RipudamanSDr7ਬਾਈ, ਜਦ ਤੱਕ ਇਹ ਵੀਡੀਓ ਗੇਮ ਚੱਲ ਰਹੀ ਹੈ, ਤੂੰ ਜਿਉਂਦਾ ਹੈਂ। ਜੇ ਇਹ ਖੜੋ ਗਈ ਤਾਂ ...
(29 ਸਤੰਬਰ 2017)

 

HeartA1

 

ਦਿਲ ਦੇ ਰੋਗ ਕੋਈ ਨਵੇਂ ਤਾਂ ਨਹੀਂ ਮਨੁੱਖ ਲਈ, ਇਹ ਉੰਨੇ ਹੀ ਪੁਰਾਣੇ ਹਨ ਜਿੰਨਾ ਪੁਰਾਣਾ ਮਨੁੱਖ। ਸੱਚ ਤਾਂ ਇਹੋ ਹੈ ਕਿ ਪਹਿਲੋਂ ਦਿਲ ਦੇ ਦੌਰੇ ਕਾਰਨ ਮਰੇ ਮਨੁੱਖ ਬਾਰੇ ਕਿਹਾ ਜਾਂਦਾ ਸੀ ਕਿ ਬਈ ਫਲਾਣਾ ਤਾਂ ਸਾਧ ਦੀ ਮੌਤ ਮਰਿਆ ਹੈ, ਪਤਾ ਹੀ ਨਹੀਂ ਚੱਲਿਆ ਕਦੋਂ ਪ੍ਰਾਣ ਪੰਖੇਰੂ ਉੱਡ ਗਏ। ਬਾਈ ਮੇਰੇ ਸਾਹਮਣੇ ਬੈਠਾ ਗੱਲਾਂ ਕਰ ਰਿਹਾ ਸੀ, ਔਹ ਗਿਆ - ਔਹ ਗਿਆ। ਅਸਲ ਵਿਚ ਤਾਂ ਭੁਚਾਲ ਆਉਣ ਵਾਲੀ ਗੱਲ ਜਿਹੀ ਹੁੰਦੀ ਹੈ। ਬਹੁਤਾ ਜ਼ੋਰ ਦੀ ਆ ਗਿਆ ਤਾਂ ਨਾ ਸਮੇਟਾ ਸਮੇਟੀ ਤੇ ਨਾ ਹੀ ਹਿੱਲਜੁਲ। ਜੇ ਦਿਲ ਇਕ ਦਮ ਰੁਕ ਗਿਆ ਤਾਂ ਸਾਧ ਦੀ ਮੌਤ ਨਹੀਂ ਤਾਂ ਬੱਚਾ ਜੰਮਣ ਸਮੇਂ ਦੇ ਦਰਦਾਂ ਵੀ ਫਿੱਕਿਆਂ ਪੈ ਜਾਂਦੇ ਹਨ। ਤੜਫਾ ਦਿੰਦਾ ਹੈ ਦਿਲ ਦਾ ਦਰਦ। ਸ਼ਾਇਦ ਸ਼ਾਇਰ ਗਾਲਿਬ ਨੇ ਇਸੇ ਕਰਕੇ ਕਿਹਾ ਹੋਵੇ, “ਦਰਦੇ ਦਿਲ ...” ਪਰ ਇਹ ਜਾਣ ਲਵੋ ਕਿ ਗਾਲਿਬ ਮਰਜੇ ਹਾਰਟ ਨਹੀਂ ਸੀ ਬਮਰਜੇ ਦਿਲ ਸੀ। ਦਿਲ ਅਤੇ ਹਾਰਟ ਵਿਚ ਬਹੁਤ ਫਰਕ ਹੈ।

ਦਿਲ ਹੈ ਸੰਵੇਦਨਸ਼ੀਲ ਅਤੇ ਹਾਰਟ ਕ੍ਰਿਆਸ਼ੀਲ। ਇਹੋ ਫਰਕ ਹੈ ਦੋਨਾਂ ਦਿਲਾਂ ਵਿਚ। ਜਿਹੜਾ ਕ੍ਰਿਆਸ਼ੀਲ ਹੁੰਦਾ ਹੈ ਉਸ ਦੀ ਟੁੱਟ ਫੁੱਟ ਸੁਭਾਵਿਕ ਹੈ। ਸਾਰੇ ਜਾਣਦੇ ਹਾਂ ਕਿ ਜੇ ਮਸ਼ੀਨ ਚੱਲੂ ਤਾਂ ਕੁਝ ਨਾ ਕੁਝ ਖਰਾਬ ਤਾਂ ਹੋਵੇਗਾ ਹੀ। ਮੁਰਮੰਤ ਵੀ ਲੋੜੀਂਦੀ ਹੈ ਚੱਲਦੀ ਚੀਜ਼ ਨੂੰ ਚੱਲਦੀ ਰੱਖਣ ਲਈ। ਇਹੋ ਕੁਝ ਹੀ ਹੁੰਦਾ ਹੈ ਹਾਰਟ ਨਾਲ। ਰੱਬ ਦੀ ਇਸ ਮਸ਼ੀਨ ਦਾ ਕੋਈ ਸਾਨੀ ਨਹੀਂ। ਹਸਪਤਾਲ ਵਿਚ ਇਕ ਮਰੀਜ ਜੋ ਕਾਰਡੀਐੱਕ ਮੌਨੀਟਰ ’ਤੇ ਸੀ, ਨੇ ਮੈਨੂੰ ਪੁੱਛਿਆ ਕਿ ਡਾਕਟਰ ਸਾਹਿਬ ਇਹ ਲੀਕਾਂ ਉੱਪਰ ਹੇਠਾਂ ਕੀ ਹਨ? ਮੇਰੇ ਮੂੰਹੋਂ ਨਿੱਕਲ ਗਿਆ, “ਬਾਈ, ਜਦ ਤੱਕ ਇਹ ਵੀਡੀਓ ਗੇਮ ਚੱਲ ਰਹੀ ਹੈ, ਤੂੰ ਜਿਉਂਦਾ ਹੈਂ। ਜੇ ਇਹ ਖੜੋ ਗਈ ਤਾਂ ਤੈਨੂੰ ਕੁਝ ਦਿਸਣਾ ਨਹੀਂ, ਤੇਰੀ ਪੱਕੀ ਛੁੱਟੀ। ਜਦ ਤਕ ਰੱਬ ਨੇ ਜੀਵਨ ਦਿੱਤਾ ਹੈ, ਇਹ ਚੱਲਦਾ ਰਹਿੰਦਾ ਹੈ ਅਤੇ ਇਸੇ ਦੇ ਚੱਲਣ ਨਾਲ ਜੀਵਨ ਚੱਲਦਾ ਹੈ।”

ਦਰਅਸਲ ਹਾਰਟ ਦੇ ਖਰਾਬ ਹੋਣ ਦੇ ਕਈ ਕਾਰਣ ਹਨ। ਬਹੁਤਿਆਂ ਬਾਰੇ ਤਾਂ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਆਖਿਰ ਕੀ ਹੈ ਕਿ ਕਾਰਡਿਆਲੋਜਿਸਟ ਦੇ ਖੜ੍ਹੇ ਖੜ੍ਹੇ ਬੰਦੇ ਦਾ ਦਿਲ ਬੈਠ ਜਾਂਦਾ ਹੈ। ਉਸ ਨੂੰ ਪਤਾ ਹੀ ਨਹੀਂ ਲਗਦਾ ਕਿ ਕੀ ਹੋ ਗਿਆ ਹੈ। ਉਸ ਕੋਲ ਸਿਵਾਏ ਸੌਰੀ ਕਹਿਣ ਦੇ ਕੁਝ ਨਹੀਂ ਬਚਦਾ।

ਕੁਝ ਕਹਿੰਦੇ ਹਨ ਕਿ ਖੂਨ ਦੀ ਨਾਲੀਆਂ ਵਿਚ ਚਰਬੀ ਜੰਮ ਜਾਂਦੀ ਹੈ ਜਿਵੇ ਪਿਸ਼ਾਬ ਘਰਾਂ ਦੇ ਪਿਸ਼ਾਬ ਖਾਨਿਆਂ ਵਿਚ ਚਿੱਟੀ ਚਿੱਟੀ ਪੇਪੜੀ ਜਿਹੀ ਜੰਮੀ ਹੁੰਦੀ ਹੈ ਤੇ ਪਾਈਪ ਬੰਦ ਹੋ ਜਾਂਦੇ ਹਨ। ਇਸ ਹਾਲਤ ਵਿਚ ਜਾਂ ਪਾਈਪ ਫਟ ਜਾਂਦੇ ਹਨ ਜਾਂ ਪਿਸ਼ਾਬ ਦਾ ਭਾਂਡਾ ਓਵਰ ਫਲੋ ਹੋਣ ਲਗਦਾ ਹੈ। ਕੁਝ ਕਹਿੰਦੇ ਹਨ ਕਿ ਅਧਿਕ ਕਸਰਤ ਵੀ ਬੀਮਾਰੀ ਦਾ ਕਾਰਣ ਹੈ। ਬਹੁਤੇ ਦੱਸਦੇ ਹਨ ਕਿ ਬਿਨਾਂ ਮਤਲਬ ਤੋਂ ਅੰਨ੍ਹੇ ਵਾਹ ਦਵਾਈਆਂ ਦੀ ਵਰਤੋਂ ਵੀ ਸਰੀਰ ਦੇ ਅੰਗਾਂ ਦਾ ਨੁਕਸਾਨ ਕਰਦੀ ਹੈ। ਦੇਖੋ ਜੀ, ਮੈ ਤਾਂ ਇੱਕੋ ਗੱਲ ਜਾਣਦਾ ਹਾਂ ਕਿ ਕਾਰਣ ਕੁਝ ਵੀ ਹੋਵੇ, ਬਸ ਬੰਦਾ ਚਲਿਆ ਜਾਂਦਾ ਹੈ ...।

ਬੰਦੇ ਦੇ ਹੱਥ ਸੱਭ ਕੁਝ ਹੈ, ਰੱਬ ਵੀ ਇਹੋ ਕਹਿੰਦਾ ਹੈ ਕਿ ਆਪਣੀ ਦੇਖਭਾਲ ਆਪ ਕਰੋ, ਦੂਜਾ ਤਾਂ ਤਮਾਸ਼ਬੀਨ ਹੁੰਦਾ ਹੈ। ਇਹ ਗੱਲ ਹੈ ਤਾਂ ਆਪਾਂ ਸਾਰੇ ਰਲ ਕੇ ਕੁਝ ਸੋਚੀਏ, ਕੁਝ ਕਰੀਏ।

ਸਭ ਤੋਂ ਪਹਿਲਾਂ ਇਹ ਵਿਚਾਰਨ ਦੀ ਲੋੜ ਹੈ ਕਿ ਹਾਰਟ ਨਾਲ ਜੁੜਦੀਆਂ ਬੀਮਾਰੀਆਂ ਦਾ ਤੁਹਾਡੇ ਲਈ ਕਿੰਨਾ ਕੁ ਰਿਸਕ ਹੈ। ਦੇਖੋ ਬਈ ਡਾਰਵਨ ਕਹਿੰਦਾ ਸੀ ਕਿ ਜੋ ਮਰਜ਼ ਘਰ ਪਰਿਵਾਰ ਵਿਚ ਚੱਲ ਰਹੀ ਹੁੰਦੀ ਹੈ, ਉਹ ਅੱਗੇ ਵੀ ਚੱਲਦੀ ਰਹਿੰਦੀ ਹੈ। ਇਸ ’ਤੇ ਵਿਸ਼ਵਾਸ ਕਰੋ ਕਿ ਜੇਕਰ ਪਰਿਵਾਰ ਵਿਚ ਮਾਂ ਪਿਓ ਨੂੰ ਦਿਲ ਦੀ ਬੀਮਾਰੀ ਸੀ ਤਾਂ ਤੁਹਾਨੂੰ ਇਸ ਦਾ ਖਤਰਾ ਹੈ - ਸੰਭਲਣ ਦੀ ਲੋੜ ਹੈ ਅੱਗੋਂ ਲਈ। ਜਿਨ੍ਹਾਂ ਨੂੰ ਸ਼ੱਕਰ ਰੋਗ ਹੈ ਜਾਂ ਹਾਈ ਬਲੱਡ ਪ੍ਰੈੱਸ਼ਰ ਦਾ ਰੋਗ ਹੈ ਤਾਂ ਵੀ ਬਹੁਤ ਖਤਰਾ ਹੈ ਉਸ ਨੂੰ, ਜਿਸ ਨੂੰ ਇਹ ਸਭ ਰੋਗ ਹਨ। ਕਿਉਂਕਿ ਇਨ੍ਹਾਂ ਬੰਦਿਆਂ ਵਿਚ ਟ੍ਰਾਈਗਲਿਰਾਈਡ ਵੱਧ ਹੁੰਦਾ ਹੈ। ਮੈ ਤਾਂ ਕਹਾਂਗਾ ਕੇ ਆਪਣਾ ਧਿਆਨ ਰੱਖੋ, ਸੁਚੇਤ ਹੋ ਜਾਵੋ ਜੇ ਅਜਿਹਾ ਕੁਝ ਹੈ।

ਚੰਗਾ ਖਾਣ ਦੀ ਆਦਤ ਪਾਓ ਕਿਉਂਕਿ ਖਾਣ ਪੀਣ ਬੰਦੇ ’ਤੇ ਸਿੱਧਾ ਅਸਰ ਪਾਉਂਦਾ ਹੈ। ਚੰਗੇ ਖਾਣੇ ਦਾ ਅਧਾਰ ਹੈ, ਘਟ ਨਮਕ ਤੇ ਚਿਕਨਾਈ। ਗੋਲਗੱਪੇ, ਪਨੀਰ, ਪਕੌੜੇ ਚੰਗੇ ਨਹੀਂ ਹੁੰਦੇ ਸਿਹਤ ਲਈ। ਜੰਕ ਫੂਡ ਬਹੁਤ ਮਾੜਾ ਅਸਰ ਪਾਉਂਦੇ ਹਨ, ਬੀਮਾਰੀਆਂ ਦੇ ਘਰ ਹਨ, - ਇਨ੍ਹਾਂ ਨੂੰ ਛੱਡ ਸਾਗ ਸਬਜ਼ੀਆਂ ਖਾਓਫੱਲ ਛਕੋ, ਵੱਧ ਫਾਈਬਰ ਵਾਲਾ ਅੰਨ ਛਕੋ। ਮਾਸਾਹਾਰੀ ਹੋ ਤਾਂ ਮੱਛੀ ਚੰਗੀ ਹੈ ਸਿਹਤ ਲਈ।

ਮੁਟਾਪੇ ਤੋਂ ਬੱਚੋ ਤੇ ਆਪਣੇ ਭਾਰ ਦੀ ਨਿਗਰਾਨੀ ਰੱਖੋ। ਭਾਰ ਘਟਾਉਣ ਲਈ ਐਵੇਂ ਹੀ ਦਵਾਈਆਂ ਨਾ ਖਾਓ। ਇਹ ਖਤਰਨਾਕ ਗੱਲ ਹੈ। ਸਗੋਂ ਆਪਣੇ ਹੱਥੀਂ ਕੰਮ ਕਰਨ ਦੀ ਆਦਤ ਪਾਓ। ਨੌਕਰਾਂ ਤੋਂ ਦੂਰ ਰਹੋਕਾਰ ਸਕੂਟਰ ਛੱਡ, ਸਾਈਕਲ ਵਰਤੋ ਜਾਂ ਪੈਦਲ ਤੁਰੋ। ਕਦੇ ਫਿਰ ਵੀ ਸਰੀਰ ਨਾਲ ਧੱਕਾ ਨਾ ਕਰੋ। ਤੇਜ਼ ਤੁਰਨਾ ਇਕ ਵਧੀਆ ਕਸਰਤ ਹੈ ,ਕਰੋ, ਹਰ ਰੋਜ਼ ਕਰੋ। ਹਜ਼ਾਰ – ਡੇਢ ਹਜ਼ਾਰ ਕਦਮ ਤੁਰ ਕੇ ਵੇਖੋ ਤਾਂ ਸਹੀ, ਕੀ ਕੁਝ ਨਹੀਂ ਮਿਲੇਗਾ ਇਸ ਨਾਲ ਤੁਹਾਨੂੰ।

ਦੇਖੋ ਬਈ, ਜਿਵੇਂ ਮੈਂ ਪਹਿਲੋ ਕਿਹਾ ਹੈ ਕਿ ਜੇ ਸ਼ੂਗਰ ਜਾਂ ਬਲੈਡ ਪ੍ਰੈਸ਼ਰ ਹੈ ਤਾਂ ਇਸ ਦੀ ਨਿਯਮਤ ਜਾਂਚ ਕਰਵਾਓ। ਆਪਣੀ ਜੀਵਨ ਸ਼ੈਲੀ ਵਿਚ ਜ਼ਰੂਰ ਪਰਿਵਰਤਨ ਕਰੋ ਤਾਂ ਕਿ ਕੁਝ ਹੱਦ ਤੱਕ ਦਵਾਈਆਂ ਛੁੱਟ ਸਕਣ। ਜਿਵੇਂ ਤੁਹਾਡਾ ਡਾਕਟਰ ਕਹਿੰਦਾ, ਉਵੇਂ ਕਰੋ। ਉਸ ਦਾ ਕਿਹਾ ਮੰਨੋ। ਆਪਣੀ ਬੀਮਾਰੀ ਨੂੰ ਛੁਪਾਓ ਨਾ, ਉਸ ’ਤੇ ਵਿਚਾਰ ਕਰੋ।

ਹਾਂ, ਜੇ ਤੁਸੀਂ ਤੰਬਾਕੂ ਦੀ ਕਿਸੇ ਵੀ ਰੂਪ ਵਿਚ ਵਰਤੋਂ ਕਰਦੇ ਹੋ ਤਾਂ ਛੱਡ ਦਿਓ। ਤੰਬਾਕੂ ਨੋਸ਼ੀ ਬੁਰੀ ਆਦਤ ਹੈ। ਇਹ ਕੋਈ ਅੰਨ ਨਹੀਂ ਜਿਸ ਨਾ ਖਾਧਿਆਂ ਮਰ ਜਾਓਗੇ। ਪਰ ਇਹ ਯਕੀਨੀ ਹੈ ਕਿ ਜੇ ਤੰਬਾਕੂ ਦੀ ਵਰਤੋਂ ਨਾ ਛੱਡੀ ਤਾਂ ਤੁਸੀਂ ਤਾਂ ਮਰੋਗੇ ਹੀ, ਨਾਲੇ ਆਢੀਆਂ-ਗਵਾਂਢੀਆਂ ਨੂੰ ਵੀ ਮਾਰੋਗੇ

ਟੈਨਸ਼ਨ ਫਰੀ ਜੀਵਨ ਜੀਉਣ ਦੀ ਆਦਤ ਪਾਓਟੈਨਸ਼ਨ ਬਹੁਤ ਘਾਤਕ ਰੋਗ ਹੈ, ਜਿਹੜਾ ਲਗਦਾ ਨਹੀਂ, ਲਗਾਇਆ ਜਾਂਦਾ ਹੈ ਆਪਣੇ ਆਪ ਨੂੰ। ਇਹ ਰੋਗ ਸਮੁੱਚੇ ਸਰੀਰ ਨੂੰ ਹੀ ਗ੍ਰਿਫਤ ਵਿਚ ਲੈ ਲੈਂਦਾ ਹੈ। ਧਿਆਨ ਦੀ ਲੋੜ ਹੈ ਕਿ ਸ਼ਰਾਬ ਜਾਂ ਸਿਗਰਟ ਦੀ ਵਰਤੋਂ ਟੈਨਸ਼ਨ ਨੂੰ ਕਿਸੇ ਵੀ ਰੂਪ ਵਿਚ ਘਟਾਉਂਦੇ ਨਹੀਂ, ਸਗੋਂ ਇਸ ਵਿਚ ਵਾਧਾ ਕਰਦੇ ਹਨ, ਕੰਗਾਲ ਵੀ ਕਰਦੇ ਹਨ। ਪਰਿਵਾਰ ਨੂੰ ਵੀ ਕੋਈ ਲਾਭ ਨਹੀਂ ਇਨਾਂ ਦਾ।

ਧਿਆਨ ਦੇਣਾ ਜੀ, ਜਿਸ ਨੂੰ ਤੁਸੀਂ ਗੈਸ, ਹਾਰਟਬਰਨ ਜਾਂ ਬਦਹਜ਼ਮੀ ਕਹਿੰਦੇ ਹੋ, ਜੇ ਬਾਰ ਬਾਰ ਹੁੰਦੀ ਹੈ ਤਾਂ ਇਕ ਵਾਰ ਈ.ਸੀ.ਜੀ. ਕਰਵਾ ਕੇ ਵੇਖਣੀ ਚਾਹੀਦੀ ਹੈ, ਕਿਤੇ ਕੋਈ ਪੰਗਾ ਤਾਂ ਨਾ ਪੈ ਗਿਆ ਹੋਵੇ ਹਾਰਟ ਦਾਐਵੇਂ ਭੁਲੇਖੇ ਵਿਚ ਨਾ ਰਹਿਣਾ, ਇਹ ਗੜਬੜ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਛਾਤੀ ’ਤੇ ਮੱਧ ਵਿਚ ਜਕੜਣ ਅਤੇ ਉਸ ਦਾ ਗਰਦਨ, ਮੋਡਿਆਂ ਤੇ ਬਾਂਹ ਵਿਚ ਜਾਣਾ, ਸਾਹ ਦਾ ਤੇਜ਼ ਤੇ ਛੋਟਾ ਹੋਣਾ, ਹਾਰਟ ਦੀ ਫੜਫੜਾਹਟ, ਰੋਟੀ ਖਾਂਦੇ ਖਾਂਦੇ ਪਸੀਨਾ ਆਉਣਾ, ਤੁਰਦਿਆਂ, ਪੌੜੀ ਚੜ੍ਹਦਿਆਂ ਸਾਹ ਦਾ ਚੜ੍ਹਨਾ, ਐਵੇਂ ਤਰੇਲੀਆਂ ਆਉਣੀਆਂ, ਗਲੇ ਵਿਚ ਖੁਸ਼ਕ ਖਾਰਸ਼, ਚੱਕਰ ਆਉਣੇ, ਖਤਰਨਾਕ ਅਲਾਮਤਾਂ ਹਨ, ਡਾਕਟਰ ਨੂੰ ਜ਼ਰੂਰ ਮਿਲੋ।

ਇਸ ਲੇਖ ਵਿਚ ਇਕ ਗੱਲ ਬਾਰ ਬਾਰ ਉੱਭਰੀ ਹੈ, ਉਹ ਇਹ ਕਿ ਆਪਣੇ ਸਰੀਰ ਵਿਚ ਹੋ ਰਹੀ ਬਰੀਕ ਤੋਂ ਬਰੀਕ ਤਬਦੀਲੀ ਦਾ ਧਿਆਨ ਰੱਖਿਆ ਜਾਵੇ, ਚੰਗਾ ਤੇ ਵਧੀਆ ਭੋਜਨ ਕਰਨਾ ਬਣਦਾ ਹੈ। ਭੋਜਨ ਨੂੰ ਪਚਾਉਣ ਲਈ ਕਸਰਤ ਜ਼ਰੂਰੀ ਹੈ, ਭਾਵੇਂ ਥੋੜ੍ਹੀ ਹੀ ਕੀਤੀ ਜਾਵੇਘੱਟ ਤੋਂ ਘੱਟ ਦਵਾਈਆਂ ਦੀ ਵਰਤੋਂ ਕਰੋਤੰਬਾਕੂ ਨਾ ਵਰਤੋ, ਸ਼ਰਾਬ ਨਾ ਪੀਓ ਅਤੇ ਟੈਨਸ਼ਨ ਫਰੀ ਜੀਵਨ ਰਖੋ। ਸਿਮਰਨ, ਯੋਗ ਕਰੋ। ਰੱਬ ਦਾ ਧੰਨਵਾਦ ਕਰਨਾ ਨਾ ਭੁੱਲਣਾ ਕਿਉਂਕਿ ਉਸ ਨੇ ਤੁਹਾਨੂੰ ਸਾਜਿਆ ਨਿਵਾਜਿਆ ਹੈ। ਪ੍ਰਮਾਤਮਾ ਦੀ ਦਿੱਤੀ ਦਾਤ ਨੂੰ ਆਪ ਪੰਗੇ ਸਹੇੜ ਕੇ ਬਰਬਾਦ ਨਾ ਕਰੋਮਨੁੱਖ ਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ। ਫਿਰ ਵੇਖਣਾ ਤੁਹਾਡਾ ਦਿਲ ਅਤੇ ਹਾਰਟ ਕਿੰਨਾ ਵਧੀਆ ਸਾਥ ਦੇਵੇਗਾ। ਤੁਹਾਡਾ ਕਿਉਂਕਿ ਇਨ੍ਹਾਂ ਨਾਲ ਜਨਮ ਜਨਮ ਦਾ ਸਾਥ ਹੈ, ਕਦੇ ਮੰਝਧਾਰ ਵਿਚ ਨਹੀਂ ਛੱਡਣਗੇ ਤੁਹਾਨੂੰ। ਵੇਖਿਓ ਕਿਤੇ ਇਹ ਨਾ ਕਹਿ ਨਾ ਦੇਣਾ - ਦਿਲ ਹੈ ਕੇ ਮਾਨਤਾ ਹੀ ਨਹੀਂ ...।

*****

(846)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਿਪੁਦਮਨ ਸਿੰਘ

ਡਾ. ਰਿਪੁਦਮਨ ਸਿੰਘ

Patiala, Punjab, India.
Phone: (91 - 98152 - 00134)
Email: (ripu134@gmail.com)

More articles from this author