“ਧੂੰਏਂ ਦਾ ਜ਼ਹਿਰ ਸਭ ਲੋਕਾਂ ’ਤੇ ਮਾਰੂੂ ਪ੍ਰਭਾਵ ਪਾਉਂਦਾ ਹੈ; ਪਤਾ ਨਹੀਂ ਸਾਨੂੰ ...”
(26 ਅਕਤੂਬਰ 2026)
ਹਰ ਸਾਲ ਇਨ੍ਹੀਂ ਦਿਨੀਂ ਆ ਕੇ ਪੰਜਾਬ ਤੋਂ ਵਾਇਆ ਲਾਹੌਰ ਹੋ ਕੇ ਦਿੱਲੀ ਤਕ ਦੂਸ਼ਿਤ ਵਾਤਾਵਰਣ ਦੀ ਹਾਹਾਕਾਰ ਮਚ ਜਾਂਦੀ ਹੈ। ਹਵਾ ਦੀ ਗੁਣਵੱਤਾ 400 ਦੀ ਉਚਾਈ ਨੂੰ ਛੂਹਣ ਲੱਗ ਜਾਂਦੀ ਹੈ। ਇਸ ਖਰਾਬ ਅਤੇ ਪਲੀਤ ਹੋਏ ਵਾਤਾਵਰਣ ਵਿੱਚ ਦਿਵਾਲੀ ਅਤੇ ਪਰਾਲੀ ਦਾ ਮੁੱਖ ਯੋਗਦਾਨ ਹੁੰਦਾ ਹੈ। ਇਸਦਾ ਜ਼ਿਆਦਾਤਰ ਭਾਂਡਾ ਕਿਸਾਨਾਂ ਦੇ ਸਿਰ ’ਤੇ ਭੰਨਿਆ ਜਾਂਦਾ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਅਸੀਂ ਪ੍ਰਦੂਸ਼ਣ ਪ੍ਰਤੀ ਘਰ ਵਿੱਚ ਸੁਰੱਖਿਤ ਹਾਂ ਕਿ ਨਹੀਂ? ਘਰ ਅੰਦਰਲੀ ਹਵਾ 2 ਤੋਂ 160 ਗੁਣਾ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦੀ ਹੈ। ਭਾਰਤ ਵਿੱਚ ਹਰ ਸਾਲ ਲੱਕੜ ਬਾਲਣ ਅਤੇ ਕੋਲੇ ਆਦਿ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਪੰਜ ਲੱਖ ਮੌਤਾਂ ਹੁੰਦੀਆਂ ਹਨ, ਫਿਰ ਵੀ ਦਿਵਾਲੀ ਅਤੇ ਪਰਾਲੀ ਇੱਕ ਮਹਾਂਮਾਰੀ ਬਣ ਕੇ ਉੱਭਰਦੀਆਂ ਹਨ। ਇਨ੍ਹਾਂ ਪਿੱਛੋਂ ਮੁੱਖ ਕਾਰਨ ਅਸੀਂ ਖੁਦ ਹੁੰਦੇ ਹਾਂ। ਕਿਸੇ ਨੂੰ ਸੁਧਾਰਨ ਨਾਲੋਂ ਆਪਣੇ ਆਪ ਨੂੰ ਸੁਧਾਰ ਲਈਆ ਤਾਂ ਬਹੁਤ ਚੰਗਾ ਨਤੀਜਾ ਨਿਕਲੇਗਾ।
ਦਿਵਾਲੀ ਅਤੇ ਪਰਾਲੀ ਬਾਰੇ ਹਰ ਸਾਲ ਜਾਗਰੂਕਤਾ ਅਭਿਆਨ ਚਲਦੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਦਿਵਾਲੀ ਅਤੇ ਪਰਾਲੀ ਦਾ ਆਪਸੀ ਸੰਬੰਧ ਉੱਤਰੀ ਭਾਰਤ ਵਿੱਚ ਹਵਾ ਦੇ ਪ੍ਰਦੂਸ਼ਣ ਅਤੇ ਵਾਤਾਵਰਣ ਦੇ ਨਾਲ ਜੁੜਿਆ ਹੋਇਆ ਹੈ। ਇਹ ਦੋਵੇਂ ਵਾਕੇ ਅਕਤੂਬਰ ਅਤੇ ਨਵੰਬਰ ਮਹੀਨੇ ਵਾਪਰਦੇ ਹਨ। ਇਨ੍ਹਾਂ ਨਾਲ ਹਵਾ ਦੀ ਗੁਣਵੱਤਾ ਵਧੇਰੇ ਖਰਾਬ ਹੋ ਜਾਂਦੀ ਹੈ। ਪਰਾਲੀ ਦੇ ਸਾੜਨ ਨੂੰ ਅੰਗਰੇਜ਼ੀ ਵਿੱਚ ਸਟੱਬਲ ਵਰਨਿੰਗ ਆਖਦੇ ਹਨ। ਇਸ ਨਾਲ ਨਿਕਲਣ ਵਾਲਾ ਧੂੰਆਂ ਹਵਾ ਵਿੱਚ ਪਾਰਟੀ ਮੈਟਰ ਪੀਐੱਮ 2.5 ਤੋਂ ਪੀਐੱਮ 10 ਕਾਰਬਨ ਮੋਨੋਆਕਸਾਈਡ ਅਤੇ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਵਿੱਚ ਘੋਲ ਦਿੰਦਾ ਹੈ। ਦਿਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ ਪਰ ਪਟਾਕੇ ਇਸਦਾ ਮਜ਼ਾ ਹੀ ਖਰਾਬ ਕਰ ਦਿੰਦੇ ਹਨ। ਦਿਵਾਲੀ ਦੇ ਪਟਾਕੇ ਹਵਾ ਵਿੱਚ ਗੰਧਕ ਪੋਟਾਸ਼ੀਅਮ ਅਤੇ ਭਾਰੀ ਜ਼ਹਿਰੀਲੀਆਂ ਗੈਸਾਂ ਘੋਲ ਕੇ ਵਾਤਾਵਰਣ ਨੂੰ ਖਰਾਬ ਕਰ ਦਿੰਦੀਆਂ ਹਨ। ਇੱਕ ਇਕੱਲਾ ਦੋ ਗਿਆਰਾਂ, ਦੋਵੇਂ ਹੀ ਰਲ ਕੇ ਮਨੁੱਖੀ ਸਾਹ ਪ੍ਰਣਾਲ਼ੀ ’ਤੇ ਹਮਲਾ ਕਰਦੇ ਹਨ। ਕਈ ਵਾਰ ਤਾਂ ਸਮੱਸਿਆ ਵੱਸੋਂ ਬਾਹਰ ਹੋ ਜਾਂਦੀ ਹੈ।
ਦਿਵਾਲੀ ਅਤੇ ਪਰਾਲੀ ਹਰ ਸਾਲ ਮਨੁੱਖੀ ਸਿਹਤ ਲਈ ਭਿਆਨਕ ਸਮੱਸਿਆ ਬਣ ਕੇ ਆਉਂਦੇ ਹਨ। ਦਿਵਾਲੀ ਦੇ ਦਿਨਾਂ ਵਿੱਚ ਮੱਠੀ-ਮੱਠੀ ਸਰਦੀ ਦੀ ਸ਼ੁਰੂਆਤ ਹੁੰਦੀ ਹੈ। ਤਾਪਮਾਨ ਥੋੜ੍ਹਾ ਡਿਗਣ ਲੱਗ ਪੈਂਦਾ। ਇਸ ਸਮੇਂ ਧੂੰਆਂ ਅਤੇ ਧੁੰਦ ਆਪਸ ਵਿੱਚ ਮਿਲ ਕੇ ਸਮੌਗ ਦੀ ਇੱਕ ਮੋਟੀ ਪਰਤ ਬਣਾ ਲੈਂਦੇ ਹਨ। ਇਹ ਸਮੌਗ ਕਈ ਦਿਨਾਂ ਤਕ ਵਾਤਾਵਰਣ ਵਿੱਚ ਭਾਰੂ ਰਹਿੰਦੀ ਹੈ। ਇਹ ਹਵਾ ਬੱਚਿਆਂ ਅਤੇ ਬਜ਼ੁਰਗਾਂ ਉੱਤੇ ਮਾਰੂ ਪ੍ਰਭਾਵ ਪਾਉਂਦੀ ਹੈ। ਸਾਹ ਰੋਗ, ਅਸਥਮਾ, ਦਿਲ ਦੇ ਰੋਗਾਂ ਤੋਂ ਪ੍ਰਭਾਵਤ ਮਰੀਜ਼ਾਂ ਅਤੇ ਗਰਭਪਤੀ ਮਹਿਲਾਵਾਂ ਉੱਤੇ ਇਹ ਮਾਰੂ ਪ੍ਰਭਾਵ ਪਾਉਂਦੀ ਹੈ। ਦਿਵਾਲੀ ਗਰੀਨ ਮਨਾਉਣੀ ਚਾਹੀਦੀ ਹੈ। ਗਰੀਨ ਦਿਵਾਲੀ ਮਨਾਉਣੀ ਸਾਡੇ ਆਪਣੇ ਹੱਥ ਵਿੱਚ ਹੈ। ਗਰੀਨ ਦਿਵਾਲੀ ਮਨਾਓ, ਪਟਾਕੇ ਚਲਾਉਣ ਤੋਂ ਤੌਬਾ ਕਰਨੀ ਚਾਹੀਦੀ ਹੈ। ਪਰਾਲੀ ਸਾੜਨ ਤੋਂ ਬਚਣ ਲਈ ਸੁਪਰਸੀਡਰ ਅਤੇ ਹੈਪੀ ਸੀਡਰ ਦੀ ਵਰਤੋਂ ਕਰ ਸਕਦੇ ਹਾਂ। ਇਨ੍ਹਾਂ ਨਾਲ ਪਰਾਲੀ ਨੂੰ ਮਿੱਟੀ ਵਿੱਚ ਦਬਾ ਕੇ ਦੁੱਗਣਾ ਲਾਭ ਲੈ ਸਕਦੇ ਹਾਂ। ਇਸ ਪ੍ਰਤੀ ਸਰਕਾਰਾਂ ਗੰਭੀਰ ਹਨ। ਲੋਕ ਕੋਈ ਖਾਸ ਹੁੰਗਾਰਾ ਨਹੀਂ ਭਰਦੇ। ਦਿਵਾਲੀ ਅਤੇ ਪਰਾਲੀ ਦੇ ਪ੍ਰਦੂਸ਼ਿਤ ਪ੍ਰਭਾਵਾਂ ਤੋਂ ਬਚਣ ਲਈ ਅਸੀਂ ਸਾਰ ਲੋਕ ਇੱਕ ਲੋਕ-ਲਹਿਰ ਬਣਾ ਸਕਦੇ ਹਾਂ। ਇੱਕ ਇਕੱਲਾ, ਦੋ ਗਿਆਰਾਂ।
ਧੂੰਏਂ ਦਾ ਜ਼ਹਿਰ ਸਭ ਲੋਕਾਂ ’ਤੇ ਮਾਰੂੂ ਪ੍ਰਭਾਵ ਪਾਉਂਦਾ ਹੈ; ਪਤਾ ਨਹੀਂ ਸਾਨੂੰ ‘ਅਕਲਮੰਦਾਂ’ ਨੂੰ ਕਦੋਂ ਸੋਝੀ ਆਵੇਗੀ? ਜਦੋਂ ਅਸੀਂ ਪਰਾਲੀ ਸਾੜ ਕੇ ਹਵਾ ਨੂੰ ਜ਼ਹਿਰੀਲੀ ਬਣਾਉਂਦੇ ਹਾਂ, ਉਦੋਂ ਨਾਲ ਹੀ ਅਸੀਂ ਉਪਜਾਊ ਭੂਮੀ ਨੂੰ ਸਾੜ ਰਹੇ ਹੁੰਦੇ ਹਾਂ। ਪਰਾਲੀ ਸਾੜਨ ਨਾਲ ਇੱਕ ਤਾਂ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ, ਦੂਜੇ ਪਾਸੇ ਮਿੱਟੀ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਦਾ ਹੈ। ਦਿਵਾਲੀ ਦੇ ਮੌਕੇ ਪਟਾਕੇ ਚਲਾਕੇ ਅਸੀਂ ਇੱਕ ਪਾਸੇ ਆਪਣੀ ਸਿਹਤ ਖਰਾਬ ਕਰਦੇ ਹਾਂ, ਦੂਜੇ ਪਾਸੇ ਪੈਸੇ ਦੀ ਦੁਰਵਰਤੋਂ ਕਰਦੇ ਹਾਂ। ਆਰਥਿਕਤਾ ਦਾ ਪਾੜਾ ਵਧਦਾ ਹੈ। ਪ੍ਰਦੂਸ਼ਿਤ ਵਾਤਾਵਰਣ ਨੂੰ ਬਚਾ ਕੇ ਅਸੀਂ ਕੁਦਰਤ ਨੂੰ ਸੱਚਾ ਪ੍ਰੇਮ ਕਰ ਸਕਦੇ ਹਾਂ। ਸਾਡੇ ਕੀਤੇ ਸ਼ੁਭ ਕੰਮ ਸਾਡਾ ਵਰਤਮਾਨ ਅਤੇ ਭਵਿੱਖ ਸੰਵਾਰਨਗੇ।
ਸਾਡੀਆਂ ਇਹ ਅੱਛਾਈਆਂ ਜਾਂ ਬੁਰਾਈਆਂ,
ਸਾਡੇ ਨਾਲ ਹੀ ਚੱਲਣਗੀਆਂ ਸਾਡੀਆਂ ਪਰਛਾਈਆਂ।
ਆਉ ਦਿਵਾਲੀ ਅਤੇ ਪਰਾਲੀ ਦੇ ਪ੍ਰਦੂਸ਼ਣ ਨੂੰ ਤਿਲਾਂਜਲੀ ਦੇ ਕੇ ਕੁਦਰਤ ਨਾਲ ਇਕਮਿਕ ਹੋਈਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































