RipudamanSDr7“ਦੱਸੋ ਇਸ ਨੂੰ ... ਆਪਾਂ ਤਾਂ ਤੰਗ ਆ ਗਏ ਹਾਂ ਇਨ੍ਹਾਂ ਤੋਂ ...”
(28 ਜੂਨ 2017)

 

ਗਰਮੀਆਂ ਦੇ ਦਿਨ ਸਨ। ਇੱਕਾ ਦੁੱਕਾ ਪਸ਼ੂ ਕੱਖ ਕੰਡਾ ਚਰ ਰਹੇ ਸਨ। ਇਕ ਮਨੁੱਖ ਆਪਣੀ ਧੁੰਨ ਵਿਚ ਮਗਨ ਤੁਰਿਆ ਜਾ ਰਿਹਾ ਸੀ ਕਿ ਅਚਾਨਕ ਰੌਲਾ ਜਿਹਾ ਪੈ ਗਿਆ ... ‘ਰੋਕੋ ਉਏ ਇਸ ਨੂੰ, ਰੋਕੋ, ਕਿਤੇ ਲੰਘ ਨਾ ਜਾਵੇ।’ ਬੁੱਢੜੀ ਜਿਹੀ ਅਵਾਜ਼ ਆਈ, ‘ਘੇਰ ਲਓ ਚਾਰੇ ਬੰਨਿਓ, ਜਾਊ ਕਿਥੇ?”

ਉਹੋ ਗੱਲ ਹੋਈ। ਮਨੁੱਖ ਦੇ ਚੌਗਿਰਦੇ ਪਸ਼ੂਆਂ ਦਾ ਜਮਘਟਾ ਲੱਗਣ ਲੱਗਾ। ਆਲੇ ਦੁਆਲੇ ਬਾੜ ਜਿਹੀ ਬਣਾ ਲਈਲੰਘਣ ਨੂੰ ਕੋਈ ਥਾਂ ਹੀ ਨਾ ਰਹੀ ਮਨੁੱਖ ਲਈ। ਇਕ ਅੱਧੀ ਵਾਰ ਕੋਸ਼ਿਸ਼ ਕੀਤੀ, ਪਸ਼ੂਆਂ ਦੇ ਤਿੱਖੇ ਸਿੰਗ ਬੱਖੀਆਂ ਪਾੜਨ ਨੂੰ ਆਏਖੜੋਣਾ ਹੀ ਪੈ ਗਿਆ। ਇਕ ਵੱਡੀ ਉਮਰ ਦੀ ਗਾਂ ਉਸ ਭੀੜ ਵਿੱਚੋਂ ਅੱਗੇ ਆਈ ਤੇ ਬੋਲੀ, “ਕਾਕਾ ਅਸਾਂ ਕੁਝ ਨਹੀਂ ਕਹਿੰਦੇ ਤੈਨੂੰ, ਫਿਕਰ ਨਾ ਕਰਅਸਾਂ ਤਾਂ ਇਹੋ ਦੱਸਣਾ ਹੈ ਕਿ ਤੁਸੀਂ ਮਨੁੱਖ ਕੌਮ ਬਹੁਤ ਜ਼ਾਲਿਮ ਹੋ, ਬੱਸ। ਤੁਹਾਡੇ ਜ਼ੁਲਮਾਂ ਤੋਂ ਅਸੀਂ ਬਹੁਤ ਤੰਗ ਹਾਂ ... ਅਸੀਂ ਸਦੀਆਂ ਤੋਂ। ਸਦੀਆਂ ਕਾਹਦੀਆਂ, ਉਦੋ ਤੋਂ ਹੀ ਜਦੋਂ ਤੋਂ ਰੱਬ ਨੇ ਸਾਨੂੰ ਤੇ ਤੁਹਾਨੂੰ ਰਚਿਆ ਹੈ।”

ਮਨੁੱਖ ਨੇ ਪੁੱਛਿਆ, “ਮਾਤਾ, ਕਿਹੜਾ ਜ਼ੁਲਮ ਕਰ ਬੈਠਾ ਬੰਦਾ ਜਾਨਵਰਾਂ ’ਤੇ?”

ਗਊ ਕਹਿਣ ਲੱਗੀ, “ਕਾਕਾ, ਇੱਕ ਹੋਵੇ ਤਾਂ ਦੱਸੀਏ। ਅਸੀਂ ਤਾਂ ਰੋਮ ਰੋਮ ਤੋਂ ਤੁਹਾਡੇ ਜ਼ੁਲਮਾਂ ਦੇ ਬਿੰਨ੍ਹੇ ਪਏ ਆਂ।” ਸਾਥੀ ਜਾਨਵਰਾਂ ਨੇ ਉੱਚੀ ਅਵਾਜ਼ ਵਿਚ ਕਿਹਾ, “ਦੱਸੋ ਇਸ ਨੂੰ ... ਆਪਾਂ ਤਾਂ ਤੰਗ ਆ ਗਏ ਹਾਂ ਇਨ੍ਹਾਂ ਤੋਂ।”

ਲੱਗਿਆ ਗਾਂ ਲੀਡਰ ਸੀ ਸਾਰਿਆਂ ਦੀਉਸ ਨੇ ਸਭ ਜਾਨਵਰਾਂ ਨੂੰ ਸੰਬੋਧਨ ਕਰ ਕੇ ਕਿਹਾ, “ਬਈ ਹਰ ਗਰੁੱਪ ਵਿੱਚੋਂ ਇੱਕ ਇੱਕ ਅੱਗੇ ਆਵੇ ਤੇ ਆਪਣੀ ਗੱਲ ਦੱਸੇ।”

ਸਾਰੇ ਇਕ ਸੁਰ ਹੋ ਕੇ ਬੋਲੇ, “ਜੀ ਤੁਸੀਂ ਸਭ ਤੋਂ ਸਿਆਣੇ ਹੋ, ਤੁਸੀਂ ਜੋ ਕਹੋਗੇ, ਸੋ ਸਾਨੂੰ ਪ੍ਰਵਾਨ ਹੈ।”

ਬੰਦੇ ਦਾ ਮੱਥਾ ਠਣਕਿਆ, “ਸਾਰੇ ਪਸ਼ੂ ਇਕ ਨਾਲ ਸਹਿਮਤ ਹੋ ਗਏ, ਅਸੀਂ ਬੰਦੇ ਇਕ ਨਸਲੀ ਹਾਂ ਪਰ ਆਪਣੀ ਆਪਣੀ ਚਲਾਈ ਜਾਂਦੇ ਹਾਂ ਤੇ ਕਿਸੇ ਸਿਰੇ ਨਹੀਂ ਲੱਗਣ ਦਿੰਦੇ ਕਿਸੇ ਗੱਲ ਨੂੰ ...”

ਗਊ ਬੋਲੀ, “ਮਨੁੱਖਾ, ਸੁਣ ਹੁਣ ਸਾਡੀ ... ਪਹਿਲੀ ਗੱਲ ਤਾਂ ਇਹ ਹੈ ਕਿ ਬੰਦਿਆਂ ਨੇ ਸਾਨੂੰ ਆਪਣੇ ਗਲਾਮ ਬਣਾ ਬਣਾ ਲਿਆ ਹੈ। ਬੰਦਾ ਆਪਣੀ ਅਜ਼ਾਦੀ ਲਈ ਲੜਾਈ ਲੜਦਾ ਹੈ, ਕੀ ਸਾਨੂੰ ਲੋੜ ਨਹੀਂ ਆਪਣੀ ਅਜ਼ਾਦੀ ਦੀ? ਹੈਂ, ਦੱਸ ਖਾਂ, ਇਹ ਜ਼ੁਲਮ ਘੱਟ ਹੈ ਸਾਡੇ ’ਤੇ? ਹੁਣ ਕੋਈ ਸਾਨੂੰ ਚਾਰਨ ਵੀ ਨਹੀਂ ਲੈ ਕੇ ਜਾਂਦਾ, ਤੁਰਨ ਫਿਰਨ ਵੀ ਨਹੀਂ ਦਿੰਦਾ। ਅੱਜ ਕੱਲ ਸਾਨੂੰ ਇਕ ਸ਼ੈੱਡ ਹੇਠ ਹੀ ਉਮਰ ਕੱਟਣੀ ਪੈਂਦੀ ਹੈ। ਆਪ ਤਾਂ ਤੁਸੀਂ ਜਦ ਜੀ ਕਰਦਾ ਹੈ ਮੈਕਡਾਨਲ ਤੇ ਡਾਮੀਨੋਜ ਬਰਗਰ ਤੇ ਪੀਜ਼ਾ ਖਾਣ ਤੁਰ ਜਾਂਦੇ ਹੋ। ਅੱਕ ਗਏ ਹਾਂ ਅਸੀਂ ਕਾਕਾ ਸੁੱਕੀ ਤੂੜੀ ਤੇ ਬਰਸੀਨ ਖਾ ਖਾ ਕੇ। ਪੱਕੇ ਫਰਸ਼ ਤੇ ਉੱਠਦਿਆਂ ਬਹਿੰਦਿਆਂ ਗੋਡੇ ਮੋਢੇ ਰਗੜੇ ਜਾਂਦੇ ਨੇ। ਤੁਹਾਡੇ ਕੰਮ ਦੇ ਨਾ ਰਹੇ ਤਾਂ ਅੱਗੇ ਧੱਕ ਦਿੰਦੇ ਹੋ, ਵੇਚ ਦਿੰਦੇ ਹੋ ਸਾਨੂੰਕਈ ਮੁਲਕਾਂ ਵਿਚ ਤਾਂ ਵੱਢ ਟੁੱਕ ਕੇ ਖਾ ਵੀ ਜਾਂਦੇ ਹੋਜ਼ੁਲਮ ਸਾਈਂ ਦਾ, ਕਾਕਾ ਦੱਸ ਖਾਂ, ਅਸੀਂ ਕਦੇ ਖਾਧਾ ਹੈ ਬੰਦੇ ਨੂੰ?”

ਗਊ ਥੋੜ੍ਹਾ ਜਿਹਾ ਸਾਹ ਲੈ ਕੇ ਫਿਰ ਬੋਲੀ, “ਮਨੁੱਖਾ, ਤੁਸੀਂ ਤਾਂ ਭਰੂਣ ਹੱਤਿਆ ਦੀ ਦੁਹਾਈ ਦੇ ਦੇ ਕੇ ਜੱਗ ਕਮਲਾ ਕੀਤਾ ਹੋਇਆ ਹੈ। ਤੁਸੀਂ ਤਾਂ ਮੁੰਡੇ ਖਾਤਰ ਕੁੜੀਆਂ ਮਾਰੀ ਜਾਂਦੇ ਹੋ। ਜਿਨ੍ਹਾਂ ਬੰਦਿਆਂ ਦੇ ਤਿੰਨ ਚਾਰ ਲੜਕੀਆਂ ਹੋ ਜਾਂਦੀਆਂ ਹਨ ਉਪਰੋਥਲੀ, ਰੱਬ ਦੀ ਦੇਣ ਨਹੀਂ ਸਗੋਂ ਮੁੰਡੇ ਦੀ ਲਾਲਸਾ ਵਿਚ ਜੰਮੀ ਜਾਂਦੇ ਹੋ ਤੁਸੀਂ ਤਾਂ। ਪਰ ਸਾਡੇ ਵੱਲ ਵੀ ਕਦੇ ਤੱਕਿਆ ਹੈ, ਬੰਦਾ ਤਾਂ ਸਾਡੇ ਮੁੰਡੇ ਹੀ ਮਾਰ ਦਿੰਦਾ ਹੈ ਇਕ ਮਾਦਾ ਦੇ ਜਨਮ ਲਈ। ਬੰਦੇ ਦੇ ਆਪਣੇ ਮੁੰਡਾ ਹੁੰਦਾ ਹੈ ਤਾਂ ਲੱਡੂ ਵੰਡਦਾ ਫਿਰਦਾ ਹੈ ਪਰ ਸਾਡੇ ਮਾਦਾ ਪੈਦਾ ਹੋਣ ’ਤੇ। ਕਾਹਦੀ ਨੰਨ੍ਹੀ ਛਾਂ ਹੈ ਬੰਦਿਆ ਤੁਹਾਡੀ? ਰੱਬ ਜਦੋਂ ਤੁਹਾਨੂੰ ਕੁੜੀ ਦਿੰਦਾ ਹੈ ਤਾਂ ਸੌ ਘੜੇ ਪਾਣੀ ਪੈ ਜਾਂਦਾ ਹੈ ਤੁਹਾਡੇ ਸਿਰਮਾਤਮ ਛਾ ਜਾਂਦਾ ਹੈ ਤੁਹਾਡੇ ਘਰਾਂ ਵਿਚ। ਕਿੱਥੋਂ ਹੋਣਗੇ ਤੁਹਾਡੇ ਮੁੰਡੇ, ਸਾਡੀ ਦੁਰ ਅਸੀਸਾਂ ਲੱਗਣਗੀਆਂ ਤੁਹਾਨੂੰ, ਬੰਦਾ ਔਤਰਾ ਹੀ ਚੰਗਾ। ਬੰਦਿਆਂ ਨੇ ਤਾਂ ਸਾਡੇ ਲਈ ਥਾਂ ਹੀ ਨਹੀਂ ਰੱਖੀ। ਕਿਤੇ ਕਿਤੇ ਇਹੋ ਜਿਹਾ ਛੋਟਾ ਜਿਹਾ ਬੀੜ ਹੀ ਬਚਿਆ ਹੈ, ਰੱਬ ਮਿਹਰਬਾਨ ਹੋ ਜਾਵੇ ਤਾਂ ਮੀਂਹ ਕਣੀ ਨਾਲ ਹਰਾ ਭਰਾ ਹੋ ਜਾਂਦਾ ਹੈ, ਖਾਣ ਨੂੰ ਕੁਝ ਮਿਲ ਜਾਂਦਾ ਹੈ, ਨਹੀਂ ਤਾਂ ਸੁੱਕੇ ਤਿਣਕੇ ਖਾ ਕੇ ਗੁਜ਼ਾਰਾ ਕਰਦੇ ਹਾਂਸਾਡੇ ਕਿਹੜੇ ਖੂਹ ਵਗਦੇ ਨੇ ਭਾਈ। ਸਾਡੇ ਪਸ਼ੂਆਂ ਲਈ ਤਾਂ ਕਿਸੇ ਨੇ ਕੋਈ ਖੂਹ ਵੀ ਨਹੀਂ ਲਗਾਇਆ। ਅਸੀਂ ਤਾਂ ਛੱਪੜ ਦਾ ਹੀ ਪਾਣੀ ਪੀਂਦੇ ਹਾਂ।  ਵੇਖ ਅਸੀਂ ਤਾਂ ਕਦੇ ਬੀਮਾਰ ਨਹੀਂ ਪਏ। ਛੱਪੜ ਵੀ ਤੁਸੀਂ ਗੰਦੇ ਕਰ ਦਿੱਤੇ ਨੇ ਆਪਣੀਆਂ ਦਵਾਈ ਦੀਆਂ ਪੀਪੀਆਂ ਧੋ ਧੋ ਕੇਮਾਰ ਕੇ ਰੱਖ ਦਿੱਤੇ ਨੇ ਛੱਪੜਾਂ ਦੇ ਡੱਡੂ ਤੇ ਮੱਛੀਆਂ। ਤੁਸੀਂ ਤਾਂ ਸਾਨੂੰ ਵੀ ਨਹੀਂ ਛੱਡਿਆ ਖਾਣ ਤੋਂ ਤੁਸੀਂ ਤਾਂ ਇੰਨੇ ਜ਼ਹਿਰੀ ਹੋ ਗਏ ਹੋ ਕਿ ਜਾਨਵਰਾਂ ਦੀ ਜ਼ਹਿਰ ਵੀ ਹਜ਼ਮ ਕਰ ਗਏ। ਸਾਥੋਂ ਜਾਂ ਸਾਡੇ ਬੱਚਿਆਂ ਤੋਂ ਕੋਈ ਗਲਤੀ ਹੋ ਜਾਵੇ ਤਾਂ ਟੰਬੇ ਮਾਰ ਮਾਰ ਸਾਡੀ ਖੱਲ ਉਧੇੜ ਦਿੰਦੇ ਹੋ, ਗੰਦੀਆਂ ਗੰਦੀਆਂ ਗਾਲ੍ਹਾਂ ਦਿੰਦੇ ਹੋ, ਕੋਈ ਸ਼ਰਮ ਨਹੀਂ ਕੋਈ ਦਯਾ ਨਹੀਂ ਮਨੁੱਖ ਵਿਚ। ਅਸੀਂ ਜਾਨਵਰਾਂ ਨੇ ਕਦੇ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਕਿਹਾ ਹੈ ਕੁਝ, ਜੇ ਕਦੇ ਕੁਝ ਕਿਹਾ ਵੀ ਹੈ ਤਾਂ ਸਿਰਫ ਉਦੋਂ, ਜਦੋਂ ਸਾਨੂੰ ਬਹੁਤ ਤੰਗ ਕੀਤਾ ਜਾਂਦਾ ਹੈ। ਆਪਣਾ ਬਚਾਓ ਤਾਂ ਸਾਰਿਆਂ ਕਰਨਾ ਹੀ ਹੋਇਆ ਨਾ ਕਾਕਾ।”

ਬੰਦਾ ਬੋਲਿਆ, “ਤੁਸੀਂ ਠੀਕ ਕਹਿੰਦੇ ਹੋ ਜੀ।”

ਪ੍ਰਮਾਤਮਾ ਨੇ ਹਰ ਜੀਵ ਨੂੰ ਆਪਣੀ ਵੰਸ਼ ਚਲਦਾ ਰੱਖਣ ਲਈ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਬੱਚੇ ਨੂੰ ਜਿਊਂਦਾ ਰੱਖਣ ਤੇ ਪਾਲਣ ਲਈ ਜੀਵਾਂ ਦੀ ਲੋੜ ਮੁਤਾਬਿਕ ਖਾਣ ਦਿੱਤਾ ਹੈ। ਦੁੱਧਾਧਾਰੀ ਪਸ਼ੂਆਂ ਨੂੰ ਦੁੱਧ ਦੀ ਦਾਤ ਦਿੱਤੀ ਹੈ ਆਪਣੇ ਬੱਚੇ ਦੀ ਪਰਵਰਿਸ਼ ਕਰਨ ਲਈ। ਧਿਆਨ ਦੇਈਂ ਬਈ ਬੰਦਿਆ, ਰੱਬ ਨੇ ਸਾਨੂੰ ਦੁੱਧ ਸਾਡੇ ਕਟਰੂਆਂ ਲਈ ਦਿੱਤਾ ਹੈ। ਬੰਦਾ ਸਾਡੇ ਬੱਚਿਆਂ ਨੂੰ ਤਾਂ ਪੀਣ ਨਹੀਂ ਦਿੰਦਾ, ਸਗੋਂ ਆਪ ਪੀ ਜਾਂਦਾ ਹੈਕਿੱਡਾ ਜ਼ੁਲਮ ਹੈ ਇਹ, ਕਦੇ ਸੋਚਿਆ ਵੀ ਐਂ ਤੁਸੀਂ ਬੰਦਿਆਂ ਨੇ? ਸਾਡੇ ਬੱਚਿਆਂ ਨੂੰ ਭੁੱਖੇ ਮਾਰ ਕੇ ਆਪਣਾ ਢਿੱਡ ਭਰੀ ਜਾਂਦੇ ਹੋ, ਸ਼ਰਮ ਕਰੋ ਬੰਦਿਓ, ਕਦੇ ਤਾਂ ਸ਼ਰਮ ਕਰੋ ...। ਸਾਡਾ ਦੁੱਧ ਸਾਡੇ ਬੱਚਿਆਂ ਦੀ ਮਲਕੀਅਤ ਹੈ, ਮਨੁੱਖ ਦੀ ਨਹੀਂ ...”

ਆਸੇ ਪਾਸੇ ਨਜ਼ਰ ਘੁਮਾ ਕੇ ਗਊ ਬੋਲੀ, “ਬੋਲੋ ਬਈ ਤੁਸੀਂ ਸਾਰੇ ਕੀ ਕਹਿਣਾ ਚਾਹੁੰਦੇ  ਹੋ, ਮੈਂ ਜੋ ਕਹਿਣਾ ਸੀ, ਕਹਿ ਦਿੱਤਾ।”

ਵੱਖ ਵੱਖ ਨਸਲਾਂ, ਵਰਗਾਂ ਦੇ ਜਾਨਵਰ ਇੱਕੋ ਸੁਰ ਵਿਚ ਬੋਲੇ, “ਮਾਤਾ, ਤੁਸੀਂ ਬਿਲਕੁਲ ਠੀਕ ਕਿਹਾ ਹੈ। ਤੁਹਾਡੇ ਨਾਲ ਤਾਂ ਹੱਡ ਬੀਤੀ ਹੈ ਤੁਹਾਤੋਂ ਚੰਗਾ ਹੋਰ ਕੌਣ ਜਾਣਦਾ ਹੈ। ਸਗੋਂ ਸਾਡੀ ਹਰ ਮਾਦਾ ਨਾਲ, ਬੱਚਿਆਂ ਨਾਲ, ਮਨੁੱਖ ਸਦਾ ਤੋਂ ਹੀ ਖੋਹ ਖੁਹਾਈ ਕਰਦਾ ਆ ਰਿਹਾ ਹੈ।”

ਗਾਂ ਨੇ ਇਹ ਸਾਰਾ ਕੁਝ ਸੁਣ ਮਨੁੱਖ ਨੂੰ ਮੁਖਾਤਿਬ ਹੋ ਕੇ ਕਿਹਾ, “ਘਬਰਾ ਨਾ, ਅਸੀ ਤੇਰਾ ਕੋਈ ਨੁਕਸਾਨ ਨਹੀਂ ਕਰਨ। ਅਸੀਂ ਤਾਂ ਸਾਰੇ ਆਪਣੀਆਂ ਗੱਲਾਂ ਨੂੰ ਤੇਰੇ ਰਾਹੀਂ ਮਨੁੱਖੀ ਸਮਾਜ ਨੂੰ ਅਤੇ ਰੱਬ ਤੱਕ ਸੁਨੇਹਾ ਦੇਣਾ ਹੈ ਕਿ ਕੁਝ ਤਾਂ ਚੰਗਾ ਕਰੋਸਾਡੇ ਵਾਰੇ ਵੀ ਚੰਗਾ ਸੋਚੋ ... ਵੇਖ ਕਾਕਾ, ਸਾਡੀ ਕਥਾ ਤਾਂ ਸੁਣ ਹੀ ਲਈ ਹੈ ਤੈਂ, ਜਾਹ ਆਪਣੇ ਸਮਾਜ ਨੂੰ ਜਿਹੜਾ ਆਪਣੇ ਆਪ ਨੂੰ ਮਹਾਨ ਹੋਣ ਦਾ ਦਾਅਵਾ ਕਰਦਾ ਹੈ, ਧਰਮਾਂ ਦੇ ਵੱਡੇ ਵੱਡੇ ਗ੍ਰੰਥ ਲਿਖੀ ਬੈਠਾ ਹੈ, ਦੁਨੀਆਂ ਨੂੰ ਰੱਬ ਬਾਰੇ ਦੱਸਦਾ ਫਿਰਦਾ ਹੈ ਜਿਵੇਂ ਆਪ ਹੀ ਰੱਬ ਹੋਵੇ ਇਨਸਾਨਾਂ ਦਾ, ਸਾਡਾ ਤਾਂ ਹੈ ਹੀ ਨਹੀਂ ਕੋਈ, ਨਾ ਰੱਬ, ਨਾ ਬੰਦਾ ...”

ਮਨੁੱਖ ਸੋਚੀਂ ਪੈ ਗਿਆ ਕਿ ਬਹੁਤ ਹੱਦ ਤੱਕ ਤਾਂ ਕੀ, ਸਮੁੱਚਾ ਹੀ ਸੱਚ ਕਿਹਾ ਹੈ ਜਾਨਵਰਾਂ ਨੇ। ਇਨਸਾਨ ਆਪਣੇ ਆਪ ਨੂੰ ਮਹਾਨ ਕਹਾਉਣ ਵਾਲਾ ਕਿੰਨਾ ਹੋਛਾ ਹੈ। ਇਹ ਤਾਂ ਜਾਨਵਰਾਂ ਦਾ ਪੱਖ ਸੁਣ ਕੇ ਲੱਗਿਆ ਹੈ ਕ ਸੱਚ ਹੈ, ਅਸੀਂ ਬਹੁਤ ਸਿਤਮਗਰ ਹਾਂ, ਜ਼ਾਲਮ ਹਾਂ, ਆਪਣੇ ਸੁਖ ਖਾਤਰ ਕਿੰਨੇ ਗੁਨਾਹ ਕਰ ਦਿੰਦੇ ਹਾਂ। ... ਮਨੁੱਖ ਪਸ਼ੂਆਂ ’ਤੇ ਜ਼ੁਲਮ ਬੰਦ ਕਰੇ, ਉਨ੍ਹਾਂ ਨੂੰ ਆਪਣੇ ਚੰਗੇ ਦੋਸਤ ਤੇ ਪਰਿਵਾਰ ਦੇ ਮੈਂਬਰ ਸਮਝ ਕੇ ਦੇਖਭਾਲ ਕਰੇ ਵਰਨਾ ਜਾਨਵਰ ਆਪਣੀ ਆਈ ’ਤੇ ਆ ਗਏ ਤਾਂ ਮਨੁੱਖ ਨੂੰ ਆਪਣਾ ਬਣਾਇਆ ਰਸਾਇਣਕ ਦੁੱਧ ਹੀ ਪੀਣ ਪਵੇਗਾ। ਦੇਖ ਲਵੇ, ਸਭ ਹੁਣ ਬੰਦੇ ਦੇ ਹੱਥ ਹੈ ...।

*****

(747)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਿਪੁਦਮਨ ਸਿੰਘ

ਡਾ. ਰਿਪੁਦਮਨ ਸਿੰਘ

Patiala, Punjab, India.
Phone: (91 - 98152 - 00134)
Email: (ripu134@gmail.com)

More articles from this author