RipudamanSDr7“ਜੇਕਰ ਤੁਹਾਡੇ ਵਿਚ ਅਜਿਹੇ ਲੱਛਣ ਪੈਦਾ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਲਾਹ ਲਵੋ ...”
(21 ਫਰਵਰੀ 2017)

 

ਜੇਕਰ ਤੁਹਾਨੂੰ ਬੈਠੇ ਜਾਂ ਬਿਸਤਰੇ ’ਤੇ ਲੰਮੇ ਪਏ ਹੋਏ ਪੈਰ ਹਿਲਾਉਣ ਦੀ ਆਦਤ ਹੈ ਤਾਂ ਸੁਚੇਤ ਹੋ ਜਾਓ। ਇਹ ਰੈਸਟਲੈੱਸ ਸਿੰਡਰਮ ਦੇ ਲੱਛਣ ਹੋ ਸਕਦੇ ਹਨ। ਇਸ ਦਾ ਕਾਰਨ ਆਇਰਨ ਦੀ ਕਮੀ ਹੋਣਾ ਹੈ। ਇਹ ਸਮੱਸਿਆ 10 ਫੀਸਦੀ ਲੋਕਾਂ ਨੂੰ ਹੁੰਦੀ ਹੈ। ਜ਼ਿਆਦਾਤਰ 35 ਸਾਲ ਤੋਂ ਉੱਪਰ ਦੀ ਉਮਰ ਦੇ ਮਨੁੱਖਾਂ ਨੂੰ ਹੁੰਦੀ ਹੈ। ਹਾਰਵਰਡ ਮੈਡੀਕਲ ਸਕੂਲ, ਬੌਸਟਨ ਦੇ ਪ੍ਰੋਫੈਸਰ ਅਤੇ ਇਸ ਜਾਂਚ ਦੇ ਪ੍ਰਮੁੱਖ ਡਾ. ਡਬਲਿਊ ਵਿੰਕਮੈਨ ਦਾ ਕਹਿਣਾ ਹੈ ਕਿ ਇਸ ਰੋਗ ਨਾਲ ਪੀੜਿਤ ਵਿਅਕਤੀ ਔਸਤਨ ਨੀਂਦ ਨਾ ਆਉਣ ਤੋਂ ਪਹਿਲਾਂ 200-300 ਵਾਰ ਆਪਣੇ ਪੈਰ ਹਿਲਾਉਂਦਾ ਹੈ। ਖੋਜਕਾਰਾਂ ਦਾ ਇਹ ਸਪਸ਼ਟ ਕਹਿਣਾ ਹੈ ਕਿ ਲਗਾਤਾਰ ਪੈਰ ਹਿਲਾਉਣ ਵਰਗੇ ਰੋਗ ਤੋਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ।

ਰੈਸਟਲੈੱਸ ਸਿੰਡਰਮ ਹੈ ਕੀ?

ਇਹ ਨਰਵਸ ਸਿਸਟਮ ਨਾਲ ਜੁੜਿਆ ਰੋਗ ਹੈ। ਪੈਰ ਹਿਲਾਉਣ ਉੱਤੇ ਵਿਅਕਤੀ ਵਿੱਚ ਡੋਪਾਮਾਇਨ ਹਾਰਮੋਨ ਤਰਵਿਤ ਹੋਣ ਦੇ ਕਾਰਨ ਉਸ ਨੂੰ ਅਜਿਹਾ ਵਾਰ ਵਾਰ ਕਰਨ ਦਾ ਮਨ ਕਰਦਾ ਹੈ। ਇਸ ਨੂੰ ਸਲੀਪ ਡਿਸਆਰਡਰ ਵੀ ਕਹਿੰਦੇ ਹਨ। ਨੀਂਦ ਪੂਰੀ ਨਾ ਹੋਣ ਉੱਤੇ ਉਹ ਵਿਅਕਤੀ ਥੱਕਿਆ ਹੋਇਆ ਮਹਿਸੂਸ ਕਰਦਾ ਹੈ। ਜਾਂਚ ਲੱਛਣਾਂ ਦੇ ਆਧਾਰ ਉੱਤੇ ਬਲੱਡ ਟੈਸਟ ਕੀਤਾ ਜਾਂਦਾ ਹੈ। ਨੀਂਦ ਨਾ ਆਉਣ ਦੀ ਮੁਸ਼ਕਿਲ ਵਧਣ ਉੱਤੇ ਪਾਲੀਸੋਮਨੋਗਰਾਫੀ ਵੀ ਕਰਵਾ ਕੇ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਜਾਂਚ ਤੋਂ ਨੀਂਦ ਨਾ ਆਉਣ ਦੇ ਕਾਰਣਾਂ ਨੂੰ ਜਾਣਿਆ ਜਾਂਦਾ ਹੈ।

ਰੈਸਟਲੈੱਸ ਸਿੰਡਰਮ ਦੇ ਲੱਛਣ

ਪੈਰਾਂ ਵਿੱਚ ਝਰਨਾਹਟ ਅਤੇ ਕੀੜੀਆਂ ਚੱਲਣ ਵਰਗਾ ਮਹਿਸੂਸ ਹੋਣਾ। ਦਿਨ ਵਿੱਚ ਬੈਠਣ ਅਤੇ ਕੁੱਝ ਲੋਕਾਂ ਵਿੱਚ ਰਾਤ ਵੇਲੇ ਸੌਂਦੇ ਸਮੇਂ ਵੀ ਪੈਰ ਹਿਲਾਉਣਾ, ਪੈਰ ਦਬਾਉਣ ਦੀ ਇੱਛਾ ਕਰਨਾ ਅਤੇ ਥਕਾਵਟ ਆਦਿ ਕੁਝ ਲੱਛਣ ਹਨ।

ਰੈਸਟਲੈੱਸ ਸਿੰਡਰਮ ਦੇ ਕਾਰਨ

ਇਹ ਰੋਗ ਆਇਰਨ ਦੀ ਕਮੀ ਦੇ ਕਾਰਨ ਹੁੰਦਾ ਹੈ। ਇਸ ਦੇ ਇਲਾਵਾ ਕਿਡਨੀ, ਪਾਰਕਿਨਸਨ ਨਾਲ ਪੀੜਤ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਵਿੱਚ ਡਿਲਿਵਰੀ ਦੇ ਅੰਤਮ ਦਿਨਾਂ ਵਿੱਚ ਹਾਰਮੋਨਲ ਬਦਲਾਵ ਵੀ ਕਾਰਨ ਹੋ ਸਕਦੇ ਹਨ। ਜ਼ਿਆਦਾ ਸ਼ਰਾਬ ਪੀਣ ਅਤੇ ਕੁੱਝ ਖਾਸ ਦਵਾਈਆਂ (ਜ਼ੁਕਾਮ ਅਤੇ ਅਲਰਜੀ) ਤੋਂ ਵੀ ਹੋਣ ਦਾ ਖ਼ਤਰਾ ਰਹਿੰਦਾ ਹੈ। ਸ਼ੂਗਰ, ਬੀਪੀ ਅਤੇ ਹਿਰਦਾ ਰੋਗੀਆਂ ਵਿੱਚ ਇਸ ਦਾ ਖ਼ਤਰਾ ਵਧ ਹੁੰਦਾ ਹੈ।

ਰੈਸਟਲੈੱਸ ਸਿੰਡਰਮ ਦਾ ਇਲਾਜ

ਇਲਾਜ ਦੇ ਤੌਰ ਉੱਤੇ ਆਇਰਨ ਦੀਆਂ ਦਵਾਈਆਂ ਦਿੱਤੀ ਜਾਂਦੀਆਂ ਹਨ। ਬੀਮਾਰੀ ਗੰਭੀਰ ਹੋਣ ਉੱਤੇ ਹੋਰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਜੋ ਸੌਣ ਤੋਂ ਦੋ ਘੰਟੇ ਪਹਿਲਾਂ ਲੈਣੀਆਂ ਹੁੰਦੀਆਂ ਹਨ। ਇਹ ਅਨੀਂਦਰਾ ਦੂਰ ਕਰਕੇ ਹਾਲਤ ਨੂੰ ਸਥਿਰ ਕਰਦੀਆਂ ਹਨ। ਕੁਝ ਖਾਸ ਕਸਰਤ ਜਿਵੇਂ ਹਾਟ ਐਂਡ ਕੋਲਡ ਬਾਥ, ਵਾਇਬਰੇਟਿੰਗ ਪੈਡ ਉੱਤੇ ਪੈਰ ਰੱਖਣ ਨਾਲ ਵੀ ਰਾਹਤ ਮਿਲਦੀ ਹੈ।

ਜੇਕਰ ਤੁਹਾਡੇ ਵਿਚ ਅਜਿਹੇ ਲੱਛਣ ਪੈਦਾ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਲਾਹ ਲਵੋ। ਘਰ ਬੈਠੇ ਰਹਿਣ ਨਾ ਰੋਗ ਵਧੇਗਾ, ਘਟੇਗਾ ਨਹੀਂ। ਅਤੇ ਡਾਕਟਰ ਜੋ ਕਹੇ, ਸੁਣੋ, ਤੇ ਅਮਲ ਕਰੋ।

ਇਨ੍ਹਾਂ ਆਦਤਾਂ ਨੂੰ ਅੱਜ ਹੀ ਬਦਲ ਦਿਓ

ਰਾਤ ਵੇਲੇ ਸੌਣ ਤੋਂ ਪਹਿਲਾਂ ਜਾਂ ਬਿਸਤਰੇ ਤੇ ਲੰਮੇ ਪਏ ਪੈਰ ਹਿਲਾਉਣਾ ਠੀਕ ਨਹੀਂ ਹੈ। ਪੈਰ ਹਿਲਾਉਣ ਵਾਲੇ ਵਿਅਕਤੀ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਆਪਣੇ ਨਾਲੋਂ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਬਾਰੇ ਵਿੱਚ ਜ਼ਿਆਦਾ ਸੋਚਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਦੇ ਨਕਾਰਾਤਮਕ ਵਿਚਾਰਾਂ ਨੂੰ ਊਰਜਾ ਮਿਲਦੀ ਹੈ ਜੋ ਸਕਾਰਾਤਮਕ ਸੋਚ ਉੱਤੇ ਹਾਵੀ ਹੋ ਜਾਂਦੀ ਹੈ। ਅਜਿਹਾ ਵਿਅਕਤੀ ਆਪਣੇ ਕੰਮ ਵਿੱਚ ਨਿਰਾਸ਼ ਰਹਿੰਦਾ ਹੈ।

ਜੋ ਵਿਅਕਤੀ ਜ਼ਿਆਦਾ ਚਿੰਤਾ ਵਿੱਚ ਰਹਿੰਦਾ ਹੈ, ਉਸ ਨੂੰ ਪੈਰ ਹਿਲਾਉਣ ਦੀ ਆਦਤ ਹੋ ਜਾਂਦੀ ਹੈ। ਜ਼ਿਆਦਾਤਰ ਲੋਕ, ਜਿਨ੍ਹਾਂ ਨੂੰ ਘਰ-ਪਰਿਵਾਰ ਦੀ ਜ਼ਿਆਦਾ ਚਿੰਤਾ ਸਤਾਉਂਦੀ ਹੈ, ਉਹ ਸੌਣ ਸਮੇਂ ਪੈਰ ਹਿਲਾਉਂਦੇ ਵੇਖੇ ਜਾ ਸਕਦੇ ਹਨ।

ਰੋਗ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਸਮੇਂ ਸਿਰ ਡਾਕਟਰੀ ਇਲਾਜ ਜ਼ਰੂਰ ਕਰਵਾਓ ਅਤੇ ਆਪਣੇ ਡਾਕਟਰ ਆਪ ਕਦੇ ਨਾ ਬਣੋ।

*****

(608)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਿਪੁਦਮਨ ਸਿੰਘ

ਡਾ. ਰਿਪੁਦਮਨ ਸਿੰਘ

Patiala, Punjab, India.
Phone: (91 - 98152 - 00134)
Email: (ripu134@gmail.com)

More articles from this author