਦੀ ਪੁਕਾਰ ਅੱਖੋਂ ਉਹਲੇ ਕੀਤੀ? ਜਵਾਬ ਦਿਓ।”
ਰੱਬ ਜੀ ਦੇ ਹਰ ਵਿਭਾਗ ਦੇ ਦੇਵਤਿਆਂ ਨੇ ਇਕ ਸੁਰ ਵਿਚ ਕਿਹਾ, “ਮਹਾਰਾਜ ਜੀ, ਜਿਵੇਂ ਹੁਕਮ ਕਰੋਗੇ, ਅਸਾਂ ਉਵੇਂ ਹੀ ਕਰ ਦੇਣਾ ਹੈ ਪਰ ਕਰਤੂਤਾਂ ਤੁਹਾਡਾ ਬੰਦਾ ਕਰੇ ਤੇ ਝਿੜਕਾਂ ਸਾਨੂੰ? ਇਹ ਕਿੱਧਰ ਦਾ ਇਨਸਾਫ਼ ਹੋਇਆ? ਬੰਦੇ ਨੂੰ ਸਾਹਮਣੇ ਸੱਦੋ ਤਾਂ ਅਸੀਂ ਕੁਝ ਕਰਾਂਗੇ ...।”
ਰੱਬ ਨੇ ਹੁਕਮ ਜਾਰੀ ਕਰ ਦਿੱਤਾ ਕਿ ਬੰਦੇ ਨੂੰ ਹਾਜ਼ਰ ਕੀਤਾ ਜਾਵੇ। ਰੱਬ ਦੇ ਬਾਊਂਸਰ ਝਟਪਟ ਚੁੱਕ ਲਿਆਏ ਬੰਦੇ ਨੂੰ ਧਰਤੀ ਤੋਂ ... ਅਤੇ ਰੱਬ ਦੇ ਦਰਬਾਰ ਵਿਚ ਖੜ੍ਹਾ ਕਰ ਦਿੱਤਾ।
“ਬੰਦਿਆ, ਦੱਸ ਬਈ ਕੀ ਤਕਲੀਫ ਹੈ ਤੈਨੂੰ? ਜਦ ਤੇਰੀ ਹਰ ਇਕ ਲੋੜ ਪੂਰੀ ਕੀਤੀ ਹੋਈ ਹੈ, ਫਿਰ ਕਾਹਦੇ ਲਈ ਦੁਹਾਈ ਪਾਈ ਜਾਂਦਾ ਹੈਂ?”
“ਅੱਤ ਦੀ ਗਰਮੀ ਪਾਈ ਹੈ ਜੀ ਇਸ ਬਾਰ।” ਬੰਦੇ ਨੇ ਫਰਿਆਦ ਕੀਤੀ, “ਸੂਰਜ ਦੇਵਤਾ ਅੱਗ ਸੁੱਟ ਰਿਹਾ ਹੈ। ਤਪਸ਼ ਕਾਰਣ ਸਾਡੀ ਜੀਭ ਬਾਹਰ ਆ ਗਈ ਹੈ। ਦਿਨ ਰਾਤ ਇੱਕੋ ਜਿਹੀ ਗਰਮੀ। ਮਹਾਰਾਜ ਜੀ, ਤੰਗ ਆ ਗਿਆ ਹੈ ਜੀਵਨ ਧਰਤੀ ’ਤੇ।”
ਸੂਰਜ ਦੇਵਤਾ ਜੀ ਤੁਰੰਤ ਭੜਕ ਗਏ, ਬੋਲੇ, “ਰੱਬ ਜੀ, ਮੈਂ ਤਾਂ ਆਪਣੇ ਵੇਗ ਵਿਚ ਹੀ ਹਰ ਸਾਲ ਗਰਮੀ ਕਰਦਾ ਹਾਂ। ਇੱਕੋ ਜਿਹਾ ਕਾਰਜ ਹੈ ਮੇਰਾ। ਜੋ ਆਪ ਦੇ ਆਦੇਸ਼ ਹਨ, ਉਨ੍ਹਾਂ ਦੀ ਪਾਲਣਾ ਕਰਦਾ ਹਾਂ। ਮੈ ਤਾਂ ਕਦੇ ਛੁੱਟੀ ਵੀ ਨਹੀਂ ਲਈ ਜੀ, ਕਦੇ ਸੈਰ ’ਤੇ ਵੀ ਨਹੀਂ ਗਿਆ ਮਹਾਰਾਜ! ਬੰਦੇ ਨੂੰ ਝੂਠ ਬੋਲਣ ਦੀ ਤੁਸਾਂ ਆਦਤ ਆਪ ਹੀ ਦਿੱਤੀ ਹੈ, ਸੋ ਬੋਲੀ ਜਾਂਦਾ ਹੈ। ਸੱਚ ਤਾਂ ਇਹੋ ਹੈ ਕਿ ਅਨੰਤ ਸਮੇਂ ਤੋਂ ਅਣਥੱਕ ਕੰਮ ਕਰਦਿਆਂ ਮੇਰੀ ਸ਼ਕਤੀ ਵੀ ਘਟਣ ਲੱਗ ਪਈ ਹੈ। ... ਫਿਰ ਵੀ ਮੈਂ ਹੀ ਜ਼ਿੰਮੇਵਾਰ ਹਾਂ ਧਰਤੀ ’ਤੇ ਗਰਮੀ ਲਈ?”
ਸੂਰਜ ਦੇਵਤਾ ਜੀ ਆਪਣੇ ’ਤੇ ਇਲਜ਼ਾਮ ਬਰਦਾਸ਼ਤ ਨਾ ਕਰ ਸਕੇ, ਬੋਲੇ, “ਸਰਵ ਸ਼ਕਤੀਮਾਨ ਮਹਾਰਾਜ ਜੀਓ, ਇਸ ਬੰਦੇ ਨੂੰ ਪੁੱਛੋ ਤਾਂ ਸਹੀ ਕਿ ਇਹਨੇ ਕਿਹੜੀ ਕਿਹੜੀ ਕਰਤੂਤ ਨਹੀਂ ਕੀਤੀ? ਥਾਂ ਥਾਂ ਥਰਮਲ ਪਲਾਂਟ ਲਾ ਲਏ ਨੇ ਆਪਣੇ ਸੁਖ ਲਈ, ਬਿਜਲੀ ਪੈਦਾ ਕਰਨ ਲਈ, ਤੁਹਾਡੇ ਵਲੋਂ ਸਦੀਆਂ ਦੀ ਮਿਹਨਤ ਨਾਲ ਬਣਾਏ ਕੋਲੇ ਨੂੰ ਦਿਹਾੜੀਆਂ ਵਿਚ ਫੂਕੀ ਜਾ ਰਿਹਾ ਹੈ। ਗਰਮੀ ਨਾ ਹੋਊ ਉਸ ਦੇ ਬਲਣ ਨਾਲ? ਨਾਲੇ ਜੀ ਇਸ ਨੇ ਠੰਢਕ ਲਈ ਹਰ ਕਮਰੇ ਵਿਚ ਯੰਤਰ ਲਗਾ ਲਏ ਹਨ। ਅੰਦਰ ਆਪਣੇ ਲਈ ਠੰਢ ਕਰ ਲੈਂਦਾ ਹੈ ਪਰ ਬਾਹਰ ਵੱਲ ਤਾਂ ਗਰਮ ਹਵਾ ਹੀ ਮਾਰਦਾ ਹੈ। ਇਕ ਹੋਰ ਗੱਲ ਜੀ, ਪੁੱਛੋ ਇਸ ਨੂੰ ਜਿੰਨੇ ਜੀਅ ਹਨ ਇਸ ਦੇ ਟੱਬਰ ਦੇ, ਉੰਨੇ ਹੀ ਵਾਹਣ ਹਨ ਇਹਨਾਂ ਕੋਲ। ਜਦ ਵਾਹਣ ਚਲਦਾ ਹੈ, ਗਰਮੀ ਤਾਂ ਹੋਵੇਗੀ ਹੀ। ਇਸੇ ਜੀਵ ਨੇ ਧਰਤੀ, ਜੋ ਤੁਸਾਂ ਨੇ ਸਵਰਗ ਜਿਹੀ ਬਣਾਈ ਸੀ, ਨੂੰ ਨਰਕ ਬਣਾ ਦਿੱਤਾ ਹੈ ਜੀ ਤੇ ਦੋਸ਼ ਸਾਡੇ ’ਤੇ ਮੜ੍ਹਨ ਲੱਗਾ ਹੋਇਆ ਹੈ। ਦੋਸ਼ੀ ਅਸੀਂ ਨਹੀਂ, ਇਹੋ ਬੰਦਾ ਤੇ ਬੰਦੇ ਕੁਟੰਬ ਹੈ ਜੀ। ਇਸ ਨੂੰ ਵੱਡੀ ਤੋਂ ਵੱਡੀ ਸਜ਼ਾ ਦਿਓ ਜੀ ...।”
ਰੱਬ ਦੇ ਮਨ ਵਿਚ ਹਾਲੇ ਵੀ ਬੰਦੇ ਪ੍ਰਤੀ ਰਹਿਮ ਦਾ ਭਾਵ ਸੀ, ਉਸ ਨੇ ਕਿਹਾ, “ਇੰਦਰ ਜੀ, ਚਲੋ ਭਾਵੇਂ ਸੂਰਜ ਦੇਵਤਾ ਨੂੰ ਬੰਦੇ ਦੀਆਂ ਕਰਤੂਤਾਂ ਕਾਰਣ ਗੁੱਸਾ ਹੈ, ਤੁਸੀਂ ਹੀ ਛਹਿਬਰ ਲਾ ਦਿਓ। ਕੁਝ ਤਾਂ ਰਾਹਤ ਮਿਲੂਗੀ ਜੀਵਾਂ ਨੂੰ।”
ਬੰਦੇ ਨੂੰ ਜਿਵੇਂ ਮੌਕਾ ਮਿਲ ਗਿਆ ਹੋਵੇ, ਬੋਲਿਆ, “ਰੱਬ ਜੀ! ਇੰਦਰ ਜੀ ਤਾਂ ਅੱਜਕਲ ਸਾਡੇ ਵਲ ਤੱਕਦੇ ਵੀ ਨਹੀਂ। ਦੋ ਛਿੱਟੇ ਪਾਏ, ਭੱਜ ਗਏ। ਇਹਨਾਂ ਨੂੰ ਕਹੋ ਜੀ ਕਿ ਪਹਿਲੇ ਸਮਿਆਂ ਵਾਂਗ ਝੜੀਆਂ ਲਾਇਆ ਕਰਨ ਤਾਂ ਕਿ ਧਰਤੀ ਦੀ ਪਿਆਸ ਬੁਝ ਜਾਵੇ। ਕੁਝ ਤਪਸ਼ ਘਟੇ, ਅੰਨ ਪਾਣੀ ਹੋਵੇ। ਅਸੀਂ ਤਾਂ ਧਰਤੀ ਵਿੱਚੋਂ ਪਾਣੀ ਕੱਢ ਕੱਢ ਹਾਰ ਗਏ ਹਾਂ, ਪਾਣੀ ਘਟਦਾ ਹੀ ਜਾ ਰਿਹਾ ਹੈ ਜੀ ...।”
ਬੰਦੇ ਦੀ ਗੱਲ ਸੁਣਦੇ ਸਾਰ ਹੀ ਇੰਦਰ ਦੇਵਤਾ ਵੀ ਭੜਕ ਗਏ, ਪ੍ਰਮਾਤਮਾ ਨੂੰ ਕਹਿਣ ਲੱਗੇ, “ਇਸੇ ਬੰਦੇ ਨੂੰ ਪੁੱਛੋ ਪਈ ਤੁਹਾਡੀ ਰਚੀ ਧਰਤੀ ਛੱਡੀ ਹੀ ਕਿੱਥੇ ਹੈ ਇਸ ਨੇ? ਮੀਂਹ ਪਾਉਣ ਤੋਂ ਪਹਿਲਾਂ ਮੈਂ ਜਦ ਸਰਵੇ ਕਰਨ ਨਿਕਲਿਆ ਮਹਾਰਾਜ ਜੀ, ਤਾਂ ਮੈਨੂੰ ਕਿਤੇ ਸੂਤ ਭਰ ਵੀ ਧਰਤੀ ਵਿਖਾਈ ਨਹੀਂ ਦਿੱਤੀ ਜਿੱਥੇ ਮੀਂਹ ਪਾਵਾਂ। ਇਸ ਬੰਦੇ ਨੇ ਹਰ ਨੁੱਕੜ ਸਾਫ ਸਫਾਈ ਦੇ ਨਾਂਅ ’ਤੇ ਪੱਕੀ ਕਰ ਰੱਖੀ ਹੈ। ਮੈਨੂੰ ਤਾਂ ਡਰ ਲਗਦਾ ਹੈ ਜੀ, ਕਿਤੇ ਮੀਂਹ ਨਾਲ ਮੇਰੇ ਤੋਂ ਕੋਈ ਅਪਰਾਧ ਹੀ ਨਾ ਹੋ ਜਾਵੇ। ਮੈਂ ਸੋਚਦਾ ਹਾਂ ਕਿ ਜੇ ਕਿਤੇ ਮੈਂ ਆਪਣੇ ਗਿੱਲੇ ਹੱਥ ਛੰਡ ਦਿੱਤੇ ਤਾਂ ਪਾਣੀ ਪਾਣੀ ਹੋ ਜਾਣਾ ਹੈ, ਖਾਸ ਕਰਕੇ ਪੰਜਾਬ ਵਿਚ। ਛੱਤਾਂ ਪੱਕੀਆਂ, ਵਿਹੜੇ ਪੱਕੇ, ਗਲੀਆਂ ਪੱਕੀਆਂ, ਸੜਕਾਂ ਤਾਂ ਹੋਣੀਆਂ ਹੀ ਸਨ। ਮੇਰੀਆਂ ਦੋਂਹ ਕਣੀਆਂ ਨਾਲ ਛੱਤਾਂ ਤੋਂ ਪਰਨਾਲੇ ਚੱਲ ਪੈਂਦੇ ਨੇ। ਵਿਹੜੇ ਭਰ ਜਾਂਦੇ ਨੇ। ਗਲੀਆਂ-ਨਾਲੀਆਂ ਨਦੀਆਂ ਲਗਦੀਆਂ ਨੇ ਮਹਾਰਾਜ ਜੀ, ਸੜਕਾਂ ਦਰਿਆ। ਤੇ ਫਿਰ ਹੜ੍ਹ ਆ ਜਾਂਦੇ ਨੇ। ਤੇ ਇਸ ’ਤੇ ਬੰਦਾ ਤੁਹਾਨੂੰ ਕੋਸਦਾ ਹੈ। ਅਖਬਾਰ ਅਤੇ ਟੀਵੀ ਭਰ ਦਿੰਦਾ ਹੈ ਕਹਿ ਕਹਿ ਕੇ ਕਿ ਕੁਦਰਤੀ ਆਫਤ ਬਣ ਕੇ ਆਈ ਹੈ ਇਸ ਵਾਰ ਬਰਸਾਤ। ਕਦੇ ਕਹਿ ਦਿੰਦਾ ਹੈ ਕਿ ਬੱਦਲ਼ ਫਟਣ ਨਾਲ ਹੜ੍ਹ ਆ ਗਿਆ। ਬੰਦੇ ਤੇ ਪਸੂ ਰੁੜ੍ਹ ਗਏ। ਮਹਾਰਾਜ ਜੀਓ, ਐਵੇਂ ਹੀ ਆਪਾਂ ਆਪਣੀ ਸ਼ਕਤੀ ਬਰਬਾਦ ਕਰਦੇ ਹਾਂ ਇਸ ਬੰਦੇ ਲਈ। ਇਹ ਤਾਂ ਜੀ ਇਕ ਬੂਟਾ ਲਾਕੇ ਉਸ ਦੇ ਦੁਆਲੇ ਫਰਸ਼ ਪੱਕਾ ਕਰ ਦਿੰਦਾ ਹੈ, ਕੋਸਦਾ ਹੈ ਆਪਾਂ ਨੂੰ। ਰਹਿਣ ਦਿਓ ਇਸ ਜੀਵ ’ਤੇ ਦਇਆ ਦ੍ਰਿਸ਼ਟੀ।”
ਸਾਰਿਆਂ ਦੇਵਤੇ ਇਕ ਸੁਰ ਹੋ ਕੇ ਕਹਿਣ ਲੱਗੇ, “ਰੱਬ ਜੀ, ਸਾਤੋਂ ਨਹੀਂ ਝੱਲੀਆਂ ਜਾਂਦੀਆਂ ਬੰਦੇ ਦੀਆਂ ਤੋਹਮਤਾਂ। ਸਾਨੂੰ ਬਦਨਾਮ ਕਰ ਦਿੱਤਾ ਹੈ ਇਸ ਨੇ।”
ਮੰਤਰੀ ਉੱਠਣ ਲੱਗੇ ਤਾਂ ਬੰਦਾ ਨੀਵੀਂ ਪਾਈ ਖੜ੍ਹਾ ਸੀ। ਬੋਲਦਾ ਵੀ ਤਾਂ ਕੀ ਬੋਲਦਾ ...।
ਰੱਬ ਨੇ ਸਾਰਿਆਂ ਨੂੰ ਰੁਕਣ ਲਈ ਕਿਹਾ ਤੇ ਕਹਿਣ ਲੱਗਾ, “ਜੇ ਆਪਾਂ ਹੀ ਬੰਦੇ ਵਾਂਗ ਕਰਨ ਗਏ ਤਾਂ ਸਾਡੇ ਤੇ ਇਸ ਜੀਵ ਵਿਚ ਕੀ ਫਰਕ ਰਹਿ ਜਾਵੇਗਾ? ਜਰਾ ਸੋਚੋ, ਸਾਰੀ ਗੱਲ ਆਪਣੇ ’ਤੇ ਆ ਜਾਊ। ਹਰ ਕੋਈ ਆਪਾਂ ਨੂੰ ਹੀ ਦੋਸ਼ ਦੇਊ।”
ਇਸ ’ਤੇ ਬਹੁਤ ਦੇਰ ਤੋਂ ਚੁੱਪ ਬੈਠੇ ਸ਼ਿਵ ਮਹਾਰਾਜ ਜੀ ਉੱਠੇ ਤੇ ਕਹਿਣ ਲੱਗੇ, “ਰੱਬ ਜੀਓ, ਮੈ ਹੋਰ ਦੇਰ ਚੁੱਪ ਨਹੀਂ ਰਹਿ ਸਕਦਾ। ਮੇਰੇ ਮਿੱਤਰਾਂ ਨੂੰ ਬਹੁਤ ਕੁਝ ਕਹਿ ਰਿਹਾ ਹੈ ਤੁਹਾਡਾ ਬੰਦਾ। ਇਸ ਨੂੰ ਤਾਂ ਮੈਂ ਪਲਾਂ ਵਿਚ ਸੁਧਾਰ ਦੇਵਾਂਗਾ। ਮੈਂ ਕਰਨ ਲੱਗਾ ਹਾਂ ਆਪਣਾ ਤਾਂਡਵ ਨਾਚ। ਬੰਦੇ ਦੇ ਬਣਾਏ ਫਰਸ਼ ਆਦਿ ਸਭ ਕੁਝ ਪੁਟ ਕੇ ਰੱਖ ਦੇਵਾਂਗਾ।”
ਸ਼ਿਵ ਜੀ ਨੇ ਇਕ ਪੈਰ ਪਟਕਿਆ, ਧਰਤੀ ਕੰਬ ਗਈ। ਹਾਹਾਕਾਰ ਮੱਚ ਗਈ। ਪਰਲੋ! ਪਰਲੋ!! ਉੱਧਰ ਇੰਦਰ ਨੇ ਵੀ ਛਹਿਬਰ ਲਾ ਦਿੱਤੀ। ਪਵਨ ਦੇਵ ਵੀ ਪਿੱਛੇ ਨਹੀਂ ਰਹੇ। ਇਕ ਝਕੋਲੇ ਵਿਚ ਸਭ ਕੁਝ ਹਿੱਲ ਗਿਆ। ਰੱਬ ਨੇ ਰੋਕਿਆ, “ਬੱਸ ਬਈ ਬੱਸ! ਮੈਂ ਸੋਚ ਲਿਆ ਹੈ ਬੰਦੇ ਦਾ ਹੱਲ ... ਇਸ ਜੀਵ ਨੂੰ ਆਪਾਂ ਨੇ ਜੋ ਤਰੱਕੀ, ਗਿਆਨ ਦਿੱਤਾ ਸੀ, ਉਸ ’ਤੇ ਚਲਦਿਆਂ ਇਹ ਜੀਵ ਆਪ ਹੀ ਆਪਣੇ ਆਪ ਨੂੰ ਖਤਮ ਕਰ ਲਵੇਗਾ। ਸਾਡੇ ’ਤੇ ਕੋਈ ਦੋਸ਼ ਨਹੀਂ ਆਵੇਗਾ।”
ਰੱਬ ਜੀ ਨੇ ਆਪਣੇ ਕਰਮੰਡਲ ਵਿੱਚੋਂ ਚੂਲੀ ਭਰ ਕੇ ਪਾਣੀ ਲਿਆ ਤੇ ਧਰਤੀ ਦੇ ਬੰਦੇ ਨੂੰ ਸਰਾਪ ਦਿੰਦੇ ਹੋਏ ਬੋਲੇ, “ਬੰਦਿਆ ਤੈਨੂੰ ਬਹੁਤ ਸਮਝਾਇਆ ਪਰ ਤੂੰ ਸਮਝਿਆ ਹੀ ਨਾ। ਤੇਰਾ ਆਪਣੀ ਸ਼ਕਤੀ ਅਤੇ ਤਰੱਕੀ ਲਈ ਵਰਤਿਆ ਗਿਆਨ ਹੀ ਤੇਰੀ ਤਬਾਹੀ ਦਾ ਸਬੱਬ ਬਣੇ!” ... ਤੇ ਚੂਲੀ ਛੱਡ ਦਿੱਤੀ।
*****
(686)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)
				
				
				
				
				
						




 






















 










 















 



















 



























